ਸੋਸ਼ਲ ਮੀਡੀਆ ‘ਗੋਦੀ ਮੀਡੀਆ’ ਬਣਨੋਂ ਤਾਂ ਬੱਚ ਗਿਆ ਪਰ ਇਕ ਗ਼ਲਤ ਰਾਹ ਤੇ ਚਲ ਕੇ ਨਵੀਂ ਮੁਸੀਬਤ ਵਿਚ ਘਿਰਦਾ ਜਾ ਰਿਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਦੀ ਸਰਕਾਰ ਇਹ ਵੀ ਸਮਝ ਗਈ ਹੈ ਕਿ ਸੋਸ਼ਲ ਮੀਡੀਆ ਹੀ ਵਿਰੋਧੀ ਧਿਰ ਦੀ ਤਾਕਤ ਬਣਿਆ ਹੋਇਆ ਹੈ, ਸੋ ਇਸ ਨੂੰ ਕਾਬੂ ਕਰਨਾ ਜ਼ਰੂਰੀ ਹੈ।

Social Media

 

ਸੋਸ਼ਲ ਮੀਡੀਆ ਨਾਲ ਸਖ਼ਤੀ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਗਏ ਹਨ, ਖ਼ਾਸ ਕਰ ਕੇ ਉਨ੍ਹਾਂ ਅਦਾਰਿਆਂ ਵਾਸਤੇ ਜਿਨ੍ਹਾਂ ਨਾਲ 30 ਲੱਖ ਤੋਂ ਵੱਧ ਲੋਕ ਜੁੜੇ ਹੋਏ ਹਨ। ਇਸ ਨੂੰ, ਸਰਕਾਰ ਵਲੋਂ ਸੋਸ਼ਲ ਮੀਡੀਆ ਦੀ ਆਜ਼ਾਦੀ ਨੂੰ ਕਾਬੂ ਹੇਠ ਲਿਆਉਣ ਦਾ ਯਤਨ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਰਵਾਇਤੀ ਮੀਡੀਆ ਵਾਂਗ ਸਰਕਾਰ ਅੱਗੇ ਇਸ਼ਤਿਹਾਰਾਂ ਲਈ ਮੋਹਤਾਜ ਨਹੀਂ ਹੁੰਦਾ। ਸੋਸ਼ਲ ਮੀਡੀਆ ਸਿਰਫ਼ ਇਹੀ ਦੇਖਦਾ ਹੈ ਕਿ ਉਸ ਨਾਲ ਕਿੰਨੇ ਲੋਕ ਜੁੜੇ ਹੋਏ ਹਨ ਤੇ ਉਹ ਜਦ ਜੁੜਦੀ ਭੀੜ ਨੂੰ ਅਪਣਾ ਇਸ਼ਤਿਹਾਰ ਵਿਖਾਉਂਦੇ ਹਨ, ਉਹ ਵੇਚਣ ਵਾਲੇ ਤੋਂ ਪੈਸੇ ਲੈਂਦੇ ਹਨ ਅਤੇ ਕੁੱਝ ਪੈਸਾ ਜੋੜਨ ਵਾਲੇ ਨੂੰ ਵੀ ਦੇ ਦੇਂਦੇ ਹਨ।

ਪਹਿਲਾਂ ਤਾਂ ਇਹ ਸਿਰਫ਼ ਨਿਜੀ ਸੋਚ ਦੇ ਪ੍ਰਗਟਾਵੇ ਜਾਂ ਕੁੱਝ ਖ਼ਾਸ ਕਰਤਬ ਕਰਨ ਵਾਲਿਆਂ ਦੀ ਖ਼ਾਸ ਥਾਂ ਹੁੰਦੀ ਸੀ ਪਰ ਮੀਡੀਆ ਨੇ ਇਸ ਦੀ ਤਾਕਤ ਸਮਝ ਲਈ ਤੇ ਹੁਣ ਸਾਡੇ ਵਾਂਗ ਕਿੰਨੇ ਹੀ ਚੈਨਲ ਹਨ ਜੋ ਕੇਬਲ ਤੇ ਜਾਣਾ ਹੀ ਨਹੀਂ ਚਾਹੁੰਦੇ ਕਿਉਂਕਿ ਸੋਸ਼ਲ ਮੀਡੀਆ ਚੈਨਲ ਨੂੰ ਸਰਕਾਰ ਹੇਠ ਨਹੀਂ ਲਗਣਾ ਪੈਂਦਾ ਅਤੇ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਵਿਚ ਪੰਜਾਬ ਦੇ ਸੋਸ਼ਲ ਮੀਡੀਆ ਨੇ ਸਰਕਾਰ ਨੂੰ ਹਰਾਉਣ ਵਿਚ ਅਪਣੀ ਤਾਕਤ ਵਿਖਾਈ, ਉਸ ਸਾਹਮਣੇ ਰਵਾਇਤੀ ਮੀਡੀਆ ਤਾਂ ਛੋਟਾ ਪੈ ਗਿਆ ਲਗਦਾ ਸੀ।

ਅੱਜ ਦੀ ਸਰਕਾਰ ਇਹ ਵੀ ਸਮਝ ਗਈ ਹੈ ਕਿ ਸੋਸ਼ਲ ਮੀਡੀਆ ਹੀ ਵਿਰੋਧੀ ਧਿਰ ਦੀ ਤਾਕਤ ਬਣਿਆ ਹੋਇਆ ਹੈ, ਸੋ ਇਸ ਨੂੰ ਕਾਬੂ ਕਰਨਾ ਜ਼ਰੂਰੀ ਹੈ। ਸੋਸ਼ਲ ਮੀਡੀਆ ਨੂੰ ਹੋਂਦ ਵਿਚ ਲਿਆਉਣ ਵਾਲੀਆਂ ਕੰਪਨੀਆਂ ਫ਼ੇਸਬੁਕ, ਗੂਗਲ ਤੇ ਟਵਿੱਟਰ ਵੀ ਉਦਯੋਗਪਤੀਆਂ ਦੀਆਂ ਕਾਢਾਂ ਹਨ ਜੋ ਮੁਨਾਫ਼ੇ ਵਾਸਤੇ ਕੰਮ ਕਰਦੀਆਂ ਹਨ। ਸੱਭ ਤੋਂ ਵੱਧ ਪੈਸੇ ਉਹ ਸਰਕਾਰ ਅਤੇ ਸਿਆਸੀ ਪਾਰਟੀਆਂ ਤੋਂ ਬਣਾਉਂਦੀਆਂ ਹਨ। ਫ਼ੇਸਬੁਕ ਇਕੱਲੇ ਨੇ ਗੁਜਰਾਤ ਚੋਣਾਂ ਤੋਂ 100-200 ਕਰੋੜ ਇਨ੍ਹਾਂ ਦੋ ਮਹੀਨਿਆਂ ਵਿਚ ਬਣਾ ਲਿਆ ਹੋਵੇਗਾ।

ਇਕ ਪਾਸੇ ਤੁਹਾਨੂੰ ਸਰਕਾਰ ਦੀਆਂ ਖ਼ਬਰਾਂ ਲੋਕਾਂ ਤਕ ਪਹੁੰਚਾਉਣ ਦੇ ਪੈਸੇ ਤੇ ਦੂੁਜੇ ਪਾਸੇ ਵੇਖਣ ਵਾਲੇ ਨੂੰ ਕੁੱਝ ਹੋਰ ਇਸ਼ਤਿਹਾਰ ਦੇਖਣ ਦੇ ਪੈਸੇ ਅਤੇ ਪੈਸੇ ਦੇ ਚੱਕਰ ਵਿਚ ਉਹ ਕੁੱਝ ਵੀ ਵਿਖਾ ਦੇਂਦੇ ਹਨ ਜਿਸ ਵਿਚ ਬੱਚਿਆਂ ਅਤੇ ਔਰਤਾਂ ਪ੍ਰਤੀ ਅਪਰਾਧਾਂ ਨੂੰ ਛੱਡ ਕੇ, ਬਾਕੀ ਸੱਭ ਕੁੱਝ ਪਰੋਸ ਦਿਤਾ ਜਾਂਦਾ ਹੈ। ਪਰ ਨਫ਼ਰਤ ਜਿੰਨੀ ਸੋਸ਼ਲ ਮੀਡੀਆ ਤੇ ਵਿਕਦੀ ਹੈ, ਉਸ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ। ਅਸੀ ਪੰਜਾਬ ਵਿਚ ਸੁਧੀਰ ਸੂਰੀ ਦੇ ਕਤਲ ਮਗਰੋਂ ਸੋਸ਼ਲ ਮੀਡੀਆ ਦੇ ਚੈਨਲਾਂ ਦਾ ਪੂਰਾ ਜ਼ੋਰ ਲਗਦਾ ਹੁਣੇ ਵੇਖਿਆ ਹੈ।

ਪੰਜਾਬ ਦੇ ਚੈਨਲਾਂ ਨੂੰ ਨਫ਼ਰਤ ਤੇ ਡਰ ਪੈਦਾ ਕਰਨ ਦੀ ਦੌੜ ਵਿਚ ਸ਼ਾਮਲ ਹੋ ਕੇ ਚੰਗੀ ਕਮਾਈ ਕਰਦਿਆਂ ਵੇਖਿਆ ਗਿਆ ਹੈ ਕਿਉਂਕਿ ਜਿੰਨੇ ਜ਼ਿਆਦਾ ਵੇਖਣ ਵਾਲੇ, ਉਨਾ ਜ਼ਿਆਦਾ ਪੈਸਾ। ਇਕ ਨਾਮੀ ਚੈਨਲ ਦੇ ਮੁਖੀ ਨੇ ਬਾਅਦ ਵਿਚ ਇੰਜ ਫ਼ਰਮਾਇਆ ਸੀ,‘‘ਵਾਹ ਸ਼ਾਬਾਸ਼ ਟੀਮ ਵਾਲਿਉ, ਤੁਸੀਂ ਅੱਜ ਸੱਭ ਤੋਂ ਅੱਗੇ ਸੀ।’’ ਉਹ ਅੱਗੇ ਸਨ ਕਿਉਂਕਿ ਉਨ੍ਹਾਂ ਲਗਾਤਾਰ ਭੜਕਾਊ ਬਿਆਨ ਚਲਾ ਕੇ ਪੰਜਾਬ ਵਿਚ ਦਹਿਸ਼ਤ ਫੈਲਾਉਣ ਦਾ ਯਤਨ ਕੀਤਾ ਸੀ।

ਜਦ ਪੱਤਰਕਾਰ ਨਫ਼ਰਤ ਫੈਲਾ ਕੇ ਅਪਣੀ ਸਫ਼ਲਤਾ ਦਾ ਢੰਡੋਰਾ ਪਿੱਟਣ ਲੱਗ ਜਾਣ ਤਾਂ ਸਮਝ ਲਵੋ ਸਮਾਜ ਦੀ ਰੂਹ ਵਿਚੋਂ ਹੁਣ ਜਾਨ ਨਿਕਲ ਰਹੀ ਹੈ। ਸੋਸ਼ਲ ਮੀਡੀਆ ਦੀ ਆਮਦ ਨਾਲ ਲੋਕਤੰਤਰ ਦੇ ਚੌਥੇ ਥੰਮ ਨੂੰ ਇਕ ਨਵਾਂ ਰਾਹ ਮਿਲਿਆ ਸੀ ਜਿਸ ਨਾਲ ਉਹ ਲੋਕਾਂ ਦੀ ਆਵਾਜ਼ ਬਣ ਸਕਦਾ ਸੀ ਤੇ ‘ਗੋਦੀ ਮੀਡੀਆ’ ਅਖਵਾਉਣੋਂ ਬਚ ਸਕਦਾ ਸੀ। ਪਰ ਸਾਡੇ ਅੱਜ ਦੇ ਸੋਸ਼ਲ ਮੀਡੀਆ ਨੇ ਸਰਕਾਰਾਂ ਨੂੰ ਛੱਡ, ਹੁਣ ਨਫ਼ਰਤ ਤੇ ਦਹਿਸ਼ਤ ਦਾ ਸਾਥ ਘੁਟ ਕੇ ਫੜ ਲਿਆ ਹੈ। ਜੇ ਇਹ ਲੋਕ ਠੀਕ ਤਰ੍ਹਾਂ ਚਲਦੇ ਤਾਂ ਸਰਕਾਰਾਂ ਨੂੰ ਇਨ੍ਹਾਂ ਤੇ ਕਾਠੀ ਪਾਉਣ ਦਾ ਕੋਈ ਬਹਾਨਾ ਨਾ ਮਿਲਦਾ ਪਰ ਹੁਣ ਸਰਕਾਰ ਦਾ ਕੰਟਰੋਲ ਅਟੱਲ ਹੋ ਗਿਆ ਹੈ ਕਿਉਂਕਿ ਇਹ ਵੀ ਛੇਤੀ ਅਮੀਰ ਬਣਨ ਦੀ ਚਾਹਤ ਕਾਰਨ, ਖ਼ਤਰਨਾਕ ਰਾਹ ਤੇ ਚਲ ਪਿਆ ਹੈ।
-ਨਿਮਰਤ ਕੌਰ