ਅਖੌਤੀ ਪੰਥਕ ਸਟੇਜ ਤੋਂ ਏਨੀ ਗੰਦੀ ਭਾਸ਼ਾ ਤੇ ਸੰਗਤ ਵਿਚ ਗੁਰੂ ਦੇ ਪੱਕੇ ਸਿੱਖ ਆਟੇ ਚ ਲੂਣ ਜਿੰਨੇ ਹੀ..?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਵਾਬ ਤਾਂ ਬੜੀ ਚੰਗੀ ਤਰ੍ਹਾਂ ਦਿਤੇ ਜਾ ਸਕਦੇ ਹਨ ਪਰ ਉਹ ਜਵਾਬ ਇਨ੍ਹਾਂ ਦੇ ਟਕਸਾਲੀ ਆਗੂਆਂ ਦੀ ਗ਼ੈਰਮੌਜੂਦਗੀ ਨੇ ਖ਼ੁਦ ਹੀ ਦੇ ਦਿਤੇ ਹਨ..........

Sikander Singh Maluka

ਜਵਾਬ ਤਾਂ ਬੜੀ ਚੰਗੀ ਤਰ੍ਹਾਂ ਦਿਤੇ ਜਾ ਸਕਦੇ ਹਨ ਪਰ ਉਹ ਜਵਾਬ ਇਨ੍ਹਾਂ ਦੇ ਟਕਸਾਲੀ ਆਗੂਆਂ ਦੀ ਗ਼ੈਰਮੌਜੂਦਗੀ ਨੇ ਖ਼ੁਦ ਹੀ ਦੇ ਦਿਤੇ ਹਨ। ਬੀਬੀ ਜਗੀਰ ਕੌਰ ਅਤੇ ਮਲੂਕਾ ਜੀ ਵਰਗੀ ਸ਼ਬਦਾਵਲੀ ਉਨ੍ਹਾਂ ਦੀ ਹਲਕੀ ਸੋਚ ਅਤੇ ਵਿਚਲਿਤ ਮਾਨਸਕਤਾ ਦਾ ਪ੍ਰਦਰਸ਼ਨ ਕਰਦੀ ਹੈ ਅਤੇ ਬੀਬੀ ਜੀ ਤੋਂ 'ਚੀਰ ਦੇਂਦੇ ਹਾਂ' ਵਰਗੀ ਭਾਸ਼ਾ ਦੀ ਉਮੀਦ ਤਾਂ ਉਨ੍ਹਾਂ ਦੇ ਦੁਸ਼ਮਣ ਵੀ ਨਹੀਂ ਸਨ ਕਰਦੇ।

ਰੈਲੀਆਂ ਵਾਲਾ ਐਤਵਾਰ ਉਹੀ ਕੁੱਝ ਤਾਂ ਦਸ ਗਿਆ ਜਿਸ ਬਾਰੇ ਸੱਭ ਨੂੰ ਪਹਿਲਾਂ ਹੀ ਪਤਾ ਸੀ ਪਰ ਨਾਲ ਕੁੱਝ ਹੋਰ ਸੱਚ ਵੀ ਬਿਆਨ ਕਰ ਗਿਆ ਜਿਨ੍ਹਾਂ ਬਾਰੇ ਅੰਦਾਜ਼ੇ ਲਾਏ ਜਾ ਰਹੇ ਸਨ ਪਰ ਸਥਿਤੀ ਏਨੀ ਸਪੱਸ਼ਟ ਨਹੀਂ ਸੀ। ਪਹਿਲਾਂ ਐਤਵਾਰ ਦੀ ਸੱਭ ਤੋਂ ਕਮਜ਼ੋਰ ਰੈਲੀ ਦੀ ਗੱਲ ਕਰੀਏ ਤਾਂ ਉਹ ਅਕਾਲੀ ਦਲ ਦੀ ਹੀ ਸੀ। ਮੰਚ ਤੇ ਟਕਸਾਲੀ ਅਕਾਲੀ ਆਗੂ ਤਾਂ ਸਨ ਹੀ ਨਹੀਂ ਪਰ ਭੀੜ ਵਿਚ ਜਿਹੜੇ ਲੋਕ ਢੋਹ ਕੇ ਲਿਆਂਦੇ ਗਏ ਸਨ, ਉਹ ਕਿਸੇ ਪੰਥਕ ਪਾਰਟੀ ਦੇ ਮੈਂਬਰ, ਸਿੱਖ ਪੰਥ ਨਾਲ ਜੁੜੇ ਲੋਕ ਜਾਂ ਗੁਰਬਾਣੀ ਦੀ ਕੀਤੀ ਗਈ ਬੇਅਦਬੀ ਪ੍ਰਤੀ ਫ਼ਿਕਰਮੰਦ ਲੋਕ ਤਾਂ ਜਾਪਦੇ ਹੀ ਨਹੀਂ ਸਨ।

ਅਕਾਲੀ ਦਲ ਦੀ ਅਪਣੀ ਹੀ ਪ੍ਰਚਾਰ ਸਮਗ੍ਰੀ ਵਿਚ ਪਾਈ ਗਈ ਤਸਵੀਰ ਵਿਚ ਪਹਿਲੀ ਕਤਾਰ ਵਿਚ ਬੈਠੇ ਛੇ ਲੋਕਾਂ ਵਿਚ ਇਕ ਹੀ ਸਿੱਖ ਸੀ ਅਤੇ ਗਾਤਰਾ ਪਾਈ 'ਗੁਰਸਿੱਖ' ਤਾਂ ਕੋਈ ਵਿਰਲਾ ਵਿਰਲਾ ਹੀ ਦਿਸ ਰਿਹਾ ਸੀ। ਜੇ ਅਕਾਲੀ ਦਲ ਖ਼ੁਦ ਨੂੰ ਗ਼ੈਰ-ਸਿੱਖ ਜਾਂ ਭਾਜਪਾ ਦੀ ਸੋਚ ਵਾਲੀ ਪਾਰਟੀ ਆਖਦਾ ਹੈ, ਤਾਂ ਤੇ ਠੀਕ ਹੈ ਪਰ ਜਿਸ ਤਰ੍ਹਾਂ ਮੰਚ ਤੋਂ ਅਪਣੇ ਆਪ ਨੂੰ ਸਿੱਖ ਧਰਮ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦਸਿਆ ਜਾ ਰਿਹਾ ਸੀ, ਉਸ ਦੇ ਸਾਹਮਣੇ ਵਿਖਾਈ ਤਾਂ ਇਹ ਦੇ ਰਿਹਾ ਸੀ ਕਿ ਸਿੱਖ ਤਾਂ ਅਕਾਲੀ ਦਲ ਜਾਂ ਬਾਦਲ ਅਕਾਲੀ ਦਲ ਦੇ ਵਿਹੜੇ ਵਿਚ ਆਏ ਹੀ ਨਹੀਂ ਸਨ।

ਅਕਾਲੀ ਦਲ ਵਲੋਂ ਅਪਣੇ ਮੰਚ ਤੋਂ ਸਿਰਫ਼ ਇਕ ਮਤਾ ਪਾਸ ਕੀਤਾ ਗਿਆ ਅਤੇ ਉਹ ਵੀ ਬੀਬੀ ਜਗੀਰ ਕੌਰ ਵਲੋਂ ਬੜੀ ਹੀ ਗ਼ੈਰ-ਸਿੱਖ ਸੋਚ ਵਾਲੇ ਸ਼ਬਦਾਂ ਵਿਚ ਪੇਸ਼ ਕੀਤਾ ਗਿਆ। ''ਅਸੀ ਤਾਂ ਅਜਿਹੇ ਲੋਕਾਂ ਨੂੰ ਚੀਰ ਕੇ ਰੱਖ ਦੇਂਦੇ ਹਾਂ'' ਵਰਗੀ ਭਾਸ਼ਾ ਵਿਚ ਧਮਕੀ ਦੇਂਦਿਆਂ ਬੀਬੀ ਜਗੀਰ ਕੌਰ ਨੇ ਅਪਣੇ 'ਪਿਤਾ ਸਮਾਨ ਬਾਦਲ ਸਾਬ੍ਹ' ਦੀ ਬੇਇੱਜ਼ਤੀ ਕਰਨ ਵਾਲੇ ਦੋ ਅਦਾਰਿਆਂ ਸਪੋਕਸਮੈਨ ਅਤੇ ਜ਼ੀ ਟੀ.ਵੀ. ਦਾ ਬਾਈਕਾਟ ਕਰਨ ਦੀ ਗੱਲ ਕੀਤੀ। ਪਰ ਬੀਬੀ ਜੀ ਇਹ ਭੁੱਲ ਗਏ ਕਿ ਸਪੋਕਸਮੈਨ ਅਦਾਰਾ ਸਿਰਫ਼ ਅਕਾਲ ਪੁਰਖ ਨੂੰ ਅਪਣਾ ਪਿਤਾ ਮੰਨਦਾ ਹੈ ਅਤੇ ਗੁਰਬਾਣੀ ਉਤੇ ਹੋਏ ਹਮਲੇ ਬਾਰੇ ਸੱਚ ਨੂੰ ਕਿਸੇ ਡਰ ਜਾਂ ਲਾਲਚ ਕਰ ਕੇ ਭੁੱਲਣ ਵਾਲਾ ਨਹੀਂ।

ਸਿਕੰਦਰ ਸਿੰਘ ਮਲੂਕਾ ਵਲੋਂ ਅਭੱਦਰ ਸ਼ਬਦਾਵਲੀ ਸੁਣ ਕੇ ਬੜੀ ਸ਼ਰਮ ਆਈ। ਇਹ ਸਾਡੇ ਪੰਥਕ ਆਗੂ ਅਖਵਾਉਂਦੇ ਹਨ? ਸੁਖਬੀਰ ਸਿੰਘ ਬਾਦਲ ਅਤੇ ਚੰਦੂਮਾਜਰਾ ਵਲੋਂ ਉਹੀ ਸੋਚ ਦੁਹਰਾਈ ਗਈ ਜਿਸ ਤੋਂ ਸਾਬਤ ਹੁੰਦਾ ਸੀ ਕਿ ਅੱਜ ਦਾ ਅਕਾਲੀ ਦਲ ਬਾਦਲ, ਸੱਚ ਦਾ ਸਾਹਮਣਾ ਕਰਨ ਦੀ ਤਾਕਤ ਨਹੀਂ ਰਖਦਾ। ਅਖ਼ਬਾਰਾਂ ਵਲੋਂ ਸਵਾਲ ਪੁੱਛਣ ਅਤੇ ਸੱਚੇ ਮੁੱਦੇ ਚੁੱਕਣ ਤੋਂ ਇਹ ਘਬਰਾਹਟ ਹੋਰ ਹੀ ਸਵਾਲ ਖੜੇ ਕਰਦੀ ਹੈ। ਜਵਾਬ ਤਾਂ ਬੜੀ ਚੰਗੀ ਤਰ੍ਹਾਂ ਦਿਤੇ ਜਾ ਸਕਦੇ ਹਨ ਪਰ ਉਹ ਜਵਾਬ ਇਨ੍ਹਾਂ ਦੇ ਟਕਸਾਲੀ ਆਗੂਆਂ ਦੀ ਗ਼ੈਰਮੌਜੂਦਗੀ ਨੇ ਖ਼ੁਦ ਹੀ ਦੇ ਦਿਤੇ ਹਨ।

ਬੀਬੀ ਜਗੀਰ ਕੌਰ ਅਤੇ ਮਲੂਕਾ ਜੀ ਵਰਗੀ ਸ਼ਬਦਾਵਲੀ ਉਨ੍ਹਾਂ ਦੀ ਹਲਕੀ ਸੋਚ ਅਤੇ ਵਿਚਲਿਤ ਮਾਨਸਕਤਾ ਦਾ ਪ੍ਰਦਰਸ਼ਨ ਕਰਦੀ ਹੈ ਅਤੇ ਬੀਬੀ ਜੀ ਤੋਂ 'ਚੀਰ ਦੇਂਦੇ ਹਾਂ' ਵਰਗੀ ਭਾਸ਼ਾ ਦੀ ਉਮੀਦ ਤਾਂ ਉਨ੍ਹਾਂ ਦੇ ਦੁਸ਼ਮਣ ਵੀ ਨਹੀਂ ਸਨ ਕਰਦੇ। ਰੈਲੀ ਵਿਚ ਸਿਵਾਏ ਬਾਦਲ ਪ੍ਰਵਾਰ ਦਾ ਕਮਜ਼ੋਰ ਬਚਾਅ ਪੇਸ਼ ਕਰਨ ਦੇ, ਹੋਰ ਵੇਖਣ ਸੁਣਨ ਵਾਲੀ ਕੋਈ ਖ਼ਾਸ ਗੱਲ ਹੀ ਨਹੀਂ ਸੀ। ਅਪਣੇ ਹੀ ਚੈਨਲ ਤੇ ਅਪਣਾ ਹੀ ਘੁੱਗੂ ਵਜਾਇਆ ਜਾਂਦਾ ਰਿਹਾ ਪਰ ਲੋਕਾਂ ਨੇ ਬਰਗਾੜੀ ਮਾਰਚ ਅਤੇ ਕਾਂਗਰਸ ਦੀ ਰੈਲੀ ਨੂੰ ਹੁੰਗਾਰਾ ਦੇ ਕੇ ਇਨ੍ਹਾਂ ਦੇ ਸਾਰੇ ਪ੍ਰਚਾਰ ਨੂੰ ਫ਼ੀਤਾ ਫ਼ੀਤਾ ਕਰ ਦਿਤਾ।

ਕਾਂਗਰਸ ਦੀ ਰੈਲੀ ਵਿਚ ਪੰਜਾਬ ਦੇ ਲੋਕ ਨਜ਼ਰ ਤਾਂ ਆਏ। ਲੋਕਾਂ ਦੀ ਹਾਜ਼ਰੀ ਨੇ ਇਹ ਸਾਬਤ ਕਰ ਦਿਤਾ ਕਿ ਲੋਕ ਅਜੇ ਵੀ ਕਾਂਗਰਸ ਸਰਕਾਰ ਤੋਂ ਉਮੀਦਾਂ ਲਾਈ ਬੈਠੇ ਹਨ। ਭਾਵੇਂ ਇਹ ਸਰਕਾਰ ਦਾ ਇਕੱਠ ਸੀ ਪਰ ਬਾਦਲ ਦੇ ਗੜ੍ਹ ਲੰਬੀ ਵਿਚ ਇਸ ਤਰ੍ਹਾਂ ਦਾ ਭਾਰੀ ਇਕੱਠ ਕਰਨ ਵਿਚ ਸਫ਼ਲਤਾ ਹਾਸਲ ਕਰਨੀ ਆਸਾਨ ਨਹੀਂ ਰਹੀ ਹੋਵਗੀ, ਖ਼ਾਸ ਕਰ ਕੇ ਉਸ ਦਿਨ ਜਦ ਬਰਗਾੜੀ ਮਾਰਚ ਵੀ ਰਖਿਆ ਗਿਆ ਸੀ। ਬਰਗਾੜੀ ਮਾਰਚ ਵਿਚ ਸਿਆਸਤਦਾਨ ਸ਼ਾਮਲ ਜ਼ਰੂਰ ਸਨ ਪਰ ਲੱਖਾਂ ਦੀ ਭੀੜ ਸਿਆਸਤਦਾਨਾਂ ਵਾਸਤੇ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਵਾਸਤੇ ਦਿਲੋਂ ਪਿਆਰ ਸਤਿਕਾਰ ਪੇਸ਼ ਕਰਨ ਆਈ ਸੀ।

ਇਹ ਉਹ ਲੋਕ ਸਨ ਜਿਨ੍ਹਾਂ ਨੂੰ ਲਿਆਉਣ ਲਈ ਬਸਾਂ ਨਹੀਂ ਸੀ ਭੇਜਣੀਆਂ ਪਈਆਂ ਅਤੇ ਨਾ ਹੀ ਪੈਸਾ ਦੇਣਾ ਪਿਆ ਸੀ। ਜਿਹੜੇ 'ਪਿਤਾ ਸਮਾਨ ਬਾਦਲ' ਦੇ ਸਤਿਕਾਰ ਪਿੱਛੇ ਬੀਬੀ ਅਤੇ ਬਾਕੀ ਦੇ ਛੋਟਾ ਭਾਨ ਪੰਜੀ ਦੱਸੀ ਮਾਰਕਾ ਅਕਾਲੀ ਆਗੂ (ਜੋ ਆਗੂ ਦੇ ਫ਼ਰਜ਼ਾਂ ਬਾਰੇ ਉੜਾ ਐੜਾ ਵੀ ਨਹੀਂ ਜਾਣਦੇ) ਸੱਚ ਦੀ ਆਵਾਜ਼ ਦਾ ਗਲਾ ਘੁੱਟਣ ਲੱਗੇ ਹੋਏ ਹਨ, ਬਰਗਾੜੀ ਪਹੁੰਚੇ ਆਮ ਸਿੱਖ ਤੋਂ ਹੋਰ ਕੁੱਝ ਨਹੀਂ ਸਿਖ ਸਕਦੇ ਤਾਂ ਤਹਿਜ਼ੀਬ ਦੀ ਸ਼ਬਦਾਵਲੀ ਦਾ ਪਾਠ ਤਾਂ ਸਿਖ ਹੀ ਸਕਦੇ ਹਨ।

ਜੇ ਅਕਾਲੀ ਸਮਝਦੇ ਸਨ ਕਿ ਪੰਜਾਬ ਦੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਿਹੱਥੇ ਸਿੰਘਾਂ ਦਾ ਕਤਲ ਭੁੱਲ ਜਾਣਗੇ, ਉਹ ਸਮਝ ਲੈਣ ਕਿ ਲੋਕਾਂ ਨੇ ਅਪਣਾ ਫ਼ੈਸਲਾ ਇਕ ਵਾਰੀ ਮੁੜ ਤੋਂ ਦੇ ਦਿਤਾ ਹੈ। ਪਰ ਅਕਾਲੀ ਦਲ ਬਾਦਲ ਨੇ ਅਪਣੀ ਸੋਚ ਪੈਸੇ, ਸੱਤਾ ਅਤੇ ਹੰਕਾਰ ਦੇ ਭੁਲੇਖੇ ਹੇਠ ਦਫ਼ਨ ਕਰ ਦਿਤੀ ਹੈ। -ਨਿਮਰਤ ਕੌਰ