ਹੁਣ ਵੋਟਾਂ ਨੀਤੀਆਂ ਤੇ ਪ੍ਰਾਪਤੀਆਂ ਵੇਖ ਕੇ ਨਹੀਂ, ਚਿਹਰੇ ਵੇਖ ਕੇ ਦੇਣ ਦਾ ਰਿਵਾਜ ਸ਼ੁਰੂ ਹੋ ਗਿਆ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਗੋਆ ਤੇ ਉਤਰਾਖੰਡ ਵਿਚ ਕਾਂਗਰਸ ਦਾ ਵੋਟ ਸ਼ੇਅਰ ਉਨਾ ਹੀ ਘੱਟ ਗਿਆ ਹੈ ਜਿੰਨਾ ‘ਆਪ’ ਦਾ ਵਧਿਆ ਹੈ ਅਤੇ ਇਹੀ ਹੁੰਦਾ ਗੁਜਰਾਤ ਵਿਚ ਵੀ ਨਜ਼ਰ ਆਇਆ|

Rahul gandhi

 

ਚੋਣਾਂ ਦੇ ਨਤੀਜੇ ਅਜਿਹੇ ਆਏ ਹਨ ਕਿ ਹਰ ਪਾਰਟੀ ਨੂੰ ਖ਼ੁਸ਼ੀ ਮਨਾਉਣ ਦਾ ਕਾਰਨ ਵੀ ਲੱਭ ਪਿਆ ਹੈ| ਅੱਜ ਚੋਣਾਂ ਦੇ ਨਤੀਜੇ ਨਹੀਂ, ਕਿਸੇ ਕ੍ਰਿਕਟ ਲੜੀ ਦਾ ਫ਼ਾਈਨਲ ਹੁੰਦਾ ਤਾਂ ਸਭ ਤੋਂ ਅਵੱਲ ਖਿਡਾਰੀ ਯਾਨੀ ‘ਮੈਨ ਆਫ਼ ਦ ਮੈਚ’ ਦਾ ਖ਼ਿਤਾਬ ਨਰਿੰਦਰ ਮੋਦੀ ਨੂੰ ਦਿਤਾ ਜਾਂਦਾ| ਸਤਵੀਂ ਵਾਰ ਗੁਜਰਾਤ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਉਹ ਵੀ ਸਿਰਫ਼ ਇਸ ਲਈ ਕਿ ਗੁਜਰਾਤ ਅਪਣੇ ਪੁੱਤਰ ਨੂੰ ਜਿਤਾਣਾ ‘ਗੁਜਰਾਤੀ ਅਣਖ’ ਨੂੰ ਬਚਾਉਣ ਵਾਲਾ ਸ਼ੁਭ ਕੰਮ ਸਮਝਦਾ ਹੈ| ਸਤਵੀਂ ਵਾਰ ਅੱਜ ਤੋਂ ਪਹਿਲਾਂ ਗੁਜਰਾਤ ਦੇ ਹਰ ਚੋਣ ਨਤੀਜੇ ਨੂੰ ਪਾਰ ਕਰ ਕੇ ਭਾਜਪਾ ਨੂੰ 156 ਦੇ ਅੰਕੜੇ ਤਕ ਲਿਆਉਣ ਦਾ ਕੰਮ ਸਿਰਫ਼ ਮੋਦੀ ਹੀ ਕਰ ਸਕਦੇ ਸਨ| ਭਾਜਪਾ ਨੂੰ ਗੁਜਰਾਤ ਵਿਚ ਮਿਲੀ ਖ਼ੁਸ਼ੀ ਐਨੀ ਵੱਡੀ þ ਕਿ ਉਹ ਦਿੱਲੀ ਤੇ ਹਿਮਾਚਲ ਦੀ ਹਾਰ ਨੂੰ ਵੀ ਹਸਦੇ ਹਸਦੇ ਸਹਿ ਲਵੇਗੀ|

‘ਆਪ’ ਨੇ ਪਿਛਲੀਆਂ ਗੁਜਰਾਤ ਚੋਣਾਂ ਵਿਚੋਂ ਮਿਲੀ ਸਿਫ਼ਰ ਨੂੰ 5 ਤੇ ਲਿਆ ਕੇ ਅਪਣੇ ਆਪ ਨੂੰ ਇਕ ਰਾਸ਼ਟਰੀ ਪਾਰਟੀ ਜ਼ਰੂਰ ਬਣਾ ਲਿਆ ਹੈ| ਗੁਜਰਾਤ ਵਿਚ ਮਿਲੀਆਂ 5 ਸੀਟਾਂ, 15 ਫ਼ੀ ਸਦੀ ਮਿਲੀਆਂ ਵੋਟਾਂ ਦੇ ਅੰਕੜੇ ਤੋਂ ਕਾਫ਼ੀ ਘੱਟ ਹਨ ਪਰ ਫਿਰ ਇਹ ਵੀ ਇਕ ਵਧੀਆ ਸ਼ੁਰੂਆਤ ਹੈ ਅਤੇ ਕਾਂਗਰਸ ਨੂੰ ਹਟਾ ਕੇ ‘ਆਪ’ ਦਾ ਨਾਮ ਸਥਾਪਤ ਕਰਨ ਦਾ ਟੀਚਾ ਗੋਆ ਤੇ ਉਤਰਾਖੰਡ ਵਾਂਗ ਚੰਗੀ ਤਰ੍ਹਾਂ ਪੂਰਾ ਕਰ ਲਿਆ ਗਿਆ ਹੈ| ਉਨ੍ਹਾਂ ਦੇ ਵਿਹੜੇ ਤਾਂ ਦਿੱਲੀ ਦੀ ਐਮ.ਸੀ.ਡੀ. ਤੋਂ ਢੋਲ ਵਜਣੇ ਸ਼ੁਰੂ ਹੋ ਗਏ ਸਨ ਅਤੇ ਵਜਦੇ ਹੀ ਰਹਿਣਗੇ| ਕਾਂਗਰਸ ਨੇ ਵੀ ਆਖ਼ਰ ਇਕ ਸੂਬਾ ਭਾਜਪਾ ਤੋਂ ਖੋਹ ਵਿਖਾਇਆ ਅਤੇ ਦੇਸ਼ ਉਤੇ ਰਾਜ ਕਰ ਰਹੀ ਪਾਰਟੀ ਤੋਂ ਇਕ ਰਾਜ ਖੋਹਣਾ ਅਪਣੀ ਤਾਕਤ ਵਿਚ ਵਾਧੇ ਦਾ ਪ੍ਰਤੀਕ ਹੁੰਦਾ ਹੈ| ਕਾਂਗਰਸ ਨੇ ਗੁਜਰਾਤ ਵਿਚ ਬੁਰੀ ਤਰ੍ਹਾਂ ਮਾਰ ਜ਼ਰੂਰ ਖਾਧੀ ਹੈ ਪਰ ਕਾਂਗਰਸ ਵਲੋਂ ਰਾਜਸਥਾਨ ਅਤੇ ਛੱਤੀਸਗੜ੍ਹ ਦੀ ਪੋਲ ਵਿਚ ਅਪਣੀਆਂ ਸੀਟਾਂ ਜਿੱਤ ਲੈਣ ਨਾਲ ਆਉਣ ਵਾਲੀਆਂ ਰਾਜਸਥਾਨ ਚੋਣਾਂ ਵਾਸਤੇ ਵੀ ਚੰਗੇ ਸੰਕੇਤ ਮਿਲੇ ਹਨ| ਹਿਮਾਚਲ ਦੀ ਜਿੱਤ ਨਾਲ ਕਾਂਗਰਸ ਨੇ ਇਹ ਸੰਕੇਤ ਵੀ ਦੇ ਦਿਤੇ ਹਨ ਕਿ ਕਾਂਗਰਸ ਇਲਾਕਾਈ ਪਾਰਟੀ ਨਹੀਂ ਤੇ ਇਸ ਦੀਆਂ ਜੜ੍ਹਾਂ ਹਰ ਸੂਬੇ ਵਿਚ ਹਰੀਆਂ ਭਰੀਆਂ ਹਨ| ਲੱਡੂ ਤਾਂ ਵੰਡੇ ਜਾਣੇ ਬਣਦੇ ਹੀ ਹਨ|  

ਇਨ੍ਹਾਂ ਚੋਣਾਂ ਨੂੰ 2024 ਦੀ ਝਲਕ ਮੰਨਿਆ ਜਾ ਰਿਹਾ ਹੈ| ਇਕ ਗੱਲ ਸਾਫ਼ ਹੈ ਕਿ ਅੱਜ ਵੋਟਰ ਦੀ ਪਹਿਲੀ ਪਸੰਦ ਨੀਤੀਆਂ ਤੇ ਪ੍ਰਾਪਤੀਆਂ ਨਾਲੋਂ ਜ਼ਿਆਦਾ ਲੀਡਰ ਦਾ ਚਿਹਰਾ ਬਣ ਗਿਆ ਹੈ| ਗੁਜਰਾਤ ਵਿਚ ਪ੍ਰਧਾਨ ਮੰਤਰੀ ਦਾ ਚਿਹਰਾ ਵੋਟ ਖਿਚਦਾ ਸੀ ਤਾਂ ਦਿੱਲੀ ਵਿਚ ਪ੍ਰਧਾਨ ਮੰਤਰੀ ਦੀ ਉਥੇ ਪੱਕੀ ਮੌਜੂਦਗੀ ਦੇ ਬਾਵਜੂਦ, ਦਿੱਲੀ ਦਾ ਮਨਪਸੰਦ ਚਿਹਰਾ ਕੇਜੀਰਵਾਲ ਬਣ ਗਿਆ ਹੈ| ਗੁਜਰਾਤ ਨੇ ਵੀ 15 ਫ਼ੀ ਸਦੀ ਵੋਟ ਦੇ ਕੇ ਕੇਜਰੀਵਾਲ ਨੂੰ ਵੱਡਾ ਹੌਂਸਲਾ ਦਿਤਾ ਹੈ ਪਰ ਕਾਂਗਰਸ ਕੋਲ ਅਜੇ ਅਜਿਹਾ ਚਿਹਰਾ ਕੋਈ ਨਹੀਂ ਬਣ ਸਕਿਆ ਤੇ ਜਦ ਵੀ ਲੜਾਈ ਚਿਹਰਿਆਂ ਤੇ ਆਵੇਗੀ, ਕਾਂਗਰਸ ਹਾਰ ਜਾਵੇਗੀ| ਰਾਹੁਲ ਗਾਂਧੀ ਨੂੰ ਕਿਸੇ ਤਰ੍ਹਾਂ ਵੀ ਹੁਣ ਪੱਪੂ ਨਹੀਂ ਕਿਹਾ ਜਾ ਸਕਦਾ ਪਰ ਉਹ ਅਜਿਹੀ ਸ਼ਖ਼ਸੀਅਤ ਵੀ ਨਹੀਂ ਜੋ ਇਕ ਰਵਾਇਤੀ ਸਿਆਸਤਦਾਨ ਵਾਂਗ ਮੰਚਾਂ ਤੇ ਖੜੇ ਹੋ ਕੇ ਉਹ ਕੁੱਝ ਬੋਲੇ ਜੋ ਲੋਕ ਸੁਣਨਾ ਚਾਹੁੰਦੇ ਹਨ, ਭਾਵੇਂ ਉਹ ਗੱਲ ਨਿਰੀ ਝੂਠੀ ਹੀ ਹੋਵੇ| ਇਸ ਕਾਰਨ ਜਦ ਵੀ ਮੁਕਾਬਲਾ ਤਿਕੋਣਾ ਹੁੰਦਾ þ ਯਾਨੀ ਜਦ ‘ਆਪ’ ਮੁਕਾਬਲੇ ਵਿਚ ਅਪਣਾ ਚਿਹਰਾ ਲੈ ਕੇ ਆ ਜਾਂਦੀ ਹੈ ਤਾਂ ਕਾਂਗਰਸ ਹਾਰ ਜਾਂਦੀ ਹੈ|

ਗੋਆ ਤੇ ਉਤਰਾਖੰਡ ਵਿਚ ਕਾਂਗਰਸ ਦਾ ਵੋਟ ਸ਼ੇਅਰ ਉਨਾ ਹੀ ਘੱਟ ਗਿਆ ਹੈ ਜਿੰਨਾ ‘ਆਪ’ ਦਾ ਵਧਿਆ ਹੈ ਅਤੇ ਇਹੀ ਹੁੰਦਾ ਗੁਜਰਾਤ ਵਿਚ ਵੀ ਨਜ਼ਰ ਆਇਆ| 2017 ਵਿਚ ਕਾਂਗਰਸ ਕੋਲ 41.4 ਫ਼ੀ ਸਦੀ ਵੋਟ ਸੀ ਤੇ ਇਸ ਵਾਰ 27 ਫ਼ੀ ਸਦੀ ਰਹਿ ਗਈ| ਜਿਹੜੀ ਵੋਟ ‘ਆਪ’ ਨੇ ਖੋਹ ਲਈ, ਉਸ ਨੇ ਕਾਂਗਰਸ ਦੀਆਂ ਸੀਟਾਂ 2017 ਦੀਆਂ 77 ਤੋਂ ਇਸ ਵਾਰ 17 ਕਰ ਦਿਤੀਆਂ ਹਨ ਅਤੇ ਫ਼ਾਇਦਾ ਭਾਜਪਾ ਨੂੰ ਹੋਇਆ| ਜੇ ਗੁਜਰਾਤ ਵਿਚ ਤੀਜਾ ਧੜਾ ਨਾ ਹੁੰਦਾ ਤਾਂ ਹਿਮਾਚਲ ਵਾਂਗ ਗੁਜਰਾਤ ਵਿਚ ਨਤੀਜੇ ਕੁੱਝ ਹੋਰ ਹੀ ਹੁੰਦੇ| ਜਿਥੇ ਕਾਂਗਰਸ ਦਾ ਬਦਲ ‘ਆਪ’ ਬਣਨਾ ਚਾਹੁੰਦੀ ਹੈ, ਭਾਜਪਾ ਦਾ ਬਦਲ ਬਣਨ ਵਾਲੀ ਕੋਈ ਪਾਰਟੀ ਨਹੀਂ ਅਤੇ ਦੋ ਬਿੱਲੀਆਂ ਦੀ ਲੜਾਈ ਵਿਚ ਫ਼ਾਇਦਾ ਭਾਜਪਾ ਲੈ ਜਾਂਦੀ ਰਹੇਗੀ| ਇਹੀ ਤਸਵੀਰ 2024 ਵਿਚ ਨਿਕਲ ਕੇ ਆਵੇਗੀ ਅਤੇ ਇਹ ਨਿਰਭਰ ਕਰੇਗਾ ਇਸ ਗੱਲ ਤੇ ਕਿ ਉਦੋਂ ‘ਆਪ’ ਕਿੰਨੀਆਂ ਸੀਟਾਂ ਤੋਂ ਲੜੇਗੀ| ਜੇ ਉਹ ਸਾਰੇ ਦੇਸ਼ ਵਿਚ ਮੁਕਾਬਲਾ ਕਰੇਗੀ ਤਾਂ ਵਿਰੋਧੀ ਸੋਚ ਵਾਲੇ ਵੋਟਰ ਵੰਡ ਜਾਣਗੇ ਅਤੇ ਭਾਜਪਾ ਹੀ ਜੇਤੂ ਰਹੇਗੀ|                     -ਨਿਮਰਤ ਕੌਰ