ਵਲੈਤ ਪੜ੍ਹੇ ਵਕੀਲਾਂ ਨੇ 1947 ਵਿਚ ਪੰਜਾਬ ਨੂੰ ਚੀਰ ਕੇ ਰੱਖ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਪੋਕਸਮੈਨ ਜਿਸ ਸਹਿਜ ਭਾਵ ਨਾਲ ਬਾਦਲਾਂ ਦੇ ਹੰਕਾਰੀ ਰਾਜ ਵਿਚ ਚਲ ਰਿਹਾ ਸੀ, ਉਸੇ ਸਹਿਜਤਾ ਨਾਲ ਅਮਰਿੰਦਰ ਦੇ ਰਾਜ ਵਿਚ 'ਕਬੀਰਾ ਖੜਾ ਬਾਜ਼ਾਰ ਮੇਂ ਸਭ...

Mahatma Gandhi

ਸਪੋਕਸਮੈਨ ਜਿਸ ਸਹਿਜ ਭਾਵ ਨਾਲ ਬਾਦਲਾਂ ਦੇ ਹੰਕਾਰੀ ਰਾਜ ਵਿਚ ਚਲ ਰਿਹਾ ਸੀ, ਉਸੇ ਸਹਿਜਤਾ ਨਾਲ ਅਮਰਿੰਦਰ ਦੇ ਰਾਜ ਵਿਚ 'ਕਬੀਰਾ ਖੜਾ ਬਾਜ਼ਾਰ ਮੇਂ ਸਭ ਕੀ ਮਾਂਗੇ ਖ਼ੈਰ, ਨਾ ਕਾਹੂ ਸੇ ਦੋਸਤੀ ਨ ਕਾਹੂ ਸੇ ਬੈਰ' ਮੂਡ ਨਾਲ ਚੜ੍ਹਦੀ ਕਲਾ ਵਿਚ ਚਲਦੇ ਚਲੋ ਦਾ ਪਾਠ ਪੜ੍ਹਾ ਰਿਹਾ ਹੈ। ਇਸ ਪੇਪਰ ਦੀ ਮਾਰਫ਼ਤ ਪੰਜਾਬ ਦੇ ਇਤਿਹਾਸਕਾਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਗੰਭੀਰਤਾ ਨਾਲ ਪੰਜਾਬ ਤੇ ਪੰਜਾਬੀਆਂ ਪ੍ਰਤੀ ਵਲੈਤੋਂ ਪੜ੍ਹੇ ਵਕੀਲਾਂ ਦੀ ਜਮਾਤ ਦੇ ਜੋ ਵੀ ਤੌਖਲੇ ਤੇ ਡਰ ਸਨ, ਜਿਸ ਕਰ ਕੇ ਪਹਿਲਾਂ ਪੰਜਾਬ ਨੂੰ ਵੰਡਿਆ ਗਿਆ ਤੇ ਮੁੜ ਵੰਡਿਆ ਗਿਆ, ਇਸ ਪਿਛੇ ਕਿਹੜੇ ਖੌਫ਼ ਦੀ ਮਾਨਸਿਕਤਾ ਕੰਮ ਕਰਦੀ ਰਹੀ ਸੀ, ਉਸ ਦਾ ਵਿਸ਼ਲੇਸ਼ਣ ਗੰਭੀਰਤਾ ਨਾਲ ਹੋਣਾ ਚਾਹੀਦਾ ਹੈ। ਮੋਹਨ ਦਾਸ ਗਾਂਧੀ ਦੀ, ਸਰਕਾਰ ਦੀ ਜੀ ਹਜ਼ੂਰੀ ਕਰਨ ਵਾਲੀ ਪਾਲਸੀ ਕਾਂਗਰਸ ਦੇ ਚਾਰਟਰ ਅਨੁਸਾਰ ਹੀ ਸੀ। 

ਕਾਂਗਰਸ ਨਾਂ ਵਾਲੀ ਸੰਸਥਾ, ਸਰਕਾਰੀ ਪਾਰਟੀਆਂ ਵਿਚ ਸ਼ਿਰਕਤ ਕਰ ਕੇ ਚਾਹ ਪਾਣੀ ਦਾ ਲੁਤਫ਼ ਉਠਾਉਣ ਲਈ ਬਣਾਈ ਗਈ ਸੀ। ਲੋਕਾਂ ਨੂੰ ਭੁਲੇਖਾ ਸੀ ਕਿ ਉਨ੍ਹਾਂ ਦਾ ਦੇਸ਼ ਲੁਟਣ ਵਾਲੀ ਅੰਗ੍ਰੇਜ਼ੀ ਸਰਕਾਰ ਖ਼ਾਲੀ ਠੂਠਿਆਂ ਵਿਚ ਭਿਖਿਆ ਜ਼ਰੂਰ ਪਾਏਗੀ। ਪਹਿਲੀ ਸੰਸਾਰ ਜੰਗ ਤੋਂ ਬਾਦ ਰੌਲਟ ਐਕਟ ਦਾ ਤੋਹਫ਼ਾ ਦੇ ਕੇ ਹਿੰਦੁਸਤਾਨੀ ਗ਼ੁਲਾਮਾਂ ਨੂੰ ਉਨ੍ਹਾਂ ਦੀ ਔਕਾਤ ਵਿਖਾ ਦਿਤੀ ਗਈ ਸੀ। ਜੇਕਰ ਪੰਜਾਬ ਨੇ ਆਵਾਜ਼ ਉਠਾਈ ਤਾਂ ਜਲਿਆਂ ਵਾਲੇ ਬਾਗ਼ ਦੇ ਕਤਲੇਆਮ ਦਾ ਤੋਹਫ਼ਾ ਦੇ ਦਿਤਾ ਗਿਆ। ਜੰਗੇ ਆਜ਼ਾਦੀ ਦਾ ਪਹਿਲਾ ਕਦਮ ਕਹਿਣ ਵਾਲੇ ਮੋਹਨ ਦਾਸ ਗਾਂਧੀ ਨੇ ਛੇਤੀ ਹੀ ਸਿੱਖਾਂ ਨੂੰ ਸੰਪ੍ਰਦਾਇਕ (ਫ਼ਿਰਕੂ) ਕਹਿਣਾ ਸ਼ੁਰੂ ਕਰ ਦਿਤਾ। ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ, ਡਾ. ਅੰਬੇਦਕਰ ਵਰਗੇ ਸਮਾਜ ਸੁਧਾਰਕਾਂ, ਨੇਤਾ ਜੀ ਵਰਗੇ ਜਵਾਲਾਮੁਖੀ ਦਾ ਵਿਰੋਧ ਕਰਨ ਵਾਲੇ ਮੋਹਨ ਦਾਸ ਗਾਂਧੀ ਨੂੰ ਅੰਗ੍ਰੇਜ਼ ਸਰਕਾਰ ਨੇ ਹੀ ਮਹਾਤਮਾ ਘੋਸ਼ਿਤ ਕਰਵਾਇਆ ਸੀ। ਇਸ ਵਲੈਤੀ ਵਕੀਲ ਮੋਹਨ ਦਾਸ ਗਾਂਧੀ ਨੇ ਪਾਕਿਸਤਾਨ ਇਸ ਕਰ ਕੇ ਬਣਵਾਇਆ ਤਾਕਿ ਭਾਰਤ 82 ਫ਼ੀ ਸਦੀ ਹਿੰਦੂ ਆਬਾਦੀ ਵਾਲਾ ਦੇਸ਼ ਬਣ ਸਕੇ। ਇਸੇ ਕਰ ਕੇ ਸਰਹੱਦੀ ਗਾਂਧੀ ਅਬਦੁਲ ਗ਼ਫ਼ਾਰ ਖ਼ਾਂ ਦੀ ਵਫ਼ਾਦਾਰੀ ਨੂੰ ਭੁਲਾ ਦੇਣ ਲਗਿਆਂ ਇਕ ਪਲ ਵੀ ਨਾ ਲਾਇਆ ਗਿਆ।

ਜੇਕਰ ਮੁਹੰਮਦ ਅਲੀ ਜਿਨਾਹ ਨੂੰ 1946 ਵਿਚ ਪ੍ਰਧਾਨ ਮੰਤਰੀ ਬਣਾ ਦਿਤਾ ਜਾਂਦਾ ਤਾਂ ਪੰਜਾਬ ਦੀ ਵੰਡ, ਦੇਸ਼ ਦੀ ਵੰਡ ਨਾ ਹੁੰਦੀ। ਮੋਹਨ ਦਾਸ ਗਾਂਧੀ ਨੂੰ ਪੰਜਾਬੀਆਂ ਦੀ ਪੀੜ ਦਾ ਕਦੇ ਕੋਈ ਅਹਿਸਾਸ ਨਾ ਹੋਇਆ। ਉਸ ਨੇ ਕਿੰਗ ਮੇਕਰ ਬਣ ਕੇ ਨਹਿਰੂ, ਪਟੇਲ ਨੂੰ ਹਿੰਦੂ ਰਾਜ ਮਜ਼ਬੂਤ ਕਰਨ ਲਈ ਪੱਕੇ ਤੌਰ ਉਤੇ ਸਾਰਾ ਸਹਿਯੋਗ ਦਿਤਾ। ਅੰਬੇਦਕਰ ਸਾਹਬ ਦੇ ਪੈਰੋਕਾਰਾਂ ਨੇ ਮੋਹਨ ਦਾਸ ਗਾਂਧੀ ਦੇ ਮਨ ਬਾਰੇ ਸੋਸ਼ਲ ਮੀਡੀਆ ਵਿਚ ਕਾਫ਼ੀ ਮਸਾਲਾ ਪ੍ਰੋਸਿਆ ਹੈ। ਪੰਜਾਬੀ ਇਤਿਹਾਸਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਵਲੈਤੀ ਵਕੀਲਾਂ ਜਿਨ੍ਹਾਂ ਦਾ ਆਗੂ ਮੋਹਨ ਦਾਸ ਗਾਂਧੀ ਸੀ, ਦੀ ਕਹਿਣੀ ਤੇ ਕਰਨੀ ਬਾਰੇ ਸਾਰੇ ਖੋਜ ਕਰ ਕੇ ਕਾਲਾ ਚਿੱਟਾ ਨਖੇੜ ਦੇਣ। ਅੰਗ੍ਰੇਜ਼ ਸਰਕਾਰ ਦੇ ਦਸਤਾਵੇਜ਼ ਆਰਕਾਈਵਜ਼ ਵਿਚ ਸੁਰੱਖਿਅਤ ਹਨ। 
- ਕਰਤਾਰ ਸਿੰਘ ਨੀਲਧਾਰੀ, ਸੰਪਰਕ : 94650-11310