ਸੰਪਾਦਕੀ: ਔਰਤ ਬਰਾਬਰੀ ਤੇ ਆਉਣਾ ਚਾਹੁੰਦੀ ਹੈ ਪਰ ਮਰਦ ਉਸ ਨੂੰ ਫਿਰ ਧੱਕਾ ਦੇ ਕੇ ਪਿੱਛੇ ਕਰ ਦੇਂਦਾ ਹੈ
ਔਰਤ ਨੂੰ ਚਾਰ ਦੀਵਾਰੀ ਵਿਚੋਂ ਬਾਹਰ ਕਢਣਾ ਬਰਾਬਰੀ ਵਲ ਚੁਕਿਆ ਇਕ ਕਦਮ ਹੈ।
8 ਮਾਰਚ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਨੇ ਖ਼ੂਬ ਵਾਹ-ਵਾਹ ਖੱਟੀ। ਹਰ ਪਾਸੇ ਔਰਤਾਂ ਵਲੋਂ ਸਮਾਜ ਵਿਚ ਪਾਏ ਗਏ ਯੋਗਦਾਨ ਦੀ ਚਰਚਾ ਹੁੰਦੀ ਰਹੀ। ਔਰਤਾਂ ਨੇ ਦਿੱਲੀ ਬਾਰਡਰਾਂ ਤੇ ਲਗੀਆਂ ਸਟੇਜਾਂ ਤੇ ਚੜ੍ਹ ਕੇ ਅਪਣੀ ਆਵਾਜ਼ ਉੱਚੀ ਕੀਤੀ ਅਤੇ ਵਿਖਾਇਆ ਕਿ ਉਹ ਕਿਸੇ ਮਰਦ ਤੋਂ ਘੱਟ ਨਹੀਂ ਹਨ। ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਜਿਥੇ ਅਪਣੀ ਫ਼ਸਲ ਦੀ ਵਾਢੀ ਦੀ ਚਿੰਤਾ ਸਤਾ ਰਹੀ ਸੀ, ਉਥੇ ਕੁੜੀਆਂ ਨੇ ਵੀ ਵਾਢੀ ਦੀ ਜ਼ਿੰਮੇਵਾਰੀ ਲੈ ਕੇ ਅਪਣੀ ਕਾਬਲੀਅਤ ਤੇ ਹਿੱਸੇਦਾਰੀ ਦਾ ਸਬੂਤ ਦਿਤਾ। ਇਸ ਦਿਨ ਔਰਤਾਂ ਨੂੰ ਮਿਲ ਰਹੇ ਸਨਮਾਨ ਨੂੰ ਵੇਖ ਕੇ ਤਾਂ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਇਸ ਦੇਸ਼ ਵਿਚ ਔਰਤਾਂ ਦੇ ਕਿਰਦਾਰ ਦੀ ਅਹਿਮੀਅਤ ਵਿਚ ਕੋਈ ਸ਼ੱਕ ਨਹੀਂ ਰਹਿ ਗਿਆ। ਪਰ ਧਰਤੀ ਉਤੇ ਨਜ਼ਰ ਮਾਰੋ ਤਾਂ ਔਰਤ ਬਾਰੇ ਅਸਲੀਅਤ ਹੋਰ ਹੀ ਨਜ਼ਰ ਆਵੇਗੀ।
ਪਰ 8 ਮਾਰਚ ਨੂੰ ਹੀ ਭਾਰਤ ਵਿਚ ਲਿੰਗ ਅਨੁਪਾਤ ਦੇ ਸਰਵੇਖਣ ਨੇ ਭਾਰਤ ਦੀ ਔਰਤਾਂ ਪ੍ਰਤੀ ਅਸਲ ਸੋਚ ਪ੍ਰਗਟ ਕਰ ਦਿਤੀ। ਰਾਸ਼ਟਰੀ ਪਰਵਾਰਕ ਸਿਹਤ ਸਰਵੇਖਣ ਦੇ ਅੰਕੜਿਆਂ ਨੇ ਜੋ ਤਸਵੀਰ ਪੇਸ਼ ਕੀਤੀ, ਉਹ ਦਰਸਾਉਂਦੀ ਹੈ ਕਿ ਅਜੇ ਵੀ ਕੁੜੀਆਂ ਦੇ ਜਨਮ ਨਾਲ ਆਮ ਭਾਰਤੀ, ਡਾਢੇ ਨਿਰਾਸ਼ ਹੋ ਜਾਂਦੇ ਹਨ। ਇਹ ਸੋਚ ਖ਼ਾਸ ਕਰ ਕੇ ਉਤਰ ਭਾਰਤ ਵਿਚ ਵਿਆਪਕ ਪੱਧਰ ’ਤੇ ਹੈ ਜਿਥੇ ਹਰ 112.3 ਮੁੰਡਿਆਂ ਪਿੱਛੇ 100 ਕੁੜੀਆਂ ਪੈਦਾ ਹੋਣ ਦਿਤੀਆਂ ਜਾਂਦੀਆਂ ਹਨ। ਯਾਨੀ 100 ਮੁੰਡਿਆਂ ਦੇ ਮੁਕਾਬਲੇ 12 ਕੁੜੀਆਂ ਘੱਟ ਪੈਦਾ ਹੋਣ ਦਿਤੀਆਂ ਜਾਂਦੀਆਂ ਹਨ। ਇਹ ਸੋਚ ਪੜ੍ਹੇ ਲਿਖੇ ਸ਼ਹਿਰੀ ਵਰਗਾਂ ਵਿਚ ਜ਼ਿਆਦਾ ਹੈ ਜਿਥੇ ਪ੍ਰਵਾਰ ਦੂਜੇ ਤੀਜੇ ਬੱਚੇ ਦੇ ਜਨਮ ਵਾਸਤੇ ਕੋਸ਼ਿਸ਼ ਕਰਦੇ ਹਨ ਜੇ ਪਹਿਲੀ ਦੂਜੀ ਕੁੜੀ ਹੋਵੇ।
ਬਾਕੀ ਦੇਸ਼ ਵਿਚ ਇਹ ਸੋਚ ਉਤਰ ਦੇ ਮੁਕਾਬਲੇ ਏਨੀ ਵਿਆਪਕ ਨਹੀਂ। 111.4 ਜਾਂ 100 (ਵੈਸਟ), 109.2 ਜਾਂ 100 (ਸੈਂਟਰਲ), 107.5 ਜਾਂ 100 (ਨਾਰਥ ਈਸਟ) 105.8 ਜਾਂ 100। ਸ਼ਾਇਦ ਇਸੇ ਸੋਚ ਦਾ ਅਸਰ ਪੁਰਾਣੇ ਉਤਰ ਭਾਰਤ ਵਿਚ ਬਾਬਾ ਨਾਨਕ ਨੇ ਵੇਖਿਆ ਤੇ ਉਨ੍ਹਾਂ ਅਪਣੀ ਬਾਣੀ ਰਾਹੀਂ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਦਾ ਯਤਨ ਕੀਤਾ। ਉਸ ਦਾ ਅਸਰ ਉਤਰੀ ਭਾਰਤ ਵਿਚ ਤਾਂ ਦਿਸਦਾ ਹੈ ਕਿਉਂਕਿ ਇਤਿਹਾਸਕ ਕਾਰਨਾਂ ਕਰ ਕੇ ਇਥੋਂ ਦੀਆਂ ਔਰਤਾਂ ਜ਼ਿਆਦਾ ਜੁਝਾਰੂ ਬਣ ਗਈਆਂ ਪਰ ਅਜੇ ਵੀ ਉਹ ਬਰਾਬਰੀ ਦੀਆਂ ਦਾਅਵੇਦਾਰ ਨਹੀਂ ਬਣ ਸਕੀਆਂ।। ਇਸ ਸਰਵੇਖਣ ਨੇ ਵਿਖਾਇਆ ਹੈ ਕਿ ਪੜ੍ਹੀ ਲਿਖੀ ਮਾਂ ਵੀ ਮੁੰਡਿਆਂ ਨੂੰ ਜਨਮ ਦੇਣ ਵਲ ਜ਼ਿਆਦਾ ਝੁਕਾਅ ਰਖਦੀ ਹੈ। ਯਾਨੀ ਪੜ੍ਹੀ ਲਿਖੀ ਔਰਤ ਗਰਭ ਵਿਚ ਕੁੜੀ ਮੁੰਡੇ ਦਾ ਪਤਾ ਲਗਾ ਕੇ, ਜੇ ਬੱਚੀ ਹੈ ਤਾਂ ਉਸ ਨੂੰ ਕੁੱਖ ਵਿਚ ਹੀ ਮਾਰ ਦੇਣ ਵਿਚ ਅੱਗੇ ਅੱਗੇ ਹੁੰਦੀ ਹੈ।
ਇਹ ਸੱਭ ਸੋਚਣ ਤੇ ਮਜਬੂਰ ਕਰਦਾ ਹੈ ਕਿ ਅਜਿਹਾ ਰਾਗ ਕਿਉਂ ਅਲਾਪਿਆ ਜਾ ਰਿਹਾ ਹੈ ਕਿ ਔਰਤ ਅਪਣੇ ਆਪ ਨੂੰ ਕਮਜ਼ੋਰ ਮੰਨਦੀ ਹੈ? ਮੰਨਿਆ ਤਾਂ ਇਹ ਜਾਂਦਾ ਹੈ ਕਿ ਜੇ ਔਰਤ ਕਮਾਉਂਦੀ ਹੈ ਤਾਂ ਉਹ ਅਪਣੇ ਹੱਕਾਂ ਵਾਸਤੇ ਲੜ ਸਕਦੀ ਹੈ, ਉਹ ਅਪਣੇ ਆਪ ਦੇ ਸਹਾਰੇ ਜ਼ਿਆਦਾ ਚੰਗੀ ਤਰ੍ਹਾਂ ਜੀਅ ਸਕਦੀ ਹੈ, ਉਹ ਕਿਸੇ ਆਦਮੀ ਤੇ ਪੈਸੇ ਵਾਸਤੇ ਨਿਰਭਰ ਨਹੀਂ ਪਰ ਜੇ ਪੜ੍ਹੀ ਲਿਖੀ ਔਰਤ ਹੀ ਅਪਣੇ ਆਪ ਉਤੇ ਅਤੇ ਅਪਣੀ ਪੈਦਾ ਹੋਣ ਵਾਲੀ ਬੱਚੀ ਦੇ ਭਵਿੱਖ ਬਾਰੇ ਵੀ ਮਨ ਵਿਚੋਂ ਡਰ ਖ਼ਤਮ ਨਹੀਂ ਕਰ ਸਕਦੀ ਤਾਂ ਸਮਝਣਾ ਚਾਹੀਦਾ ਹੈ ਕਿ ਸਥਿਤੀ ਜ਼ਿਆਦਾ ਗੰਭੀਰ ਹੈ। ਇਸ ਵਿਸ਼ੇ ਤੇ ਹੋਰ ਡੂੰਘੀ ਖੋਜ ਕਰਨੀ ਚਾਹੀਦੀ ਹੈ ਕਿਉਂਕਿ ਸਮਾਜ, ਔਰਤ ਨੂੰ ਚਾਰ ਦੀਵਾਰੀ ਤੋਂ ਬਾਹਰ ਕੱਢ ਕੇ ਬਰਾਬਰੀ ਵਧਾਉਣ ਦਾ ਯਤਨ ਕਰ ਰਿਹਾ ਹੈ। ਪਰ ਸੱਚ ਇਹ ਵੀ ਹੈ ਕਿ ਜਦ ਇਕ ਔਰਤ ਬਾਹਰ ਨਿਕਲਦੀ ਹੈ ਤਾਂ ਉਹ ਤਾਂ ਬਦਲ ਰਹੀ ਹੁੰਦੀ ਹੈ ਤੇ ਉਹ ਸੁਪਨੇ ਵੀ ਲੈ ਲੈਂਦੀ ਹੈ ਪਰ ਅਸਲੀਅਤ ਦੇ ਦੀਦਾਰ ਕਰਦਿਆਂ ਹੀ ਉਹ ਹੋਰ ਜ਼ਿਆਦਾ ਖ਼ੌਫ਼ਜ਼ਦਾ ਹੋ ਜਾਂਦੀ ਹੈ।
ਸੋਚੋ ਜੇ ਇਕ ਲੜਕੀ ਸੁਪਰੀਮ ਕੋਰਟ ਕੋਲ ਅਪਣੇ ਬਲਾਤਕਾਰੀ ਨੂੰ ਸਜ਼ਾ ਦਿਵਾਉਣ ਵਾਸਤੇ ਪਹੁੰਚਦੀ ਹੈ ਤਾਂ ਉਚ ਅਦਾਲਤ ਵਿਚ ਜਦ ਉਸ ਨੂੰ ਪੁਛਿਆ ਜਾਂਦਾ ਹੈ ਕਿ ਪੀੜਤਾ ਅਪਣੇ ਬਲਾਤਕਾਰੀ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੈ ਤਾਂ ਕੀ ਉਸ ਦਾ ਮਨੋਬਲ ਟੁਟੇਗਾ ਜਾਂ ਨਹੀਂ? ਉਸ ਦੇ ਆਤਮ ਸਨਮਾਨ ਨੂੰ ਕਿਸ ਤਰ੍ਹਾਂ ਦੀ ਠੇਸ ਲੱਗੀ ਹੋਵੇਗੀ ਜਦ ਭਾਰਤ ਦੀ ਸੱਭ ਤੋਂ ਵੱਡੀ ਨਿਆਂ ਦੀ ਕੁਰਸੀ ਤੇ ਬੈਠੇ ਜੱਜ ਉਸ ਨੂੰ ਬਲਾਤਕਾਰੀ ਨਾਲ ਵਿਆਹ ਕਰ ਲੈਣ ਦੀ ਚੋਣ ਦੇਣਗੇ? ਔਰਤ ਨੂੰ ਚਾਰ ਦੀਵਾਰੀ ਵਿਚੋਂ ਬਾਹਰ ਕਢਣਾ ਬਰਾਬਰੀ ਵਲ ਚੁਕਿਆ ਇਕ ਕਦਮ ਹੈ। ਦੂਜਾ ਕਦਮ ਉਸ ਦੀ ਬਰਾਬਰੀ ਨੂੰ ਸਮਾਜ ਵਿਚ ਥਾਂ ਦਿਵਾਉਣਾ ਹੈ। ਜਦ ਉਹ ਬਾਹਰ ਨਿਕਲੇ, ਸਮਾਜ ਵਿਚ ਵਿਚਰੇ ਤਾਂ ਉਸ ਨੂੰ ਉਹੀ ਅਹਿਸਾਸ ਹੋਵੇ ਜੋ ਕਿਸੇ ਮਰਦ ਨੂੰ ਹੁੰਦਾ ਹੈ।
ਜੇ ਦਫ਼ਤਰ ਦੀ ਚਾਬੁਕ ਕਿਸੇ ਔਰਤ ਕੋਲ ਹੋਵੇ ਤਾਂ ਕੀ ਮਰਦ ਅਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ? ਕੀ ਉਨ੍ਹਾਂ ਨੂੰ ਲੋੜ ਪੈਂਦੀ ਹੈ ਕਿ ਉਹ ਅਪਣੀ ਕਮੀਜ਼ ਦਾ ਬਟਨ ਬੰਦ ਰੱਖਣ ਜਾਂ ਅਪਣੀ ਛਾਤੀ ਤੇ ਚੁੰਨੀ ਪਾ ਕੇ ਅਪਣੇ ਬਾਸ ਤੋਂ ਬਚ ਜਾਣ? ਇਹ ਛੋਟੀਆਂ ਛੋਟੀਆਂ ਗੱਲਾਂ ਸਾਡੇ ਸਮਾਜ ਵਿਚ ਬਰਾਬਰੀ ਵਲ ਇਕ ਵੱਡਾ ਕਦਮ ਬਣ ਸਕਦੀਆਂ ਹਨ। ਜੇ ਲਿੰਗ ਅਨੁਪਾਤ ਇਸੇ ਤਰ੍ਹਾਂ ਔਰਤਾਂ ਵਿਰੁਧ ਬਣਿਆ ਰਹਿਣ ਦਿਤਾ ਗਿਆ ਤਾਂ ਫਿਰ ਇਹ ਸਮਾਜ ਹੋਰ ਵੀ ਕਮਜ਼ੋਰ ਹੁੰਦਾ ਜਾਏਗਾ।
- ਨਿਮਰਤ ਕੌਰ