ਮੋਦੀ ਮਾਰਕਾ ਬਦਲਾਅ ਵਿਚ ਨਿਜੀ ਵਫ਼ਾਦਾਰੀ ਨੂੰ ਸਾਹਮਣੇ ਰੱਖ ਕੇ ਵਜ਼ੀਰ ਝਟਕਾਏ ਵੀ ਗਏ ਤੇ ਪਦ-ਉਨਤ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਲ ਜੋ ਹੋਇਆ ਉਸ ਦੀ ਸੱਭ ਤੋਂ ਵੱਡੀ ਸਫ਼ਲਤਾ ਦਾ ਪ੍ਰਤੱਖ ਸਬੂਤ ਇਹ ਹੈ ਕਿ ਪੂਰੇ ਭਾਰਤ ਦੀ ਭਾਜਪਾ ਵਿਚ ਇਕ ਉਫ਼ ਤਕ ਨਹੀਂ ਨਿਕਲੀ

Harsh Vardhan, Ravi Shankar Prasad, Prakash Javadekar

ਕੇਂਦਰੀ ਕੈਬਨਿਟ ਵਿਚ ਬਦਲਾਅ ਨੇ ਇਕ ਵਾਰ ਫਿਰ ਤੋਂ ਸਿੱਧ ਕਰ ਦਿਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਆਸੀ ਗੋਟੀਆਂ ਖੇਡਣ ਵਿਚ ਏਨੀ ਮੁਹਾਰਤ ਰਖਦੇ ਹਨ ਕਿ ਸਾਰੇ ਪਿਆਦੇ ਇਕੋ ਚਾਲ ਨਾਲ ਮਾਤ ਖਾ ਜਾਂਦੇ ਹਨ। ਉਹ ਇਕ ਆਮ ਸਿਆਸਤਦਾਨ ਨਹੀਂ ਹਨ। ਕਲ ਜੋ ਹੋਇਆ ਉਸ ਦੀ ਸੱਭ ਤੋਂ ਵੱਡੀ ਸਫ਼ਲਤਾ ਦਾ ਪ੍ਰਤੱਖ ਸਬੂਤ ਇਹ ਹੈ ਕਿ ਪੂਰੇ ਭਾਰਤ ਦੀ ਭਾਜਪਾ ਵਿਚ ਇਕ ਉਫ਼ ਤਕ ਨਹੀਂ ਨਿਕਲੀ।

ਡਾ. ਹਰਸ਼ਵਰਧਨ ਨੂੰ ਬਿਨਾਂ ਕੁੱਝ ਆਖੇ, ਕੋਵਿਡ -19 ਦਾ ਮੁਕਾਬਲਾ ਕਰਨ ਲਈ ਵਿਖਾਈ ਮਾੜੀ ਕਾਰਗੁਜ਼ਾਰੀ ਅਤੇ ਆਕਸੀਜਨ ਵਾਸਤੇ ਤਰਸਦੇ ਲੋਕਾਂ ਦੀ ਤ੍ਰਾਸਦੀ ਦਾ ਦੋਸ਼ੀ ਬਣਾ ਦਿਤਾ ਗਿਆ। ਇਹ ਸ਼ਤਰੰਜ ਦੀ ਆਖ਼ਰੀ ਚਾਲ ਹੈ ਜਿਸ ਵਿਚ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸੀਬ ਹੋਈ ਹੈ। ਕੋਵਿਡ ਵਿਚ ਥਾਲੀਆਂ ਵਜਾਈਆਂ ਗਈਆਂ ਹੋਣ ਜਾਂ ਤਾਲਾਬੰਦੀ ਦਾ ਸਹਾਰਾ ਲਿਆ ਗਿਆ ਜਾਂ ਸੂਬਿਆਂ ਨੂੰ ਆਕਸੀਜਨ ਦੀ ਵੰਡ ਸਬੰਧੀ ਮੀਟਿੰਗਾਂ ਹੋਈਆਂ ਤਾਂ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਖ ਰੇਖ ਹੇਠ ਰਖੀਆਂ ਗਈਆਂ ਸਨ।

ਹਾਲ ਹੀ ਵਿਚ ਜਦ ਅਜਿਹੀ ਇਕ ਮੀਟਿੰਗ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣਾ ਭਾਸ਼ਨ ਸੋਸ਼ਲ ਮੀਡੀਆ ਤੇ ‘ਲਾਈਵ’ ਕਰ ਦਿਤਾ ਸੀ ਤਾਂ ਪ੍ਰਧਾਨ ਮੰਤਰੀ ਹੀ ਉਨ੍ਹਾਂ ਨਾਲ ਨਾਰਾਜ਼ ਹੋਏ ਸਨ। ਪ੍ਰਧਾਨ ਮੰਤਰੀ ਕੇਅਰ ਫ਼ੰਡ ਜੋ ਕਿ ਕੋਵਿਡ ਵਾਸਤੇ ਸੀ, ਉਹ ਵੀ ਪ੍ਰਧਾਨ ਮੰਤਰੀ ਦੇ ਹੱਥ ਵਿਚ ਹੀ ਸੀ। ਪਰ ਇਕ ਮਾਸਟਰ ਸਟਰੋਕ ਨਾਲ ਸਾਰੀਆਂ ਕਮੀਆਂ ਦੀ ਜ਼ਿੰਮੇਵਾਰੀ ਡਾ. ਹਰਸ਼ਵਰਧਨ ਉਤੇ ਪਾ ਦਿਤੀ ਗਈ ਤੇ ਹੁਣ ਸਨੇਹਾ ਇਹ ਜਾਵੇਗਾ ਕਿ ਪ੍ਰਧਾਨ ਮੰਤਰੀ ਆਪ ਦੇਸ਼ ਦੀਆਂ ਸਿਹਤ ਸਹੂਲਤਾਂ ਨੂੰ ਸੰਭਾਲਣਗੇ।

ਪ੍ਰਕਾਸ਼ ਜਾਵੇਡਕਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਛਵੀ ਵਿਚ ਆਈ ਗਿਰਾਵਟ ਦਾ ਖ਼ਮਿਆਜ਼ਾ ਭੁਗਤਣਾ ਪਿਆ। ਆਖ਼ਰਕਾਰ ਇਸ ਤਰ੍ਹਾਂ ਕਦੀ ਨਹੀਂ ਸੀ ਹੋਇਆ ਕਿ ਦੁਨੀਆਂ ਵਿਚ ਭਾਰਤ ਦੀ ਨਿਖੇਧੀ ਪਹਿਲੇ ਪੰਨੇ ਦੀਆਂ ਸੁਰਖ਼ੀਆਂ ਵਿਚ ਹੋਈ ਹੋਵੇ। ਜਾਵੇਡਕਰ ਹੇਠ ਭਾਰਤ ਦਾ ਮੀਡੀਆ ਅਪਣੇ ਉਤੇ ਗੋਦੀ ਮੀਡੀਆ ਦਾ ਠੱਪਾ ਲਗਵਾ ਬੈਠਿਆ ਹੈ। ਅੰਤਰਰਾਸ਼ਟਰੀ ਮੈਗਜ਼ੀਨ ਟਾਈਮਜ਼ ਦੇ ਕਵਰ ਪੇਜ ਤੇ ਜਿਹੜੀ ਤਸਵੀਰ ਪ੍ਰਧਾਨ ਮੰਤਰੀ ਦੀ ਆਈ ਹੈ, ਉਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਹੀ ਪੈਣਾ ਸੀ।

ਰਵੀ ਸ਼ੰਕਰ ਪ੍ਰਸਾਦ ਨੇ ਟਵਿਟਰ ਦੀ ਲੜਾਈ ਛੇੜ ਕੇ ਅਮਰੀਕਾ ਅਤੇ ਭਾਰਤ ਦੇ ਰਿਸ਼ਤਿਆਂ ਵਿਚ ਖ਼ਲਲ ਪਾਇਆ। ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਅਪਣੇ ਆਪ ਨੂੰ ਹਰ ਅਮਰੀਕਨ ਪ੍ਰਧਾਨ ਦੇ ਕਰੀਬੀ ਮਿੱਤਰ ਵਿਖਾਉਣ ਦਾ ਯਤਨ ਕਰਦੇ ਹਨ ਤੇ ਦੂਜੇ ਪਾਸੇ ਰਵੀ ਸ਼ੰਕਰ ਪ੍ਰਸਾਦ ਨੇ ਅਮਰੀਕੀ ਕੰਪਨੀਆਂ ਨਾਲ ਹੀ ਲੜਾਈ ਛੇੜ ਲਈ। ਸੋ ਉਹ ਵੀ ਬਾਹਰ ਕਰ ਦਿਤੇ ਗਏ।

ਇਸ ਫੇਰਬਦਲ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਅਪਣੀ ਛਵੀ ਨੂੰ ਠੇਸ ਪਹੁੰਚਾਉਣ ਵਾਲੇ ਮੰਤਰੀ ਉਤਾਰ ਕੇ ਉਹ ਲੋਕ ਲਗਾਏ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ‘ਮਹਾਨ ਤੇ ਸਫ਼ਲ ਆਗੂ’ ਦੱਸਣ ਲਈ ਚੰਗਾ ਕੰਮ ਕੀਤਾ ਹੈ। ਲੋਕ ਅਪਣੇ ਵਲੋਂ ਸੋਚਦੇ ਤਾਂ ਮੰਗ ਕਰਦੇ ਕਿ ਖੇਤੀ ਮੰਤਰੀ ਕਿਉਂ ਨਹੀਂ ਬਦਲਿਆ ਗਿਆ ਜੋ ਖੇਤੀ ਕਾਨੂੰਨਾਂ ਦੀ ਸਥਿਤੀ ਨੂੰ ਸੰਭਾਲ ਹੀ ਨਹੀਂ ਸਕਿਆ? ਅਜਿਹੇ ਵਿੱਤ ਮੰਤਰੀ ਨੂੰ ਹਟਾਇਆ ਕਿਉਂ ਨਹੀਂ ਗਿਆ ਜਿਸ ਦੇ ਕਾਰਜਾਂ ਨਾਲ ਦੇਸ਼ ਦੀ ਆਰਥਕਤਾ ਰਸਾਤਲ ਵਿਚ ਜਾ ਡਿੱਗੀ ਹੈ ਤੇ ਦੇਸ਼ ਦੀ ਦੌਲਤ ਕੁੱਝ ਹੱਥਾਂ ਵਿਚ ਆ ਗਈ ਹੈ?

ਅਜਿਹੇ ਮੰਤਰੀ ਜਿਸ ਨੇ ਹਵਾਈ ਸਫ਼ਰ ਨੂੰ ਕਾਰਪੋਰੇਟਾਂ ਦੇ ਹੱਥ ਦੇ ਕੇ ਆਮ ਭਾਰਤੀ ਵਾਸਤੇ ਸਫ਼ਰ ਕਰਨਾ ਨਾ ਮੁਮਕਿਨ ਕਰ ਦਿਤਾ ਹੈ, ਉਸ ਨੂੰ ਹੁਣ ਇਕ ਹੋਰ ਵੱਡਾ ਤੇਲ ਦਾ ਮੰਤਰਾਲੇ ਦੇ ਦਿਤਾ ਗਿਆ ਹੈ। ਕੁਲ ਮਿਲਾ ਕੇ ਇਹ ਉਧੇੜ-ਬੁਣੀ ਇਹ ਸੰਕੇਤ ਦੇਂਦੀ ਹੈ ਕਿ ਮੋਦੀ ਸਰਕਾਰ ਅਪਣੀ ਛਵੀ ਬਣਾਉਣ ਤੇ ਹੀ ਕੇਂਦਰਤ ਰਹੇਗੀ ਤੇ ਨਿਜੀ ਵਫ਼ਾਦਾਰੀ ਨੂੰ ਪੂਰੀ ਸ਼ਾਬਾਸ਼ ਮਿਲੇਗੀ, ਭਾਵੇਂ ਉਹ ਦੇਸ਼ ਹਿਤ ਵਿਚ ਹੋਵੇ ਜਾਂ ਨਾ। ਮੋਦੀ ਸਰਕਾਰ ਨੇ ਅਪਣੇ ਪੁਰਾਣੇ ਭਾਈਵਾਲਾਂ ਦੀ ਨਰਾਜ਼ਗੀ ਤੋਂ ਸਬਰ ਸਿਖ ਕੇ ਜੋਤੀ ਰਾਜ ਸਿੰਧਿਆ ਨੂੰ ਹਵਾਈ ਮੰਤਰਾਲੇ ਦੇ ਕੇ ਸੁਨੇਹਾ ਭੇਜਿਆ ਹੈ ਕਿ ਉਹ ਹੁਣ ਅਪਣੇ ਭਾਈਵਾਲਾਂ ਨਾਲ ਇਨਸਾਫ਼ ਕਰਨਗੇ। 

80 ਮੰਤਰੀਆਂ ਦੀ ਕੈਬਨਿਟ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਖ਼ਾਸਮ ਖ਼ਾਸ 12 ਮੰਤਰੀ ਭਾਜਪਾ ਦੇ ਹਨ ਤੇ ਦੇਸ਼ ਦੀ ਵਾਗਡੋਰ ਉਨ੍ਹਾਂ ਦੇ ਹੱਥ ਵਿਚ ਹੀ ਹੈ। ਬਾਕੀ ਵਰਗਾਂ ਨੂੰ ਖ਼ੁਸ਼ ਕਰਨ ਵਾਸਤੇ 11 ਔਰਤਾਂ, 12 ਦਲਿਤ, 8 ਪਛੜੀਆਂ ਸ਼ੇ੍ਰਣੀਆਂ, 27 ਓ.ਬੀ.ਸੀ. ਮੰਤਰੀ ਹਨ। ਬੰਗਾਲ ਵਿਚ ਇਕ ਵੱਡਾ ਹੁੰਗਾਰਾ ਦਿਵਾਉਣ ਵਾਸਤੇ 4 ਵਫ਼ਾਦਾਰਾਂ ਨੂੰ ਇਨਾਮ ਮਿਲਿਆ ਹੈ। ਯੂ.ਪੀ. ਤੇ ਗੁਜਰਾਤ ਦੀ ਤਿਆਰੀ ਵਾਸਤੇ ਦੋਵਾਂ ਸੂਬਿਆਂ ਤੋਂ ਮੰਤਰੀ ਲਏ ਗਏ ਹਨ ਪਰ ਪੰਜਾਬ ਵਿਚ ਵੀ ਚੋਣਾਂ ਹਨ, ਇਥੋਂ ਕੋਈ ਭਾਜਪਾਈ ਮੰਤਰੀ ਵੀ ਨਹੀਂ ਲਿਆ ਗਿਆ, ਨਾ ਹੀ ਸਾਰੇ ਦੇਸ਼ ਵਿਚੋਂ ਕੋਈ ਇਕ ਵੀ ਮੁਸਲਮਾਨ ਮੰਤਰੀ ਬਣਨ ਦੇ ਕਾਬਲ ਸਮਝਿਆ ਗਿਆ ਹੈ।                             -ਨਿਮਰਤ ਕੌਰ