ਪੰਜਾਬ ਦੀ ਵੋਟ ਲੈਣ ਲਈ ਰਾਜੀਵ ਗਾਂਧੀ ਦਾ ਹਊਆ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਰਾਜੀਵ ਗਾਂਧੀ ਬਾਰੇ ਕੁੱਝ ਚੰਗਾ ਲਿਖਣ ਤੋਂ ਕਲਮ ਕੰਬਦੀ ਹੈ। ਕੀ ਲਿਖੀਏ ਉਸ ਸਿਆਸਤਦਾਨ ਬਾਰੇ ਜਿਸ ਨੂੰ ਸਿੱਖਾਂ ਦੀਆਂ ਜੀਊਂਦੇ ਸਾੜੇ ਜਾਣ ਦੀਆਂ ਚੀਕਾਂ ਵੀ ਸੁਣਾਈ ਨਹੀਂ...

Rajiv Gandhi

ਰਾਜੀਵ ਗਾਂਧੀ ਬਾਰੇ ਕੁੱਝ ਚੰਗਾ ਲਿਖਣ ਤੋਂ ਕਲਮ ਕੰਬਦੀ ਹੈ। ਕੀ ਲਿਖੀਏ ਉਸ ਸਿਆਸਤਦਾਨ ਬਾਰੇ ਜਿਸ ਨੂੰ ਸਿੱਖਾਂ ਦੀਆਂ ਜੀਊਂਦੇ ਸਾੜੇ ਜਾਣ ਦੀਆਂ ਚੀਕਾਂ ਵੀ ਸੁਣਾਈ ਨਹੀਂ ਸਨ ਦਿਤੀਆਂ ਕਿਉਂਕਿ ਉਸ ਦੀ ਮਾਂ ਨੂੰ ਦੋ ਸਿੱਖਾਂ ਨੇ ਮਾਰ ਦਿਤਾ ਸੀ? ਉਸ ਦੀ ਮੌਤ ਬੜੀ ਹੀ ਦਰਦਨਾਕ ਰਹੀ ਹੋਵੇਗੀ ਤੇ ਅਪਣੀ ਪ੍ਰਵਰਿਸ਼, ਅਪਣਾ ਧਰਮ, ਅਪਣੀ ਸਿਖਿਆ, ਅਪਣੀ ਜ਼ਮੀਰ ਇਜਾਜ਼ਤ ਨਹੀਂ ਦਿੰਦੇ ਕਿ ਉਸ ਦਰਦਨਾਕ ਮੌਤ ਤੇ ਖ਼ੁਸ਼ ਹੋਇਆ ਜਾਏ। 35 ਸਾਲ ਤਕ ਸਿੱਖ ਕੌਮ ਨੇ ਨਿਆਂ ਦੀ ਉਡੀਕ ਕੀਤੀ ਹੈ। ਪਰ  ਉਸ ਨਸਲਕੁਸ਼ੀ ਦੀ ਯਾਦ ਨੂੰ ਕਦੇ ਅਪਣੇ ਅੱਜ ਦੇ ਯੋਗਦਾਨ ਵਿਚ ਰੁਕਾਵਟ ਨਹੀਂ ਬਣਨ ਦਿਤਾ।

ਅੱਜ ਵੀ ਜੇ ਖ਼ਾਲਿਸਤਾਨ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਵਿਦੇਸ਼ੀ ਧਰਤੀ ਉਤੇ ਹੀ ਹੁੰਦੀਆਂ ਹਨ। ਸਿੱਖਾਂ ਨੇ ਇਸ ਦਰਦ ਨੂੰ ਬਹਾਨਾ ਬਣਾ ਕੇ, ਕਿਸੇ ਪ੍ਰਤੀ ਵੀ ਪੱਕੀ ਨਫ਼ਰਤ ਤੇ 'ਕੱਟੀ ਕਰਨ' ਵਾਲਾ ਵਤੀਰਾ ਨਹੀਂ ਅਪਣਾਇਆ ਸਗੋਂ ਅਪਣੇ ਦੁੱਖ ਨੂੰ ਅਪਣੇ ਤਕ ਸੀਮਤ ਕਰ ਕੇ, ਅਪਣੇ ਦੇਸ਼ ਦੇ ਭਲੇ ਬਾਰੇ ਸੋਚਣਾ ਕਦੇ ਬੰਦ ਨਹੀਂ ਕੀਤਾ। ਉਹ ਜਾਣਦੇ ਹਨ ਕਿ ਨਫ਼ਰਤ ਫੈਲਾਉਣ ਦੀ ਕੀਮਤ ਦੇਸ਼ ਨੂੰ ਕੀ ਤਾਰਨੀ ਪੈਂਦੀ ਹੈ ਤੇ ਉਹ ਦੇਸ਼ ਦੇ ਇਨਸਾਫ਼ ਤੇ ਕੁਦਰਤ ਦੇ ਇਨਸਾਫ਼ ਉਤੇ ਵਿਸ਼ਵਾਸ ਕਰਦੇ ਹਨ। 

ਜਦ ਵੀ ਕੋਈ ਪੰਜਾਬ ਵਿਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਅਸਫ਼ਲ ਰਹਿੰਦਾ ਹੈ। ਗੁਰੂ ਦੀ ਬੇਅਦਬੀ ਦੇ ਅਪਰਾਧੀ ਫੜੇ ਗਏ, ਪੁਲਿਸ ਨੇ ਗੋਲੀਆਂ ਵੀ ਚਲਾਈਆਂ, ਪਰ ਪੰਜਾਬ ਨੇ ਇਨਸਾਫ਼ ਦਾ ਸੱਚਾ ਰਾਹ ਨਹੀਂ ਛਡਿਆ। ਜਦ ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਵਿਚ ਮੁਸਲਮਾਨ ਬੱਚਿਆਂ ਤੇ ਖ਼ਤਰਾ ਮੰਡਰਾਉਣ ਲੱਗਾ ਤਾਂ ਪੰਜਾਬ ਦਾ ਸਿੱਖ ਉਨ੍ਹਾਂ ਵਾਸਤੇ ਢਾਲ ਬਣਿਆ। ਕਿਸੇ ਸਿੱਖ ਨੇ ਨਹੀਂ ਕਿਹਾ ਕਿ ਜੋ ਸਾਡੇ ਨਾਲ ਹੋਇਆ, ਉਹ ਕਿਸੇ ਹੋਰ ਨਾਲ ਹੁੰਦਾ ਵੇਖ ਤਾਂ ਲਿਆ ਜਾਵੇ, ਮਜ਼ਾ ਆਵੇਗਾ।  

ਅੱਜ ਜਦ ਸਿਆਸਤਦਾਨਾਂ ਦੇ ਮੂੰਹ ਤੋਂ ਰਾਜੀਵ ਗਾਂਧੀ ਦਾ ਨਾਂ ਲੈ ਕੇ ਤੇ '84 ਦੇ ਘਲੂਘਾਰੇ ਦੀ ਯਾਦ ਦਿਵਾ ਕੇ ਨਫ਼ਰਤ ਫੈਲਾਈ ਜਾਂਦੀ ਵੇਖੀਦੀ ਹੈ ਤਾਂ ਆਵਾਜ਼ ਚੁਕਣੀ ਪੈਂਦੀ ਹੈ ਕਿਉਂਕਿ ਨਫ਼ਰਤ ਦੀਆਂ ਹਵਾਵਾਂ ਨੂੰ ਦੇਸ਼ ਵਿਚ ਚੋਣਾਂ ਜਿੱਤਣ ਵਾਸਤੇ ਜਿਵੇਂ ਫੈਲਾਇਆ ਜਾ ਰਿਹਾ ਹੈ, ਉਹ ਰਾਹ ਇਕ ਬਿਹਤਰ ਕਲ ਵਲ ਨਹੀਂ ਲਿਜਾਏਗਾ। ਅੱਜ ਰਾਜੀਵ ਗਾਂਧੀ ਨੂੰ ਨਹੀਂ ਸਗੋਂ ਉਸ ਦੇ ਉਸ ਕਦਮ ਨੂੰ ਸਿਆਸਤ ਦੀ ਖੇਡ ਦਾ ਗੇਂਦ ਬਣਾਇਆ ਜਾ ਰਿਹਾ ਹੈ ਜਿਸ ਉਤੇ ਉਸ ਸਮੇਂ ਸੱਭ ਨੇ ਤਾੜੀਆਂ ਮਾਰੀਆਂ ਸਨ।

ਅੱਜ ਜਦ ਚੋਣਾਂ ਪੰਜਾਬ ਵਲ ਆ ਰਹੀਆਂ ਹਨ ਤਾਂ ਰਾਜੀਵ ਦਾ ਨਾਂ ਉਛਾਲਿਆ ਜਾ ਰਿਹਾ ਹੈ। ਇਹ ਸਲਾਹ ਦਿਤੀ ਜਾ ਰਹੀ ਹੈ ਕਿ ਵੋਟਾਂ ਦੇਸ਼ ਦਾ ਭਲਾ ਸੋਚ ਕੇ ਨਹੀਂ ਬਲਕਿ ਰਾਜੀਵ ਗਾਂਧੀ ਪ੍ਰਤੀ ਨਫ਼ਰਤ ਨੂੰ ਯਾਦ ਕਰ ਕੇ ਪਾਈਆਂ ਜਾਣ। ਉਹ ਨਸਲਕੁਸ਼ੀ ਦਾ ਨਿਰਦੇਸ਼ਕ ਸੀ, ਉਹ ਭ੍ਰਿਸ਼ਟਾਚਾਰੀ ਸੀ ਤੇ ਵੋਟ ਇਨ੍ਹਾਂ ਗੱਲਾਂ ਨੂੰ ਯਾਦ ਕਰ ਕੇ ਪਾਉ। ਰਾਜੀਵ ਗਾਂਧੀ ਉਤੇ ਰੱਬ ਦਾ ਕਹਿਰ ਨਾਜ਼ਲ ਹੋਇਆ ਤੇ ਸੱਜਣ ਕੁਮਾਰ ਜੇਲ ਦੀ ਕੋਠੜੀ ਵਿਚ ਹੈ। ਇਸ ਦਾ ਸਿਹਰਾ ਸੀ.ਬੀ.ਆਈ. ਦੇ ਵਕੀਲ, ਪੀੜਤ ਜਗਦੀਸ਼ ਕੌਰ ਵਰਗੀਆਂ ਦਾ ਸਾਹਸ, ਫੂਲਕਾ ਦਾ ਯੋਗਦਾਨ ਤੇ ਡਾ. ਮਨਮੋਹਨ ਸਿੰਘ ਵਲੋਂ ਸੀ.ਬੀ.ਆਈ. ਦੀ ਸ਼ਮੂਲੀਅਤ ਨੂੰ ਜਾਂਦਾ ਹੈ।

ਜੇਕਰ ਭਾਜਪਾ ਵਾਲੇ ਅੱਜ '84 ਬਾਰੇ ਗੱਲ ਕਰਦੇ ਹਨ ਤਾਂ  ਉਹ ਯਾਦ ਰੱਖਣ ਕਿ ਅਡਵਾਨੀ ਨੇ ਦਰਬਾਰ ਸਾਹਿਬ ਉਤੇ ਹਮਲਾ ਕਰਨ ਵਾਸਤੇ ਇੰਦਰਾ ਉਤੇ ਜ਼ੋਰ ਪਾਉਣ ਲਈ ਮਾਰਚ ਕਢਿਆ ਸੀ। ਭਾਜਪਾ ਜੇ ਸਿੱਖਾਂ ਦੀ ਨਸਲਕੁਸ਼ੀ ਦਾ ਹਿਸਾਬ ਮੰਗਦੀ ਹੈ ਤਾਂ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਹਿਸਾਬ ਵੀ ਦੇਵੇ। ਗੁਜਰਾਤ ਦੰਗੇ, ਬਾਬਰੀ ਮਸਜਿਦ ਢਾਹੇ ਜਾਣ ਤੇ ਮੁਸਲਮਾਨਾਂ ਦੇ ਕਤਲੇਆਮ ਦਾ ਹਿਸਾਬ ਦਿਤੇ ਬਿਨਾਂ, ਉਹ ਵੀ ਅਪਣੇ ਆਪ ਨੂੰ ਪਾਕ-ਦਾਮਨ ਨਹੀਂ ਕਹਿ ਸਕਦੇ। 

ਰਾਜੀਵ ਗਾਂਧੀ, ਇੰਦਰਾ ਗਾਂਧੀ, ਰਾਬਰਟ ਵਾਡਰਾ ਜੇ ਭ੍ਰਿਸ਼ਟ ਸਨ ਤਾਂ ਉਨ੍ਹਾਂ ਨੂੰ ਪੰਜ ਸਾਲਾਂ ਵਿਚ ਕਿਉਂ ਨਹੀਂ ਫੜਿਆ? ਸੀ.ਬੀ.ਆਈ., ਈ.ਡੀ. ਤੇ ਪੁਲਿਸ ਸਰਕਾਰ ਦੀ ਮੁੱਠੀ ਵਿਚ ਸਨ, ਫਿਰ ਕਿਉਂ ਪੰਜ ਸਾਲ ਕੁੱਝ ਨਹੀਂ ਕੀਤਾ? ਅੱਜ ਮੰਚਾਂ ਉਤੇ ਚੜ੍ਹ ਕੇ ਗੜੇ ਮੁਰਦੇ ਕਿਉਂ ਉਖਾੜ ਰਹੇ ਹੋ? ਸਾਡੇ ਸਿਆਸਤਦਾਨਾਂ ਨੂੰ ਆਦਤ ਪੈ ਗਈ ਹੈ ਕਿ ਉਹ ਜਨਤਾ ਦੇ ਜ਼ਖ਼ਮਾਂ ਨੂੰ ਅਪਣੇ ਫਾਇਦੇ ਵਾਸਤੇ ਇਸਤੇਮਾਲ ਕਰਨ। ਇਨ੍ਹਾਂ ਸਿਆਸਤਦਾਨਾਂ ਨੂੰ ਬਦਲਣ ਦਾ ਇਕੋ ਤਰੀਕਾ ਹੈ ਕਿ ਇਨ੍ਹਾਂ ਦੀਆਂ ਨਫ਼ਰਤ ਭਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿਉ।

ਵੋਟ ਪਾਉਣ ਵੇਲੇ ਭਾਵੁਕ ਹੋ ਕੇ ਨਹੀਂ ਬਲਕਿ ਇਕ ਵਿਗਿਆਨਕ ਬਣ ਕੇ ਤੱਥਾਂ ਨੂੰ ਟਟੋਲਣਾ ਪਵੇਗਾ। ਕੌਣ ਕੰਮ ਕਰਨਾ ਚਾਹੁੰਦਾ ਹੈ? ਕਿਸ ਨੇ ਕੰਮ ਕੀਤਾ ਤੇ ਕਿਸ ਨੇ ਭਾਸ਼ਣ ਦਿਤੇ? ਕਿਸ ਕੋਲ ਆਉਣ ਵਾਲੇ ਕੱਲ ਵਾਸਤੇ ਕੋਈ ਯੋਜਨਾ ਵੀ ਹੈ? ਕੌਣ ਮਿਲਜੁਲ ਕੇ ਕੰਮ ਕਰਨ ਵਾਲਾ ਹੈ? ਜਦ ਜਨਤਾ ਦੇ ਵੋਟ ਪਾਉਣ ਦੇ ਮਾਪਦੰਡ ਬਦਲ ਜਾਣਗੇ, ਸਿਆਸਤਦਾਨ ਦੀ ਸੋਚ ਬਦਲੇਗੀ ਤੇ ਇਨਸਾਫ਼ ਦੀ ਉਮੀਦ ਸਿਆਸਤਦਾਨ ਤੋਂ ਨਹੀਂ ਬਲਕਿ ਜਾਗੇ ਹੋਏ ਆਮ ਇਨਸਾਨ ਤੋਂ ਰੱਖੀ ਜਾਵੇਗੀ ਤਾਂ ਉਹ ਪੂਰੀ ਵੀ ਹੋ ਜਾਏਗੀ।  - ਨਿਮਰਤ ਕੌਰ