ਭਾਰਤ ਅਗਰ 'ਹਿੰਦੂ ਰਾਸ਼ਟਰ' ਹੈ ਤੇ ਮੁਸਲਮਾਨਾਂ ਮਗਰੋਂ ਸਿੱਖਾਂ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਰਤ ਅਗਰ 'ਹਿੰਦੂ ਰਾਸ਼ਟਰ' ਹੈ ਤੇ ਮੁਸਲਮਾਨਾਂ ਮਗਰੋਂ ਸਿੱਖਾਂ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ 'ਸਿੱਖ ਤਾਂ ਹਿੰਦੂ ਹੀ ਹਨ' ਵਰਗੇ ਫ਼ਤਵੇ ਅਗਾਊੂਂ ਹੀ ਕਹਿ ਰਹੇ ਹਨ

Mohan Bhagwat

ਮੋਹਨ ਭਾਗਵਤ ਦੇ ਸੋਮਵਾਰ ਵਾਲੇ ਭਾਸ਼ਨ ਵਿਚ ਕਈ ਗੱਲਾਂ ਆਖੀਆਂ ਗਈਆਂ ਪਰ ਸੱਭ ਤੋਂ ਮਹੱਤਵਪੂਰਨ ਉਨ੍ਹਾਂ ਦੀ ਅਖ਼ੀਰਲੀ ਗੱਲ ਸੀ ਕਿ 'ਭਾਰਤ ਇਕ ਹਿੰਦੂ ਰਾਸ਼ਟਰ ਹੈ।' ਅੱਜ ਜਿਸ ਤਰ੍ਹਾਂ ਦਾ ਮਾਹੌਲ ਭਾਰਤ ਵਿਚ ਨਜ਼ਰ ਆ ਰਿਹਾ ਹੈ, ਸਾਫ਼ ਹੈ ਕਿ ਆਮ ਭਾਰਤੀ ਨੂੰ ਇਹ ਗੱਲ ਜਚ ਰਹੀ ਹੈ। ਆਮ ਭਾਰਤੀ ਨੂੰ ਨਾ ਜੀ.ਡੀ.ਪੀ. ਦੀ ਚਿੰਤਾ ਹੈ, ਨਾ ਨੌਕਰੀ ਦੀ। ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਹਿੰਦੂ ਹਿੰਦੁਸਤਾਨ ਹੀ ਚਾਹੀਦਾ ਹੈ। ਇਸ ਪਿੱਛੇ ਉਹ ਉਨ੍ਹਾਂ ਨੂੰ ਹੀ ਵੋਟ ਪਾ ਰਹੇ ਹਨ ਜੋ ਦੇਸ਼ ਨੂੰ ਇਕ ਧਰਮ (ਹਿੰਦੂ) ਦਾ ਰਾਸ਼ਟਰ ਬਣਾ ਰਹੇ ਹਨ। ਉਹ ਮੋਹਨ ਭਾਗਵਤ ਦੀ ਅਰਥਚਾਰੇ ਬਾਰੇ ਟਿਪਣੀ ਉਤੇ ਵਿਸ਼ਵਾਸ ਕਰਦੇ ਹਨ ਕਿ ਸੱਭ ਕੁੱਝ ਜਲਦ ਠੀਕ ਹੋ ਜਾਵੇਗਾ। ਇਹ ਉਹ ਲੋਕ ਹਨ ਜਿਨ੍ਹਾਂ ਨੇ ਕੰਮ ਕਰਨ ਵਾਲੇ ਸਿਆਸਤਦਾਨਾਂ ਨੂੰ ਛੱਡ ਕੇ ਇਸ ਸੋਚ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਚੁਣਿਆ ਹੈ।

ਹੁਣ ਜਦੋਂ ਹਿੰਦੂ ਰਾਸ਼ਟਰ ਬਣਨ ਜਾ ਰਿਹਾ ਹੈ ਤਾਂ ਸਿੱਖਾਂ ਨੂੰ ਸੋਚਣਾ ਪਵੇਗਾ ਕਿ ਉਨ੍ਹਾਂ ਦਾ ਅਗਲਾ ਰਸਤਾ ਕੀ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੱਖਾਂ ਪ੍ਰਤੀ ਕੋਈ ਦੁਸ਼ਮਣੀ ਨਹੀਂ ਵਿਖਾਈ ਨਾ ਹੀ ਕੋਈ ਇੰਦਰਾ ਵਰਗੀ ਈਰਖਾ। ਮੁਸਲਮਾਨ ਧਰਮ ਨੂੰ ਭਾਰਤ ਦੀ ਇਸ ਸਿਆਸੀ ਸੋਚ 'ਚੋਂ ਪਿਆਰ ਨਹੀਂ ਮਿਲ ਰਿਹਾ, ਸਿੱਖਾਂ ਨੂੰ ਸ਼ਾਇਦ ਪਹਿਲੀ ਵਾਰੀ ਸਨਮਾਨ ਮਿਲ ਰਿਹਾ ਹੈ। ਭਾਵੇਂ ਇਹ ਪੰਜਾਬ ਵਿਚ ਸਰਕਾਰ ਬਣਾਉਣ ਦੀ ਤਿਆਰੀ ਵਾਸਤੇ ਕੀਤਾ ਜਾ ਰਿਹਾ ਹੈ, ਪਰ ਹਾਲ ਦੀ ਘੜੀ ਸਿੱਖਾਂ ਨਾਲ ਬੁਰਾ ਕੁੱਝ ਨਹੀਂ ਹੋ ਰਿਹਾ।

ਪਰ ਭਾਜਪਾ ਜਾਂ ਆਰ.ਐਸ.ਐਸ. ਦੇ ਆਗੂ ਜਦ ਵਾਰ ਵਾਰ ਇਹ ਬੋਲ ਬੋਲ ਰਹੇ ਹਨ ਕਿ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਹਨ, ਉਨ੍ਹਾਂ ਬਾਰੇ ਅੱਜ ਸਪੱਸ਼ਟ ਹੋਣਾ ਪਵੇਗਾ। ਸਿੱਖ ਫ਼ਲਸਫ਼ਾ ਕਿਉਂਕਿ ੴ ਦੇ ਇਕ ਦੀ ਤਾਕਤ 'ਚੋਂ ਨਿਕਲਿਆ ਹੈ, ਸਿੱਖਾਂ ਨੂੰ ਕਿਸੇ ਨਾਲ ਦੁਸ਼ਮਣੀ ਨਹੀਂ ਹੋ ਸਕਦੀ ਨਾ ਇਹ ਕੌਮ ਕਿਸੇ ਤੋਂ ਘਬਰਾਉਣ ਵਾਲੀ ਹੈ। ਲੋੜ ਪੈਣ ਤੇ ਇਹ ਕਸ਼ਮੀਰੀ ਹਿੰਦੂਆਂ ਦੀ ਮਦਦ ਤੇ ਆਵੇਗੀ ਅਤੇ ਲੋੜ ਪੈਣ ਤੇ ਕਸ਼ਮੀਰੀ ਮੁਸਲਮਾਨਾਂ ਦੀ ਆਵਾਜ਼ ਵੀ ਬਣ ਰਹੀ ਹੈ। ਜਿਵੇਂ ਲੰਗਰ ਸਾਰਿਆਂ ਵਾਸਤੇ ਇਕੋ ਕੜਾਹੇ 'ਚੋਂ ਆਉਂਦਾ ਹੈ, ਉਸੇ ਤਰ੍ਹਾਂ ਸਿੱਖੀ ਦਾ ਸਤਿਕਾਰ, ਪਿਆਰ, ਤਾਕਤ ਸੱਭ ਵਾਸਤੇ ਬਰਾਬਰ ਹੈ। ਸਿੱਖ ਨਾ ਮੁਸਲਮਾਨ, ਨਾ ਹਿੰਦੂ, ਨਾ ਦਲਿਤ ਦਾ ਵਿਰੋਧੀ ਹੈ ਪਰ ਸਿੱਖ ਨਾ ਹਿੰਦੂ ਹੈ ਅਤੇ ਅਤੇ ਨਾ ਹੀ ਮੁਸਲਮਾਨ ਹੈ।

ਸਿੱਖਾਂ ਦੀ ਅਪਣੀ ਪਛਾਣ ਹੈ ਜੋ ਸਿਰਫ਼ ਦਿਖ ਤਕ ਹੀ ਸੀਮਤ ਨਹੀਂ ਹੈ। ਅੱਜ ਧਾਰਾ 370 ਬਾਰੇ ਕੁੱਝ ਕਹੋ ਤਾਂ 'ਹਿੰਦੂ ਕਸ਼ਮੀਰ' ਦੀ ਗੂੰਜ ਸਾਰੇ ਭਾਰਤ 'ਚੋਂ ਸੁਣਾਈ ਦੇਣ ਲੱਗ ਪੈਂਦੀ ਹੈ ਪਰ ਪੰਜਾਬ ਕਸ਼ਮੀਰ ਦਾ ਦਰਦ ਸਮਝਦਾ ਹੈ ਕਿਉਂਕਿ ਸਿੱਖ ਹਰ ਸਮੇਂ ਕਮਜ਼ੋਰ ਨਾਲ ਖੜੇ ਹੁੰਦੇ ਆਏ ਹਨ। ਸਿੱਖ ਰੰਜਿਸ਼ ਜਾਂ ਨਫ਼ਰਤ ਦੀ ਸੋਚ ਉਤੇ ਅਧਾਰਤ ਅਪਣੀਆਂ ਨੀਤੀਆਂ ਕਦੇ ਨਹੀਂ ਬਣਾਉਂਦੇ। ਸਿੱਖ ਧਰਮ ਵਿਚ ਅਰਧਾਂਗਣੀ ਦੀ ਸੋਚ ਨਹੀਂ ਹੁੰਦੀ। ਇਸੇ ਕਰ ਕੇ ਮਾਈ ਭਾਗੋ ਵਰਗੀਆਂ ਨੇ ਮਰਦਾਂ ਨੂੰ ਚੂੜੀਆਂ ਪੁਆ ਦਿਤੀਆਂ ਸਨ। ਭਾਵੇਂ ਅੱਜ ਦੇ ਪੁਜਾਰੀ ਔਰਤਾਂ ਨੂੰ ਬਰਾਬਰੀ ਨਹੀਂ ਦੇਂਦੇ, ਗੁਰੂ ਨੇ ਅਪਣੇ ਵਲੋਂ ਕੋਈ ਕਸਰ ਨਹੀਂ ਸੀ ਛੱਡੀ।

ਅਤੇ ਇਸੇ ਕਰ ਕੇ ਇਹ ਸਮਝਣਾ ਪਵੇਗਾ ਕਿ ਇਸ ਹਿੰਦੂ ਰਾਸ਼ਟਰ ਵਿਚ ਸਿੱਖ ਅਤੇ ਉਸ ਦੀ ਸਿੱਖੀ ਸੋਚ ਦਾ ਕੀ ਸਥਾਨ ਹੋਵੇਗਾ। ਸਿੱਖ ਸੋਚ ਦੀ ਅਹਿਮੀਅਤ ਸਮਝਣ ਵਾਸਤੇ ਸਿੱਖ ਕੌਮ ਦੇ ਦੇਸ਼ ਦੀ ਸੁਰੱਖਿਆ ਵਿਚ ਯੋਗਦਾਨ ਵਲ ਵੇਖ ਲੈਣਾ ਚਾਹੀਦਾ ਹੈ। ਸਿੱਖਾਂ ਨੇ 'ਹਿੰਦੂ ਰਾਸ਼ਟਰ' ਲਈ ਸੱਭ ਤੋਂ ਵੱਧ ਤੇ ਸੱਭ ਤੋਂ ਅੱਗੇ ਹੋ ਕੇ ਕੁਰਬਾਨੀਆਂ ਨਹੀਂ ਸਨ ਦਿਤੀਆਂ। ਨਾ ਸਿਰਫ਼ ਪੰਜਾਬ, ਭਾਰਤ ਬਲਕਿ ਵਿਸ਼ਵ ਵਿਚ ਸਿੱਖ ਫ਼ੌਜ ਦਾ ਰੁਤਬਾ ਵਖਰਾ ਹੈ। ਇਸੇ ਕਰ ਕੇ ਇਹ ਕਹਿਣਾ ਗ਼ਲਤ ਹੈ ਕਿ ਸਿੱਖ ਕਿਸੇ ਵੀ ਦੂਜੇ ਧਰਮ ਦਾ ਹਿੱਸਾ ਹਨ। ਸਿੱਖ ਧਰਮ ਦੀ ਅਪਣੀ ਵਖਰੀ ਪਛਾਣ ਹੈ, ਸੋਚ ਹੈ ਜਿਸ ਨੂੰ ਬਰਕਰਾਰ ਰਖਣਾ ਜ਼ਰੂਰੀ ਹੈ ਪਰ ਕੀ 'ਹਿੰਦੂ ਰਾਸ਼ਟਰ' ਦੇ ਸਿਆਸਤਦਾਨ, ਮੁਸਲਮਾਨਾਂ ਨਾਲ ਨਿਪਟਣ ਮਗਰੋਂ ਇਸ ਸੋਚ ਨੂੰ ਮਿੱਧਣ ਤੇ ਮਿਟਾਉਣ ਲਈ ਲਾਠੀ ਲੈ ਕੇ ਨਹੀਂ ਪੈ ਜਾਣਗੇ?

ਅੱਜ ਪੰਜਾਬ ਦੀ ਪੰਥਕ ਪਾਰਟੀ ਨੇ ਸਿੱਖਾਂ ਦੀ ਨੁਮਾਇੰਦਗੀ ਛੱਡ ਕੇ ਕੁਰਸੀ ਦੀ ਤਾਕਤ ਪਿੱਛੇ, ਸਿਆਸਤ ਵਿਚ ਬਣੇ ਰਹਿਣ ਖ਼ਾਤਰ ਸਿੱਖ ਮੁੱਦਿਆਂ ਦੀ ਰਾਖੀ ਕਰਨੀ ਹੀ ਛੱਡ ਦਿਤੀ ਹੈ। ਸੋ ਅੱਜ ਸਿਆਸਤ ਅਤੇ ਧਰਮ ਨੂੰ ਵੱਖ ਕਰ ਕੇ ਸਿੱਖਾਂ ਨੂੰ ਅਪਣੀ ਸੋਚ ਨੂੰ ਪਹਿਲਾਂ ਆਪ ਸਮਝਣ ਦੀ ਲੋੜ ਹੈ ਤਾਕਿ ਉਹ ਉਨ੍ਹਾਂ ਰੀਤਾਂ ਵਿਚ 'ੴ' ਦੀ ਤਾਕਤ ਨੂੰ ਨਾ ਭੁਲਾ ਦੇਣ। ਅੱਜ ਵੀ ਬੜੀਆਂ ਅਜਿਹੀਆਂ ਰੀਤਾਂ ਆ ਗਈਆਂ ਹਨ ਜੋ 'ੴ' ਦੇ ਵਿਰੁਧ ਹਨ। ਸਾਰੇ ਧਰਮਾਂ ਨਾਲ ਰਲ ਕੇ ਤਿਉਹਾਰ ਮਨਾਉਣਾ ਗ਼ਲਤ ਨਹੀਂ ਹੁੰਦਾ, ਵੱਖ-ਵੱਖ ਧਰਮਾਂ ਨਾਲ ਵਰਤੋਂ ਵਿਉਹਾਰ ਕਰਨਾ ਗ਼ਲਤ ਨਹੀਂ ਹੁੰਦਾ ਪਰ ਖ਼ਤਰਾ ਉਦੋਂ ਪੈਦਾ ਹੁੰਦਾ ਹੈ ਜਦੋਂ ਰਾਜ ਦੇ ਮਾਮਲਿਆਂ ਨੂੰ ਲੈ ਕੇ ਅਤੇ ਛੋਟੇ ਧਰਮ ਦੀ ਵਖਰੀ ਆਜ਼ਾਦ ਹਸਤੀ ਨੂੰ ਲੈ ਕੇ ਇਕ ਦੂਜੇ ਦੇ ਉਲਟ ਵਿਚਾਰਾਂ ਦਾ ਟਕਰਾਅ ਸ਼ੁਰੂ ਹੋ ਜਾਵੇ। ਜਦੋਂ ਸਿੱਖ ਜਾਤ-ਪਾਤ ਨੂੰ ਮੰਨਣ, ਡੇਰਿਆਂ ਤੇ ਜਾ ਕੇ ਜਾਦੂ-ਟੋਟਕੇ ਕਰਨ ਤਾਂ ਸਾਫ਼ ਹੈ ਕਿ ਉਹ ਗੁਰੂ ਤੋਂ ਬੇਮੁਖ ਹੋ ਚੁਕੇ ਹਨ। ਆਉਣ ਵਾਲੇ ਸਮੇਂ ਵਿਚ ਨਫ਼ਰਤ ਤੋਂ ਬਚ ਕੇ ਅਪਣੇ ਸ਼ਬਦ ਨਾਲ ਜੁੜ ਕੇ ਤਾਕਤਵਰ ਹੋਣ ਦੀ ਜ਼ਰੂਰਤ ਹੈ।  -ਨਿਮਰਤ ਕੌਰ