ਕੀ ਰਖੜੀ ਦੇ ਤਿਉਹਾਰ ਨੂੰ ਨਵਾਂ ਨਾਨਕੀ ਰੂਪ ਦਿਤਾ ਜਾ ਸਕਦਾ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਿਥੇ ਏਨੇ ਕਦਮ ਔਰਤਾਂ ਨੂੰ ਬੇਪਰਦ ਕਰਨ ਲਈ ਚੁੱਕੇ ਜਾ ਰਹੇ ਹਨ, ਇਕ ਕਦਮ ਬਾਬਾ ਨਾਨਕ ਦੀ ਸੋਚ ਨਾਲ ਅੱਗੇ ਵਧਣ ਦਾ ਵੀ ਸਹੀ।

Raksha Bandhan

ਕਿਸੇ ਵੀ ਜੰਗ ਦੀ ਸੱਭ ਤੋਂ ਵੱਡੀ ਕੀਮਤ ਹਰ ਵਾਰ ਬੱਚੇ, ਬਜ਼ੁਰਗ ਅਤੇ ਔਰਤਾਂ ਚੁਕਾਉਂਦੀਆਂ ਹਨ। ਮਾਰ ਦੇਣਾ ਇਕ ਹੋਰ ਤਰ੍ਹਾਂ ਦਾ ਅਪਰਾਧ ਹੁੰਦਾ ਹੈ ਅਤੇ ਇੱਜ਼ਤ ਲੁਟ ਲੈਣੀ ਉਸ ਤੋਂ ਵੀ ਮਾੜਾ ਅਪਰਾਧ ਹੁੰਦਾ ਹੈ। ਅੱਜ ਅਸੀ ਸੋਸ਼ਲ ਮੀਡੀਆ ਉਤੇ ਕਸ਼ਮੀਰੀ ਔਰਤਾਂ ਉਤੇ ਕਸੇ ਜਾਂਦੇ ਜਿਹੜੇ ਅਸ਼ਲੀਲ ਟਿਚਕਰੇ ਜਾਂ ਫ਼ਿਕਰੇ ਸੁਣ ਰਹੇ ਹਾਂ, ਉਹ ਅਸੀ ਹਰ ਜੰਗ ਦੇ ਜੇਤੂਆਂ ਵਲੋਂ ਔਰਤਾਂ ਉਤੇ ਕਸੇ ਜਾਂਦੇ ਵੇਖੇ ਸੁਣੇ ਹਨ। 'ਜੰਗ ਦੀਆਂ ਰੰਡੀਆਂ' ਇਸੇ 'ਰੀਤ' ਨੂੰ ਆਖਿਆ ਜਾਂਦਾ ਹੈ। ਦੁਨੀਆਂ ਦਾ ਸੱਭ ਤੋਂ ਅੱਵਲ ਦੇਸ਼ ਅਮਰੀਕਾ, ਜਦ ਉਸ ਦੇ ਫ਼ੌਜੀ ਵੀ ਹਾਲ ਵਿਚ ਹੀ ਇਰਾਕ ਨੂੰ ਸੱਦਾਮ ਤੋਂ ਬਚਾਉਣ ਲਈ ਗਏ ਸੀ ਤਾਂ ਉਨ੍ਹਾਂ ਮਰਦ ਫ਼ੌਜੀਆਂ ਨੇ ਉਥੇ ਅਪਣੀ ਹਵਸ ਨੂੰ ਜ਼ਰੂਰਤ ਦਾ ਨਾਂ ਦੇ ਕੇ, ਉਥੋਂ ਦੀਆਂ ਔਰਤਾਂ ਨੂੰ ਲੁਟਿਆ ਸੀ।

ਵਿਸ਼ਵ ਜੰਗ ਦੇ ਪੀੜਤ ਸਿਰਫ਼ ਗੋਲੀਆਂ ਦੇ ਸ਼ਿਕਾਰ ਹੋਏ ਲੋਕ ਹੀ ਨਹੀਂ ਸਨ ਬਲਕਿ ਉਹ ਔਰਤਾਂ ਅਤੇ ਬੱਚੇ ਵੀ ਸਨ ਜੋ ਫ਼ੌਜੀਆਂ ਨਾਲ ਰਹਿਣ ਅਤੇ ਬੱਚੇ ਪੈਦਾ ਕਰ ਕੇ ਘਰ ਵਸਾਉਣ ਨੂੰ ਮਜਬੂਰ ਸਨ। ਜੰਗ ਤੋਂ ਬਾਅਦ ਪਿਤਾ ਅਪਣੇ ਦੇਸ਼ ਨੂੰ ਵਾਪਸ ਚਲੇ ਜਾਂਦੇ ਅਤੇ ਪਿੱਛੇ ਛੱਡ ਜਾਂਦੇ ਸਨ 'ਹਰਾਮ ਦੇ' ਅਤੇ ਤਵਾਇਫ਼ਾਂ ਦੇ ਨਾਂ ਨਾਲ ਬਦਨਾਮ ਪੀੜਤ ਔਰਤਾਂ। ਅੱਜ ਜਦੋਂ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਉਣ ਲਈ ਸਰਕਾਰ ਨੇ ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿਤਾ ਹੈ ਤਾਂ ਭਾਰਤ ਦੇ ਕੁੱਝ ਸੱਤਾ ਵਿਚ ਅੰਨ੍ਹੇ ਹੋਏ ਲੋਕ, ਇਸ ਨੂੰ ਕਸ਼ਮੀਰ ਵਿਰੁਧ ਜਿੱਤੀ ਗਈ ਜੰਗ ਮੰਨਦਿਆਂ, ਉਨ੍ਹਾਂ ਦੀਆਂ ਔਰਤਾਂ ਉਤੇ ਵਾਰ ਕਰ ਰਹੇ ਹਨ। ਗੋਰੀਆਂ ਨਾਲ ਵਿਆਹ ਕਰਵਾ ਲਉ ਦੇ ਬਦਮਾਸ਼ੀ ਭਰੇ ਲਲਕਾਰਿਆਂ ਤੋਂ ਲੈ ਕੇ, ਬਲਾਤਕਾਰ ਦੀਆਂ ਧਮਕੀਆਂ ਤਕ ਅੱਜ ਕਸ਼ਮੀਰ ਦੀਆਂ ਔਰਤਾਂ ਨੂੰ ਸੁਣਨ ਨੂੰ ਮਿਲ ਰਹੀਆਂ ਹਨ (ਉਹ ਜੋ ਸੁਣ ਸਕਦੀਆਂ ਹਨ) ਬਾਕੀ ਤਾਂ ਅਜੇ ਸੰਨਾਟੇ ਵਿਚ ਹਨ।

ਭਾਜਪਾ ਦੇ ਇਕ ਵਿਧਾਇਕ ਨੇ ਮੰਚ ਉਤੇ ਖੜੇ ਹੋ ਕੇ ਇਸੇ ਤਰ੍ਹਾਂ ਦਾ ਬਿਆਨ ਦਿਤਾ ਹੈ ਕਿ ਹੁਣ ਕੋਈ ਵੀ, ਕਸ਼ਮੀਰੀ ਔਰਤ ਨਾਲ ਵਿਆਹ ਕਰਵਾ ਸਕਦਾ ਹੈ ਕਿਉਂਕਿ ਹੁਣ ਉਸ ਦੀ ਜਾਇਦਾਦ, ਉਸੇ ਦੇ ਨਾਂ ਰਹੇਗੀ। ਅਜੀਬ ਗੱਲ ਹੈ ਕਿ ਜਿਹੜੀ ਸੋਚ ਜਾਤ-ਗੋਤ ਤੋਂ ਬਾਹਰ ਵਿਆਹ ਨਹੀਂ ਕਰਨ ਦੇਂਦੀ, ਹੁਣ ਆਕੜ ਕੇ ਕਸ਼ਮੀਰੀ ਗੋਰੀਆਂ ਉਤੇ ਗੰਦੀ ਨਜ਼ਰ ਸੁਟ ਰਹੀ ਹੈ। ਇਹ ਉਹੀ ਸੋਚ ਹੈ ਜੋ ਹਰ ਜੰਗ ਤੋਂ ਬਾਅਦ ਔਰਤ ਨੂੰ ਜ਼ਲੀਲ ਤੇ ਖ਼ਵਾਰ ਕਰਨ ਜਾਂ ਜੰਗੀ ਟਰਾਫ਼ੀ ਕਹਿ ਕੇ ਲੁੱਟਣ ਬਾਰੇ ਸੋਚਦੀ ਹੈ। ਅੱਜ ਵੀ ਕਿਸੇ ਤੋਂ ਬਦਲਾ ਲੈਣਾ ਹੋਵੇ ਤਾਂ ਉਸ ਦੀ ਬੇਟੀ ਨਾਲ ਬਲਾਤਕਾਰ ਕਰਨ ਬਾਰੇ ਸੋਚਦੇ ਹਨ। ਹਾਲ ਵਿਚ ਹੀ ਇਕ ਪਿੰਡ ਵਿਚ ਦਲਿਤ ਨੂੰ ਸਜ਼ਾ ਦੇਣ ਵਾਸਤੇ ਉੱਚੀ ਜਾਤ ਦੇ ਮਰਦਾਂ ਨੇ ਸਾਰੀ ਰਾਤ ਉਸ ਦੀ ਬੇਟੀ ਨਾਲ ਸਮੂਹਕ ਬਲਾਤਕਾਰ ਕੀਤਾ। ਇਹ ਸੋਚ ਕਿਸੇ ਇਕ ਧਰਮ ਨਾਲ ਨਹੀਂ ਜੁੜੀ ਹੋਈ ਬਲਕਿ ਕਿਸੇ ਨਾ ਕਿਸੇ ਤਰੀਕੇ ਮਰਦ-ਔਰਤ ਦੇ ਰਿਸ਼ਤੇ ਦਾ ਹਿੱਸਾ ਬਣ ਚੁੱਕੀ ਹੈ।

ਕੁਦਰਤ ਨੇ ਤਾਂ ਅਪਣੇ ਵਲੋਂ ਇਕ ਸੰਪੂਰਨ ਜੋੜੀ ਬਣਾਈ ਸੀ। ਇਕ ਉਹ ਜਿਸ ਦੀਆਂ ਬਾਹਾਂ ਵਿਚ ਬਲ ਹੈ ਤੇ ਉਹ ਦੂਜੇ ਦੀ ਰਖਿਆ ਕਰ ਸਕਦਾ ਹੈ ਅਤੇ ਦੂਜਾ ਉਹ ਜਿਸ ਵਿਚ ਮਨੁੱਖਤਾ ਨੂੰ ਅੱਗੇ ਵਧਾਉਣ ਦੀ ਤਾਕਤ ਹੈ। ਸ਼ਾਇਦ ਗੁਰੂ ਨਾਨਕ ਨੇ ਇਨਸਾਨ ਦੀ ਇਸ ਕਮਜ਼ੋਰੀ ਨੂੰ ਪਛਾਣਦੇ ਹੋਏ ਦੁਨੀਆਂ ਵਿਚ ਪਹਿਲੀ ਵਾਰੀ ਇਕ ਅਜਿਹਾ ਫ਼ਲਸਫ਼ਾ ਲਿਆਉਣ ਦੀ ਹਿੰਮਤ ਕੀਤੀ ਜੋ ਔਰਤ ਅਤੇ ਮਰਦ ਨੂੰ ਬਰਾਬਰ ਦਾ ਦਰਜਾ ਦੇਂਦੀ ਹੈ। ਬਰਾਬਰੀ ਵਿਚ ਕੋਈ ਅਬਲਾ ਨਹੀਂ ਹੁੰਦਾ। ਬਰਾਬਰੀ ਵਿਚ ਕੋਈ ਕਿਸੇ ਨੂੰ ਨੀਵਾਂ ਸਮਝਦੇ ਹੋਏ ਉਸ ਉਤੇ ਵਾਰ ਨਹੀਂ ਕਰਦਾ। ਪਰ ਸਿੱਖਾਂ ਨੇ ਹੀ ਇਸ ਸੋਚ ਨੂੰ ਨਹੀਂ ਅਪਣਾਇਆ। ਰਖੜੀ, ਜੋ ਕਿ ਸਿੱਖ ਫ਼ਲਸਫ਼ੇ ਨਾਲ ਨਹੀਂ ਜਚਦੀ, ਸਮਾਜਕ ਰੀਤਾਂ ਨਿਭਾਉਂਦੇ ਸਿੱਖਾਂ ਦਾ ਵੀ ਤਿਉਹਾਰ ਬਣ ਗਈ ਹੈ। 

ਇਕ ਵਿਚਾਰ ਹੈ ਕਿ ਰਖੜੀ ਨਾ ਮਨਾਉ ਕਿਉਂਕਿ ਇਹ ਧਾਗਾ, ਔਰਤਾਂ ਨੂੰ ਨੀਵਾਂ ਕਰਦਾ ਹੈ। ਪਰ ਕਿਉਂ ਨਾ ਇਸ ਧਾਗੇ ਨੂੰ ਬਰਾਬਰੀ ਦਾ ਦਰਜਾ ਦੇ ਦਿਤਾ ਜਾਵੇ? ਗੁਰੂ ਨਾਨਕ ਦੇ 550 ਸਾਲਾ ਜਨਮ ਦਿਹਾੜੇ ਦੇ ਜਸ਼ਨਾਂ ਵਿਚ ਜੇ ਅਸੀ ਰਖੜੀ ਦੇ ਇਸ ਤਿਉਹਾਰ ਦੀ ਇਕ ਨਵੀਂ ਪ੍ਰਥਾ ਸ਼ੁਰੂ ਕਰਨ ਦਾ ਫ਼ੈਸਲਾ ਲੈ ਲਈਏ ਅਰਥਾਤ ਉਹ ਪ੍ਰਥਾ ਸ਼ੁਰੂ ਕਰੀਏ ਜੋ ਬਾਬੇ ਨਾਨਕ ਦੀ ਸੋਚ ਨੂੰ ਸਾਡੀ ਸੋਚ ਵਿਚ ਬੰਨ੍ਹ ਲਵੇ। ਜੇ ਅੱਜ ਸਾਰੇ ਭੈਣ-ਭਰਾ, ਸਾਰੀਆਂ ਭੈਣਾਂ-ਭੈਣਾਂ ਆਪਸ ਵਿਚ ਰੱਖੜੀ ਦਾ ਧਾਗਾ ਬੰਨ੍ਹ ਕੇ ਇਕ-ਦੂਜੇ ਨੂੰ ਇਕ ਬਰਾਬਰ ਮੰਨਣ ਦਾ ਐਲਾਨ ਕਰਨ ਤਾਂ ਇਸ ਰਿਸ਼ਤੇ ਨੂੰ ਤਿਉਹਾਰ ਵਜੋਂ ਮਨਾਉਣ ਦੀ ਰੀਤ ਵੀ ਰਹੇਗੀ ਅਤੇ ਬਾਬਾ ਨਾਨਕ ਦੀ ਸੋਚ ਵੀ ਝਲਕੇਗੀ। 

ਹਰ ਉਹ ਮਰਦ ਜੋ ਬਾਬਾ ਨਾਨਕ ਨੂੰ ਮੰਨਦਾ ਹੈ, ਉਹ ਅਪਣੇ ਬਾਬੇ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਔਰਤ ਮਰਦ ਦੀ ਬਰਾਬਰੀ ਦੇ ਕਦਮ ਨੂੰ ਇਸ ਤਿਉਹਾਰ ਵਿਚ ਸ਼ਾਮਲ ਕਰ ਕੇ ਸੱਭ ਦੀ ਬਰਾਬਰੀ ਵਲ ਇਕ ਛੋਟਾ ਜਿਹਾ ਕਦਮ ਤਾਂ ਪੁੱਟ ਹੀ ਸਕਦਾ ਹੈ। ਇਕ ਛੋਟਾ ਕਦਮ ਹੀ ਸਹੀ, ਹੋਵੇਗਾ ਤਾਂ ਸਹੀ ਦਿਸ਼ਾ ਵਲ ਪੁਟਿਆ ਇਕ ਕਦਮ ਹੀ। ਜਿਥੇ ਏਨੇ ਕਦਮ ਔਰਤਾਂ ਨੂੰ ਬੇਪਰਦ ਕਰਨ ਲਈ ਚੁੱਕੇ ਜਾ ਰਹੇ ਹਨ, ਇਕ ਕਦਮ ਬਾਬਾ ਨਾਨਕ ਦੀ ਸੋਚ ਨਾਲ ਅੱਗੇ ਵਧਣ ਦਾ ਵੀ ਸਹੀ। 25 ਦਸੰਬਰ ਨੂੰ ਕ੍ਰਿਸਮਿਸ ਮਨਾਈ ਜਾਂਦੀ ਹੈ। ਸਦੀਆਂ ਤੋਂ ਇਹ ਦਿਨ ਬਦ-ਰੂਹਾਂ ਦੀ ਯਾਦ ਵਿਚ ਉਨ੍ਹਾਂ ਨੂੰ ਦੂਰ ਰੱਖਣ ਲਈ ਮਨਾਇਆ ਜਾਂਦਾ ਸੀ। ਈਸਾਈ ਪ੍ਰਚਾਰਕਾਂ ਨੇ ਛੇਤੀ ਹੀ ਸਮਝ ਲਿਆ ਕਿ ਇਸ ਦੀ ਨਿਰੀ, ਵਿਰੋਧਤਾ ਇਸ ਤਿਉਹਾਰ ਨੂੰ ਖ਼ਤਮ ਨਹੀਂ ਕਰ ਸਕੇਗੀ।

ਉਨ੍ਹਾਂ ਬੜੇ ਚਾਅ ਅਤੇ ਖੇੜੇ ਨਾਲ ਮਨਾਇਆ ਜਾਣ ਵਾਲਾ ਨਵਾਂ ਤਿਉਹਾਰ ਉਸੇ ਦਿਨ ਸ਼ੁਰੂ ਕਰ ਦਿਤਾ। ਛੇਤੀ ਹੀ ਸਾਰੇ ਲੋਕ ਪੁਰਾਣੇ ਬਦ-ਰੂਹਾਂ ਦੇ ਤਿਉਹਾਰ ਨੂੰ ਭੁੱਲ ਕੇ, ਕ੍ਰਿਸਮਿਸ ਨੂੰ ਮਨਾਉਣ ਲੱਗ ਪਏ ਕਿਉਂਕਿ ਇਹ ਜ਼ਿਆਦਾ ਖ਼ੁਸ਼ੀ ਦੇਣ ਵਾਲਾ ਤਿਉਹਾਰ ਸਾਬਤ ਹੋਇਆ। ਗੁਰੂ ਗੋਬਿੰਦ ਸਿੰਘ ਨੇ ਹੋਲੀ ਨੂੰ ਹੋਲੇ ਦਾ ਤਿਉਹਾਰ ਇਹ ਸੋਚ ਕੇ ਹੀ ਬਣਾਇਆ ਕਿ ਸਿੱਖ ਹੋਲੀ ਦੇ ਗੰਦੇ ਤਿਉਹਾਰ ਨੂੰ ਛੱਡ ਕੇ ਬਹਾਦਰੀ ਤੇ ਖੇਡਾਂ ਦਾ ਤਿਉਹਾਰ ਹੋਲਾ ਮਨਾਉਣ ਲੱਗ ਜਾਣਗੇ। ਰਖੜੀ ਬਾਰੇ ਵੀ ਇਹੋ ਜਿਹਾ ਹੀ ਕੋਈ ਕਦਮ ਚੁੱਕਣ ਦੀ ਲੋੜ ਵਲ ਧਿਆਨ ਦੇਣਾ ਚਾਹੀਦਾ ਹੈ।  

-ਨਿਮਰਤ ਕੌਰ