Editorial : ਰਾਜਸੀ ਲੋਕਾਂ ਦੇ ਥਾਪੇ ‘ਜਥੇਦਾਰ’ ਨਹੀਂ, ਸੰਗਤ ਆਪ ਹੀ ਅੱਗੇ ਆ ਕੇ ਅਕਾਲੀ ਦਲ ਦਾ ਪੰਥਕ ਸਰੂਪ ਬਹਾਲ ਕਰ ਸਕਦੀ ਹੈ...
Editorial : ਅਕਾਲੀ ਰੇੜਕਾ ਜੋ ਰੂਪ ਧਾਰ ਚੁੱਕਾ ਹੈ, ਉਸ ਵਿਚ ਇਹ ਉਮੀਦ ਰਖਣੀ ਠੀਕ ਨਹੀਂ ਹੋਵੇਗੀ ਕਿ ਇਸ ਵਿਚ ਦੋਵੇਂ ਧਿਰਾਂ...
Not the 'Jathedar' of political people, Sangat itself can come forward and restore the cult form of Akali Dal...: ਅਕਾਲੀ ਰੇੜਕਾ ਜੋ ਰੂਪ ਧਾਰ ਚੁੱਕਾ ਹੈ, ਉਸ ਵਿਚ ਇਹ ਉਮੀਦ ਰਖਣੀ ਠੀਕ ਨਹੀਂ ਹੋਵੇਗੀ ਕਿ ਇਸ ਵਿਚ ਦੋਵੇਂ ਧਿਰਾਂ,ਕਿਸੇ ਅਸਲੀ ਪੰਥਕ ਜਥੇਬੰਦੀ ਨੂੰ ਜਨਮ ਲੈਣ ਦੇਣਗੀਆਂ। ਬਾਗ਼ੀ ਧੜੇ ਦੀ ਮੰਗ ਕੇਵਲ ਏਨੀ ਹੀ ਹੈ ਕਿ ਪਾਰਟੀ ਦੀ ਕਿਉਂਕਿ ਦੁਰਗੱਤ ਹੋ ਰਹੀ ਹੈ ਤੇ ਤੇਜ਼ ਰਫ਼ਤਾਰ ਨਾਲ ਪਾਰਟੀ ਕਿਉਂਕਿ ਲਗਾਤਾਰਤਾ ਨਾਲ ਥੱਲੇ ਥੱਲੇ ਹੀ ਜਾਈ ਜਾ ਰਹੀ ਹੈ, ਇਸ ਲਈ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹ ਕੇ ਕਿਸੇ ਇਤਬਾਰ ਯੋਗ ਅਕਾਲੀ ਨੂੰ ਪਾਰਟੀ ਦੀ ਅਗਵਾਈ ਸੌਂਪੀ ਜਾਵੇ। ਇਸ ਮੰਗ ਵਿਚ ਕੋਈ ਗ਼ਲਤ ਗੱਲ ਨਹੀਂ।
ਜਦ ਕਿਸੇ ਲੀਡਰ ਦੀ ਕਮਾਨ ਹੇਠ ਪਾਰਟੀ ਨਿਰੰਤਰ ਹੇਠਾਂ ਵਲ ਜਾ ਰਹੀ ਹੋਵੇ ਤਾਂ ਬੇੜੀ ਦੇ ਡੁੱਬਣ ਤੋਂ ਪਹਿਲਾਂ ਹੀ ਮਲਾਹ ਨੂੰ ਬਦਲ ਦੇਣ ਦੀ ਮੰਗ ਉਠਣੀ ਜਾਇਜ਼ ਹੀ ਹੁੰਦੀ ਹੈ ਜਦਕਿ ਅੱਜ ਦੇ ਭਾਰਤ ਵਿਚ, ਬੇੜੀ ਦਾ ਮਲਾਹ ਅਰਥਾਤ ਪਾਰਟੀ- ਪ੍ਰਧਾਨ, ਗੱਦੀ ਛਡਣਾ ਨਹੀਂ ਚਾਹੁੰਦਾ ਤੇ ਪਾਰਟੀ ਅੰਦਰ ਭਰਤੀ ਕੀਤੇ ਅਪਣੇ ਹੀ ਖ਼ਾਸ ਬੰਦਿਆਂ ਨੂੰ ਲਾਮਬੰਦ ਕਰ ਕੇ ਦਾਅਵਾ ਕਰਨ ਲਗਦਾ ਹੈ ਕਿ ਪਾਰਟੀ ਦੇ ਸਾਰੇ ਲੀਡਰ ਤੇ ਵਰਕਰ ਉਸ ਦੇ ਨਾਲ ਹਨ। ਇਹ ਤਰੀਕਾ ਗ਼ਲਤ ਅਤੇ ਗ਼ੈਰ-ਲੋਕਰਾਜੀ ਹੈ ਕਿਉਂਕਿ ‘ਚਮਚਾ ਕਲਚਰ’ ਭਾਰਤ ਦਾ ਖ਼ਾਸ ਕਲਚਰ ਹੈ ਜਿਸ ਵਿਚ ਪੂਰੀ ਤਰ੍ਹਾਂ ਡੁੱਬਣ ਤੋਂ ਪਹਿਲਾਂ ਪਾਰਟੀ ਦਾ ‘ਚਮਚਾ ਗਰੁੱਪ’ ਜੋ ਮੌਜੂਦਾ ਲੀਡਰਸ਼ਿਪ ਸਦਕਾ ਸੁੱਖ ਆਰਾਮ ਤੇ ਸਰਕਾਰੀ ਨਿਵਾਜ਼ਿਸ਼ਾਂ ਨੂੰ ਮਾਣਦਾ ਆ ਰਿਹਾ ਹੁੰਦਾ ਹੈ, ਉਸ ਨੂੰ ਮਾੜੀ ਜਹੀ ਤਬਦੀਲੀ ਵੀ ਗਵਾਰਾ ਨਹੀਂ ਹੁੰਦੀ ਤੇ ਕਾਬਜ਼ ਲੀਡਰਸ਼ਿਪ ਦੇ ਗਿੱਟਿਆਂ ਦੀ ਪਾਇਲ ਹੀ ਬਣਿਆ ਰਹਿਣਾ ਚਾਹੁੰਦਾ ਹੈ। ਇਨ੍ਹਾਂ ਦੀ ਹਮਾਇਤ ਨੂੰ ਬਹਾਨਾ ਬਣਾ ਕੇ ਆਮ ਜਨਤਾ ਵਲੋਂ ਪਾਰਟੀ ਤੋਂ ਦੂਰ ਚਲੇ ਜਾਣ ਨੂੰ ਅੱਖੋਂ ਪਰੋਖੇ ਕਰਨਾ ਯਕੀਨਨ ਕਿਸੇ ਚੰਗੇ ਲੀਡਰ ਦੀ ਨਿਸ਼ਾਨੀ ਨਹੀਂ ਹੁੰਦੀ।
ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਜੇ ਪਰਮਿੰਦਰ ਢੀਂਡਸਾ ਨੂੰ ਝੂੰਦਾਂ ਦੀ ਥਾਂ ਟਿਕਟ ਦੇ ਦਿਤੀ ਜਾਂਦੀ ਤਾਂ ਸੁਖਬੀਰ ਬਾਦਲ ਦਾ ਕੋਈ ਦੋਸ਼, ਦੋਸ਼ ਨਹੀਂ ਸੀ ਰਹਿਣਾ ਤੇ ਜੇ ਬੀਬੀ ਜਗੀਰ ਕੌਰ ਨੂੰ ਨਵੰਬਰ ਵਿਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿਤਾ ਜਾਂਦਾ ਤਾਂ ਉਨ੍ਹਾਂ ਦੀ ਨਜ਼ਰ ਵਿਚ ਵੀ, ਸੁਖਬੀਰ ਬਾਦਲ ਦੇ ਸਾਰੇ ਦੋਸ਼ ਅਪਣੇ ਆਪ ਖ਼ਤਮ ਹੋ ਜਾਣੇ ਸਨ। ਸੱਚ ਇਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਕੂਲ ਵਿਚ ਪੰਜ-ਦਸ ਸਾਲ ਪੜ੍ਹਦੇ ਰਹਿਣ ਵਾਲੇ, ਸਿਧਾਂਤਕ ਤੌਰ ਤੇ ਬਿਲਕੁਲ ਸਿਫ਼ਰ ਹੋ ਜਾਂਦੇ ਹਨ ਤੇ ਪੰਥ ਦਾ ਭਲਾ ਤਾਂ ਉਨ੍ਹਾਂ ਲਈ ਨਿਰਾ ਪੂਰਾ ਓਪਰਾ ਵਿਚਾਰ ਬਣ ਜਾਂਦਾ ਹੈ। ਬਾਦਲਾਂ ਤੋਂ ਵੀ ਜੇ ਬਾਗ਼ੀ ਭਾਈ ਲੀਡਰੀ ਖੋਹ ਕੇ ਆਪ ਲੀਡਰ ਨਾ ਬਣਨਾ ਚਾਹੁਣ ਤਾਂ ਬਾਦਲ ਵੀ ‘ਬਾਗ਼ੀਆਂ’ ਦੀਆਂ ਸਾਰੀਆਂ ਭੁੱਲਾਂ ਆਪੇ ਹੀ ਬਖ਼ਸ਼ ਦੇਣਗੇ।
ਅਜਿਹੀ ਹਾਲਤ ਵਿਚ ਫਿਰ ਅਸਲੀ ਅਕਾਲੀ ਦਲ ਜਾਂ ਪੰਥਕ ਅਕਾਲੀ ਦਲ ਕਿਵੇਂ ਪੈਦਾ ਹੋ ਸਕਦਾ ਹੈ? ਜਥੇਦਾਰ ਅਕਾਲ ਤਖ਼ਤ ਕੋਲ ਏਨੀ ਹਿੰਮਤ ਕਿਥੇ ਹੈ ਕਿ ਉਹ ਕਿਸੇ ਇਕ ਵੀ ਧੜੇ ਨੂੰ ਨਾਰਾਜ਼ ਕਰ ਸਕੇ? ਇਸ ਵਕਤ ਤਾਂ ਕੋਈ ਵੀ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮਗਰੋਂ ਸਿੱਖ ਰਾਜਨੀਤੀ ਕਿਹੜੀ ਕਰਵਟ ਲੈਂਦੀ ਹੈ। ਇਸ ਹਕੀਕਤ ਤੋਂ ਜਾਣੂ ਕੋਈ ਵੀ ‘ਜਥੇਦਾਰ’ ਕਿਸੇ ਇਕ ਧੜੇ ਦਾ ਪੱਖ ਪੂਰਨ ਤੋਂ ਡਰੇਗਾ ਹੀ ਡਰੇਗਾ। ਖ਼ਬਰਾਂ ਕਹਿ ਰਹੀਆਂ ਹਨ ਕਿ ‘ਜਥੇਦਾਰ’ ਉਤੇ ਭਾਰੀ ਦਬਾਅ ਪਾÇਆ ਜਾ ਰਿਹੈ ਕਿ ਦੋਹਾਂ ਧੜਿਆਂ ਨੂੰ ਇਕੱਠਿਆਂ ਬਿਠਾ ਕੇ ਉਨ੍ਹਾਂ ਦੀ ਸੁਲਾਹ-ਸਫ਼ਾਈ ਕਰਵਾ ਦੇਵੇ। ਸੁਲਾਹ-ਸਫ਼ਾਈ ਦਾ ਮਤਲਬ ਵੀ ਇਹ ਨਿਕਲੇਗਾ ਕਿ ਜੋ ਹੋਇਆ, ਉਸ ਨੂੰ ਭੁਲ ਜਾਉ ਤੇ ਇਕ ਅੱਧ ਬੰਦਾ ਏਧਰ ਉਧਰ ਕਰ ਕੇ, ਅਕਾਲੀ ਦਲ, ਪਹਿਲਾਂ ਵਾਂਗ ਹੀ ‘ਅਪੰਥਕ’ ਜਾਂ ‘ਪੰਜਾਬੀ ਪਾਰਟੀ’ ਬਣਿਆ ਰਹਿਣ ਦਿਉ ਤੇ ਇਕ ਦੂਜੇ ਨੂੰ ਬਰਦਾਸ਼ਤ ਕਰਨਾ ਸਿਖਣ ਦੀ ਰੀਤ, ਪਹਿਲਾਂ ਵਾਂਗ ਹੀ ਜਾਰੀ ਰੱਖੋ।
‘ਜਥੇਦਾਰ’ ਤਾਂ ਬਲਦੀ ਅੱਗ ਉਤੇ ਤਰਪਾਲ ਸੁਟ ਕੇ ਕੁੱਝ ਦੇਰ ਲਈ ‘ਸੱਭ ਠੀਕ ਹੈ’ ਦਾ ਪ੍ਰਭਾਵ ਦੇ ਸਕਦੇ ਹਨ ਪਰ ਇਸ ਅੱਗ ਦਾ ਭਾਂਬੜ ਬਣ ਕੇ ਮੁੜ ਉਠਣਾ ਨਹੀਂ ਰੋਕ ਸਕਦੇ। ਦੂਜਾ ਪੰਥ ਨੇ ਅਜਿਹੀ ‘ਪੰਜਾਬੀ’ ਪਾਰਟੀ ਤੋਂ ਕੀ ਲੈਣਾ ਹੈ? ਇਹ ਪੰਥ ਦੇ ਕਿਸੇ ਕੰਮ ਨਹੀਂ ਆਵੇਗੀ। ਜਿਵੇਂ ਖਡੂਰ ਸਾਹਿਬ ਅਤੇ ਫ਼ਰੀਦਕੋਟ ਦੀਆਂ ਹਾਲੀਆ ਚੋਣਾਂ ਵਿਚ ਸੰਗਤ ਨੇ ਅਗਵਾਈ ਅਪਣੇ ਹੱਥਾਂ ਵਿਚ ਲੈ ਕੇ, ਸਾਰੀਆਂ ਹੀ ਪਾਰਟੀਆਂ ਨੂੰ ਹਰਾ ਦਿਤਾ, ਉਸੇ ਤਰ੍ਹਾਂ ਅਕਾਲੀ ਦਲ ਦਾ ਪੰਥਕ ਸਰੂਪ ਬਹਾਲ ਕਰਨ ਲਈ ਵੀ ਸੰਗਤ ਨੂੰ ਆਪ ਅਗਵਾਈ ਦੇਣ ਲਈ ਨਿਤਰਨਾ ਚਾਹੀਦਾ ਹੈ। ਦੂਜਾ ਕੋਈ ਵੀ ਸਥਾਈ ਹੱਲ ਨਹੀਂ ਲੱਭ ਸਕਦਾ। ਕੀ ਗੁਰਦਵਾਰਾ ਚੋਣਾਂ ਵਿਚ ਇਹ ਤਜਰਬਾ ਕੀਤਾ ਜਾਵੇਗਾ?