ਪੰਜਾਬ ਕਾਂਗਰਸ ਦੀ ਉਲਝੀ ਤਾਣੀ ਜਿਸ ਦੀ ਹਰ ਗੁੰਝਲ ਪਿੱਛੇ ਰਾਜ਼,ਹਰ ਰਾਜ਼ ਪਿੱਛੇ ਮਿਲੀਭੁਗਤ ਛੁਪੀ ਮਿਲੇਗੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਜਾਬ ਕਾਂਗਰਸ ਦੀ ਉਲਝੀ ਤਾਣੀ ਜਿਸ ਦੀ ਹਰ ਗੁੰਝਲ ਪਿੱਛੇ ਰਾਜ਼ ਤੇ ਹਰ ਰਾਜ਼ ਪਿੱਛੇ ਮਿਲੀਭੁਗਤ ਛੁਪੀ ਹੋਈ ਮਿਲੇਗੀ

File Photo

ਨਸ਼ਾ ਤਸਕਰੀ ਦੀ ਰੀਪੋਰਟ ਕਿਉਂ ਨਹੀਂ ਖੋਲ੍ਹਦੇ? ਅਦਾਲਤ ਦਾ ਇੰਤਜ਼ਾਰ ਕਿਉਂ ਕੀਤਾ ਜਾ ਰਿਹਾ ਹੈ? ਨਵਜੋਤ ਸਿੱਧੂ ਦਾ ਇਸ ਤਰ੍ਹਾਂ ਮੀਡੀਆ ਵਿਚ ਸਵਾਲ ਪੁਛਣਾ ਪਾਰਟੀ ਦੀ ਮਰਿਆਦਾ ਵਾਸਤੇ ਮਾੜਾ ਹੈ ਤੇ ਚੰਨੀ ਸਰਕਾਰ ਦੀ ਛਵੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਪਰ ਇਕ ਆਮ ਪੰਜਾਬੀ ਵਾਸਤੇ ਇਨ੍ਹਾਂ ਸਵਾਲਾਂ ਦੇ ਜਵਾਬ ਹੁਣ ਕੋਈ ਮਹੱਤਵ ਨਹੀਂ ਰਖਦੇ। ਨਵਜੋਤ ਸਿੱਧੂ ਪਾਰਟੀ ਦੀ ਮਰਿਆਦਾ ਭੰਗ ਕਰ ਕੇ ਭਾਵੇਂ ਅਪਣੇ ਨਿਜੀ ਟੀਚਿਆਂ ਵਾਸਤੇ ਹੀ ਇਹ ਸਵਾਲ ਚੁੱਕ ਰਹੇ ਹੋਣਗੇ ਪਰ ਸਵਾਲ ਢੁਕਵੇਂ ਹਨ ਤੇ ਜੇ ਜਵਾਬ ਨਾ ਮਿਲੇ ਤਾਂ ਧਾਰੀ ਗਈ ਚੁੱਪੀ ਸ਼ਾਇਦ ਬੀਤੇ ਵਾਂਗ, ਮਿਲੀਭੁਗਤ ਹੀ ਸਾਬਤ ਹੋ ਕੇ ਸਾਹਮਣੇ ਆਏ।

ਨਵਜੋਤ ਸਿੰਘ ਸਿੱਧੂ ਵਲੋਂ ਬੋਲਿਆ ਇਕ ਫ਼ਿਕਰਾ ਬੜਾ ਦਿਲਚਸਪ ਪਰ ਫ਼ਿਕਰਿਆਂ ਵਿਚੋਂ ਸੱਭ ਤੋਂ ਵੱਡਾ ਫ਼ਿਕਰਾ ਸੀ ਜੋ ਪੰਜਾਬ ਕਾਂਗਰਸ ਦੀ ਸਾਰੀ ਬੀਮਾਰੀ ਨੂੰ 4-6 ਸ਼ਬਦਾਂ ਵਿਚ ਸਮੇਟ ਦਿੰਦਾ ਹੈ। ਵੈਸੇ ਤਾਂ ਉਨ੍ਹਾਂ ਨੇ ਕਈ ਫ਼ਿਕਰੇ ਬੋਲੇ ਪਰ ਇਹ ਇਕ ਫ਼ਿਕਰਾ ਉਨ੍ਹਾਂ ਦੇ ਦਿਲ ਦੀ ਗੱਲ ਖੋਲ੍ਹ ਕੇ ਰੱਖ ਦੇਂਦਾ ਹੈ-- ‘‘ਜਾਂ ਮੈਨੂੰ ਚੁਣ ਲਉ ਜਾਂ ਦੋ ਨਵੇਂ ਨਿਯੁਕਤ ਕੀਤੇ ਬੰਦਿਆਂ ਨੂੰ।’’

ਇਹ ਸ਼ਾਇਦ ਕਿਸੇ ਵੀ ਕਾਂਗਰਸ ਪ੍ਰਧਾਨ ਨੇ ਅੱਜ ਤਕ ਅਪਣੀ ਹਾਈਕਮਾਨ ਨੂੰ ਨਹੀਂ ਆਖਿਆ ਹੋਵੇਗਾ ਪਰ ਫਿਰ ਨਵਜੋਤ ਸਿੱਧੂ ਅਪਣੇ ਆਪ ਵਿਚ ਅਨੋਖੇ ਸਿਆਸਤਦਾਨ ਹਨ। ਸਿਆਸਤਦਾਨ ਦਾ ਕਿਰਦਾਰ ਬੜਾ ਅਲੱਗ ਹੁੰਦਾ ਹੈ ਕਿਉਂਕਿ ਉਸ ਦਾ ਅਸਲ ਧਿਆਨ ਅਪਣੇ ਆਪ ਨੂੰ ਇਕ ਅਜਿਹੇ ਆਗੂ ਵਜੋਂ ਪੇਸ਼ ਕਰਨਾ ਹੁੰਦਾ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਚਲ ਸਕਦਾ ਹੈ ਪਰ ਨਵਜੋਤ ਸਿੱਧੂ ਅਲੱਗ ਤਰ੍ਹਾਂ ਦੇ ਹਨ। ਉਹ ਹਮੇਸ਼ਾ ਹੀ ਇਕੱਲੇ ਚਲੇ ਹਨ ਤੇ ਇਸੇ ਕਰ ਕੇ ਲੋਕਾਂ ਦਾ ਉਨ੍ਹਾਂ ’ਤੇ ਵਿਸ਼ਵਾਸ ਵੀ ਬਹੁਤ ਹੈ ਅਤੇ ਇਸੇ ਵਿਸ਼ਵਾਸ ਨੂੰ ਵੇਖਦਿਆਂ ਨਵਜੋਤ ਸਿੱਧੂ ਨੇ ਹਾਈਕਮਾਨ ਤੋਂ ਅਪਣੇ ਆਪ ਨੂੰ ਕਾਂਗਰਸ ਪ੍ਰਧਾਨ ਵੀ ਨਿਯੁਕਤ ਕਰਵਾ ਲਿਆ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਟਵਾ ਲਿਆ।

ਪਰ ਅੱਜ ਜਦ ਨਵਜੋਤ ਸਿੱਧੂ ਇਹ ਆਖ ਰਹੇ ਹਨ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਾਲੇ ਉਹ ਨਹੀਂ ਬਲਕਿ ਕਾਂਗਰਸ ਹਾਈਕਮਾਨ ਹੈ ਤਾਂ ਸਾਫ਼ ਹੋ ਜਾਂਦਾ ਹੈ ਕਿ ਉਹ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਨਹੀਂ ਹਨ। ਜਿਸ ਤਰ੍ਹਾਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਅਤੇ ਨੀਅਤ ਉਤੇ ਸਵਾਲ ਚੁੱਕੇ ਸਨ, ਉਹ ਅੱਜ ਵੀ ਉਸੇ ਤਰ੍ਹਾਂ ਨਵੇਂ ਮੁੱਖ ਮੰਤਰੀ ਬਾਰੇ ਸਵਾਲ ਚੁਕ ਰਹੇ ਹਨ। ਉਨ੍ਹਾਂ ਨੇ ਜਦ ਅਕਾਲੀ ਦਲ ਛਡਿਆ ਸੀ, ਤਾਂ ਵੀ ਮੁੱਦਾ ਇਹੀ ਸੀ ਤੇ ਅੱਜ ਵੀ ਉਹ ਅਪਣੀ ਸਰਕਾਰ ਨੂੰ ਇਸੇ ਮੁੱਦੇ ਉਤੇ ਘੇਰਦੇ ਲਗਦੇ ਹਨ। ਬਰਗਾੜੀ ਦੀ ਠੇਸ ਹਰ ਸਿੱਖ ਨੂੰ ਹੀ ਨਹੀਂ ਬਲਕਿ ਹਰ ਪੰਜਾਬੀ ਨੂੰ ਪੁੱਜੀ ਸੀ ਤੇ ਇਸ ਮਾਮਲੇ ਨੂੰ ਲੈ ਕੇ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਬਾਕੀ ਸਾਰੇ ਐਮ.ਐਲ.ਏਜ਼ ਨੇ ਰਲ ਕੇ ਆਵਾਜ਼ ਚੁੱਕੀ ਸੀ। ਨਵੀਂ ਸਰਕਾਰ ਦੀ ਕਾਰਗੁਜ਼ਾਰੀ ਵਿਚ ਦੋਵੇਂ ਅਹਿਮ ਮੁੱਦੇ ਕਮਜ਼ੋਰ ਕਿਸ ਤਰ੍ਹਾਂ ਹੋ ਗਏ? 

ਪਿਛਲੀ ਸਰਕਾਰ ਵਿਚ ਏ.ਜੀ. ਅਤੁਲ ਨੰਦਾ ਆਪ ਬਰਗਾੜੀ ਮਾਮਲੇ ਵਿਚ ਪੇਸ਼ ਨਹੀਂ ਸਨ ਹੋਏ ਤੇ ਉਨ੍ਹਾਂ ਵਲੋਂ ਇਕ ਮਹਿੰਗੀ ਤੇ ਭਾੜੇ ਤੇ ਟੀਮ ਲਈ ਗਈ ਪਰ ਉਹ ਮਹਿੰਗੀ ਟੀਮ ਵੀ ਕੇਸ ਨੂੰ ਕਮਜ਼ੋਰ ਹੀ ਕਰ ਗਈ। ਇਕ ਅਜਿਹਾ ਫ਼ੈਸਲਾ ਕੁੰਵਰ ਵਿਜੈ ਪ੍ਰਤਾਪ ਸਿੰਘ ਵਿਰੁਧ ਸੁਣਾਇਆ ਗਿਆ ਜਿਸ ਨੂੰ ਵੱਡੇ ਮਾਹਰਾਂ ਨੇ ਵੀ ਗ਼ਲਤ ਕਰਾਰ ਦਿਤਾ। ਪਰ ਉਸ ਫ਼ੈਸਲੇ ਨੂੰ ਕਿਸੇ ਨੇ ਪਹਿਲ ਦੇ ਆਧਾਰ ਉਤੇ ਚੈਲੰਜ ਨਹੀਂ ਕੀਤਾ। ਆਈ.ਜੀ. ਵਿਜੈ ਪ੍ਰਤਾਪ ਸਿੰਘ, ਆਪ ਸਿਆਸਤ ਵਿਚ ਆ ਗਏ, ਅਤੁਲ ਨੰਦਾ ਦਿੱਲੀ ਚਲੇ ਗਏ, ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾ ਲਈ ਤੇ ਇਨਸਾਫ਼ ਕਿਸੇ ਨੂੰ ਵੀ ਨਹੀਂ ਮਿਲਿਆ। ਅੱਜ ਨਵੀਂ ਐਸ.ਆਈ.ਟੀ., ਨਵਾਂ ਏ.ਜੀ. ਅਤੇ ਮੁੱਖ ਗਵਾਹ/ਦੋਸ਼ੀ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਬਲੈਂਕਟ ਬੇਲ, ਅਥਵਾ ਹਰ ਗੁਨਾਹ ਮਾਫ਼। ਇਕ ਹੋਰ ਹੈਰਾਨੀਜਨਕ ਫ਼ੈਸਲਾ ਪਰ ਕਿਸੇ ਨੇ ਵੀ ਚੈਲੰਜ ਨਹੀਂ ਕੀਤਾ। 

ਨਸ਼ਾ ਤਸਕਰੀ ਦੀ ਰੀਪੋਰਟ ਕਿਉਂ ਨਹੀਂ ਖੋਲ੍ਹਦੇ? ਅਦਾਲਤ ਦਾ ਇੰਤਜ਼ਾਰ ਕਿਉਂ ਕੀਤਾ ਜਾ ਰਿਹਾ ਹੈ? ਨਵਜੋਤ ਸਿੱਧੂ ਦਾ ਇਸ ਤਰ੍ਹਾਂ ਮੀਡੀਆ ਵਿਚ ਸਵਾਲ ਪੁਛਣਾ ਪਾਰਟੀ ਦੀ ਮਰਿਆਦਾ ਵਾਸਤੇ ਮਾੜਾ ਹੈ ਤੇ ਚੰਨੀ ਸਰਕਾਰ ਦੀ ਛਵੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਪਰ ਇਕ ਆਮ ਪੰਜਾਬੀ ਵਾਸਤੇ ਇਨ੍ਹਾਂ ਸਵਾਲਾਂ ਦੇ ਜਵਾਬ ਹੁਣ ਕੋਈ ਮਹੱਤਵ ਨਹੀਂ ਰਖਦੇ। ਨਵਜੋਤ ਸਿੱਧੂ ਪਾਰਟੀ ਦੀ ਮਰਿਆਦਾ ਭੰਗ ਕਰ ਕੇ ਭਾਵੇਂ ਅਪਣੇ ਨਿਜੀ ਟੀਚਿਆਂ ਵਾਸਤੇ ਹੀ ਸ਼ਾਇਦ ਇਹ ਸਵਾਲ ਚੁੱਕ ਰਹੇ ਹਨ ਪਰ ਸਵਾਲ ਢੁਕਵੇਂ ਹਨ ਤੇ ਜੇ ਜਵਾਬ ਨਾ ਮਿਲੇ ਤਾਂ ਧਾਰੀ ਗਈ ਚੁੱਪੀ ਸ਼ਾਇਦ ਬੀਤੇ ਵਾਂਗ, ਮਿਲੀਭੁਗਤ ਹੀ ਸਾਬਤ ਹੋ ਕੇ ਸਾਹਮਣੇ ਆਏ।        

-ਨਿਮਰਤ ਕੌਰ