ਸੰਪਾਦਕੀ: ਨੌਜਵਾਨ ਮੁੜ ਤੋਂ ਕਿਸਾਨੀ ਸੰਘਰਸ਼ ਨੂੰ ਸਹਿਯੋਗ ਦੇਣ ਲਈ ਨਿੱਤਰ ਪਏ...
ਅੱਜ ਨੌਜਵਾਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜੇ ਉਹ ਕਿਸਾਨ ਆਗੂਆਂ ਦਾ ਸਾਥ ਨਹੀਂ ਦੇਣਗੇ ਤਾਂ ਸੱਭ ਤੋਂ ਵੱਡਾ ਨੁਕਸਾਨ ਉਹ ਅਪਣਾ ਹੀ ਕਰਨਗੇ
ਸਿਰ ਤੇ ਦਸਤਾਰ ਸਜਾ ਕੇ ਪੰਜਾਬ ’ਚੋਂ ਲੱਖਾ ਸਿਧਾਣਾ ਨੌਜਵਾਨਾਂ ਦਾ ਵੱਡਾ ਕਾਫ਼ਲਾ ਲੈ ਕੇ ਦਿੱਲੀ ਦੇ ਕੁੰਡਲੀ, ਮਾਨੇਸਰ, ਪਲਵਲ ਰਾਜ ਮਾਰਗ ਨੂੰ ਜਾਮ ਕਰਨ ਲਈ ਨਿਕਲਿਆ ਹੈ ਅਤੇ ਉਸ ਨੇ ਇਕ ਵੱਡੀ ਗੱਲ ਆਖੀ ਹੈ ਕਿ ‘ਲੱਖਾ ਅੰਦੋਲਨ ਤੋਂ ਹੈ ਨਾ ਕਿ ਅੰਦੋਲਨ ਲੱਖੇੇ ਤੋਂ ਹੈ’। ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਲੱਭ ਰਹੀ ਹੈ ਤੇ ਸ਼ਾਇਦ ਉਸ ਨੂੰ ਦਿੱਲੀ ਪਹੁੰਚਣ ਸਮੇਂ ਜਾਂ ਉਸ ਤੋਂ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਜਾਵੇਗਾ। ਇਕ ਗੈਂਗਸਟਰ ਤੋਂ ਸਮਾਜ ਸੇਵੀ ਤੇ ਅੱਜ ਕਿਸਾਨੀ ਸੰਘਰਸ਼ ਦਾ ਨੌਜਵਾਨ ਚਿਹਰਾ ਬਣਿਆ ਲੱਖਾ ਸਿਧਾਣਾ ਇਸ ਖ਼ਤਰੇ ਤੋਂ ਵੀ ਜਾਣੂ ਹੈ ਪਰ ਫਿਰ ਵੀ ਉਸ ਨੇ ਸ਼ਰੇਆਮ ਬਾਹਰ ਆਉਣ ਦਾ ਰਾਹ ਚੁਣਿਆ।
ਇਸ ਕਦਮ ਤੋਂ ਪਹਿਲਾਂ ਕਿਸਾਨ ਆਗੂਆਂ ਵਲੋਂ ਵੱਖ ਵੱਖ ਮੰਚਾਂ ਤੋਂ ਲੱਖੇ ਦੇ ਹੱਕ ਵਿਚ ਬਿਆਨ ਦਿਤੇ ਗਏ ਤੇ ਆਖਿਆ ਗਿਆ ਕਿ ਲੱਖਾ ਸਾਡੇ ਅੰਦੋਲਨ ਦਾ ਇਕ ਮਜ਼ਬੂਤ ਹਿੱਸਾ ਹੈ। ਕਿਸਾਨ ਆਗੂਆਂ ਦੀ ਨਾਰਾਜ਼ਗੀ ਸਿਰਫ਼ ਦੀਪ ਸਿੱਧੂ ਨਾਲ ਸੀ ਅਤੇ ਦੀਪ ਸਿੱਧੂ ਨੂੰ ਛੱਡ ਕੇ ਬਾਕੀ ਹਿਰਾਸਤ ਵਿਚ ਲਏ ਗਏ ਸਾਰੇ ਨੌਜਵਾਨਾਂ ਦੀ ਹਮਾਇਤ ਲਈ ਕਿਸਾਨ ਆਗੂ ਇਕਜੁਟ ਹਨ। ਦੀਪ ਸਿੱਧੂ ਨਾਲ ਨਾਰਾਜ਼ਗੀ ਕਿੰਨੀ ਕੁ ਜਾਇਜ਼ ਹੈ ਜਾਂ ਨਹੀਂ, ਇਸ ਬਾਰੇ ਇਹ ਸਮਾਂ ਬਹਿਸ ਕਰਨ ਦਾ ਨਹੀਂ ਪਰ ਅਫਸੋਸ ਨੌਜਵਾਨਾਂ ਨੇ ਇਸ ਮੁੱਦੇ ਨੂੰ ਕਿਸਾਨੀ ਸੰਘਰਸ਼ ਦਾ ਕੇਂਦਰ ਬਿੰਦੂ ਬਣਾ ਲਿਆ ਹੈ।
ਕਿਸਾਨਾਂ ਦੀਆਂ ਅਜਿਹੀਆਂ ਕਮਜ਼ੋਰੀਆਂ ਦਾ ਸਰਕਾਰ ਨੂੰ ਵੀ ਪਤਾ ਹੈ ਤੇ ਉਹ ਵੀ ਇਸੇ ਕਾਰਨ ਸ਼ਾਂਤੀ ਨਾਲ ਬੈਠੀ ਸੀ ਕਿਉਂਕਿ ਉਹ ਜਾਣਦੀ ਹੈ ਕਿ ਬਾਰਡਰਾਂ ਤੇ ਮਿਹਨਤੀ ਤੇ ਨਿਡਰ ਲੋਕ ਬੈਠੇ ਹਨ ਜੋ ਜ਼ਿਆਦਾਤਰ ਬਜ਼ੁਰਗ ਹਨ ਜਾਂ ਬਜ਼ੁਰਗਾਂ ਦੀ ਸੇਵਾ ਕਰਨ ਵਾਲੇ ਹਨ। ਜਿਸ ਹੌਸਲੇ ਨਾਲ ਕਿਸਾਨ ਆਗੂ 26 ਨਵੰਬਰ ਨੂੰ ਦਿੱਲੀ ਗਏ ਸਨ, ਉਹ ਹੌਸਲਾ ਗ਼ਾਇਬ ਹੋ ਗਿਆ ਸੀ। ਅੱਜ ਭਾਵੇਂ ਔਰਤਾਂ ਦੀ ਸ਼ਮੂਲੀਅਤ ਪਹਿਲਾਂ ਨਾਲੋਂ ਜ਼ਿਆਦਾ ਹੈ ਪਰ ਸਰਕਾਰ ਉਨ੍ਹਾਂ ਤੋਂ ਘਬਰਾਉਣ ਵਾਲੀ ਨਹੀਂ। ਕਿਸਾਨੀ ਸੰਘਰਸ਼ ਵਿਚੋਂ ਨੌਜਵਾਨਾਂ ਦੇ ਪਿਛੇ ਹਟਣ ਦਾ ਕਾਰਨ ਵੀ ਸਮਝ ਆਉਂਦਾ ਹੈ। ਨੌਜਵਾਨਾਂ ਕੋਲ ਬਜ਼ੁਰਗਾਂ ਜਿੰਨਾ ਸਬਰ ਤੇ ਵਿਸ਼ਵਾਸ ਨਹੀਂ ਹੁੰਦਾ ਅਤੇ ਅੱਜ ਹਰ ਆਗੂ ਪ੍ਰਤੀ ਬੇਵਿਸ਼ਵਾਸੀ ਵੀ ਸਾਹਮਣੇ ਨਜ਼ਰ ਆ ਰਹੀ ਹੈ।
ਪਰ ਇਨ੍ਹਾਂ ਕੁੱਝ ਮਹੀਨਿਆਂ ਦੇ ਸੰਘਰਸ਼ ਤੋਂ ਹੀ ਅਪਣੇ ਆਗੂਆਂ ਦੀ ਕਮਜ਼ੋਰੀ ਨੂੰ ਸਮਝ ਜਾਣਾ ਚਾਹੀਦਾ ਹੈ। ਜੇ ਉਹ ਅੱਜ ਤੋਂ ਪਹਿਲਾਂ ਕਿਸੇ ਸੰਘਰਸ਼ ਵਿਚ ਸ਼ਾਮਲ ਹੋਏ ਹੁੰਦੇ, ਕਿਸੇ ਚੋਣ ਵਿਚ ਮੁੰਡੀਰ ਵਾਂਗ ਸਿਆਸਤਦਾਨਾਂ ਦੇ ਪਿਛੇ ਨਾ ਲੱਗੇ ਹੁੰਦੇ ਤਾਂ ਅੱਜ ਦੇ ਹਾਲਾਤ ਇਸ ਤਰ੍ਹਾਂ ਦੇ ਨਾ ਹੁੰਦੇ। ਨੌਜਵਾਨਾਂ ਦੇ ਸਾਥ ਨੇ ਕਿਸਾਨ ਆਗੂਆਂ ਨੂੰ ਇੰਨੀ ਤਾਕਤ ਦਿਤੀ ਜਿਸ ਨਾਲ ਉਹ ਐਨੇ ਵੱਡੇ ਸੰਘਰਸ਼ ਨੂੰ ਸਿਖਰਾਂ ਤੇ ਲਿਜਾ ਸਕੇ। ਅੱਜ ਨੌਜਵਾਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜੇ ਉਹ ਕਿਸਾਨ ਆਗੂਆਂ ਦਾ ਸਾਥ ਨਹੀਂ ਦੇਣਗੇ ਤਾਂ ਸੱਭ ਤੋਂ ਵੱਡਾ ਨੁਕਸਾਨ ਉਹ ਅਪਣਾ ਹੀ ਕਰਨਗੇ। ਬਜ਼ੁਰਗਾਂ ਦੀ ਤਾਂ ਜ਼ਿੰਦਗੀ ਲੰਘ ਹੀ ਗਈ ਹੈ ਪਰ ਜਿਹੜੀ ਅੱਜ ਦੀ ਲੜਾਈ ਹੈ, ਉਹ ਆਉਣ ਵਾਲੇ ਕੱਲ੍ਹ ਦੀ ਹੈ।
ਪਿਛਲੇ ਦੋ ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਹੁੰਦਾ ਵੇਖ ਕੇ ਕੇਂਦਰ ਸਰਕਾਰ ਵਲੋਂ ਕੁੱਝ ਅਜਿਹੇ ਫ਼ੈਸਲੇ ਲਏ ਗਏ ਹਨ ਜੋ ਪੰਜਾਬ ਦੀ ਆਰਥਕਤਾ ਨੂੰ ਕਮਜ਼ੋਰ ਕਰਨਗੇ। ਪੇਂਡੂ ਵਿਕਾਸ ਫ਼ੰਡ ਤੋਂ ਲੈ ਕੇ ਆੜ੍ਹਤੀਆਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ ਤੇ ਅੱਜ ਸਾਡੀ ਸੂਬਾ ਸਰਕਾਰ ਵੀ ਕੇਂਦਰ ਸਰਕਾਰ ਸਾਹਮਣੇ ਹੱਥ ਜੋੜ ਕੇ ਬੇਨਤੀਆਂ ਕਰਦੀ ਵਿਖਾਈ ਦੇ ਰਹੀ ਹੈ ਪਰ ਕੇਂਦਰ ਅਪਣੇ ਫ਼ੈਸਲਿਆਂ ਤੋਂ ਟਸ ਤੋਂ ਮਸ ਨਹੀਂ ਹੋ ਰਿਹਾ। ਜਿਸ ਤਰ੍ਹਾਂ ਕੇਂਦਰ ਸਰਕਾਰ ਕਿਸਾਨੀ ਕਾਨੂੰਨਾਂ ਨੂੰ ਲੈ ਕੇ ਅੜ ਗਈ ਹੈ, ਉਸ ਤੋਂ ਇਹੀ ਜਾਪਦਾ ਹੈ ਕਿ ਉਹ ਕਮਜ਼ੋਰ ਹੋ ਰਹੇ ਕਿਸਾਨੀ ਸੰਘਰਸ਼ ਨੂੰ ਕਿਸਾਨਾਂ ਦੀ ਇਕ ਤਰ੍ਹਾਂ ਦੀ ਹਾਰ ਮੰਨ ਰਹੀ ਹੈ।
ਕੇਂਦਰ ਅਪਣੇ ਮਾਹਰਾਂ ਮੁਤਾਬਕ ਕਿਸਾਨਾਂ ਦੇ ਆਉਣ ਵਾਲੇ ਕੱਲ੍ਹ ਨੂੰ ਉਜਲਾ ਬਣਾਉਣ ਲਈ ਨਵੇਂ ਕਾਨੂੰਨ ਲਾਗੂ ਕਰਨਾ ਚਾਹੁੰਦਾ ਹੈ ਤੇ ਨੌਜਵਾਨ, ਜਿਨ੍ਹਾਂ ਦੇ ਕੱਲ੍ਹ ਤੇ ਅਸਰ ਅੰਦਾਜ਼ ਹੋਣ ਵਾਲੇ ਇਹ ਕਾਨੂੰਨ ਬਣੇ ਹਨ, ਜੇਕਰ ਉਹ ਹੀ ਪਿਛੇ ਹਟ ਗਏ ਤਾਂ ਇਨ੍ਹਾਂ ਖੇਤੀ ਕਾਨੂੰਨਾਂ ਤੋਂ ਇਲਾਵਾ ਹੋਰ ਮਾਰੂ ਕਾਨੂੰਨਾਂ ਦਾ ਲਾਗੂ ਹੋ ਜਾਣਾ ਕੋਈ ਅਜਬ ਗੱਲ ਨਹੀਂ ਹੋਵੇਗੀ। ਲੱਖਾ ਸਿਧਾਣਾ ਤੇ ਨੌਜਵਾਨ ਇਹ ਗੱਲ ਜਾਣਦੇ ਹਨ ਤੇ ਦਿੱਲੀ ਜਾਂਦਿਆਂ ਲੱਖਾ ਸਿਧਾਣਾ ਦੇ ਲਫ਼ਜ਼ਾਂ ਦੇ ਨਾਲ ਨਾਲ, ਉਸ ਦੇ ਸਿਰ ਤੇ ਸਜੀ ਦਸਤਾਰ ਵੀ ਇਕ ਸੁਨੇਹਾ ਦੇ ਰਹੀ ਹੈ। ਉਹ ਪੰਥਕ ਹੋਣ ਦਾ ਸੁਨੇਹਾ ਨਹੀਂ ਦੇ ਰਹੇ ਪਰ ਜਟ ਨੂੰ ਅਪਣੀ ਪਗੜੀ ਸੰਭਾਲਣ ਦਾ ਸੁਨੇਹਾ ਜ਼ਰੂਰ ਦੇ ਰਹੇ ਹਨ।
ਅੱਜ ਦੇ ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਇਨ੍ਹਾਂ ਕਾਨੂੰਨਾਂ ਦੀ ਅਸਲ ਮਾਰ ਕਿਸ ਨੂੰ ਪੈਣੀ ਹੈ ਤੇ ਉਨ੍ਹਾਂ ਨੂੰ ਇਸ ਲੜਾਈ ਵਿਚ ਯੋਗਦਾਨ ਬੜੀ ਸੂਝ ਨਾਲ ਪਾਉਣ ਦੀ ਲੋੜ ਹੈ। ਸਰਕਾਰਾਂ ਨਾਲ ਲੜਾਈ ਨਹੀਂ ਕਰਨੀ, ਦੇਸ਼ ਨੂੰ ਨੀਵਾਂ ਨਹੀਂ ਵਿਖਾਉਣਾ, ਦੇਸ਼ ਦੀ ਸ਼ਾਨ ਬਰਕਰਾਰ ਰਖਦੇ ਹੋਏ, ਦੇਸ਼ ਦੀ ਸਰਕਾਰ ਨੂੰ ਅਪਣੇ ਵਿਸ਼ਵਾਸ ਬਾਰੇ ਯਕੀਨ ਕਰਵਾਉਣਾ ਹੈ। ਉਨ੍ਹਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਕਿਸਾਨ ਅਸਲ ਵਿਚ ਚਿੰਤਤ ਹਨ, ਉਹ ਵੰਡੇ ਹੋਏ ਨਹੀਂ। ਪੰਜਾਬ ਦੇ ਨੌਜਵਾਨਾਂ ਨੂੰ ਵਿਖਾਉਣਾ ਪਵੇਗਾ ਕਿ ਉਹ ਕਿਸੇ ਦੇ ਬਹਿਕਾਵੇ ਵਿਚ ਆ ਕੇ ਨਹੀਂ, ਅਪਣੇ ਯਕੀਨ ਕਾਰਨ ਇਸ ਸੰਘਰਸ਼ ਦਾ ਹਿੱਸਾ ਬਣੇ ਹਨ।
- ਨਿਮਰਤ ਕੌਰ