ਕੋਰੋਨਾ ਵਿਰੁਧ ਜੰਗ ਦੇ ਮੈਦਾਨ ਵਿਚੋਂ ਇਕ ਚੰਗੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕੋਰੋਨਾ ਵਾਇਰਸ ਵਿਰੁਧ ਇਸ ਜੰਗ ਦੌਰਾਨ ਹਰ ਇਨਸਾਨ ਆਪੋ-ਅਪਣੇ ਘਰ ਵਿਚ ਬੈਠਣ ਲਈ ਮਜਬੂਰ ਹੋਇਆ ਪਿਆ ਹੈ

File Photo

ਕੋਰੋਨਾ ਵਾਇਰਸ ਵਿਰੁਧ ਇਸ ਜੰਗ ਦੌਰਾਨ ਹਰ ਇਨਸਾਨ ਆਪੋ-ਅਪਣੇ ਘਰ ਵਿਚ ਬੈਠਣ ਲਈ ਮਜਬੂਰ ਹੋਇਆ ਪਿਆ ਹੈ ਜਾਂ ਮਜਬੂਰ ਕੀਤਾ ਜਾ ਰਿਹਾ ਹੈ। ਜਿਥੇ ਕਾਰੋਬਾਰ ਦੀ ਚਿੰਤਾ ਹਰ ਵੇਲੇ ਸਿਰ ਤੇ ਚੜ੍ਹੀ ਰਹਿੰਦੀ ਹੋਵੇ ਤੇ ਰੁਜ਼ਗਾਰ ਗੁਆਚ ਜਾਣ ਦਾ ਡਰ ਹੋਸ਼ ਉਡਾ ਰਖਦਾ ਹੋਵੇ ਜਾਂ ਕਿਸੇ ਨੂੰ ਇਹ ਪਤਾ ਨਾ ਹੋਵੇ ਕਿ ਅਗਲੇ ਦਿਨ ਦੀ ਰੋਟੀ ਕਿਥੋਂ ਆਵੇਗੀ, ਉਥੇ ਕਿਸੇ ਚੰਗੀ ਖ਼ਬਰ ਦੀ ਆਸ ਰਖਣਾ ਵੀ ਹਨੇਰੇ ਵਿਚ ਤੀਰ ਮਾਰਨ ਵਰਗਾ ਹੀ ਹੁੰਦਾ ਹੈ। ਪਰ ਹਨੇਰੀ ਤੋਂ ਹਨੇਰੀ ਰਾਤ ਵਿਚ ਵੀ ਸਿਤਾਰੇ ਚਮਕਣਾ ਨਹੀਂ ਛਡਦੇ। ਇਕ ਪਾਸੇ ਤਾਂ ਕੁਦਰਤ ਦੀ ਖ਼ੁਸ਼ੀ ਡੁਲ੍ਹ-ਡੁਲ੍ਹ ਕੇ ਚਿੜੀਆਂ ਦੇ ਚਹਿਕਣ ਵਿਚੋਂ ਸੁਣਨ ਨੂੰ ਮਿਲਦੀ ਹੈ, ਦੂਜੇ ਪਾਸੇ ਨਸ਼ਿਆਂ ਦਾ ਛੇਵਾਂ ਦਰਿਆ ਸੁਕਦਾ ਜਾ ਰਿਹਾ ਲਗਦਾ ਹੈ।

ਪੰਜਾਬ ਦੇ ਦਿਲ ਦੀ ਪੁਕਾਰ ਸੀ ਕਿ ਉਸ ਦੇ ਨੌਜੁਆਨਾਂ ਨੂੰ ਨਸ਼ਿਆਂ ਦੀ ਬੁਰੀ ਆਦਤ ਤੋਂ ਬਚਾਇਆ ਜਾਵੇ। ਭਾਵੇਂ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਕਈ ਉਪਰਾਲੇ ਕੀਤੇ ਅਤੇ ਇਸ ਵਪਾਰ ਵਿਚ ਸ਼ਾਮਲ ਹੋਏ ਪੁਲਿਸ ਮੁਲਾਜ਼ਮਾਂ ਨੂੰ ਫੜਨ ਤੋਂ ਲੈ ਕੇ ਵਪਾਰੀਆਂ ਨੂੰ ਵੀ ਹੱਥ ਪਾਇਆ ਪਰ ਇਹ ਏਨਾ ਵੱਡਾ ਦਰਿਆ ਸੀ ਕਿ ਖ਼ਤਮ ਹੋਣ ਦਾ ਨਾਂ ਹੀ ਨਹੀਂ ਸੀ ਲੈਂਦਾ। ਜੇ ਸਰਹੱਦ ਪਾਰੋਂ ਆਉਣ ਵਾਲੇ ਨਸ਼ਿਆਂ ਨੂੰ ਰੋਕਿਆ ਗਿਆ ਤਾਂ ਪੰਜਾਬ ਦੇ ਅੰਦਰ ਫ਼ਾਰਮ ਫ਼ੈਕਟਰੀਆਂ ਨੇ ਉਤਪਾਦਨ ਸ਼ੁਰੂ ਕਰ ਦਿਤਾ।

ਕੁੱਝ ਹੋਰ ਨਾ ਮਿਲਿਆ ਤਾਂ ਖਾਂਸੀ ਦੀ ਦਵਾਈ ਦੀਆਂ ਬੋਤਲਾਂ ਗਟਕ ਜਾਂਦੇ ਸਨ। ਨਸ਼ਾ, ਜੋ ਕਦੇ ਪੰਜਾਬ 'ਚੋਂ ਲੰਘਦਾ ਸੀ, ਹੁਣ ਪੰਜਾਬ ਵਿਚ ਮਾਰਕੀਟ ਬਣਾ ਬੈਠਾ ਸੀ। ਮੰਗ ਜਦ ਤਕ ਰਹੇਗੀ, ਨਸ਼ਾ ਅਪਣਾ ਰਸਤਾ ਬਣਾ ਲੈਂਦਾ ਰਹੇਗਾ। ਨਸ਼ਾ ਤਸਕਰਾਂ ਨੂੰ ਪਾਕਿਸਤਾਨ ਦੇ ਰਸਤਿਉਂ ਨਸ਼ਾ ਲਿਆਉਣ ਵਿਚ ਔਖ ਲੱਗੀ ਤਾਂ ਉਹ ਕਦੇ ਗੁਜਰਾਤ ਦੇ ਰਸਤਿਉਂ ਪੰਜਾਬ ਆਉਣ ਲੱਗੇ ਅਤੇ ਕਦੇ ਹਰਿਆਣੇ ਵਾਲੇ ਪਾਸਿਉਂ।

ਜਦੋਂ ਲੋਕਾਂ ਨੇ ਆਖਿਆ ਸੀ ਕਿ ਭੁੱਕੀ ਦੇਸੀ ਹੈ, ਉਸ ਵਿਚ ਫ਼ਾਰਮਾ ਦੀਆਂ ਗੋਲੀਆਂ ਘੋਟ-ਘੋਟ ਕੇ ਪਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਚਿੱਟਾ, ਕਾਲੀਆਂ ਗੋਲੀਆਂ ਤੇ ਸੂਈਆਂ ਨੇ ਪੰਜਾਬ ਦੇ ਨੌਜੁਆਨਾਂ ਨੂੰ ਤਬਾਹ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਹ ਵਪਾਰ ਰੁਕਿਆ ਨਾ ਅਤੇ ਇਸ ਦਾ ਕਾਰਨ ਸ਼ਾਇਦ ਕਿਸੇ ਵੱਡੇ ਸਿਆਸਤਦਾਨ ਦੀ ਸ਼ਹਿ ਹੈ ਜਾਂ ਇਕ ਤਾਕਤਵਰ ਸਿਸਟਮ, ਜਿਸ ਨੂੰ ਤੋੜਨ ਦਾ ਰਸਤਾ ਨਹੀਂ ਬਣ ਰਿਹਾ। ਪੰਜਾਬ ਐਸ.ਟੀ.ਐਫ਼. ਵਲੋਂ ਬੜੇ ਵਧੀਆ ਉਪਰਾਲੇ ਕੀਤੇ ਗਏ, ਭਾਵੇਂ ਇਸ ਐਸ.ਟੀ.ਐਫ਼. ਕੋਲ ਟੀਮ ਵੱਡੀ ਨਹੀਂ ਸੀ ਤੇ ਨਾ ਬਹੁਤੇ ਪੈਸੇ ਹੀ ਸਨ।

ਇਨ੍ਹਾਂ ਬੜੀ ਡੂੰਘੀ ਸੋਚ ਅਤੇ ਖੋਜ ਤੋਂ ਬਾਅਦ ਅਜਿਹੀਆਂ ਯੋਜਨਾਵਾਂ ਬਣਾਈਆਂ ਜੋ ਅੰਤਰਰਾਸ਼ਟਰੀ ਪੱਧਰ ਦੀਆਂ ਯੋਜਨਾਵਾਂ ਤੋਂ ਘੱਟ ਨਹੀਂ ਸਨ। ਇਨ੍ਹਾਂ ਯੋਜਨਾਵਾਂ ਵਿਚ ਮੁਫ਼ਤ ਨਸ਼ਾ ਛੁਡਾਊ ਕੇਂਦਰਾਂ ਵਿਚ ਲਿਪਰੋਨੋਰਫ਼ੀਨ ਦਾ ਇਸਤੇਮਾਲ ਤੇ ਡੀ.ਏ.ਪੀ.ਓ. ਨਾਲ ਸਮਾਜ ਨੂੰ ਹਿੱਸੇਦਾਰ ਬਣਾਉਣਾ ਸ਼ਾਮਲ ਸੀ। ਬੀ.ਯੂ.ਡੀ.ਡੀ.ਵਾਈ. ਨਾਲ ਅਧਿਆਪਕਾਂ ਨੂੰ ਸਿਖਲਾਈ ਦੇ ਕੇ ਬੱਚਿਆਂ ਨੂੰ ਸਹੀ ਸਮੇਂ ਤੇ ਨਸ਼ੇ ਦੇ ਰਾਹ ਤੁਰਨ ਤੋਂ ਰੋਕਣ ਦਾ ਕੰਮ ਲਿਆ ਗਿਆ। ਹੁਣ ਹੁਨਰ ਮਿਸ਼ਨ ਨੂੰ ਨਾਲ ਲੈ ਕੇ ਨਸ਼ਾ ਛੱਡਣ ਵਾਲਿਆਂ ਨੂੰ ਰੁਜ਼ਗਾਰ ਵਾਸਤੇ ਤਿਆਰ ਕਰਨ ਦੀ ਯੋਜਨਾ ਦਾ ਪਾਇਲਟ ਪ੍ਰਾਜੈਕਟ ਸਫ਼ਲਤਾ ਨਾਲ ਚਲ ਰਿਹਾ ਹੈ।
ਇਸ ਕੁਦਰਤੀ ਆਫ਼ਤ ਵਿਚ ਪੰਜਾਬ ਦੀ ਨਸ਼ਾ ਮੁਕਤੀ ਮੁਹਿੰਮ ਨੂੰ ਉਹ ਮੌਕਾ ਮਿਲ ਗਿਆ ਜਿਸ ਨਾਲ ਉਨ੍ਹਾਂ ਦੀ ਮੁਹਿੰਮ ਕਾਮਯਾਬ ਬਣ ਸਕਦੀ ਸੀ।

ਨਸ਼ਾ ਸਪਲਾਈ ਨੂੰ ਕਰਫ਼ੀਊ ਨੇ ਬੰਦ ਕਰ ਦਿਤਾ। ਨਸ਼ੇ ਦੇ ਦਰਿਆ ਉਤੇ ਜੋ ਬੰਨ੍ਹ ਇਸ ਕੋਰੋਨਾ ਵਾਇਰਸ ਨੇ ਬੰਨ੍ਹਿਆ ਹੈ, ਉਸ ਵਿਰੁਧ ਤਾਂ ਕੋਈ ਵੀ ਤਾਕਤ ਨਹੀਂ ਜਾ ਸਕਦੀ। ਐਸ.ਟੀ.ਐਫ਼. ਅਤੇ ਸਰਕਾਰ ਨੇ ਇਸ ਮੌਕੇ ਨੂੰ ਵੇਖਦਿਆਂ ਇਸ ਆਫ਼ਤ ਵਿਚ ਨਸ਼ਾ ਮੁਕਤ ਪੰਜਾਬ ਵਲ ਕਦਮ ਤੇਜ਼ ਕੀਤੇ। ਖੁੱਲ੍ਹੇ ਨਸ਼ਾ ਕੇਂਦਰਾਂ ਵਿਚ ਨਵੇਂ ਮਰੀਜ਼ਾਂ ਵਾਸਤੇ ਕਰਫ਼ੀਊ ਪਾਸ ਦੇਣ ਤੋਂ ਪਹਿਲਾਂ 14 ਅਤੇ ਹੁਣ 21 ਦਿਨਾਂ ਦੀ ਮੁਫ਼ਤ ਦਵਾਈ ਦੀ ਤਿਆਰੀ ਕੀਤੀ। ਇਸ ਨਾਲ ਪਿਛਲੇ 2 ਹਫ਼ਤਿਆਂ ਵਿਚ ਹੀ 16 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਦਵਾਈ ਲੈਣ ਲਈ ਅੱਗੇ ਆਏ ਹਨ।

ਨਸ਼ਾ ਤਸਕਰ ਪਹਿਲੀ ਵਾਰ ਘਬਰਾਏ ਹੋਏ ਹਨ ਕਿਉਂਕਿ ਇਸ ਕਾਰੋਬਾਰ ਵਿਚ ਪੈਸੇ ਬੇਹਿਸਾਬੇ ਹਨ ਜੋ ਉਨ੍ਹਾਂ ਦੇ ਹੱਥੋਂ ਨਿਕਲ ਰਹੇ ਹਨ। ਅੰਮ੍ਰਿਤਸਰ ਵਿਚ ਗੋਲੀਆਂ ਚਲੀਆਂ, ਮਾਨਸਾ ਵਿਚ ਇਕ ਤਸਕਰ ਐਂਬੂਲੈਂਸ ਰਾਹੀਂ ਨਸ਼ੇ ਭੇਜਦਾ ਫੜਿਆ ਗਿਆ। ਪਰ ਅੱਜ ਨਸ਼ਾ ਛੱਡਣ ਵਾਲਿਆਂ ਦਾ ਪਲੜਾ ਭਾਰੀ ਹੈ। ਹੁਣ ਐਸ.ਟੀ.ਐਫ਼. ਦਾ ਸਾਥ ਦੇਣਾ ਹਰ ਪੰਜਾਬੀ ਦਾ ਫ਼ਰਜ਼ ਹੈ। ਜੋ ਵੀ ਆਖਦਾ ਹੈ ਕਿ ਉਹ ਪੰਜਾਬ ਨੂੰ ਪਿਆਰ ਕਰਦਾ ਹੈ ਅਤੇ ਨਸ਼ਾ ਮੁਕਤੀ ਚਾਹੁੰਦਾ ਹੈ, ਉਹ ਇਸ ਵੇਲੇ ਹਰ ਨਸ਼ੇ ਦੇ ਆਦੀ ਨੂੰ ਨਸ਼ਾ ਛੁਡਾਊ ਕੇਂਦਰ ਲੈ ਕੇ ਜਾਵੇ। ਅੱਜ ਦੀ ਕੋਸ਼ਿਸ਼ ਨਾਲ ਜਦ ਕੋਰੋਨਾ ਜਾਵੇਗਾ, ਨਾਲ-ਨਾਲ ਨਸ਼ਾ ਵੀ ਪੰਜਾਬ ਤੋਂ ਛੂੰ ਮੰਤਰ ਹੋ ਸਕਦਾ ਹੈ।  -ਨਿਮਰਤ ਕੌਰ