Bandi Singh ਤਾਂ ਕਈ ਸਾਲ ਪਹਿਲਾਂ ਹੀ ਆਜ਼ਾਦੀ ਪ੍ਰਾਪਤ ਕਰ ਲੈਂਦੇ ਜੇ ਪੰਥ ਦੇ ਅਖੌਤੀ ਲੀਡਰਾਂ ਦੇ ਮਨ ਸਾਫ਼ ਹੁੰਦੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਬਾਦਲ ਅਕਾਲੀ ਦਲ ਦੀ ਇਕ ਐਸਜੀਪੀਸੀ ਮੈਂਬਰ ਬੀਬੀ ਕਿਰਨਜੋਤ ਕੌਰ ਕਹਿੰਦੇ ਹਨ ਕਿ ਐਸਜੀਪੀਸੀ ਨੇ ਵਕੀਲਾਂ ’ਤੇ ਲੱਖਾਂ ਰੁਪਏ ਖ਼ਰਚ ਕਰ ਦਿਤੇ, ਹੋਰ ਕੀ ਕਰਦੀ?

Bandi Singh

Bandi Singh:  ਦਹਾਕਿਆਂ ਤੋਂ ਜੇਲਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੁਣ ਸੱਤਾ ’ਤੋਂ ਵਾਂਝਾ ਅਕਾਲੀ ਦਲ, ਮਜਬੂਰੀ ਵੱਸ ਚੁੱਕਣ ਦਾ ਯਤਨ ਕਰ ਰਿਹਾ ਹੈ। ਸਿਆਸਤਦਾਨਾਂ ਦੇ ਆਦੇਸ਼ ਅਨੁਸਾਰ ਸਾਰੇ ਧਾਰਮਕ ਆਗੂ ਵੀ ਮਾਮਲਾ ਚੁੱਕ ਰਹੇ ਹਨ ਤੇ ਸਿਆਸਤਦਾਨ ਬਿਆਨਬਾਜ਼ੀ ਕਰ ਰਹੇ ਹਨ। ਦਿੱਲੀ ਵਾਲਿਆਂ ਦਾ ਕਹਿਣਾ ਹੈ ਕਿ ਮਾਮਲਾ ਕਾਨੂੰਨ ਅਨੁਸਾਰ ਹੀ ਤੈਅ ਹੋਵੇਗਾ।

ਬਾਦਲ ਅਕਾਲੀ ਦਲ ਦੀ ਇਕ ਐਸਜੀਪੀਸੀ ਮੈਂਬਰ ਬੀਬੀ ਕਿਰਨਜੋਤ ਕੌਰ ਕਹਿੰਦੇ ਹਨ ਕਿ ਐਸਜੀਪੀਸੀ ਨੇ ਵਕੀਲਾਂ ’ਤੇ ਲੱਖਾਂ ਰੁਪਏ ਖ਼ਰਚ ਕਰ ਦਿਤੇ, ਹੋਰ ਕੀ ਕਰਦੀ? ਇਹ ਸਾਰੇ ਦੇ ਸਾਰੇ ਇਕ ਪਲ ਵਾਸਤੇ ਵੀ ਸਿੱਖ ਨਸਲਕੁਸ਼ੀ ਦੇ ਦਰਦ ਨੂੰ ਬਿਨਾਂ ਸਮਝੇ ਅਪਣੀ ਗਵਾਚ ਚੁੱਕੀ ਸਾਖ ਨੂੰ ਬਹਾਲ ਕਰਨ ਵਾਸਤੇ ਆਮ ਸਿੱਖ ਦੇ ਮਨ ਵਿਚ ਰਿਸਦੇ ਜ਼ਖ਼ਮਾਂ ਉਤੇ ਲੂਣ ਹੀ ਛਿੜਕ ਰਹੇ ਹਨ।

ਅੱਜ ਕੋਈ ਸੱਚਾ ਸਿੱਖ ਆਗੂ ਹੁੰਦਾ ਤਾਂ ਉਹ ਅਦਾਲਤਾਂ ਤੇ ਸਰਕਾਰਾਂ ਸਾਹਮਣੇ ਦਲੀਲ ਪੇਸ਼ ਕਰਦਾ ਤੇ ਆਖਦਾ ਕਿ ਇਹ ਕਾਨੂੰਨੀ ਮੁੱਦਾ ਨਹੀਂ, ਇਹ ਸਿਆਸੀ ਲਾਹੇ ਲੈਣ ਦਾ ਵਕਤ ਨਹੀਂ, ਇਹ ਸਿੱਖ ਕੌਮ ਦੀ ਰੂਹ ਨੂੰ ਲੱਗੀ ਠੇਸ ਨੂੰ ਮਲ੍ਹਮ ਲਗਾਉਣ ਦਾ ਮਾਮਲਾ ਹੈ। ਅੱਜ ਵਾਰ-ਵਾਰ ਪ੍ਰਧਾਨ ਮੰਤਰੀ ਸਿੱਖ ਕੌਮ ਨੂੰ ਆਖਦੇ ਹਨ ਕਿ ਉਹ ਉਨ੍ਹਾਂ ਦੇ ਅਪਣੇ ਹਨ, ਭਾਜਪਾ ਸਰਕਾਰ ਸਿੱਖਾਂ ਤੇ ਪੰਜਾਬ ਪ੍ਰਤੀ ਬੇਹੱਦ ਸਤਿਕਾਰ ਰਖਦੀ ਹੈ।

ਤਾਂ ਫਿਰ ਕੋਈ ਅੱਜ ਖੜਾ ਹੋ ਕੇ ਪੁਛਦਾ ਕਿਉਂ ਨਹੀਂ ਕਿ, ਜੋ ਕੁੱਝ ਬੰਦੀ ਸਿੰਘਾਂ ਨੇ ਕੀਤਾ, ਕੀ ਉਹ ਸਰਕਾਰ ਵਿਰੁਧ ਸਾਜ਼ਿਸ਼ ਸੀ ਜਾਂ ਸਰਕਾਰਾਂ ਦੀ ਸਿੱਖ ਨੌਜਵਾਨਾਂ ਨੂੰ ਖ਼ਤਮ ਕਰ ਦੇਣ ਦੀ ਨੀਤੀ ਵਿਰੁਧ ਸ਼ਹੀਦ ਭਗਤ ਸਿੰਘ ਤੇ ਊਧਮ ਸਿੰਘ ਵਰਗਾ ਜ਼ੋਰਦਾਰ, ਭਾਵੇਂ ਲੋੜ ਤੋਂ ਜ਼ਿਆਦਾ ਰੋਸ ਪ੍ਰਗਟਾਵਾ ਸੀ? ਉਸ ਵਕਤ ਜੋ ਕੁੱਝ ਸਰਕਾਰ, ਨਿਆਂਪਾਲਿਕਾ ਤੇ ਅਫ਼ਸਰਸ਼ਾਹੀ ਨੇ ਕੀਤਾ, ਕੀ ਉਹ ਸਹੀ ਸੀ?

ਜੇ ਉਸ ਸਮੇਂ ਦਰਬਾਰ ਸਾਹਿਬ ’ਤੇ ਹਮਲਾ ਨਾ ਕੀਤਾ ਹੁੰਦਾ, ਜੇ ਦਿੱਲੀ ਵਿਚ ਨਸਲਕੁਸ਼ੀ ਨਾ ਕੀਤੀ ਹੁੰਦੀ ਤਾਂ ਕੀ ਕਿਸੇ ਸਿੱਖ ਨੇ ਹਥਿਆਰ ਚੁਕਣਾ ਸੀ? ਇਹ ਦੇਸ਼ ਤਾਂ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਇਆ ਤੇ ਉਹੀ ਸਨ ਜੋ ਝੱਟ ਮਗਰੋਂ ਹੀ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਸਤੇ ਹਰਾ ਇਨਕਲਾਬ ਲਿਆਉਣ ਵਿਚ ਜੁਟ ਗਏ ਸਨ। ਉਹ ਕਿਉਂ ਦੇਸ਼ ਦੇ ਖ਼ਿਲਾਫ਼ ਹੁੰਦੇ? ਤੇ ਅੱਜ ਵੀ ਨਹੀਂ ਹਨ। ਕਿਉਂ ਭਾਰਤ ਨੂੰ ਛੱਡਣਗੇ ਜਦਕਿ ਉਸ ਨੂੰ ਆਜ਼ਾਦ ਕਰਵਾਉਣ ਵਿਚ ਉਨ੍ਹਾਂ ਅਪਣੇ ਖ਼ੂਨ ਦੇ ਦਰਿਆ ਵਹਾ ਦਿਤੇ ਤੇ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਦਿਤੀਆਂ?

ਪਰ ਸਾਡੇ ਆਗੂ ਬੜੇ ਕਠੋਰ ਹਨ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਕੇ.ਪੀ.ਐਸ. ਗਿੱਲ ਨੂੰ ਨੌਜਵਾਨਾਂ ਨਾਲ ਜੋ ਕਠੋਰ ਕਾਰਵਾਈ ਕਰਨ ਦੀ ਆਜ਼ਾਦੀ ਦਿਤੀ, ਉਹ ਜ਼ੁਲਮ ਦੀ ਹੱਦ ਸੀ। ਅਖੌਤੀ ਪੰਥਕ ਸਰਕਾਰ ਨੇ ਵੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾ ਕੇ ਖੁੱਲ੍ਹ ਦੇ ਦਿਤੀ ਸੀ। ਉਹੀ ਸੋਚ ਉਦੋਂ ਵੀ ਚਲ ਰਹੀ ਸੀ ਜਿਸ ਨੇ ਬਰਗਾੜੀ ਵਿਚ ਨਿਹੱਥੇ ਸਿੰਘਾਂ ਤੇ ਗੋਲੀਆਂ ਚਲਵਾਈਆਂ ਤੇ ਪੰਜਾਬ ਵਿਚ ਨਸ਼ੇ ਦਾ ਜਾਲ ਵਿਛਾਉਣ ਵਿਚ ਮਦਦ ਕੀਤੀ।

ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕੁੱਝ ਪਲਾਂ ਵਿਚ ਹੀ ਸਹੀ ਜਵਾਬ ਦੇ ਦਿਤਾ ਕਿ ਜੇ ਅਕਾਲੀ ਦਲ ਵਜ਼ੀਰੀਆਂ ਦੀ ਥਾਂ ਬੰਦੀ ਸਿੰਘਾਂ ਦੇ ਮਸਲੇ ਨੂੰ ਪਹਿਲ ਦੇਂਦਾ ਤਾਂ ਅੱਜ ਸਿੱਖ ਕੌਮ ਨਿਆਂ ਤੋਂ ਵਾਂਝੀ ਨਾ ਹੁੰਦੀ। ਪਰ ਅਫ਼ਸੋਸ ਕਿ ਬਾਦਲਾਂ ਦੀ ਅਖੌਤੀ ਪੰਥਕ ਪਾਰਟੀ ਨੇ ਇਨ੍ਹਾਂ ਜ਼ਖ਼ਮਾਂ ਨੂੰ ਰਿਸਦੇ ਰੱਖ ਕੇ ਇਕ ਮੁੱਦਾ ਅਪਣੇ ਔਖੇ ਸਮੇਂ ਵਿਚ ਚੁੱਕਣ ਲਈ ਬਚਾ ਕੇ ਰਖਿਆ ਹੋਇਆ ਹੈ।

ਇਨ੍ਹਾਂ ਨੇ ਸਿੱਖਾਂ ਨੂੰ ਆਪਸ ਵਿਚ ਵੰਡ ਕੇ ਇਸ ਦਾ ਗ਼ਲਤ ਫ਼ਾਇਦਾ ਹੀ ਉਠਾਇਆ ਹੈ। ਜਿਹੜਾ ਸਿੱਖ ਸਿੱਖੀ ਬਾਰੇ ਸੱਚ ਬੋਲਦਾ ਹੈ, ਉਸ ਪਿੱਛੇ ਅਪਣੇ ਟੀ.ਵੀ. ਚੈਨਲ, ਕੁੱਝ ਖ਼ਾਸ ਪਾਲਤੂ ਭੌਂਕੇ ਤੇ ਧਾਰਮਕ ਫ਼ਤਵੇ ਛੱਡ ਕੇ ਸੱਚ ਦੀ ਆਵਾਜ਼ ਦਬਾ ਲੈਣ ਦਾ ਕੰਮ ਸ਼ੁਰੂ ਕਰ ਦੇਂਦੇ ਹਨ। ਬੰਦੀ ਸਿੰਘਾਂ ਦੀ ਰਿਹਾਈ ਜੇ ਬਾਦਲ ਪ੍ਰਵਾਰ ਦਾ ਟੀਚਾ ਹੁੰਦਾ ਤਾਂ ਇਹ ਕਈ ਸਾਲ ਪਹਿਲਾਂ ਹੀ ਸਰ ਹੋ ਜਾਣਾ ਸੀ ਤੇ ਸਿੰਘਾਂ ਦੀ ਰਿਹਾਈ ਕਦੋਂ ਦੀ ਹੋ ਚੁੱਕੀ ਹੋਣੀ ਸੀ।

 ਅੱਜ ਦੀ ਬਿਆਨਬਾਜ਼ੀ ਸਿਰਫ਼ ਐਸਜੀਪੀਸੀ ਚੋਣਾਂ ਵਿਚ ਵੋਟਾਂ ਬਟੋਰਨ ਵਾਸਤੇ ਕੀਤੀ ਜਾ ਰਹੀ ਹੈ। ਅਸਲ ਵਿਚ ‘ਅਖੌਤੀ ਪੰਥਕ ਆਗੂ’ ਬੰਦੀ ਸਿੰਘਾਂ ਨੂੰ ਰਿਹਾਅ ਹੀ ਨਹੀਂ ਕਰਵਾਉਣਾ ਚਾਹੁੰਦੇ। ਉਹ ਸਿੰਘ ਬਾਹਰ ਆ ਕੇ ਇਨ੍ਹਾਂ ਨਕਲੀ ਸਿੱਖ ਲੀਡਰਾਂ ਨੂੰ ਸਿੱਖ ਵਿਰੋਧੀ ਸਿਧਾਂਤਾਂ ’ਤੇ ਚੱਲਣ ਬਦਲੇ ਚੁਨੌਤੀ ਜ਼ਰੂਰ ਦੇਂਦੇ। ਉਨ੍ਹਾਂ ਸਾਰੇ ਜੇਲ੍ਹਾਂ ਵਿਚ ਬੈਠੇ ਸਿੰਘਾਂ ਵਾਸਤੇ ਅਰਦਾਸ ਤੇ ਆਸ ਹੈ ਕਿ ਵਾਹਿਗੁਰੂ ਉਨ੍ਹਾਂ ਤੇ ਮਿਹਰ ਕਰਨਗੇ ਤੇ ਉਨ੍ਹਾਂ ਦੀ ਆਜ਼ਾਦੀ ਦਾ ਕੋਈ ਰਸਤਾ ਵੀ ਜ਼ਰੂਰ ਨਿਕਲੇਗਾ।  
-ਨਿਮਰਤ ਕੌਰ