ਸਾਰੀਆਂ ਪਾਰਟੀਆਂ ਦੀ ‘ਐਮ.ਐਲ. ਏ. ਬਚਾਉ, ਐਮ.ਐਲ.ਏ. ਖ਼ਰੀਦੋ’ ਕਸਰਤ!
ਸਾਡੇ ਸਾਰਿਆਂ ਦੀ ਟਿਕਟਿਕੀ ਵੀ ਇਹ ਜਾਣਨ ਤੇ ਲੱਗੀ ਹੋਈ ਹੈ ਕਿ ਹੁਣ ਕਿਹੜੀ ਸਰਕਾਰ ਆ ਕੇ ਕੀ ਬਦਲਾਅ ਲਿਆਏਗੀ।
ਅੱਜ ਸਾਰੀਆਂ ਪਾਰਟੀਆਂ ਅਪਣੇ ਅਪਣੇ ਐਮ.ਐਲ.ਏ. ਨੂੰ ਬਚਾਉਣ ਤੇ ਦੂਜੀਆਂ ਪਾਰਟੀਆਂ ਦੇ ਜੇਤੂ ਵਿਧਾਨਕਾਰਾਂ ਨੂੰ ਅਪਣੇ ਵਲ ਖਿੱਚਣ ਦੀ ਤਿਆਰੀ ਵਿਚ ਜੁਟੀਆਂ ਹੋਈਆਂ ਹਨ। ਲੀਡਰ ਲੋਕ ਅਪਣੇ ਜਿਤ ਰਹੇ ਐਮ.ਐਲ.ਏਜ਼ ਨੂੰ ਸਰਕਾਰ ਬਣਨ ਤਕ ਪਰਦੇ ਪਿਛੇ ਛੁਪਾਉਣ ਦੀ ਤਿਆਰੀ ਕਰਨ ਦੇ ਨਾਲ ਨਾਲ, ਅਪਣੀਆਂ ਥੈਲੀਆਂ ਖੋਲ੍ਹ ਕੇ ਵੀ ਬੈਠ ਗਏ ਹਨ ਤਾਕਿ ਖ਼ਰੀਦੋ ਫ਼ਰੋਖ਼ਤ ਦੀ ਮੰਡੀ ਵਿਚ ਕੋਈ ਹੋਰ ਵੱਧ ਬੋਲੀ ਨਾ ਲਾ ਜਾਵੇ। ਸਾਡੇ ਸਾਰਿਆਂ ਦੀ ਟਿਕਟਿਕੀ ਵੀ ਇਹ ਜਾਣਨ ਤੇ ਲੱਗੀ ਹੋਈ ਹੈ ਕਿ ਹੁਣ ਕਿਹੜੀ ਸਰਕਾਰ ਆ ਕੇ ਕੀ ਬਦਲਾਅ ਲਿਆਏਗੀ।
11 ਤਰੀਕ ਦੀ ਸਵੇਰ ਨੂੰ ਨਵੀਂ ਸਰਕਾਰ ਵੀ ਆ ਹੀ ਜਾਵੇਗੀ ਪਰ ਕੋਈ ਵੱਡਾ ਬਦਲਾਅ ਲਿਆਉਣਾ ਵੀ ਉਸ ਲਈ ਭੂੰਡਾਂ ਦੀ ਖੱਖਰ ਨੂੰ ਹੱਥ ਪਾਉਣ ਬਰਾਬਰ ਹੋਵੇਗਾ। ਜਿਵੇਂ ਚੋਣਾਂ ਨੇ ਵਿਖਾ ਦਿਤਾ ਹੈ ਕਿ ਵੋਟ ਪਾਉਣ ਸਮੇਂ ਜਾਤ, ਪੈਸੇ ਤੇ ਧਰਮ ਦੀ ਖ਼ੂਬ ਵਰਤੋਂ ਕੀਤੀ ਗਈ। ਕੋਈ ਮੈਨੀਫ਼ੈਸਟੋ ਤੇ ਕੋਈ ‘ਮਾਡਲ’ ਕੰਮ ਨਹੀਂ ਆਏ। ਜੇ ਪਾਰਟੀਆਂ ਅਪਣੇ ਐਮ.ਐਲ.ਏਜ਼ ਦੀ ਵਫ਼ਾਦਾਰੀ ਉਤੇ ਵੀ ਸ਼ੱਕ ਕਰ ਰਹੀਆਂ ਹਨ ਤਾਂ ਵੋਟਰ ਉਨ੍ਹਾਂ ਤੇ ਵਿਸ਼ਵਾਸ ਕਿਸ ਤਰ੍ਹਾਂ ਕਰ ਸਕਦੇ ਹਨ? ਅੱਜ ਕਿਸੇ ਪਾਰਟੀ ਵਿਚ ਉਹ ਸਿਆਸਤਦਾਨ ਨਹੀਂ ਰਹੇ ਜੋ ਪਾਰਟੀ ਦੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਹੋਣ।
ਹਰ ਪਾਰਟੀ ਦੀ ਨੀਤੀ ਹੁਣ ਕੇਵਲ ‘ਜਿਵੇਂ ਵੀ ਹੋਵੇ, ਜਿੱਤ ਪ੍ਰਾਪਤ ਕਰਨੀ ਹੀ ਕਰਨੀ ਹੈ’ ਤਕ ਸਿਮਟ ਕੇ ਰਹਿ ਗਈ ਹੈ। ਹਰ ਪਾਰਟੀ ਵਿਚ ਕੁੱਝ ਗਿਣੇ ਚੁਣੇ ਨੇਤਾ ਹੀ ਰਹਿ ਗਏ ਹਨ ਜੋ ਪਾਰਟੀ ਦੀਆਂ ਨੀਤੀਆਂ ਨਾਲ ਜੁੜੇ ਰਹਿਣ ਤੇ ਇਨ੍ਹਾਂ ਨੂੰ ਬਚਾਉਣ ਲਈ ਸਿਰ ਧੜ ਦੀ ਬਾਜ਼ੀ ਲਾ ਦੇਣ ਦੀ ਸਹੁੰ ਚੁੱਕਣ ਲਈ ਤਿਆਰ ਹੋਣ।
ਅਰਵਿੰਦ ਕੇਜਰੀਵਾਲ ਪੰਜਾਬ ਨੂੰ ਇਕ ਇਮਾਨਦਾਰ ਸਰਕਾਰ ਦੇਣ ਦੇ ਵਾਅਦੇ ਕਰਦੇ ਰਹੇ ਪਰ ਸ਼ਾਇਦ ਉਹ ਵੀ ਇਹ ਜਾਣ ਕੇ ਹੈਰਾਨ ਹੋ ਗਏ ਹੋਣਗੇ ਕਿ ਜਿਨ੍ਹਾਂ ਬਾਰੇ ਉਹ ਇਮਾਨਦਾਰੀ ਦੀ ਗਰੰਟੀ ਦੇਂਦੇ ਆ ਰਹੇ ਸਨ, ਉਨ੍ਹਾਂ ਨੇ ਅਪਣੀ ਵਾਰੀ, ਕੀ ਕੀਮਤ ਤਾਰ ਕੇ, ਵੋਟਾਂ ਖ਼ਰੀਦੀਆਂ। 40 ਫ਼ੀ ਸਦੀ ਉਮੀਦਵਾਰ ਬਾਕੀ ਪਾਰਟੀਆਂ ਦਾ ਕਚਰਾ ਸੀ
ਜਿਸ ਨੂੰ ਕੇਜਰੀਵਾਲ ਆਪ ਲੈਣਾ ਨਹੀਂ ਚਾਹੁੰਦੇ ਸਨ ਪਰ ਅਖ਼ੀਰ ਵਿਚ ਆ ਕੇ ਉਹ ਬੇਬੱਸ ਹੋ ਗਏ। ਇਸੇ ਤਰ੍ਹਾਂ ਸਾਰੀਆਂ ਪਾਰਟੀਆਂ ਵੋਟਰਾਂ ਨੂੰ ਜੋਕਰਾਂ ਵਾਂਗ ਖ਼ੁਸ਼ ਕਰਦੀਆਂ ਕਰਦੀਆਂ ਅਪਣੇ ਫ਼ਲਸਫ਼ੇ ਤੋਂ ਹੀ ਦੂਰ ਹੁੰਦੀਆਂ ਜਾ ਰਹੀਆਂ ਹਨ। ਉਹ ਚਾਹੁੰਦੀਆਂ ਹੋਈਆਂ ਵੀ ਕੋਈ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਜਿਸ ਬਦਲਾਅ ਦੀ ਆਮ ਇਨਸਾਨ ਆਸ ਰਖਦਾ ਹੈ, ਉਸ ਵਾਸਤੇ ਉਹ ਆਪ ਹੀ ਖੜਾ ਨਹੀਂ ਹੋ ਸਕਦਾ। ਜਦ ਘਰ ਵਿਚ ਪੈਸਾ ਨਾ ਹੋਵੇ, ਰੋਜ਼ਗਾਰ ਦਾ ਰਸਤਾ ਬੰਦ ਹੋਵੇ ਤਾਂ ਆਮ ਇਨਸਾਨ ਅਪਣੇ ਆਪ ਨੂੰ ਉਸੇ ਸਿਸਟਮ ਵਿਚ ਢਾਲ ਲੈਂਦਾ ਹੈ।
ਸੋ ਆਉਣ ਵਾਲੀ ਕਿਸੇ ਵੀ ਪਾਰਟੀ ਦੀ ਸਰਕਾਰ ਤੋਂ ਕੁੱਝ ਬਦਲਾਅ ਦੀ ਜੇ ਆਸ ਰੱਖੀ ਜਾ ਸਕਦੀ ਹੈ ਤਾਂ ਓਨੀ ਹੀ ਰੱਖੀ ਜਾਣੀ ਚਾਹੀਦੀ ਹੈ ਜਿੰਨੇ ਤੁਸੀ ਆਪ ਬਦਲੇ ਹੋ। ਪਰ ਕੁੱਝ ਚੀਜ਼ਾਂ ਬਦਲਣ ਦੀ ਸਖ਼ਤ ਲੋੜ ਹੈ ਜਿਨ੍ਹਾਂ ਨੂੰ ਸੁਧਾਰਨ ਲਈ ਧਰਮ, ਜਾਤ ਤੇ ਪੈਸਾ ਕੰਮ ਨਹੀਂ ਆ ਸਕਦੇ। ਇਸ ਨਸ਼ੇ ਦੇ ਵਪਾਰ ਤੋਂ ਹੁਣ ਸਾਰੇ ਲੋਕ ਤੰਗ ਆ ਚੁੱਕੇ ਹਨ ਤੇ ਕਈ ਪਿੰਡਾਂ ਵਿਚ ਨਸ਼ਾ ਤਸਕਰਾਂ ਨੂੰ ਪਿੰਡ ਵਾਲੇ ਆਪ ਫੜ ਕੇ ਉਨ੍ਹਾਂ ਦੀ ਛਿੱਤਰ ਪਰੇਡ ਕਰ ਰਹੇ ਹਨ। ਜਦ ਲੋਕ ਨਿਆਂ ਪਾਲਿਕਾ ਤੋਂ ਉਮੀਦ ਛੱਡ ਕੇ ਇਨਸਾਫ਼ ਅਪਣੇ ਹੱਥ ਵਿਚ ਲੈਣ ਲਗਦੇ ਹਨ ਤਾਂ ਖ਼ਤਰਾ ਬਹੁਤ ਵੱਧ ਜਾਂਦਾ ਹੈ। ਇਸ ਗੱਲ ਨੂੰ ਸਮਝਣ ਵਾਲੇ ਜਿਹੜੇ ਆਗੂਆਂ ਨੇ ਵੋਟ ਖ਼ਰੀਦੀ ਜਾਂ ਵੇਚੀ ਹੈ, ਉਨ੍ਹਾਂ ਲਈ ਸੋਚਣ ਦਾ ਸਮਾਂ ਹੈ।
ਓਨੇ ਲੋਕ ਯੂਕਰੇਨ ਦੀ ਜੰਗ ਵਿਚ ਨਹੀਂ ਮਰੇ ਹੋਣਗੇ ਜਿੰਨੇ ਪੰਜਾਬੀ ਨੌਜਵਾਨ ਮੌਤ ਦੀ ਗੋਦ ਵਿਚ ਜਾ ਸਮਾਏ ਹਨ ਜਾਂ ਜਿਨ੍ਹਾਂ ਘਰਾਂ ਨੇ ਘੋਰ ਤਬਾਹੀ ਵੇਖੀ ਹੈ। ਇਹ ਚਿੱਟੇ ਦਾ ਵਪਾਰ, ਤਸਕਰ ਤੋਂ ਸ਼ੁਰੂ ਹੋ ਕੇ ਹਵਾਲਦਾਰ, ਥਾਣੇਦਾਰ, ਐਸ.ਪੀ., ਐਸ.ਐਸ.ਪੀ., ਐਮ.ਐਲ.ਏ ਤੇ ਸਰਪੰਚ ਸਮੇਤ ਹਰ ਛੋਟੇ ਵੱਡੇ ਦੀ ਕੁਰਸੀ ਨੇੜਿਉਂ ਲੰਘਦਾ ਹੈ। ਜੇ ਇਸ ਨੂੰ ਨਾ ਬਦਲਿਆ ਗਿਆ ਤਾਂ ਸਥਿਤੀ ਕਾਬੂ ਹੇਠ ਨਹੀਂ ਰਹੇਗੀ। ਬਾਕੀ ਮੁੱਦਿਆਂ ਤੇ ਬਦਲਾਅ ਤੇ ਇਮਾਨਦਾਰੀ ਕਿਸੇ ਵੀ ਗੱਡੀ ਤੇ ਆਵੇ, ਨਸ਼ੇ ਦੀ ਤਾਰ ਕੱਟਣ ਵਿਚ ਹੁਣ ਦੇਰੀ ਬਰਦਾਸ਼ਤ ਨਹੀਂ ਹੋਵੇਗੀ। -ਨਿਮਰਤ ਕੌਰ