ਸਿੱਖ ਪ੍ਰਿੰਸੀਪਲ ਬੀਬੀ ਅਤੇ ਹਿੰਦੂ ਅਧਿਆਪਕ ਨੂੰ ਕਸ਼ਮੀਰੀ ਅਤਿਵਾਦ ਦਾ ਸ਼ਿਕਾਰ ਕਿਉਂ ਬਣਾਇਆ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪਿਛਲੇ ਸਾਲ ਵਿਚ 28 ਐਸੀਆਂ ਵਾਰਦਾਤਾਂ ਹੋਈਆਂ ਜਿਥੇ ਪਿਸਤੌਲ ਨਾਲ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ।

File Photo

ਜਿਵੇਂ ਕਸ਼ਮੀਰ ਵਿਚ ਮਿਥ ਕੇ ਇਕ ਸਿੱਖ ਤੇ ਹਿੰਦੂ ਅਧਿਆਪਕ ਨੂੰ ਪਿਸਤੌਲ ਦਾ ਨਿਸ਼ਾਨਾ ਬਣਾਇਆ ਗਿਆ ਹੈ, ਉਸ ਤੋਂ ਸਾਫ਼ ਹੈ ਕਿ ਇਟ ਦਾ ਜਵਾਬ ਇਟ ਨਾਲ ਦੇਣ ਦੀ ਰਣਨੀਤੀ ਹੁਣ ਅਤਿਵਾਦ ਨੇ ਅਪਣਾ ਲਈ ਹੈ। ਜਦ ਦੀ ਧਾਰਾ 370 ਵਿਚ ਸੋਧ ਹੋਈ ਹੈ, ਸਰਕਾਰ ਅਪਣੀ ਪਿਠ ਥਪਥਪਾਉਂਦੀ ਆ ਰਹੀ ਹੈ ਕਿ ਉਨ੍ਹਾਂ ਨੇ ਕਸ਼ਮੀਰ ਸਮੱਸਿਆ ਉਤੇ ਕਾਬੂ ਪਾ ਲਿਆ ਹੈ। ਪਰ ਸੰਨਾਟੇ ਨੂੰ ਗ਼ਲਤ ਸਮਝਿਆ ਗਿਆ।

ਉਹ ਸ਼ਾਂਤੀ ਦਾ ਸੰਨਾਟਾ ਨਹੀਂ ਸੀ ਬਲਕਿ ਤੂਫ਼ਾਨ ਤੋਂ ਪਹਿਲਾਂ ਵਾਲਾ ਸੰਨਾਟਾ ਸੀ। ਪਹਿਲਾਂ ਇਕ ਹਿੰਦੂ ਪੰਡਤ, ਜਿਸ ਦਾ ਦਹਿਸ਼ਤਵਾਦ ਵਿਚ ਕੋਈ ਰੋਲ ਨਹੀਂ ਸੀ, ਨੂੰ ਮਾਰਿਆ ਗਿਆ ਤੇ ਫਿਰ ਇਨ੍ਹਾਂ ਅਧਿਆਪਕਾਂ ਦੀ ਪਛਾਣ ਕਰ ਕੇ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਿਛਲੇ ਸਾਲ ਵਿਚ 28 ਐਸੀਆਂ ਵਾਰਦਾਤਾਂ ਹੋਈਆਂ ਜਿਥੇ ਪਿਸਤੌਲ ਨਾਲ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਸੋ ਸਰਕਾਰ  ਦਾ ਇਹ ਕਹਿਣਾ ਠੀਕ ਹੈ ਕਿ ਕੋਈ ਵੱਡੀ ਵਾਰਦਾਤ ਨਹੀਂ ਹੋਈ ਪਰ ਇਸ ਤੋਂ ਇਹ ਮਤਲਬ ਨਹੀਂ ਲਿਆ ਜਾ ਸਕਦਾ ਕਿ ਕਸ਼ਮੀਰ ਵਿਚ ਸੱਭ ਕੁੱਝ ਠੀਕ ਹੈ।

ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਜੋ ਲੋਕ ਕਸ਼ਮੀਰ ਵਿਚ ਨਾਖ਼ੁਸ਼ ਸਨ, ਉਹ ਅੱਜ ਵੀ ਖ਼ੁਸ਼ ਨਹੀਂ ਹਨ। ਬਾਕੀ ਭਾਰਤ ਵਿਚ ਜਿਥੇ ਮੁਸਲਮਾਨ ਘਟ ਗਿਣਤੀ ਵਿਚ ਹਨ, ਜਦ-ਜਦ ਉਨ੍ਹਾਂ ’ਤੇ ਕੋਈ ਤਸ਼ੱਦਦ ਹੁੰਦਾ ਹੈ ਤਾਂ ਵੇਖਿਆ ਜਾਂਦਾ ਹੈ ਤੇ ਉਸ ਦਾ ਅਸਰ ਅਸੀਂ ਅੱਜ ਵੇਖ ਰਹੇ ਹਾਂ ਕਿ ਬਾਕੀ ਭਾਰਤ ਵਿਚ ਧਾਰਮਕ ਦਰਾੜਾਂ ਵੱਧ ਰਹੀਆਂ ਹਨ। ਚੋਣ ਮੰਚ ’ਤੇ ਬੈਠ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਲਵ ਜਿਹਾਦ ਦੀ ਗੱਲ ਛੇੜ ਕੇ ਇਸ ਨੂੰ ਚੋਣ ਮੁੱਦਾ ਬਣਾਉਣ ਦੀ ਤਿਆਰੀ ਕਰਦੇ ਲਗਦੇ ਹਨ। ਉਸ ਦਾ ਅਸਰ ਕਸ਼ਮੀਰ ਵਿਚ ਬੈਠੇ ਹਿੰਦੂਆਂ ਤੇ ਵੀ ਹੁੰਦਾ ਹੈ।

ਇਹ ਇਕ ਹਿਟਲਰੀ ਚਾਲ ਹੁੰਦੀ ਸੀ ਜਿਸ ਦੇ ਨਤੀਜੇ ਵਜੋਂ ਯਹੂਦੀਆਂ ਨੂੰ ਅਪਣੇ ਪਹਿਚਾਣ ਪੱਤਰ ਬਣਾਉਣੇ ਪਏ ਜਿਸ ਨਾਲ ਉਨ੍ਹਾਂ ਨੂੰ ਵੱਖ ਕੀਤਾ ਗਿਆ। ਭਾਰਤ ਵਿਚ ਵੀ ਪਹਿਚਾਣ ਪੱਤਰ ਉਤੇ ਜਦ ਧਰਮ ਵੀ ਪਾ ਦਿਤਾ ਗਿਆ, ਅਤਿਵਾਦ ਦੇ ਹੱਥ ਵਿਚ ਹਥਿਆਰ ਬਣ ਕੇ ਆ ਗਿਆ। ਕਸ਼ਮੀਰ ਤੇ ਮੁਸਲਮਾਨ ਨਾਲ ਹਰ ਵਿਤਕਰਾ, ਪਾਕਿਸਤਾਨ ਦੀ ਭਾਰਤ ਨਾਲ ਲਗਦੀ ਸਰਹੱਦ ਨੂੰ ਕਮਜ਼ੋਰ ਕਰਨ ਦੀ ਸਾਜ਼ਸ਼ ਨੂੰ ਬਲ ਦੇਂਦਾ ਹੈ। ਅੰਤਰ-ਰਾਸ਼ਟਰੀ ਮੰਚ ਤੇ ਪਾਕਿਸਤਾਨ ਕੁੱਝ ਵੀ ਦਾਅਵਾ ਪਿਆ ਕਰੇ, ਹਕੀਕਤ ਇਹ ਹੈ ਕਿ ਤਾਲਿਬਾਨ ਤੇ ਪਾਕਿਸਤਾਨ ਦੀ ਦੋਸਤੀ ਉਨ੍ਹਾਂ ਦੁਹਾਂ ਨੂੰ ਇਕ ਵਖਰੀ ਤਾਕਤ ਦਾ ਦਰਜਾ ਦਿਵਾਉਂਦੀ ਹੈ। 

ਜਦ ਤਕ ਕਸ਼ਮੀਰ ਦਾ ਹਰ ਆਮ ਨਾਗਰਿਕ ਅਮਨ ਤੇ ਸ਼ਾਂਤੀ ਦੇ ਮਾਹੌਲ ਵਿਚ  ਬਾਕੀ ਦੇਸ਼ਵਾਸੀਆਂ ਵਾਂਗ ਵਿਕਾਸ ਦੇ ਸਪੁਨੇ ਨਹੀਂ ਵੇਖ ਪਾਵੇਗਾ, ਕਸ਼ਮੀਰ ਮੁੜ ਤੋਂ ਜੰਨਤ ਨਹੀਂ ਬਣ ਪਾਵੇਗਾ। ਤੇ ਜਦ ਤਕ ਭਾਰਤ ਅਪਣੇ ਕੋਨੇ-ਕੋਨੇ ਵਿਚ ਵਸਦੀਆਂ ਘੱਟ ਗਿਣਤੀਆਂ ਨੂੰ ਅਪਣੇ ਨਾਲ ਨਹੀਂ ਚਲਾ ਪਾਵੇਗਾ, ਦਰਾੜਾਂ ਦਾ ਭਾਰ ਆਮ ਜਨਤਾ ਨੂੰ ਹੀ ਚੁਕਣਾ ਪਵੇਗਾ। 

ਅਫ਼ਸੋਸ ਇਹ ਵੀ ਹੈ ਕਿ ਸਿੱਖ ਜੋ ਹਿੰਦੂਆਂ ਦੇ ਵੀ ਰਾਖੇ ਸਨ ਤੇ ਮੁਸਲਮਾਨਾਂ ਨਾਲ ਹਰ ਵਕਤ ਖੜੇ ਰਹੇ ਹਨ, ਅੱਜ ਦੇਸ਼ਾਂ ਤੇ ਧਰਮਾਂ ਵਾਸਤੇ ਇਕ ਘੱਟ ਗਿਣਤੀ ਤੋਂ ਵੱਧ ਕੁੱਝ ਵੀ ਨਹੀਂ। ਜਦ ਕਿਸਾਨ ਅਪਣੇ ਲਈ ਇਨਸਾਫ਼ ਮੰਗਦਾ ਹੈ ਤਾਂ ਉਸ ਨੂੰ ਖ਼ਾਲਿਸਤਾਨੀ ਆਖ ਕੇ ਸਿੱਖਾਂ ਨੂੰ ਬਦਨਾਮ ਕਰਦੇ ਹਨ ਤੇ ਬੰਦੂਕਧਾਰੀ ਮੁਸਲਮਾਨ ਇਕ ਪੁਰਅਮਨ ਸਿੱਖ ਪ੍ਰਿੰਸੀਪਲ ਨੂੰ ਹਿੰਦੂ ਹਿਤੈਸ਼ੀ ਮੰਨ ਕੇ ਕਦੇ ਕਾਬੁਲ, ਕਦੇ ਪਾਕਿਸਤਾਨ ਤੇ ਕਦੇ ਕਸ਼ਮੀਰ ਵਿਚ ਅਪਣੀ ਬੰਦੂਕ ਦਾ ਨਿਸ਼ਾਨਾ ਬਣਾਉਂਦੇ ਹਨ। ‘ਸਰਬੱਤ ਦਾ ਭਲਾ’ ਮੰਗਣ ਵਾਲੀ ਕੌਮ ਵੀ ਅੱਜ ਅਪਣੇ ਆਪ ਤੇ ਸਵਾਲ ਕਰਨਾ ਸ਼ੁਰੂ ਕਰ ਦੇਵੇਗੀ ਕਿ ਆਖ਼ਰ ਸਾਡਾ ਹੈ ਕੌਣ? ਅਸੀਂ ਸੱਭ ਦੇ ਹਾਂ ਪਰ ਸਾਡਾ ਕੋਈ ਵੀ ਨਹੀਂ! ਸਰਕਾਰ ਕੋਲ ਬਹੁਮਤ ਦੀ ਤਾਕਤ ਹੈ ਪਰ ਉਹ ਫਿਰ ਵੀ ਫ਼ਿਰਕੂ ਖਾਈਆਂ ਡੂੰਘੀਆਂ ਕਰਨ ਲਈ ਕਿਉਂ ਜੁਟੀ ਹੋਈ ਹੈ?