'ਆਪ' ਪਾਰਟੀ ਦਾ ਪੰਜਾਬ ਵਿਚ ਏਨੀ ਛੇਤੀ ਇਹ ਹਾਲ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

'ਆਪ' ਨੇ ਕਿਸੇ ਨੂੰ ਕੱਢ ਦਿਤਾ ਹੈ, ਕਿਸੇ ਨੇ 'ਆਪ' ਨੂੰ ਛੱਡ ਦਿਤਾ ਹੈ......

Arvind Kejriwal

'ਆਪ' ਨੇ ਕਿਸੇ ਨੂੰ ਕੱਢ ਦਿਤਾ ਹੈ, ਕਿਸੇ ਨੇ 'ਆਪ' ਨੂੰ ਛੱਡ ਦਿਤਾ ਹੈ। ਪਰ ਇਕ-ਦੂਜੇ ਨੂੰ ਗਾਲਾਂ ਕਢਦੇ ਹੋਏ ਵੀ ਸਾਰੇ ਅਪਣੀ ਅਪਣੀ ਕੁਰਸੀ ਉਤੇ ਬੈਠੇ ਹੋਏ ਹਨ। ਇੱਕਾ-ਦੁੱਕਾ ਆਗੂ ਜਨਤਾ ਦੇ ਕੰਮ ਕਰ ਰਹੇ ਹਨ ਪਰ ਬਾਕੀ ਤਾਂ ਅਪਣੀ ਕੁਰਸੀ ਨਾਲ ਜੁੜੇ ਰਹਿਣ ਦੀਆਂ ਤਰਕੀਬਾਂ ਹੀ ਬਣਾ ਰਹੇ ਹਨ। ਕੀ ਕਮੀ ਸਾਡੇ ਪੰਜਾਬੀ ਸੁਭਾਅ ਵਿਚ ਹੈ ਜਿਸ ਕਾਰਨ ਅਸੀ ਲੜੇ ਭਿੜੇ ਬਿਨਾਂ, ਕਿਸੇ ਦੂਜੇ ਨਾਲ ਰਲ ਕੇ, ਚਲ ਹੀ ਨਹੀਂ ਸਕਦੇ? ਅੱਜ ਦੇ ਪੰਜਾਬੀ ਆਗੂਆਂ ਲਈ 'ਸਰਦਾਰੀ' ਦਾ ਮਤਲਬ ਮੈਂ ਤੋਂ ਸ਼ੁਰੂ ਹੋ ਕੇ ਮੈਂ ਉਤੇ ਹੀ ਕਿਉਂ ਖ਼ਤਮ ਹੋ ਜਾਂਦਾ ਹੈ? ਪੰਜਾਬ ਵਿਚ ਕਾਂਗਰਸ, ਅਕਾਲੀ ਦਲ (ਬਾਦਲ) ਸਾਰਿਆਂ ਵਿਚਕਾਰ ਅੰਦਰੂਨੀ ਝਗੜੇ ਚਲ ਰਹੇ ਹਨ।

ਪੰਜਾਬ ਵਿਚ ਪੰਜ ਸਾਲ ਪਹਿਲਾਂ ਇਕ ਅਜਿਹੀ 'ਹਨੇਰੀ' ਆਈ ਸੀ ਕਿ ਹਰ ਕੋਈ ਇਸ ਸਿਆਸੀ ਲਹਿਰ ਨੂੰ ਉਠ ਉਠ ਕੇ ਵੇਖਣ ਲੱਗ ਪਿਆ ਸੀ। ਇਸ ਲਹਿਰ ਨੂੰ ਭਾਰਤ ਦੇ 'ਆਮ ਆਦਮੀ' ਦੇ ਗੁੱਸੇ ਨੂੰ ਸ਼ਾਂਤਮਈ ਢੰਗ ਨਾਲ ਪੇਸ਼ ਕਰਨ ਵਾਲੀ ਲਹਿਰ ਵਜੋਂ ਲਿਆ ਜਾ ਰਿਹਾ ਸੀ। ਸੜਕਾਂ ਤੇ ਕਈ ਵਾਰ ਖ਼ੂਨੀ ਝੜਪਾਂ ਹੋਈਆਂ ਸਨ। ਆਮ ਆਦਮੀ ਪਲਾਂ ਅੰਦਰ ਕ੍ਰੋਧ ਵਿਚ ਕਮਲੀ ਭੀੜ ਬਣ ਰਿਹਾ ਸੀ। ਅੰਨਾ ਹਜ਼ਾਰੇ ਨੇ ਉਸ ਵੇਲੇ ਲੋਕਾਂ ਦੇ ਗੁੱਸੇ ਨੂੰ ਤਰਕ ਦਾ ਸਹਾਰਾ ਲੈਂਦਿਆਂ, ਇਕ ਲੋਕ ਲਹਿਰ ਬਣਾ ਲਿਆ ਸੀ। ਇਸ ਲਹਿਰ ਵਿਚੋਂ ਹੀ ਜਨਮੀ ਸੀ ਆਮ ਆਦਮੀ ਪਾਰਟੀ (ਆਪ)। 'ਆਪ' ਨੂੰ ਸੱਭ ਤੋਂ ਵੱਧ ਹੁੰਗਾਰਾ ਪੰਜਾਬ 'ਚੋਂ ਹੀ ਮਿਲਿਆ।

'ਆਪ' ਨੂੰ ਰਾਸ਼ਟਰੀ ਪਾਰਟੀ ਬਣਾਉਣ ਦਾ ਸਿਹਰਾ ਵੀ ਪੰਜਾਬ ਦੇ ਸਿਰ ਬੱਝਦਾ ਹੈ। ਪੰਜਾਬ ਤੋਂ ਹੁੰਗਾਰਾ ਕੀ ਮਿਲਿਆ, 'ਆਪ' ਨੇ ਦਿੱਲੀ ਨੂੰ ਵੀ ਫ਼ਤਿਹ ਕਰ ਲਿਆ। 
ਪਰ ਇਨ੍ਹਾਂ ਪੰਜ ਸਾਲਾਂ ਵਿਚ ਇਹ ਪਾਰਟੀ ਤੀਲਾ ਤੀਲਾ ਕਰ ਕੇ ਬਿਖਰਦੀ ਗਈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੌੜ ਇਹ ਲੱਗੀ ਹੋਈ ਸੀ ਕਿ ਪਾਰਟੀ ਲੀਡਰਾਂ 'ਚੋਂ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ? ਚਲੋ ਮੁੱਖ ਮੰਤਰੀ ਪਦ ਤਾਂ ਕਾਂਗਰਸ ਲੈ ਗਈ ਪਰ ਫਿਰ ਵੀ ਇਨ੍ਹਾਂ ਦੇ ਹੱਥ ਵਿਰੋਧੀ ਧਿਰ ਦਾ ਆਗੂ ਹੋਣ ਦਾ ਰੁਤਬਾ ਤਾਂ ਲੱਗ ਹੀ ਗਿਆ। ਪਰ ਦੋ ਸਾਲਾਂ ਵਿਚ 20 ਵਿਧਾਇਕ ਵੀ ਆਪਸ ਵਿਚ ਬਣਾ ਕੇ ਨਹੀਂ ਰੱਖ ਸਕੇ।

4 ਸੰਸਦ ਮੈਂਬਰਾਂ 'ਚੋਂ ਸਿਰਫ਼ ਡਾ. ਗਾਂਧੀ ਅਤੇ ਭਗਵੰਤ ਮਾਨ ਹੀ ਅਪਣੇ ਕੰਮ ਤੇ ਲੱਗੇ ਰਹੇ ਜਦਕਿ ਪੰਜਾਬ ਦੇ ਵਿਧਾਇਕ ਆਪਸੀ ਰੱਸਾ-ਕਸ਼ੀ ਵਿਚ ਹੀ ਉਲਝੇ ਰਹੇ। ਦਿੱਲੀ ਵਿਚ ਤਾਂ ਇਹ ਪਾਰਟੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੇਂਦਰੀ ਸੱਤਾ ਸਾਹਮਣੇ ਫਿਰ ਵੀ ਖੜੀ ਰਹਿ ਗਈ ਤੇ ਅਦਾਲਤ ਦੀ ਮਿਹਰ ਸਦਕਾ ਅਪਣਾ ਕੰਮ ਕਰਦੀ ਆ ਰਹੀ ਹੈ। ਦਿੱਲੀ ਵਿਚ ਲੋਕ 'ਆਪ' ਦੀ ਸਰਕਾਰ ਤੋਂ ਅੱਜ ਵੀ ਖ਼ੁਸ਼ ਲਗਦੇ ਹਨ। ਇਕ ਸਰਵੇਖਣ ਨੇ ਅੰਕੜੇ ਪੇਸ਼ ਕੀਤੇ ਹਨ ਜੋ ਦਸਦੇ ਹਨ ਕਿ ਦਿੱਲੀ ਦੇ ਲੋਕ ਅੱਜ ਵੀ 'ਆਪ' ਨੂੰ ਜਿਤਾਉਣ ਦੀ ਸੋਚ ਰਖਦੇ ਹਨ।

'ਆਪ' ਨੇ ਦਿੱਲੀ ਦੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਕੇਂਦਰ ਸਰਕਾਰ ਦੀਆਂ ਲੱਖਾਂ ਰੁਕਾਵਟਾਂ ਦੇ ਬਾਵਜੂਦ ਵੀ ਬਹੁਤ 'ਅੱਛਾ' ਬਣਾ ਦਿਤਾ ਹੈ। ਪਰ 'ਆਪ' ਨੇ ਪੰਜਾਬ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ। ਅੱਜ ਦੀ ਹਾਲਤ ਇਹ ਹੈ ਕਿ ਦੋ ਸੰਸਦ ਮੈਂਬਰ ਤਾਂ 'ਲਾਪਤਾ' ਹੀ ਹਨ। ਡਾ. ਗਾਂਧੀ ਅਪਣੀ ਪੰਜਾਬ ਵਿਕਾਸ ਐਸੋਸੀਏਸ਼ਨ ਬਣਾ ਚੁੱਕੇ ਹਨ। ਉਹ ਅਜੇ ਵੀ 'ਆਪ' ਦੇ ਬਾਕੀ ਸਾਰੇ ਬਾਗ਼ੀਆਂ ਨਾਲ ਖੜੇ ਜ਼ਰੂਰ ਹੁੰਦੇ ਹਨ ਪਰ ਉਨ੍ਹਾਂ ਦੀ ਜੋ ਸੋਚ ਹੈ, ਉਹ ਬਾਕੀਆਂ ਨਾਲੋਂ ਵੱਖ ਹੈ। ਮੁੱਦੇ ਦੀ ਗੱਲ ਕਰਨ ਵਾਲੇ ਡਾ. ਗਾਂਧੀ ਸਿਆਸਤ ਨਹੀਂ ਖੇਡ ਸਕਦੇ ਅਤੇ ਸ਼ਾਇਦ ਆਉਣ ਵਾਲੀਆਂ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਉਤਰਨਗੇ।

ਬੈਂਸ ਭਰਾਵਾਂ ਨੇ 'ਆਪ' ਦਾ ਹੱਥ ਫੜਿਆ, ਫਿਰ ਸੁਖਪਾਲ ਸਿੰਘ ਖਹਿਰਾ ਦਾ, ਪਰ ਅੱਜ ਉਹ ਵੀ 'ਆਪ' ਤੋਂ ਨਿਰਾਸ਼ ਜਾਪਦੇ ਹਨ ਅਤੇ ਹੁਣ ਟਕਸਾਲੀ ਆਗੂਆਂ ਨਾਲ ਗਠਜੋੜ ਦੀ ਉਡੀਕ ਵਿਚ ਹਨ। ਇਧਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬੀ ਏਕਤਾ ਪਾਰਟੀ ਬਣਾਉਣ ਦਾ ਐਲਾਨ ਕਰ ਦਿਤਾ ਹੈ। ਛੇ ਬਾਗ਼ੀ ਨਾਲ ਖੜੇ ਸਨ, ਪਰ ਕਿਸੇ ਨੇ 'ਆਪ' ਨੂੰ ਛੱਡਣ ਦਾ ਐਲਾਨ ਨਹੀਂ ਕੀਤਾ। ਖਹਿਰਾ ਹੁਣ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਰਹੇ ਹਨ। ਅਪਣੇ ਹਲਕੇ ਵਿਚੋਂ ਤਾਂ ਉਨ੍ਹਾਂ ਨੂੰ ਸਰਪੰਚ ਦੇ ਅਹੁਦੇ ਵਾਸਤੇ ਵੀ ਸਮਰਥਨ ਨਹੀਂ ਮਿਲਿਆ।

ਖਹਿਰਾ ਹਮੇਸ਼ਾ ਤੋਂ ਹੀ ਬਾਦਲ ਪ੍ਰਵਾਰ ਦੇ ਮੁੱਖ ਵਿਰੋਧੀ ਰਹੇ ਹਨ, ਸੋ ਸ਼ਾਇਦ ਹੁਣ ਉਥੇ ਪੈਦਾ ਹੋਈ ਬਾਦਲ-ਵਿਰੋਧੀ ਲਹਿਰ ਦਾ ਲਾਹਾ ਲੈਣ ਲਈ ਉਹ ਬਠਿੰਡਾ ਤੋਂ ਚੋਣ ਲੜ ਰਹੇ ਹਨ। 'ਆਪ' ਨੇ ਕਿਸੇ ਨੂੰ ਕੱਢ ਦਿਤਾ ਹੈ, ਕਿਸੇ ਨੇ 'ਆਪ' ਨੂੰ ਛੱਡ ਦਿਤਾ ਹੈ। ਪਰ ਇਕ-ਦੂਜੇ ਨੂੰ ਗਾਲਾਂ ਕਢਦੇ ਹੋਏ ਵੀ ਸਾਰੇ ਅਪਣੀ ਅਪਣੀ ਕੁਰਸੀ ਉਤੇ ਬੈਠੇ ਹੋਏ ਹਨ। ਇੱਕਾ-ਦੁੱਕਾ ਆਗੂ ਜਨਤਾ ਦੇ ਕੰਮ ਕਰ ਰਹੇ ਹਨ ਪਰ ਬਾਕੀ ਤਾਂ ਅਪਣੀ ਕੁਰਸੀ ਨਾਲ ਜੁੜੇ ਰਹਿਣ ਦੀਆਂ ਤਰਕੀਬਾਂ ਹੀ ਬਣਾ ਰਹੇ ਹਨ। ਕੀ ਕਮੀ ਸਾਡੇ ਪੰਜਾਬੀ ਸੁਭਾਅ ਵਿਚ ਹੈ ਜਿਸ ਕਾਰਨ ਅਸੀ ਲੜੇ ਭਿੜੇ ਬਿਨਾਂ, ਕਿਸੇ ਦੂਜੇ ਨਾਲ ਰਲ ਕੇ, ਚਲ ਹੀ ਨਹੀਂ ਸਕਦੇ?

ਅੱਜ ਦੇ ਪੰਜਾਬੀ ਆਗੂਆਂ ਲਈ 'ਸਰਦਾਰੀ' ਦਾ ਮਤਲਬ ਮੈਂ ਤੋਂ ਸ਼ੁਰੂ ਹੋ ਕੇ ਮੈਂ ਉਤੇ ਹੀ ਕਿਉਂ ਖ਼ਤਮ ਹੋ ਜਾਂਦਾ ਹੈ? ਪੰਜਾਬ ਵਿਚ ਕਾਂਗਰਸ, ਅਕਾਲੀ ਦਲ (ਬਾਦਲ) ਸਾਰਿਆਂ ਵਿਚਕਾਰ ਅੰਦਰੂਨੀ ਝਗੜੇ ਚਲ ਰਹੇ ਹਨ। ਪੰਜਾਬ ਵਿਚੋਂ ਹੁੰਗਾਰਾ ਮਿਲਦਾ ਹੈ, ਨਵਿਆਂ ਨੂੰ ਸਮਰਥਨ ਵੀ ਮਿਲਦਾ ਹੈ ਪਰ ਪੰਜਾਬੀ ਹਰਦਮ ਅਪਣੇ ਆਗੂਆਂ ਦੀ ਹਉਮੈ ਕਾਰਨ ਅੰਤ ਹਾਰ ਜਾਂਦੇ ਹਨ। ਇਹ ਵੀ ਇਤਿਹਾਸਕ ਕਮਜ਼ੋਰੀ ਹੈ ਜੋ ਅੱਜ ਵੀ ਬਰਕਰਾਰ ਹੈ। ਦਿੱਲੀ ਦੀ 'ਆਪ' 'ਚੋਂ ਭਾਵੇਂ ਕੇਜਰੀਵਾਲ ਕਮਜ਼ੋਰ ਸਾਬਤ ਹੋਇਆ ਹੈ, ਪਰ ਉਥੇ ਮਨੀਸ਼ ਸਿਸੋਦੀਆ ਕੰਮ ਚਲਾਈ ਜਾ ਰਿਹਾ ਹੈ, ਕੁਰਸੀ ਦੀ ਲੜਾਈ ਨਹੀਂ ਛਿੜੀ। ਪਰ ਪੰਜਾਬ ਵਿਚ ਸਾਰੇ ਕੇਜਰੀਵਾਲ ਵਾਂਗ ਹੀ ਹਨ, ਸਿਸੋਦੀਆ ਵਰਗਾ ਕੋਈ ਨਹੀਂ।  -ਨਿਮਰਤ ਕੌਰ