ਪੰਜਾਬ ਵਿਚ ਹੀ ਦਸਤਾਰ ਦਾ ਨਿਰਾਦਰ ਜਦ ਦੋ ਨੌਜੁਆਨਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦੇਵੇ....!
ਐਸ.ਐਚ.ਓ. ਨੇ ਇਕ ਸਿੱਖ ਨੌਜੁਆਨ ਦੀ ਦਸਤਾਰ ਦਾ ਏਨਾ ਨਿਰਾਦਰ ਕੀਤਾ ਕਿ ਨੌਜੁਆਨ ਨੇ ਨਦੀ ਦੇ ਪੁਲ ’ਤੇ ਪੱਗ ਰੱਖ ਕੇ ਆਪ ਨਦੀ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿਚ ਐਸ.ਐਚ.ਓ. ਨਵਦੀਪ ਸਿੰਘ ਦਾ ਅਸਲ ਰੂਪ ਨਜ਼ਰ ਆ ਰਿਹਾ ਹੈ। ਐਸ.ਐਚ.ਓ. ਨੇ ਇਕ ਸਿੱਖ ਨੌਜੁਆਨ ਦੀ ਦਸਤਾਰ ਦਾ ਏਨਾ ਨਿਰਾਦਰ ਕੀਤਾ ਕਿ ਨੌਜੁਆਨ ਨੇ ਨਦੀ ਦੇ ਪੁਲ ’ਤੇ ਪੱਗ ਰੱਖ ਕੇ ਆਪ ਨਦੀ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਨੌਜੁਆਨ ਮਾਨਵਜੀਤ ਸਿੰਘ ਦੇ ਭਰਾ ਜਸ਼ਨਬੀਰ ਸਿੰਘ ਨੇ ਉਸ ਨੂੰ ਬਚਾਉਣ ਲਈ ਪਿੱਛੇ ਹੀ ਛਾਲ ਮਾਰ ਦਿਤੀ ਤੇ ਦੋਵੇਂ ਹੀ ਅਪਣੀ ਜਾਨ ਗਵਾ ਬੈਠੇ।
ਸਾਬਕਾ ਐਸ.ਐਚ.ਓ. ਨਵਦੀਪ ਸਿੰਘ ਇਕ ਤਸਵੀਰ ਵਿਚ ਫਗਵਾੜੇ, ਕੋਰੋਨਾ ਦੌਰ ਸਮੇਂ, ਇਕ ਗ਼ਰੀਬ ਰੇਹੜੀ ਵਾਲੇ ਦੀ ਰੇਹੜੀ ’ਤੇ ਲੱਤ ਮਾਰਦੇ ਦਿਸ ਰਹੇ ਹਨ। ਆਮ ਇਹ ਕਿਹਾ ਜਾਂਦਾ ਹੈ ਕਿ ਕੁਦਰਤ ਨਿਆਂ ਕਰਦੀ ਜ਼ਰੂਰ ਹੈ ਅਤੇ ਉਥੇ ਦੇਰ ਤਾਂ ਹੈ, ਹਨੇਰ ਨਹੀਂ। ਪਰ ਉਸ ਬਾਪ ਤੋਂ ਪੁੱਛ ਕੇ ਵੇਖੋ ਕਿ ਉਨ੍ਹਾਂ ਵਾਸਤੇ ਨਿਆਂ ਕਿਥੇ ਹੈ? ਨਵਦੀਪ ਨੂੰ ਉਮਰ ਕੈਦ ਵੀ ਹੋ ਜਾਵੇ ਜਾਂ ਫਾਂਸੀ ਚੜ੍ਹਾ ਦਿਤਾ ਜਾਵੇ, ਮਾਨਵਜੀਤ ਤੇ ਜਸ਼ਨਬੀਰ ਸਿੰਘ ਹੁਣ ਘਰ ਵਾਪਸ ਨਹੀਂ ਆਉਣਗੇ।
ਸ਼ਾਇਦ ਉਸ ਰੇਹੜੀ ਵਾਲੇ ਨੂੰ ਥੋੜਾ ਸਕੂਨ ਮਿਲ ਜਾਵੇਗਾ ਪਰ ਸਕੂਨ ਤਾਂ ਉਸ ਵਕਤ ਵੀ ਮਿਲ ਜਾਂਦਾ ਜੇ ਨਵਦੀਪ ਸਿੰਘ ਨੂੰ ਸਿਰਫ਼ ਡਾਂਟਿਆ ਹੀ ਗਿਆ ਹੁੰਦਾ ਤੇ ਇਹ ਦੋਵੇਂ ਭਰਾ ਅਪਣੇ ਘਰ ਵਿਚ ਹੁੰਦੇ। ਇਸ ਕੇਸ ਦਾ ਦੂਜਾ ਪਹਿਲੂ ਵੀ ਸਮਝਣ ਦੀ ਲੋੜ ਹੈ। ਇਕ ਦਸਤਾਰਧਾਰੀ ਐਸ.ਐਚ.ਓ. ਵਲੋਂ ਕਿਸੇ ਹੋਰ ਨੌਜੁਆਨ ਦੀ ਦਸਤਾਰ ਤੇ ਵਾਰ ਕਿਉਂ ਕੀਤਾ ਗਿਆ? ਕਈ ਵਾਰ ਅਸੀ ਵੇਖਦੇ ਹਾਂ ਕਿ ਕਈ ਸ਼ਖ਼ਸ ਅਨਜਾਣੇ, ਨਾਸਮਝੀ ਜਾਂ ਧਾਰਮਕ ਨਫ਼ਰਤ ਕਾਰਨ ਸਿੱਖ ਦੀ ਦਸਤਾਰ ਕਾਰਨ ਉਸ ਨੂੰ ਨਿਸ਼ਾਨਾ ਬਣਾ ਬਹਿੰਦੇ ਹਨ। ਪਰ ਇਕ ਸਿੱਖ ਵਲੋਂ ਅਜਿਹਾ ਕੀਤਾ ਜਾਣਾ, ਇਕ ਵੱਡਾ ਸਵਾਲ ਅਪਣੇ ਪਿੱਛੇ ਛੱਡ ਜਾਂਦਾ ਹੈ।
ਪੰਜਾਬ ਪੁਲਿਸ ਵਲੋਂ ਦਸਤਾਰ ਦੇ ਅਪਮਾਨ ਦਾ ਕੇਸ 2011 ਵਿਚ ਵੀ ਆਇਆ ਸੀ ਜਦ ਪੰਜਾਬ ਪੁਲਿਸ ਦੇ ਵੱਡੇ ਅਫ਼ਸਰ ਵਲੋਂ ਸਰਕਾਰ ਦਾ ਵਿਰੋਧ ਕਰ ਰਹੇ ਫ਼ਾਰਮਾਸਿਸਟਾਂ ’ਚੋਂ ਇਕ ਸਿੱਖ ਦੀ ਪੱਗ ਉਤਾਰਨ ਦੇ ਹੁਕਮ ਦਿਤੇ ਗਏ ਸਨ। ਜਦੋਂ ਇਹ ਵੀਡੀਉ ਬਾਹਰ ਆਇਆ ਸੀ ਤਾਂ ਕਾਫ਼ੀ ਵਿਰੋਧ ਤੋਂ ਬਾਅਦ ਅਕਾਲੀ ਸਰਕਾਰ ਨੇ ਦੋ ਮੁਲਾਜ਼ਮ ਮੁਅੱਤਲ ਕਰ ਦਿਤੇ ਸਨ।
ਪਰ ਅੱਜ ਦੀ ਇਸ ਘਟਨਾ ਨੇ ਦਰਸ਼ਾਇਆ ਹੈ ਕਿ ਕਿਤੇ ਨਾ ਕਿਤੇ ਪੰਜਾਬ ਪੁਲਿਸ ਵਿਚ ਇਕ ਐਸੀ ਹੀ ਹਵਾ ਚਲ ਰਹੀ ਹੈ ਜੋ ਹੁਣ ਸਿੱਖੀ ਸਰੂਪ ਦੇ ਖ਼ਿਲਾਫ਼ ਹੈ। ਕੀ ਅਤਿਵਾਦ ਦੇ ਨਾਮ ਤੇ ਸਿੱਖ ਨੌਜੁਆਨਾਂ ਨੂੰ ਮਾਰ ਦੇਣ ਦੀ ਪੁਰਾਣੀ ਰੀਤ ਦਾ ਅਸਰ ਅਜੇ ਵੀ ਬਾਕੀ ਹੈ? ਕੀ ਬਿਨਾਂ ਕੇਸਾਂ ਦੇ, ਦਸਤਾਰ ਸਜਾਉਣ ਦਾ ਮਤਲਬ ਇਹ ਹੈ ਕਿ ਉਹ ਅਸਲ ਵਿਚ ਇਸ ਦਾ ਸਤਿਕਾਰ ਨਹੀਂ ਕਰਦੇ?
ਜੋ ਵੀ ਕਾਰਨ ਹੈ, ਉਸ ਨੂੰ ਭਾਲਣ ਤੇ ਉਸ ’ਤੇ ਕੰਮ ਕਰਨ ਦੀ ਸਖ਼ਤ ਲੋੜ ਹੈ। ਇਹ ਵਾਰਦਾਤ ਕਿਸੇ ਦੁਸ਼ਮਣ ਦੇਸ਼ ਵਿਚ ਜਾਂ ਦੁਨੀਆਂ ਦੇ ਕਿਸੇ ਐਸੇ ਕੋਨੇ ਵਿਚ ਨਹੀਂ ਹੋਈ ਜਿਥੇ ਸਿੱਖੀ ਬਾਰੇ ਜਾਣਕਾਰੀ ਦੀ ਕਮੀ ਹੋਵੇ। ਇਹ ਸਿੱਖੀ ਦੀ ਜਨਮ ਭੂਮੀ ਪੰਜਾਬ ਵਿਚ ਇਕ ਸਿੱਖ ਵਲੋਂ ਦੂਜੇ ਸਿੱਖ ਨਾਲ ਕੀਤਾ ਅਪਰਾਧ ਹੈ। ਕਿਉਂ ਨਵਦੀਪ ਸਿੰਘ ਦਾ ਸਿੱਖੀ ਪ੍ਰਤੀ ਸਤਿਕਾਰ ਅਪਣੀ ਵਰਦੀ ਦੇ ਹੰਕਾਰ ਹੇਠ ਦਬ ਗਿਆ? ਇਸ ਮਸਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਕਿ ਅੱਜ ਤੋਂ ਬਾਅਦ ਕਦੇ ਦੁਬਾਰਾ ਐਸੀ ਵਾਰਦਾਤ ਨਾ ਹੋ ਸਕੇ।
- ਨਿਮਰਤ ਕੌਰ