ਦਿੱਲੀ ਧਰਨੇ ਦੀ ਸਫ਼ਲਤਾ ਵੇਖ ਕੇ ਅੰਤਮ ਨਤੀਜੇ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਵਲੋਂ ਆਪਣੀ ਪਾਰਟੀ ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਦੀ ਹਕੀਕਤ ਇਹ ਹੈ ਕਿ ਚਾਰ ਸਾਲਾਂ ਵਿਚ ਕਾਂਗਰਸ ਸਰਕਾਰ ਵਲੋਂ ਇਕ ਵੀ ਮਾਫ਼ੀਆ ਕਾਬੂ ਵਿਚ ਨਹੀਂ ਕੀਤਾ ਗਿਆ। ਕਾਬੂ ਨਾ ਹੋਣ ਪਿਛੇ ਦਾ ਕਾਰਨ ਨੀਤੀ ਦੀ ਘਾਟ ਸੀ।

farmer

ਕਿਸਾਨ ਅੰਦੋਲਨ ਪੂਰੇ ਦੇਸ਼ ਵਿਚ ਫੈਲ ਚੁਕਿਆ ਹੈ ਤੇ ਇਹ ਹੁਣ ਅਪਣੇ ਆਪ ਵਿਚ ਇਕ ਅਜਿਹੀ ਤਾਕਤ ਬਣ ਚੁੱਕਾ ਹੈ ਜਿਸ ਨੂੰ ਸਿਆਸਤਦਾਨਾਂ ਦੀ ਕੋਈ ਲੋੜ ਨਹੀਂ ਰਹੀ। ਅਸਲ ਵਿਚ ਇਹ ਇਕ ਜਾਗਰੂਕ ਨਾਗਰਿਕ ਦੀ ਤਾਕਤ ਦਾ ਪ੍ਰਮਾਣ ਹੈ। ਕਿਸਾਨ ਆਗੂ ਅੱਜ ਤਕ ਸਿਆਸਤਦਾਨਾਂ ਦੇ ਪਿਛੇ ਦੌੜ ਰਹੇ ਹੁੰਦੇ ਸਨ ਤੇ ਆਪ ਕਦੇ ਵੀ ਸਫ਼ਲ ਨਹੀਂ ਸਨ ਹੋਏ। ਪਰ ਅੱਜ ਉਹ ਅਪਣੀ ਮੰਗ ਤੇ ਪੂਰੀ ਤਰ੍ਹਾਂ ਅੜੇ ਹੋਏ ਹਨ। ਅੱਜ ਜੇ ਕਿਸਾਨ ਲੀਡਰਾਂ ਦੇ ਹੱਥ ਵਿਚ ਹੀ ਸਾਰੀ ਤਾਕਤ ਹੁੰਦੀ ਤਾਂ ਹੁਣ ਤਕ ਇਹ ਆਗੂ ਸਮਝੌਤਾ ਕਰ ਚੁੱਕੇ ਹੁੰਦੇ। ਪਰ ਹੁਣ ਉਹ ਡਰਦੇ ਹੋਏ ਆਖਦੇ ਹਨ ਕਿ ਜੇ ਅਸੀ ਕਿਤੇ ਕਮਜ਼ੋਰ ਪੈ ਗਏ ਤਾਂ ਸਾਨੂੰ ਸਾਡੇ ਪਿਛੇ ਖੜੇ ਨੌਜਵਾਨ ਮਾਫ਼ ਨਹੀਂ ਕਰਨਗੇ। ਅੱਜ ਤਕ ਕਦੇ ਨਹੀਂ ਸੀ ਹੋਇਆ ਕਿ ਆਗੂ ਅਪਣੀ ਪ੍ਰਜਾ ਤੋਂ ਡਰ ਕੇ ਅਪਣੇ ਕਦਮ ਚੁਕਣ।

ਭਾਰਤੀ ਸਿਆਸਤ ਵਿਚ ਤਾਂ ਅਨੇਕਾਂ ਮਿਸਾਲਾਂ ਇਸ ਤਰ੍ਹਾਂ ਦੀਆਂ ਮਿਲ ਜਾਂਦੀਆਂ ਹਨ ਜਿਥੇ ਜਨਤਾ ਭੇਡਾਂ ਵਾਂਗ ਆਗੂ ਦੇ ਪਿਛੇ ਪਿਛੇ ਚਲ ਪੈਂਦੀ ਹੈ ਤੇ ਜਿੰਨੀਆਂ ਵੱਡੀਆਂ ਭੇਡਾਂ ਦੀ ਗਿਣਤੀ, ਓਨੀ ਵੱਡੀ ਰਕਮ ਲੈ ਕੇ,ਆਗੂ ਵਿਕ ਜਾਂਦਾ ਹੈ। ਇਸੇ ਲਈ ਅਸੀ ਭਾਰਤੀ ਸਿਆਸਤ ਵਿਚ ਪਾਰਟੀਆਂ ਤੇ ਨਿਜੀ ਲਾਭ ਲਈ ਕੰਮ ਕਰਦੇ ਆਗੂ ਲੰਗੂਰਾਂ ਵਾਂਗ ਛਲਾਂਗਾਂ ਮਾਰਦੇ ਵੇਖੇ ਹਨ। ਕਈ ਵਾਰ ਤਾਂ ਇਹ ਵੀ ਵੇਖਿਆ ਹੈ ਕਿ ਜੋ ਸ਼ਬਦ ਮੋਦੀ ਵਾਸਤੇ ਆਖੇ ਗਏ, ਪਾਰਟੀ ਬਦਲਣ ਤੋਂ ਬਾਅਦ ਉਹੀ ਸ਼ਬਦ ਸੋਨੀਆ ਗਾਂਧੀ ਵਾਸਤੇ ਦੁਹਰਾਏ ਗਏ। ਪਰ ਜਦ ਲੋਕ ਇਸ ਦਲਬਦਲੀ ਨੂੰ ਸਵੀਕਾਰਨ ਲੱਗ ਪਏ ਤਾਂ ਸਿਆਸਤਦਾਨਾਂ ਨੇ ਵੀ ਅਪਣਾ ਚਰਿੱਤਰ ਢਿੱਲਾ ਕਰ ਦਿਤਾ। ਹੁਣ ਇਸ ਅੰਦੋਲਨ ਦੇ ਬਾਅਦ ਕੀ ਹੋਵੇਗਾ? ਕੀ ਇਸ ਦਾ ਅਸਰ ਸਿਆਸਤਦਾਨਾਂ ਤੇ ਖ਼ਾਸ ਕਰ ਕੇ 2022 ਦੀਆਂ ਪੰਜਾਬ ਚੋਣਾਂ 'ਤੇ ਪਵੇਗਾ?

ਅੱਜ ਕਿਸਾਨਾਂ ਦੀ ਤਾਕਤ ਵੇਖ ਕੇ ਸਿਆਸਤਦਾਨ, ਖ਼ਾਸ ਕਰ ਕੇ ਵਿਰੋਧੀ ਧਿਰ ਦਾ ਸਿਆਸਤਦਾਨ, ਕਿਸਾਨ ਦੇ ਨੇੜੇ ਢੁਕਦਾ ਜਾ ਰਿਹਾ ਹੈ। ਜੋ ਕਿਸਾਨਾਂ ਨਾਲ ਨਹੀਂ ਖੜਾ, ਉਸ ਨੂੰ ਤਾਂ ਪਿੰਡਾਂ ਵਿਚ ਵੜਨ ਸਮੇਂ ਅਪਣੀ ਜਾਨ ਆਪ ਹੀ ਬਚਾਉਣੀ ਪੈਂਦੀ ਹੈ। ਕਿਸਾਨ ਅੱਜ ਕਾਂਗਰਸ ਦੇ ਸਮਰਥਨ ਤੇ ਸਾਥ ਕਾਰਨ ਉਨ੍ਹਾਂ ਨੂੰ ਪ੍ਰਦਰਸ਼ਨਾਂ ਤੋਂ ਭਜਾ ਨਹੀਂ ਰਹੇ ਪਰ ਕਿਸੇ ਮੰਚ 'ਤੇ ਚੜ੍ਹਨ ਵੀ ਨਹੀਂ ਦੇ ਰਹੇ। ਕਿਸਾਨਾਂ ਨੇ ਦਿੱਲੀ ਵਿਚ 'ਆਪ' ਵਿਰੁਧ ਇਸ ਤਰ੍ਹਾਂ ਰੌਲਾ ਪਾਇਆ ਕਿ 'ਆਪ' ਪਾਰਟੀ ਦੇ ਵਲੰਟੀਅਰ, ਸਿੰਘੂ ਬਾਰਡਰ ਤੇ ਕੰਮ ਕਰ ਰਹੇ ਹਨ ਪਰ ਇਕ ਵੀ ਥਾਂ ਟੋਪੀ ਜਾਂ ਅਰਵਿੰਦ ਕੇਜਰੀਵਾਲ ਦੀ ਤਸਵੀਰ ਨਹੀਂ ਲਗਾਈ ਗਈ। ਉਹ ਪਹਿਚਾਣ ਵਾਸਤੇ 'ਸੇਵਾਦਾਰ' ਦਾ ਲੋਗੋ ਲਗਾ ਕੇ ਘੁੰਮਦੇ ਨਜ਼ਰ ਆਉਂਦੇ ਹਨ।

ਹੁਣ ਜਦ ਕਿਸਾਨ ਨੇ ਅਪਣੀ ਤਾਕਤ ਵੇਖ ਲਈ ਹੈ, ਉਹ 2022 ਵਿਚ ਸਿਆਸਤਦਾਨਾਂ ਨੂੰ ਸਮਰਥਨ ਦੇਣ ਦੀ ਗੱਲ ਕਿਉਂ ਕਰੇਗਾ? ਪੰਜਾਬ ਵਿਚ ਭਾਜਪਾ ਤੇ 'ਆਪ' 2022 ਵਿਚ ਬਣਾਏ ਜਾ ਰਹੇ 'ਕੇਕ' ਵਿਚੋਂ ਵੱਡਾ ਹਿੱਸਾ ਚਾਹੁੰਦੀਆਂ ਹਨ ਤੇ ਕਾਂਗਰਸ ਅਪਣੇ ਆਪ ਨੂੰ ਖੇਤੀ ਬਿਲ ਵਾਪਸ ਹੋਣ ਦੇ ਬਾਅਦ ਕਿਸਾਨ ਨਾਲ ਖੜੇ ਹੋਣ ਸਦਕਾ ਅਪਣੀ ਜਿੱਤ ਪੱਕੀ ਸਮਝ ਬੈਠੀ ਹੈ। ਅਕਾਲੀ ਦਲ ਬਾਦਲ ਦਾ ਨਾਮ ਤਾਂ ਅੱਜ ਗਿਣਤੀ ਵਿਚ ਹੀ ਨਹੀਂ ਆ ਰਿਹਾ। ਉਹ ਤਾਂ ਅਪਣਾ ਮੂੰਹ ਬਚਾਉਣ ਦੀ ਹੀ ਸੋਚ ਵਿਚ ਡੁੱਬੇ ਹਨ। ਜਦ ਨਿਰਪੱਖ ਇਤਿਹਾਸ ਲਿਖਿਆ ਜਾਵੇਗਾ ਤਾਂ ਇਨ੍ਹਾਂ ਸਿਆਸਤਦਾਨਾਂ ਦੀਆਂ ਟਰੈਕਟਰ ਰੈਲੀਆਂ ਜਾਂ ਵੱਡੇ ਇਕੱਠਾਂ ਦਾ ਜ਼ਿਕਰ ਵੀ ਨਹੀਂ ਕੀਤਾ ਜਾਵੇਗਾ। ਸ਼ਾਇਦ ਅੱਜ ਪੰਜਾਬ ਦੇ ਸਾਰੇ ਸਿਆਸਤਦਾਨ, ਇਸ ਜਾਗਰੂਕ ਨਾਗਰਿਕ ਨਾਲ ਖੜੇ ਹੋਣ ਵਾਸਤੇ ਤਿਆਰ ਨਹੀਂ।

ਇਕ ਗੱਲ ਤਾਂ ਸਾਫ਼ ਹੈ ਕਿ ਕਿਸਾਨ ਹੁਣ ਅੰਦੋਲਨ ਜਿੱਤ ਕੇ ਹੀ ਮੁੜੇਗਾ ਤੇ ਜਦ ਮੁੜੇਗਾ ਤਾਂ ਉਹ ਰਵਾਇਤੀ ਸਿਆਸੀ ਲੋਕਾਂ ਦੇ ਪਿੱਛੇ ਲੱਗਣ ਵਾਸਤੇ ਤਿਆਰ ਨਹੀਂ ਹੋਵੇਗਾ। ਪੰਜਾਬ ਦੀਆਂ ਚੋਣਾਂ ਜੇ ਅੱਜ ਹੋ ਜਾਂਦੀਆਂ ਹਨ ਤਾਂ ਕਾਂਗਰਸ ਸਾਰੇ ਅੰਨ੍ਹਿਆਂ ਵਿਚੋਂ ਕਾਣਾ ਰਾਜਾ ਬਣ ਹੀ ਜਾਂਦੀ ਪਰ ਵੋਟਾਂ ਅੱਜ ਤੋਂ ਡੇਢ ਸਾਲ ਬਾਅਦ ਪੈਣੀਆਂ ਹਨ। ਕਾਂਗਰਸ ਅੱਜ ਵੀ ਬਹੁਤ ਕਮਜ਼ੋਰ ਹੈ। ਉਨ੍ਹਾਂ ਨੂੰ ਅਜੇ ਵੀ ਲਗਦਾ ਹੈ ਕਿ ਕੁੱਝ ਗਰਮ ਬਿਆਨ ਜਾਰੀ ਕਰਨ ਨਾਲ ਵੋਟ ਪੈ ਹੀ ਜਾਣਗੇ। ਪਰ ਅੱਜ ਦੀ ਹਕੀਕਤ ਇਹ ਹੈ ਕਿ ਚਾਰ ਸਾਲਾਂ ਵਿਚ ਕਾਂਗਰਸ ਸਰਕਾਰ ਵਲੋਂ ਇਕ ਵੀ ਮਾਫ਼ੀਆ ਕਾਬੂ ਵਿਚ ਨਹੀਂ ਕੀਤਾ ਗਿਆ। ਕਾਬੂ ਨਾ ਹੋਣ ਪਿਛੇ ਦਾ ਕਾਰਨ ਨੀਤੀ ਦੀ ਘਾਟ ਸੀ। 

ਇਸ ਤੇ ਵਿਚਾਰ ਕੀਤਾ ਜਾ ਸਕਦਾ ਹੈ ਪਰ ਘਾਟ ਤੇ ਕੋਈ ਦੋ ਰਾਏ ਨਹੀਂ ਅਤੇ ਇਹ ਪੰਜਾਬ ਸਰਕਾਰ ਦੀ ਅਪਣੀ ਰੀਪੋਰਟ ਪੇਸ਼ ਕਰਦੀ ਹੈ। ਜਦ ਤਾਲਾਬੰਦੀ ਵਿਚ ਪੰਜਾਬ 'ਚ ਸ਼ਰਾਬ ਮਾਫ਼ੀਆ ਨੇ ਹਦ ਹੀ ਕਰ ਦਿਤੀ ਤੇ ਸੈਂਕੜੇ ਲੋਕ ਨਕਲੀ ਦੇਸੀ ਸ਼ਰਾਬ ਕਾਰਨ ਮਾਰੇ ਗਏ ਤਾਂ ਪੰਜਾਬ ਸਰਕਾਰ ਨੂੰ ਸ਼ਰਮੋ ਸ਼ਰਮੀ ਕੰਮ ਕਰਨਾ ਪਿਆ। ਉਸ ਦਾ ਸਿੱਟਾ ਇਹ ਨਿਕਲਿਆ ਕਿ ਅਪ੍ਰੇਸ਼ਨ ਰੈੱਡ ਰੋਜ਼ ਵਿਚ ਸ਼ਰਾਬ ਮਾਫ਼ੀਆ ਦੇ ਛੋਟੇ ਬੰਦਿਆਂ ਨੂੰ ਫੜਿਆ ਗਿਆ। ਇਸ ਛੋਟੇ ਮਾਫ਼ੀਆ ਦੇ ਕਾਬੂ ਹੋਣ ਨਾਲ ਸਰਕਾਰ ਨੂੰ 10 ਫ਼ੀ ਸਦੀ ਮੁਨਾਫ਼ਾ ਹੋਇਆ। 2018-19 ਵਿਚ ਕੋਈ ਵਾਧਾ ਨਹੀਂ। 2019-20 ਵਿਚ 4.1 ਫ਼ੀ ਸਦੀ ਅਤੇ 2020-21 ਵਿਚ ਤਿੰਨ ਮਹੀਨਿਆਂ ਦੀ ਸਖ਼ਤਾਈ ਨਾਲ 10.7 ਫ਼ੀ ਸਦੀ ਮੁਨਾਫ਼ਾ ਵਧਿਆ। 

ਜੇਕਰ ਕਾਂਗਰਸ ਸਰਕਾਰ ਸਾਫ਼ ਨੀਯਤ ਨਾਲ ਅਪਣੀਆਂ ਨੀਤੀਆਂ ਲਾਗੂ ਕਰਦੀ ਤਾਂ ਪੰਜਾਬ ਵਿਚ ਅੱਜ ਕਮੀ ਕੋਈ ਨਹੀਂ ਸੀ ਹੋਣੀ ਪਰ ਕਾਂਗਰਸ ਸਰਕਾਰ ਨੇ ਚਾਰ ਸਾਲ ਬਰਬਾਦ ਕਰ ਦਿਤੇ। ਨਸ਼ੇ ਤੇ ਵੀ ਕੁੱਝ ਸਮੇਂ ਵਾਸਤੇ ਕੰਮ ਹੋਇਆ ਤੇ ਫਿਰ ਸੱਭ ਕੁੱਝ ਪਹਿਲਾਂ ਵਾਂਗ ਹੀ ਹੋ ਗਿਆ ਸੀ ਤੇ ਕੁੱਝ ਮਹੀਨਿਆਂ ਵਿਚ ਸ਼ਰਾਬ ਮਾਫ਼ੀਆ ਵੀ ਵਾਪਸ ਆ ਜਾਵੇਗਾ। ਪਰ ਜਿਵੇਂ ਦਿੱਲੀ ਦੀ ਸਰਕਾਰ ਹਿਲੀ ਹੋਈ ਹੈ, ਹੁਣ ਜਾਪਦਾ ਹੈ ਸਮਾਂ ਆਉਣ ਲੱਗਾ ਹੈ ਜਦ ਪੰਜਾਬ ਦੀ ਸਾਰੀ ਸਿਆਸਤ ਵੀ ਹਿਲਣ ਲੱਗ ਜਾਏਗੀ। ਜਿੱਤ ਕੇ ਆਏ ਕਿਸਾਨ ਭਾਵੇਂ ਇਕ ਨਵੀਂ ਪਾਰਟੀ ਬਣਾਉਣ ਤੇ  ਭਾਵੇਂ ਨੌਜਵਾਨਾਂ ਸਾਹਮਣੇ ਆਉਣ, ਕੁੱਝ ਨਵਾਂ ਭੂਚਾਲ ਆਵੇਗਾ ਜ਼ਰੂਰ ਜੋ ਪੰਜਾਬ ਨੂੰ ਰਵਾਇਤੀ ਸਿਆਸਤਦਾਨਾਂ ਦੇ ਹੋਛੇ ਹੱਥਕੰਡਿਆਂ ਤੋਂ ਨਿਜਾਤ ਦਿਵਾ ਸਕਦਾ ਹੈ। ਦਿੱਲੀ ਧਰਨੇ ਵਿਚੋਂ ਕਿਸਾਨੀ ਝੰਡਿਆਂ ਨੂੰ ਛੱਡ ਕੇ ਬਾਕੀ ਸਾਰੇ ਝੰਡੇ, ਬਾਹਰ ਕੱਢ ਦੇਣ ਦਾ ਇਸ਼ਾਰਾ ਸਪੱਸ਼ਟ ਹੀ ਹੈ। ਇਕ ਜਾਗਰੂਕ ਨਾਗਰਿਕ ਅਤੇ ਮਾਇਆ ਦੇ ਮੋਹ ਤੋਂ ਮੁਕਤ ਆਗੂ ਹੀ ਪੰਜਾਬ ਨੂੰ ਜ਼ਮੀਨ, ਸ਼ਰਾਬ, ਨਸ਼ਾ, ਮਾਫ਼ੀਆ ਤੋਂ ਆਜ਼ਾਦ ਕਰਵਾਉਣ ਦੀ ਤਾਕਤ ਰਖਦਾ ਹੈ।                  

(ਨਿਮਰਤ ਕੌਰ)