ਸਾਰੀਆਂ ਹੀ ਸਰਕਾਰਾਂ ਕੁੱਝ ਲੋਕਾਂ ਨੂੰ ਅਮੀਰ ਬਣਨ ਦੇ ਮੌਕੇ ਦਿੰਦੀਆਂ ਹਨ ਤੇ ਬਾਕੀਆਂ..

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਤੇ ਬਾਕੀਆਂ ਨੂੰ ਗ਼ਰੀਬ ਬਣਾਈ ਰੱਖਣ ਦਾ ਪ੍ਰਬੰਧ ਕਰਦੀਆਂ ਹਨ.

photo

ਅਡਾਨੀ ਸੰਗਠਨ ਦਾ ਮਾਮਲਾ ਅਖ਼ੀਰ ਪਾਰਲੀਮੈਂਟ ਅੰਦਰ ਰੱਖਣ ਵਿਚ ਰਾਹੁਲ ਗਾਂਧੀ ਕਾਮਯਾਬ ਹੋ ਹੀ ਗਏ ਤੇ ਸਾਰੀ ਗੱਲ ਬਿਆਨ ਕਰਨ ਲਈ ਸਪੀਕਰ ਨੇ ਉਨ੍ਹਾਂ ਨੂੰ 52 ਮਿੰਟ ਲਗਾਤਾਰ ਬੋਲਣ ਵੀ ਦਿਤਾ। ਅਖ਼ੀਰ ਵਿਚ ਉਨ੍ਹਾਂ ਵਲੋਂ ਬੋਲੀ ਗਈ ਇਕ ਲਾਈਨ ਹੀ ਉਨ੍ਹਾਂ ਦਾ ਪੱਖ ਸਮਝਣ ਲਈ ਕਾਫ਼ੀ ਹੈ ਕਿ ‘‘ਮੋਦੀ ਜੀ, ਇਹ ਦੱਸੋ ਕਿ  ਅਡਾਨੀ ਜੀ ਤੁਹਾਡੇ ਲਗਦੇ ਕੀ ਹਨ?’’ ਜਵਾਬੀ ਤੌਰ ’ਤੇ, ਭਾਜਪਾ ਦੇ ਬੈਂਚਾਂ ਵਲੋਂ ਰਾਹੁਲ ਗਾਂਧੀ ਤੋਂ ਸਵਾਲ ਪੁਛਿਆ ਗਿਆ ਕਿ ‘‘ਪਹਿਲਾਂ ਤੁਸੀ ਦੱਸੋ ਕਿ ਆਖ਼ਰ ਟਾਟਾ ਬਿਰਲਾ ਤੁਹਾਡੇ ਕੀ ਲਗਦੇ ਸਨ?’’ ਗੱਲ ਵੀ ਸਹੀ ਹੈ ਕਿ ਜੋ ਅਡਾਨੀ ਭਾਜਪਾ ਵਾਸਤੇ ਸੀ, ਉਹੀ ਟਾਟਾ ਬਿਰਲਾ ਕਾਂਗਰਸ ਲਈ ਸਨ, ਪੀਟੀਸੀ ਚੈਨਲ, ਓਰਬਿਟ ਬਸਾਂ (OR29“) ਬਾਦਲ ਪ੍ਰਵਾਰ ਵਾਸਤੇ ਹਨ, ਚੌਟਾਲੇ ਲਈ ਬਾਦਲ ਦਾ ਰੇਡੀਸਨ ਸੀ,  ਮਮਤਾ ਬੈਨਰਜੀ ਵਾਸਤੇ ਉਸ ਦਾ ਭਤੀਜਾ ਅਭਿਸ਼ੇਕ ਬੈਨਰਜੀ ਹੈ, ਕੈਪਟਨ ਅਮਰਿੰਦਰ ਵਾਸਤੇ ਭਰਤ ਚਹਿਲ ਸੀ। ਇਸੇ ਤਰ੍ਹਾਂ ਹਰ ਸਿਆਸੀ ਪਾਰਟੀ ਤੇ ਹਰ ਸਿਆਸੀ ਲੀਡਰ ਦਾ ਕੋਈ ਨਾ ਕੋਈ ਖ਼ਾਸਮ-ਖ਼ਾਸ ਹੁੰਦਾ ਹੀ ਹੈ।

ਜੋ ਅਡਾਨੀ ਨੇ ਕੀਤਾ, ਉਹ ਤਾਂ ਪਹਿਲਾਂ ਵੀ ਹੁੰਦਾ ਸੀ ਤੇ ਦੇਸ਼ ਦਾ ਪੈਸਾ ਬਾਹਰ ਖੋਖਲੀਆਂ ਕੰਪਨੀਆਂ ਤੇ ਸਵਿਸ ਬੈਂਕ ਖਾਤਿਆਂ ਵਿਚ ਜਾਂਦਾ ਸੀ। ਪਰ ਫਿਰ ਬਦਲਾਅ ਆਇਆ ਤੇ ਜੋ ਪੈਸਾ ਹਜ਼ਾਰਾਂ ਜਾਂ ਲੱਖਾਂ ਕੋਲ ਜਾਂਦਾ ਸੀ, ਉਹ ਸਿਰਫ਼ ਦੋ ਗੁਜਰਾਤੀਆਂ ਕੋਲ ਜਾਣਾ ਸ਼ੁਰੂ ਹੋ ਗਿਆ। ਜਿਥੇ ਦੇਸ਼ ਦੇ ਨੌਜੁਆਨਾਂ ਨੂੰ ਛੇ ਕਰੋੜ ਨੌਕਰੀਆਂ ਮਿਲਣੀਆਂ ਸਨ, ਉਥੇ ਅਮਿਤ ਸ਼ਾਹ ਦੇ ਬੇਟੇ ਨੂੰ ਬੀ.ਸੀ.ਸੀ.ਆਈ. ਦੇ ਪ੍ਰਧਾਨ ਦੀ ਨੌਕਰੀ ਮਿਲਣ ਤੋਂ ਬਾਅਦ ਕਿਸੇ ਹੋਰ ਨੂੰ ਨਾ ਮਿਲੀ। ਨਵੇਂ ਕਾਰੋਬਾਰ ਸ਼ੁਰੂ ਕਰਨ (Start ”ps) ਵਜੋਂ ਨੌਜੁਆਨਾਂ ਨੂੰ ਪਕੌੜੇ ਤਲਣ ਦੀ ਨਸੀਹਤ ਵੀ ਦਿਤੀ ਗਈ ਪਰ ਅਡਾਨੀ ਨੂੰ ਦੁਨੀਆਂ ਦਾ ਸੱਭ ਤੋਂ ਅਮੀਰ ਇਨਸਾਨ ਬਣਾਉਣ ਲਈ ਸਰਕਾਰ ਦੀ ਪੂਰੀ ਤਾਕਤ ਝੋਂਕ ਦਿਤੀ ਗਈ। ਸੀ.ਆਈ.ਆਰ. ਤੇ ਆਰ.ਬੀ.ਆਈ ਦਾ ਪੈਸਾ ਅਡਾਨੀ ਦੀ ਨਿਜੀ ਤਜੌਰੀ ਬਣ ਗਈ। ਅਡਾਨੀ ਨੂੰ ਡੁੱਬਣ ਤੋਂ ਬਚਾਉਣ ਵਾਸਤੇ ਸਾਰੇ ਚੈਨਲ ਪ੍ਰਚਾਰ ਕਰ ਰਹੇ ਹਨ। ਮਾਹਰ ਆਖ ਰਹੇ ਹਨ ਕਿ ਉਹ ਤਾਂ ਦੇਸ਼ ਦੇ ਵਿਕਾਸ ਵਿਚ ਪੈਸਾ ਪਾ ਕੇ ਅਪਣੇ ਲਈ ਘਾਟੇ ਵਾਲਾ ਸੌਦਾ ਕਰ ਰਹੇ ਹਨ। ਯਾਨੀ ਭਾਰਤ ਦੇ ਵਿਕਾਸ ਵਿਚ ਅਡਾਨੀ ਇਕ ਸਿਪਾਹੀ ਵਾਂਗ ਕੰਮ ਕਰ ਰਿਹਾ ਹੈ। ਸੋ ਫਿਰ ਕੀ ਹੋਇਆ ਜੇ ਭਾਜਪਾ ਸਰਕਾਰ ਉਸ ਦਾ ਥੋੜਾ ਜ਼ਿਆਦਾ ਖ਼ਿਆਲ ਰਖਦੀ ਹੈ? 

ਜੇ ਭਾਰਤ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇਸ ਦੇਸ਼ ’ਚੋਂ ਨਾ ਹੀ ਗ਼ਰੀਬੀ ਘੱਟ ਸਕੇਗੀ ਤੇ ਨਾ ਹੀ ਭ੍ਰਿਸ਼ਟਾਚਾਰ। ਸਾਡੇ ਦੇਸ਼ ਵਿਚ ‘ਸੱਭ ਚਲਦਾ ਹੈ’ ਮੰਨਣ ਦੀ ਰਵਾਇਤ ਹੈ ਕਿਉਂਕਿ ਦੂਜੇ ਵੀ ਤਾਂ ਇਹੀ ਕਰਦੇ ਹਨ। ਫਿਰ ਕੀ ਹੋਇਆ ਜੇ ਥੋੜਾ ਪੈਸਾ ਲੈ ਕੇ ਵੋਟ ਪਾ ਦਿਤੀ? ਤੋਂ ਸ਼ੁਰੂ ਹੋ ਕੇ ਕਹਾਣੀ ਅਖ਼ੀਰ ਇਥੇ ਆ ਪਹੁੰਚਦੀ ਹੈ ਕਿ ਅਡਾਨੀ ਤੇ ਅੰਬਾਨੀ ਨੂੰ ਦੁਨੀਆਂ ਦੇ ਅਮੀਰਾਂ ਵਿਚ ਪਹੁੰਚਾ ਕੇ ਭਾਜਪਾ ਨੂੰ ਜੋ ਪੈਸਾ ਮਿਲਿਆ, ਫਿਰ ਕੀ ਹੋਇਆ ਜੇ ਉਸ ਨਾਲ ਥੋੜੀਆਂ ਵੋਟਾਂ ਖ਼ਰੀਦ ਲਈਆਂ?
ਕਦੋਂ ਤਕ ਅਸੀ ਸਹੀ-ਗ਼ਲਤ ਦੀ ਮੁਹਾਰਨੀ ਦੁਹਰਾਂਦੇ ਜਾਵਾਂਗੇ?

ਜਦ ਤਕ ਗ਼ਰੀਬੀ ਹੈ, ਅਨਪੜ੍ਹਤਾ ਤੇ ਅੰਧ-ਵਿਸ਼ਵਾਸ ਰਹਿਣਗੇ, ਅਡਾਨੀ ਵਰਗੇ ਹੀ ਵਧਦੇ ਫੁਲਦੇ ਰਹਿਣਗੇ। ਸਿਆਸੀ ਪਾਰਟੀਆਂ ਸਾਰੀਆਂ ਹੀ ਇਹੀ ਕੁੱਝ ਕਰਦੀਆਂ ਹਨ। ਅੰਤਰ ਸਿਰਫ਼ ‘ਕਿੰਨੀ ਮਦਦ ਦਿਤੀ’ ਦਾ ਹੀ ਹੁੰਦਾ ਹੈ। ਤਰੱਕੀ ਵਾਸਤੇ ਹਰ ਇਕ ਲਈ ਬਰਾਬਰ ਦਾ ਮੌਕਾ ਯਕੀਨੀ ਬਣਾਉਣ ਬਾਰੇ ਸੋਚਣਾ ਪਵੇਗਾ। ਜਿਸ ਤਰ੍ਹਾਂ ਅੱਜ ਅਡਾਨੀ ਵਰਗਿਆਂ ਨੂੰ ਸਰਕਾਰੀ ਮਦਦ ਨਾਲ ਦੁਨੀਆਂ ਦਾ ਸੱਭ ਤੋਂ ਅਮੀਰ ਵਪਾਰੀ ਬਣਾਇਆ ਗਿਆ ਹੈ, ਉਸ ਨਾਲ ਨਾ ਸਿਰਫ਼ ਭਾਰਤ ਵਿਚ ਗ਼ਰੀਬਾਂ ਦੀ ਆਬਾਦੀ ਵਧੀ ਹੈ ਸਗੋਂ ਗ਼ਰੀਬ-ਅਮੀਰ ਦਾ ਅੰਤਰ ਵੀ ਵਧਿਆ ਹੈ। ਉਪਰੋਂ ਭਾਰਤ ਦੀ ਛਵੀ ਨੂੰ ਵੀ ਸੱਟ ਲੱਗੀ ਹੈ। ਪਰ ਸਰਕਾਰ ਫਿਰ ਵੀ ਫ਼ਾਇਦੇ ਵਿਚ ਹੈ ਕਿਉਂਕਿ ਜਿੰਨੇ ਜ਼ਿਆਦਾ ਗ਼ਰੀਬ ਹੋਣਗੇ, ਓਨੇ ਹੀ ਜੁਮਲਿਆਂ ਵਿਚ ਲੋਕਾਂ ਨੂੰ ਫਸਾਉਣ ਦੇ ਮੌਕੇ ਵੀ ਵੱਧ ਮਿਲਣਗੇ। ਜਿਸ ਦਿਨ ਰਾਮ ਮੰਦਰ ਦਾ ਉਦਘਾਟਨ ਹੋ ਗਿਆ, ਗ਼ਰੀਬੀ ਦਾ ਦਰਦ ਸਾਰੇ ਹੀ ਭੁੱਲ ਜਾਣਗੇ।                      - ਨਿਮਰਤ ਕੌਰ