ਬਾਦਲ-ਵਿਰੋਧੀ ਸਾਰੇ ਧੜੇ ਇਕੱਠੇ ਕਿਉਂ ਨਾ ਹੋ ਸਕੇ ਤੇ ਲੜਨ ਕਿਉਂ ਲੱਗ ਪਏ ਹਨ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਕਾਲ ਤਖ਼ਤ ਦੇ ਦੋ ਜਥੇਦਾਰ ਤੇ 10 'ਪੰਜ ਪਿਆਰੇ' ਬਣ ਜਾਣ ਤੋਂ ਬਾਅਦ ਅੱਜ ਤੀਜਾ ਸਰਗਰਮ ਅਕਾਲੀ ਦਲ ਵੀ ਹੋਂਦ ਵਿਚ ਆ ਗਿਆ ਹੈ।

Sukhdev Dhindsa and Sukhbir Badal

ਅਕਾਲ ਤਖ਼ਤ ਦੇ ਦੋ ਜਥੇਦਾਰ ਤੇ 10 'ਪੰਜ ਪਿਆਰੇ' ਬਣ ਜਾਣ ਤੋਂ ਬਾਅਦ ਅੱਜ ਤੀਜਾ ਸਰਗਰਮ ਅਕਾਲੀ ਦਲ ਵੀ ਹੋਂਦ ਵਿਚ ਆ ਗਿਆ ਹੈ। ਅਕਾਲੀ ਦਲ (ਬਾਦਲ), ਅਕਾਲੀ ਦਲ ਟਕਸਾਲੀ ਅਤੇ ਹੁਣ ਡੈਮੋਕਰੇਟਿਕ ਅਕਾਲੀ ਦਲ ਸਾਜ ਕੇ ਉਸ ਉਤੇ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਦੀ ਮੋਹਰ ਉਨ੍ਹਾਂ ਆਪ ਹੀ ਲਗਾ ਦਿਤੀ ਹੈ। ਉਨ੍ਹਾਂ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਹਟਾ ਦਿਤਾ ਗਿਆ ਹੈ ਅਤੇ ਉਹ ਆਪ ਪ੍ਰਧਾਨ ਦੇ ਅਹੁਦੇ 'ਤੇ ਬੈਠ ਗਏ ਹਨ। ਇਸ ਫ਼ੈਸਲੇ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਧਿਰਾਂ ਵਿਚ ਬਹੁਤ ਖਿਚੋਤਾਣ ਚਲ ਰਹੀ ਸੀ।

ਗੁਪਤ ਬੈਠਕਾਂ ਵਿਚ ਕਦੇ ਨਵਜੋਤ ਸਿੰਘ ਸਿੱਧੂ ਤੇ ਕਦੇ ਬੈਂਸ ਭਰਾਵਾਂ ਨੂੰ ਨਾਲ ਲੈਣ ਦੀਆਂ ਗੱਲਾਂ ਚਲਦੀਆਂ ਰਹੀਆਂ। 3 ਜੁਲਾਈ ਨੂੰ ਹੋਈ ਬੈਠਕ ਵਿਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਆਪਸ ਵਿਚ ਸਹਿਮਤੀ ਨਾ ਬਣਾ ਸਕੇ। ਮੀਟਿੰਗ ਦੇ ਬਾਅਦ ਸ. ਬ੍ਰਹਮਪੁਰਾ ਵਲੋਂ ਕਿਹਾ ਗਿਆ ਹੈ ਕਿ ਢੀਂਡਸਾ ਦਿੱਲੀ ਸਰਕਾਰ ਦੀ ਜ਼ੁਬਾਨ ਬੋਲ ਰਹੇ ਹਨ।

ਢੀਂਡਸਾ ਸਾਹਿਬ ਦੀ ਇਸ ਚਾਲ ਨੂੰ ਪਿਠ ਵਿਚ ਛੁਰਾ ਖੋਭਣ ਵਾਲਾ ਕਦਮ ਆਖਿਆ ਗਿਆ ਹੈ। ਇਸ ਸ਼ਬਦੀ ਜੰਗ ਵਿਚ ਇਕ ਗੱਲ ਨਿਤਰ ਕੇ ਆਉਂਦੀ ਹੈ ਕਿ ਜੋ ਸੁਧਾਰ ਲਹਿਰ ਅਕਾਲੀ ਦਲ ਦੇ ਟਕਸਾਲੀ ਆਗੂਆਂ ਵਲੋਂ ਸ਼ੁਰੂ ਕੀਤੀ ਗਈ ਸੀ, ਹੁਣ ਉਹ ਬਿਖਰ ਜ਼ਰੂਰ ਗਈ ਹੈ। ਇਨ੍ਹਾਂ ਸਾਰੇ ਮਹਾਨ ਟਕਸਾਲੀ ਆਗੂਆਂ ਨੂੰ ਸਵਾਲ ਪੁਛਣਾ ਮਾੜਾ ਲਗਦਾ ਹੈ

ਕਿਉਂਕਿ ਇਨ੍ਹਾਂ ਪੰਥ ਵਾਸਤੇ ਜੇਲਾਂ ਕੱਟੀਆਂ, ਕੁਰਬਾਨੀਆਂ ਦਿਤੀਆਂ, ਪਰ ਆਉਣ ਵਾਲਾ ਸਮਾਂ,  ਅੱਜ ਦੀ ਸਿੱਖ ਸਿਆਸਤ ਤੇ ਧਰਮ ਦੇ ਹਾਲਾਤ ਵੇਖ ਕੇ ਇਹ ਪੁਛਣਾ ਤਾਂ ਬਣਦਾ ਹੀ ਹੈ ਕਿ ਇਹ ਸਾਰੇ ਪੰਥ ਸੁਧਾਰ ਦੀ ਜਿਹੜੀ ਗੱਲ ਆਖ ਰਹੇ ਹਨ, ਉਹ ਅਸਲ ਵਿਚ ਇਨ੍ਹਾਂ ਸੱਭ ਦੀ 'ਪ੍ਰਧਾਨਗੀ' ਸੁਰੱਖਿਅਤ ਕਰਨ ਦੇ ਆਪੋ ਅਪਣੇ ਏਜੰਡੇ ਦੀ ਪਹਿਲੀ ਮੱਦ ਅਰਥਾਤ ਹਉਮੈ ਤੋਂ ਅੱਗੇ ਦੀ ਕੋਈ ਗੱਲ ਵੀ ਸੁਝਾਂਦੀ ਹੈ? ਪੰਥ ਦੀ ਹੀ ਗੱਲ ਹੁੰਦੀ ਤੇ ਇਨ੍ਹਾਂ ਦਾ ਟੀਚਾ ਇਕ ਹੀ ਹੁੰਦਾ ਤੇ ਸਰਬ-ਸੰਮਤੀ ਪ੍ਰਾਪਤ ਕਰਨਾ ਕੀ ਏਨਾ ਹੀ ਔਖਾ ਕੰਮ ਸੀ?

ਪਰ ਇਨ੍ਹਾਂ ਦੀ ਤੂੰ-ਤੂੰ, ਮੈਂ-ਮੈਂ ਨੇ ਅੱਜ ਸਿੱਖਾਂ ਦੀ ਆਵਾਜ਼ ਨੂੰ ਕਮਜ਼ੋਰ ਕਰਨ ਵਲ ਇਕ ਹੋਰ ਕਦਮ ਵਧਾਇਆ ਹੈ। ਅਕਾਲੀ ਦਲ (ਬਾਦਲ) ਤੇ ਅਕਾਲੀ ਦਲ (ਢੀਂਡਸਾ) ਦੋਵੇਂ ਇਕ ਦੂਜੇ 'ਤੇ ਕਾਂਗਰਸ ਦੀ ਸ਼ਹਿ ਹੋਣ ਦੇ ਦੋਸ਼ ਲਗਾਉਂਦੇ ਹਨ। ਬਾਦਲ ਪ੍ਰਵਾਰ ਦੇ ਵਪਾਰਕ ਅਦਾਰਿਆਂ ਦਾ ਕਾਂਗਰਸ ਰਾਜ ਵਿਚ ਵਧਣਾ ਫੁਲਣਾ ਢੀਂਡਸਾ ਸਾਹਿਬ ਮੁਤਾਬਕ ਕਾਂਗਰਸ ਨਾਲ ਮਿਲੀਭੁਗਤ ਦਾ ਸਬੂਤ ਹੈ।

ਪਰ ਦੋਵੇਂ ਕਦੇ ਵੀ ਭਾਜਪਾ ਦਾ ਨਾਮ ਇਸ ਦਲਦਲ ਵਿਚ ਨਹੀਂ ਘਸੀਟਦੇ। ਅਕਾਲੀ ਦਲ (ਬਾਦਲ) ਜੋ ਕਦੇ ਕਿਸਾਨਾਂ ਅਤੇ ਪੰਜਾਬ ਦੇ ਹਿਤਾਂ ਲਈ ਡਟ ਜਾਂਦਾ ਸੀ, ਅੱਜ ਉਹ ਮਹਿੰਗੇ ਡੀਜ਼ਲ ਦਾ ਭਾਅ ਘਟਾਉਣ ਲਈ ਸੂਬਾ ਸਰਕਾਰ ਨੂੰ ਕਹਿ ਰਿਹਾ ਹੈ ਪਰ ਭਾਜਪਾ ਦੀ ਕੇਂਦਰ ਸਰਕਾਰ ਜਿਸ ਨੇ ਡੀਜ਼ਲ ਨੂੰ ਪਟਰੌਲ ਤੋਂ ਵੀ ਮਹਿੰਗਾ ਕਰ ਕੇ ਕਿਸਾਨ ਨੂੰ ਮਾਰਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ, ਉਸ ਬਾਰੇ ਉਹ ਕੂੰਦੇ ਤਕ ਵੀ ਨਹੀਂ, ਨਾ ਉਹ ਕਦੇ ਢੀਂਡਸਾ ਸਾਹਿਬ ਵਲੋਂ ਸਵੀਕਾਰੇ ਗਏ ਪਦਮ ਸ੍ਰੀ 'ਤੇ ਹੀ ਸਵਾਲ ਚੁਕਦੇ ਹਨ।

ਕਾਂਗਰਸ ਨੂੰ ਵਿਚ ਘਸੀਟਣਾ ਗੁਮਰਾਹ ਕਰਨ ਵਾਲੀ ਗੱਲ ਹੈ ਕਿਉਂਕਿ ਕਾਂਗਰਸ-ਅਕਾਲੀ ਭਾਈਵਾਲੀ ਮੁਮਕਿਨ ਨਹੀਂ ਤੇ ਇਹ ਹੁਣ ਸਦੀਵੀ ਦੁਸ਼ਮਣ ਹਨ ਤੇ ਰਹਿਣਗੇ ਵੀ। ਸਿਆਸੀ ਦੋਸਤੀਆਂ, ਰਿਸ਼ਤੇਦਾਰੀਆਂ ਤਾਕਤ ਵਿਚ ਵਾਧਾ ਜ਼ਰੂਰ ਕਰ ਸਕਦੀਆਂ ਹਨ ਪਰ ਇਨ੍ਹਾਂ ਤਿੰਨਾਂ ਧੜਿਆਂ ਵਿਚ ਅੱਜ ਇਕ ਦੌੜ ਲੱਗੀ ਹੋਈ ਹੈ ਤੇ ਦੌੜ ਦਾ ਮਕਸਦ ਇਸ ਪ੍ਰਸ਼ਨ ਦਾ ਉੱਤਰ ਲਭਣਾ ਹੈ ਕਿ ਇਨ੍ਹਾਂ ਵਿਚੋਂ ਵੱਡਾ ਤਾਕਤਵਰ ਕੌਣ ਬਣੇਗਾ?

ਜਿਹੜਾ ਵੀ ਤਾਕਤਵਰ ਬਣ ਕੇ ਉਭਰੇਗਾ, ਉਹ ਭਾਜਪਾ ਦੇ ਭਾਈਵਾਲ ਵਜੋਂ ਅਗਲੀ ਚੋਣ ਲੜੇਗਾ ਤੇ ਜਿਸ ਪੰਥਕ ਸੁਧਾਰ ਦੀ ਗੱਲ ਕੀਤੀ ਜਾ ਰਹੀ ਹੈ, ਉਹ ਸਿਰਫ਼ ਇਕ 'ਜੁਮਲਾ' ਬਣ ਕੇ ਰਹਿ ਜਾਏਗੀ। ਜੇ ਉਹ ਸੱਚੇ ਹੁੰਦੇ ਤਾਂ ਕੀ ਇਹ ਤਿੰਨ ਮਹਾਂਪੁਰਸ਼ ਪੰਥਕ ਆਗੂ ਆਪਸ ਵਿਚ ਸਹਿਮਤੀ ਤੇ ਨਾ ਅੱਪੜ ਸਕਦੇ? ਇਨ੍ਹਾਂ ਸਾਰਿਆਂ ਨੇ ਅਪਣਾ ਮਨੋਰਥ ਹੀ ਹਨੇਰੇ ਵਿਚ ਛੁਪਾ ਕੇ ਰਖਿਆ ਹੋਇਆ ਹੈ ਜਿਸ ਨਾਲ ਆਪਸੀ ਸਹਿਮਤੀ ਔਖੀ ਬਣ ਗਈ।

ਇਨ੍ਹਾਂ ਆਗੂਆਂ ਨੂੰ ਵੇਖ ਕੇ ਲਗਦਾ ਨਹੀਂ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤ ਕੇ ਵੀ ਇਕ ਜਥੇਦਾਰ ਚੁਣਨ ਤਕ ਦੀ ਸਹਿਮਤੀ ਵੀ ਪੈਦਾ ਕਰ ਸਕਣਗੇ। ਇਨ੍ਹਾਂ ਸਾਰਿਆਂ ਨੇ ਕੁਰਬਾਨੀਆਂ ਕੀਤੀਆਂ ਹੋਣਗੀਆਂ ਪਰ 1984 ਤੋਂ ਬਾਅਦ ਸਿੱਖ ਸਿਆਸਤ ਵਿਚ ਜੋ ਗਿਰਾਵਟ ਆਈ ਹੈ, ਇਹ ਸਾਰੇ ਉਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਨਾ ਵੀ ਹੋਣਗੇ ਪਰ ਇਸ ਗਿਰਾਵਟ ਦੇ ਖ਼ਾਮੋਸ਼ ਗਵਾਹ ਜ਼ਰੂਰ ਸਨ। ਲੋੜ ਅੱਜ ਸਾਫ਼ ਸੁਥਰੀ ਨੌਜਵਾਨ ਲਹਿਰ ਦੀ ਹੈ ਜੋ ਰਵਾਇਤੀ ਸਿਆਸਤਦਾਨਾਂ ਤੋਂ ਹੱਟ ਕੇ ਪੰਥ ਦੀ ਚੜ੍ਹਦੀ ਕਲਾ ਯਕੀਨੀ ਬਣਾ ਸਕੇ। - ਨਿਮਰਤ ਕੌਰ