ਮਨਦੀਪ ਕੌਰ (ਅਮਰੀਕਾ) ਜਾਨ ਦੇਣ ਲਈ ਤੇ ਜੋਤੀ ਨੂਰਾਂ ਤਲਾਕ ਮੰਗਣ ਲਈ ਮਜਬੂਰ ਕਿਉਂ ਹੋ ਜਾਂਦੀਆਂ ਹਨ?
ਬਾਬਾ ਨਾਨਕ ਨੇ ਵੀ ਗ੍ਰਹਿਸਥੀ ਜੀਵਨ ਨੂੰ ਸਭ ਤੋਂ ਜ਼ਿਆਦਾ ਮਾਣ ਦਿਤਾ ਪਰ ਜੋ ਰਿਸ਼ਤਾ ਇਨਸਾਨ ਨੂੰ ਪਿਆਰ ਦੀ ਬੁਨਿਆਦ ਦਿੰਦਾ ਹੈ, ਉਹ ਇਸ ਕਦਰ ਕੌੜਾ ਕਿਉਂ ਬਣਦਾ ਜਾ ਰਿਹਾ ਹੈ?
ਮਨਦੀਪ ਕੌਰ ਦਾ ਦੁਨੀਆਂ ਨੂੰ ਅਲਵਿਦਾ ਕਹਿਣ ਵਾਲਾ ਸੁਨੇਹਾ ਸੁਣਦਿਆਂ, ਜਿਹੜਾ ਦਰਦ ਦਿਲ ਵਿਚ ਉਠਿਆ, ਉਸ ਨੂੰ ਲਫ਼ਜ਼ਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ। ਇਕ ਹੋਰ ਔਰਤ ਘਰ ਦੀ ਮਰਿਆਦਾ ਨੂੰ ਬਚਾਉਂਦੀ ਬਚਾਉਂਦੀ, ਇਸ ਸਮਾਜ ਦੀਆਂ ਰੀਤਾਂ ਨਿਭਾਉਂਦੀ ਕੁਰਬਾਨ ਹੋ ਗਈ। ਛੋਟੀਆਂ ਛੋਟੀਆਂ ਗੱਲਾਂ ਕਾਰਨ ਜ਼ਿੰਦਗੀ ਨਰਕ ਬਣ ਜਾਂਦੀ ਹੈ।
ਫੁਲਕੇ ਗੋਲ ਨਹੀਂ, ਦਾਲ ਵਿਚ ਨਮਕ ਘੱਟ ਹੈ, ਸੱਸ ਦੇ ਫ਼ੋਨ ਨੇ ਮੁੰਡੇ ਦੇ ਕੰਨ ਵਿਚ ਕੁੱਝ ਕਹਿ ਦਿਤਾ, ਆਦਿ ਫ਼ਾਲਤੂ ਗੱਲਾਂ ਜਿਨ੍ਹਾਂ ਕਰ ਕੇ ਘਰ ਤਬਾਹ ਹੋ ਜਾਂਦੇ ਹਨ ਤੇ ਕੁੜੀਆਂ ਜਾਂ ਤਾਂ ਮਰ ਜਾਂਦੀਆਂ ਹਨ ਜਾਂ ਜ਼ਿੰਦਾ ਲਾਸ਼ਾਂ ਬਣ ਕੇ ਜਿਉਂਦੀਆਂ ਹਨ। ਇਕ ਪਾਸੇ ਮਨਦੀਪ ਦੀ ਹਾਰ ਤੇ ਦੂਜੇ ਪਾਸੇ ਜੋਤੀ ਨੂਰਾਂ ਦੀ ਦਰਦ ਭਰੀ ਕਹਾਣੀ। ਜਿਸ ਨੂੰ ਰੱਬ ਨੇ ਹੁਨਰ ਨਾਲ ਮਾਲਾ ਮਾਲ ਕੀਤਾ, ਉਸ ਦੀ ਅਪਣੇ ਘਰ ਵਿਚ ਹੀ ਕਦਰ ਨਾ ਹੋਈ। ਉਹ ਘਰ ਵਿਚ ਮਾਰ ਖਾਂਦੀ ਰਹੀ ਤੇ ਅਪਣੇ ਜ਼ਖ਼ਮਾਂ ਦਾ ਦਰਦ ਗੀਤਾਂ ਦੇ ਰੂਪ ਵਿਚ ਸਟੇਜਾਂ ਤੋਂ ਸੁਣਾਉਂਦੀ ਰਹੀ। ਅੱਜ ਸਮਝ ਆਇਆ ਕਿ ਉਸ ਦੇ ਗੀਤਾਂ ਵਿਚਲਾ ਦਰਦ ਉਸ ਦੇ ਅਪਣੇ ਜ਼ਖ਼ਮਾਂ ਦਾ ਦਰਦ ਸੀ। ਅਸੀ ਗੀਤ ਤਾਂ ਮਾਣਦੇ ਗਏ ਪਰ ਦਰਦ ਨੂੰ ਸਮਝ ਨਾ ਪਾਏ।
ਹਰ ਪਾਸੇ ਇਹੀ ਸੱਭ ਕੁੱਝ ਹੋ ਰਿਹਾ ਹੈ। ਜਿਸ ਨਾਲ ਦਿਲ ਦੀ ਗੱਲ ਕਰੋ, ਉਸੇ ਦੇ ਘਰ ਵਿਚ ਹੀ ਔਰਤ ਨੂੰ ਮਾਰਨ ਕੁੱਟਣ ਦੀਆਂ ਚੀਕਾਂ ਸੁਣਾਈ ਦੇਂਦੀਆਂ ਹਨ। ਬਸ ਜਦ ਇਹ ਚੀਕਾਂ ਛਾਤੀ ਪਾੜ ਕੇ ਬਾਹਰ ਨਿਕਲਣੋਂ ਵੀ ਅਸਮਰਥ ਹੋ ਜਾਂਦੀਆਂ ਹਨ ਤਾਂ ਕੋਈ ਮਨਦੀਪ ਬਾਹਰ ਆਉਂਦੀ ਹੈ ਜਾਂ ਨੂਰਾਂ। ਅਦਾਲਤਾਂ ਤਲਾਕ ਦੇ ਕੇਸਾਂ ਵਾਲੀਆਂ ਫ਼ਾਈਲਾਂ ਨਾਲ ਲੱਦੀਆਂ ਹੋਈਆਂ ਹਨ। ਤੇ ਇਹ ਔਰਤ ਦੀ ਆਜ਼ਾਦੀ ਦੀ ਸ਼ੁਰੂਆਤ ਨਹੀਂ ਬਲਕਿ ਸਾਡੇ ਸਮਾਜ ਵਾਸਤੇ ਚਿੰਤਾ ਦਾ ਵਿਸ਼ਾ ਹੈ। ਇਨਸਾਨ ਦੁਨੀਆਂ ਵਿਚ ਇਕੱਲਾ ਰਹਿਣ ਵਾਸਤੇ ਨਹੀਂ ਆਉਂਦਾ।
ਬਾਬਾ ਨਾਨਕ ਨੇ ਵੀ ਤਾਂ ਗ੍ਰਹਿਸਥੀ ਜੀਵਨ ਨੂੰ ਸੱਭ ਤੋਂ ਜ਼ਿਆਦਾ ਮਾਣ ਦਿਤਾ। ਪਰ ਜੋ ਰਿਸ਼ਤਾ ਇਨਸਾਨ ਨੂੰ ਪਿਆਰ ਦੀ ਬੁਨਿਆਦ ਦਿੰਦਾ ਹੈ, ਉਹ ਇਸ ਕਦਰ ਕੌੜਾ ਕਿਉਂ ਬਣਦਾ ਜਾ ਰਿਹਾ ਹੈ? ਕੀ ਇਕ ਪਤਨੀ ਦੀ ਕਦਰ ਉਸ ਦੇ ਬਣਾਏ ਫੁਲਕਿਆਂ ਦੀ ਗੁਲਾਈ ਨਾਲ ਜੁੜੀ ਹੋਈ ਹੁੰਦੀ ਹੈ? ਅੱਜ ਬੇਟੀਆਂ ਨੂੰ ਪੈਦਾ ਹੁੰਦੇ ਹੀ ਘਰ ਵਿਚ ਪਿਆਰ, ਮਾਣ ਤੇ ਸਤਿਕਾਰ ਮਿਲਦਾ ਹੈ ਪਰ ਸਹੁਰੇ ਘਰ ਜਾ ਕੇ ਉਹ ਸੱਭ ਕੁੱਝ ਗਵਾ ਲੈਂਦੀਆਂ ਹਨ। ਇਥੇ ਕਸੂਰ ਸਿਰਫ਼ ਮੁੰਡਿਆਂ ਦੇ ਮਾਂ-ਬਾਪ ਦਾ ਹੁੰਦਾ ਹੈ ਜਿਨ੍ਹਾਂ ਨੇ ਮੁੰਡੇ ਨੂੰ ਜਵਾਨੀ ਦੇਣ ਦੀ ਥਾਂ ਹੈਵਾਨੀ ਦੇ ਦਿਤੀ ਹੁੰਦੀ ਹੈ
ਤੇ ਜੋ ਔਰਤ ਨੂੰ ਸਿਰਫ਼ ਇਕ ਮਸ਼ੀਨ ਵਾਂਗ ਵੇਖਦਾ ਹੈ, ਜਿਸ ਮਸ਼ੀਨ ਦਾ ਫ਼ਰਜ਼ ਸਿਰਫ਼ ਮਰਦ ਦੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਕਰਨਾ ਹੋਵੇ ਭਾਵੇਂ ਉਹ ਖ਼ਾਹਿਸ਼ਾਂ ਰੱਬ ਦੀ ਮਰਜ਼ੀ ਦੇ ਵੀ ਉਲਟ ਹੋਣ (ਕੁਖ ਵਿਚੋਂ ਕੁੜੀ ਜਾਂ ਮੁੰਡਾ ਪ੍ਰਾਪਤ ਕਰਨ ਦੀ ਮਰਜ਼ੀ ਕੁਦਰਤ ਦੀ ਹੁੰਦੀ ਹੈ ਨਾ ਕਿ ਜਨਨੀ ਦੀ)। ਇਹ ਰੀਤ ਸਾਡੇ ਸਮਾਜ ਨੇ ਸਦੀਆਂ ਤੋਂ ਚਲਾਈ ਹੋਈ ਹੈ। ਬੱਚੇ ਘਰ ਵਿਚ ਦਾਦੀਆਂ, ਨਾਨੀਆਂ, ਮਾਵਾਂ ਨਾਲ ਗ਼ਲਤ ਵਿਤਕਰਾ ਹੁੰਦਾ ਵੇਖਦੇ ਹਨ ਤੇ ਫਿਰ ਉਹੀ ਵਤੀਰਾ ਅਪਣੀਆਂ ਵਹੁਟੀਆਂ ਨਾਲ ਕਰਦੇ ਹਨ। ਮੁੰਡੇ ਨਹੀਂ ਬਦਲੇ ਪਰ ਕੁੜੀਆਂ ਬਦਲ ਰਹੀਆਂ ਹਨ।
‘ਲੋਕ ਕੀ ਕਹਿਣਗੇ’ ਦੀ ਸ਼ਰਮ ਲੱਥ ਰਹੀ ਹੈ। ਸਿਰਫ਼ ਲੋਕਾਂ ਨੂੰ ਵਿਖਾਉਣ ਵਾਸਤੇ ਘਰ ਦੀ ਚਾਰ ਦੀਵਾਰੀ ਵਿਚਲੇ ਨਰਕ ਵਿਚ ਡਿੱਗਣ ਤੋਂ ਬਿਹਤਰ ਕੁੜੀਆਂ ਪਿਆਰ ਦੇ ਬਿਨਾਂ ਰਹਿਣਾ ਚੁਣ ਰਹੀਆਂ ਹਨ। ਹੁਣ ਆਰਥਕ ਆਜ਼ਾਦੀ ਹੈ, ਜਿਸ ਕਾਰਨ ਸੱਭ ਕੁੱਝ ਮੁਮਕਿਨ ਹੋ ਰਿਹਾ ਹੈ। ਅੱਜ ਸਮਾਜ ਨੂੰ ਇਸ ਗੱਲ ਨੂੰ ਸੰਜੀਦਗੀ ਨਾਲ ਸੋਚਣ ਵਿਚਾਰਨ ਦੀ ਲੋੜ ਹੈ। ਰਿਸ਼ਤੇ ਬਚਾਉਣੇ ਹਨ ਤਾਂ ਪੁਰਾਣੀਆਂ ਰੀਤਾਂ ਨੂੰ ਤੋੜਨਾ ਪਵੇਗਾ। ਬਚਪਨ ਤੋਂ ਹੀ ਅਪਣੇ ਮੁੰਡਿਆਂ ਨੂੰ ਔਰਤ ਦੀ ਕਦਰ ਕਰਨੀ ਸਿਖਾਉਣੀ ਪਵੇਗੀ। ਔਰਤ ’ਤੇ ਹੱਥ ਚੁਕਣਾ ਪਾਪ ਹੈ, ਇਹ ਫ਼ਿਕਰਾ ਉਨ੍ਹਾਂ ਦੇ ਜ਼ਿਹਨ ਵਿਚ ਵਸਾਉਣਾ ਪਵੇਗਾ।
ਜੇ ਤੁਸੀ ਅਪਣੇ ਬੱਚਿਆਂ ਦੇ ਘਰ ਵਸਾਣੇ ਹਨ ਤਾਂ ਅੱਜ ਬਜ਼ੁਰਗ ਮਰਦਾਂ ਨੂੰ ਵੀ ਅਪਣੀ ਗ਼ਲਤੀ ਮੰਨ, ਅਪਣੇ ਘਰ ਵਿਚ ਮਾਵਾਂ, ਦਾਦੀਆਂ, ਨਾਨੀਆਂ, ਪਤਨੀਆਂ ਤੋਂ ਮਾਫ਼ੀ ਮੰਗ ਕੇ ਸਤਿਕਾਰ ਦੇਣਾ ਪਵੇਗਾ। ਜੇ ਘਰ ਵਿਚ ਪਿਆਰ ਵਸੇ ਤਾਂ ਉਸ ਤੋਂ ਵੱਡੀ ਦੌਲਤ ਮੁਮਕਿਨ ਨਹੀਂ। ਇਸ ਵਾਸਤੇ ਅਪਣੀ ਹਉਮੈ ਦੀ ਕੁਰਬਾਨੀ ਦੇਣੀ ਪਵੇਗੀ। ਬਾਬਾ ਨਾਨਕ ਦੇ ਹੁਕਮ ‘ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ’ ਨੂੰ ਮੰਨ ਘਰ ਵਿਚ ਬਰਾਬਰੀ ਦਾ ਮਾਹੌਲ ਤਿਆਰ ਕਰਨਾ ਪਵੇਗਾ। ਹੈ ਹਿੰਮਤ? - ਨਿਮਰਤ ਕੌਰ