ਅਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਪਹਿਲਾ ਫ਼ਰਜ਼ ਮਾਪਿਆਂ ਦਾ ਪਰ ਉਹ ਵੀ ਕੀ ਕਰਨ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਤੁਸੀ ਜੇ ਆਸ ਲਗਾ ਕੇ ਬੈਠੇ ਹੋ ਕਿ ਸਰਕਾਰਾਂ ਤੁਹਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਲੈਣਗੀਆਂ ਤਾਂ ਇਹ ਤੁਹਾਡੀ ਸੱਭ ਤੋਂ ਵੱਡੀ ਭੁੱਲ ਹੈ

File Photo

 

ਪੰਜਾਬ ਤੋਂ ਇਕ ਵੀਡੀਉ ਹਰ ਇਕ ਦੇ ਫ਼ੋਨ ’ਤੇ ਆ ਰਹੀ ਹੈ ਜਿਸ ਵਿਚ ਇਕ 14 ਸਾਲ ਦਾ ਬੱਚਾ ਖੁਲੇਆਮ ਗਲੀ ਦੇ ਕੋਨੇ ਵਿਚ ਖੜਾ ਚਿੱਟੇ ਦਾ ਟੀਕਾ ਲਗਾ ਰਿਹਾ ਹੈ। ਮੁੰਡੇ ਨੇ ਸਿਰ ’ਤੇ ਪਟਕਾ ਬੰਨਿ੍ਹਆ ਹੋਇਆ ਹੈ ਤੇ ਮੈਨੂੰ ਮੇਰਾ ਅਪਣਾ ਬੇਟਾ ਉਸ ਵਿਚੋਂ ਨਜ਼ਰ ਆਉਂਦਾ ਦਿਸਿਆ। ਮਨੋਵਿਗਿਆਨਕ ਹੋਣ ਨਾਤੇ ਮੈਂ ਤੁਹਾਡੇ ਨਾਲ ਅਪਣਾ ਤਜਰਬਾ ਸਾਂਝਾ ਕਰਨ ਜਾ ਰਹੀ ਹਾਂ।

ਤੁਸੀ ਜੇ ਆਸ ਲਗਾ ਕੇ ਬੈਠੇ ਹੋ ਕਿ ਸਰਕਾਰਾਂ ਤੁਹਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਲੈਣਗੀਆਂ ਤਾਂ ਇਹ ਤੁਹਾਡੀ ਸੱਭ ਤੋਂ ਵੱਡੀ ਭੁੱਲ ਹੈ। ਨਾ ਸਕੂਲ ਤੁਹਾਡੇ ਬੱਚੇ ਨੂੰ ਕਾਮਯਾਬ ਕਰ ਸਕਦਾ ਹੈ ਤੇ ਨਾ ਸਰਕਾਰ ਤੁਹਾਡੇ ਬੱਚੇ ਨੂੰ ਨਸ਼ੇ ਤੋਂ ਸੁਰੱਖਿਅਤ ਰੱਖ ਸਕਦੀ ਹੈ। ਉਹ ਦੋਵੇਂ ਸਿਰਫ਼ ਤੁਹਾਡੀ ਮਿਹਨਤ ਤੇ ਤੁਹਾਡੀ ਕੋਸ਼ਿਸ਼ ਵਿਚ ਹੱਥ ਵਟਾ ਸਕਦੇ ਹਨ।

ਜਿਸ ਤਰ੍ਹਾਂ ਤੁਹਾਡਾ ਤੇ ਸਾਡਾ ਬਚਪਨ ਬੀਤਿਆ, ਉਸ ਨੂੰ ਅੱਜ ਦੇ ਬੱਚੇ ਦੇ ਬਚਪਨ ਨਾਲ ਮਿਲਾਉਣਾ ਸਾਡੀ ਭੁਲ ਹੋਵੇਗੀ। ਸਾਡੇ ਬਚਪਨ ਵਿਚ ਤਾਂ ਟੀਵੀ ਅਜੇ ਆਇਆ ਹੀ ਸੀ। ਸਮਾਰਟ ਫ਼ੋਨ ਅਜੇ ਸਾਡੇ ਹੱਥਾਂ ਵਿਚ ਨਹੀਂ ਸਨ ਫੜਾਏ ਗਏ, ਸਾਡੀ ਪਰਵਰਿਸ਼ ਮਾਵਾਂ ਦੇ ਹੱਥੋਂ ਹੋਈ ਸੀ। ਸਾਡੀਆਂ ਮਾਵਾਂ ਘਰ ਵਿਚ ਰਹਿੰਦੀਆਂ ਸਨ ਤੇ ਸ਼ਾਇਦ ਮਹੀਨੇ ਦੀ ਇਕ ‘ਕਿੱਟੀ ਪਾਰਟੀ’ ਹੁੰਦੀ ਸੀ।

ਸਾਰੀ ਉਮਰ ਵਿਚ ਇਕ ਵਾਰ ਵਿਦੇਸ਼ ਜਾਣਾ ਬਹੁਤ ਵੱਡੀ ਗੱਲ ਸੀ ਤੇ ਗਰਮੀਆਂ ਦੀਆਂ ਛੁੱਟੀਆਂ ਨਾਨਕੇ ਜਾਂ ਦਾਦਕੇ ਵਿਚ ਹੀ ਬੀਤਦੀਆਂ ਸਨ। ਸਕੂਲ ਤੋਂ ਬਾਅਦ ਸਾਰੀ ਗਲੀ ਦੇ ਬੱਚੇ ਇਕੱਠੇ ਖੇਡਦੇ ਤੇ ਗੱਡੀਆਂ ਜਾਂ ਰੇਲ ਦੀ ਸਵਾਰੀ ਤਾਂ ਸਾਡੇ ਲਈ ਦੂਰ ਦੀ ਗੱਲ ਸੀ। ਪਰ ਇਸ ਵਿਚ ਕਸੂਰ ਕਿਸੇ ਦਾ ਵੀ ਨਹੀਂ ਕਿ ਅੱਜ ਮਾਵਾਂ ਘਰੋਂ ਬਾਹਰ ਜਾ ਕੇ ਰੋਟੀ ਰੋਜ਼ੀ ਕਮਾਉਣ ਲਈ ਕੰਮ ਕਰਦੀਆਂ ਹਨ ਜਾਂ ਉਨ੍ਹਾਂ ਕੋਲ ਬਾਹਰ ਜਾਣ ਦੀ ਆਜ਼ਾਦੀ ਹੈ। ਤਕਨੀਕ ਦੇ ਵਿਕਾਸ ਨਾਲ ਸਮਾਰਟ ਫ਼ੋਨ ਇਕ ਆਦਤ ਬਣ ਗਈ ਹੈ ਤੇ ਦੁਨੀਆਂ ਦੇ ਫ਼ਾਸਲੇ ਘੱਟ ਗਏ ਹਨ। ਮਹਿੰਗਾਈ ਵੱਧ ਗਈ ਹੈ ਤੇ ਕੰਮ ਕਰਨ ਦੇ ਘੰਟੇ ਵੀ।

ਜਦ ਇਸ ਤਰ੍ਹਾਂ ਦਾ ਵੱਡਾ ਬਦਲਾਅ ਆਇਆ ਤਾਂ ਉਸ ਨੂੰ ਜ਼ਰਾ ਇਕ ਬੱਚੇ ਦੀ ਨਜ਼ਰ ਨਾਲ ਵੇਖਣ ਦੀ ਵੀ ਕੋਸ਼ਿਸ਼ ਕਰੋ। ਉਸ ਕੋਲ ਫ਼ੋਨ ਰਾਹੀਂ ਸੋਸ਼ਲ ਮੀਡੀਆ ਦੇ ਰਾਹ ਖੁਲ੍ਹ ਗਏ ਹਨ। ਉਹ ਅਪਣੇ ਆਸ ਪਾਸ ਵੇਖਦਾ ਹੈ ਕਿ ਸ਼ਰਾਬ ਲਗਭਗ ਹਰ ਬੰਦਾ ਹੀ ਪੀਂਦਾ ਹੈ। ਉਹ ਸ਼ਰਾਬ ਮਾੜੀ ਕਿਸ ਤਰ੍ਹਾਂ ਹੋ ਸਕਦੀ ਹੈ ਜਿਸ ਦੀ ਵਿਕਰੀ ’ਚੋਂ ਮਿਲੇ ਪੈਸੇ ਨਾਲ ਸਰਕਾਰ ਉਸ ਦੇ ਘਰ ਮੁਫ਼ਤ ਬਿਜਲੀ ਦੇਂਦੀ ਹੈ? ਉਸ ਦੇ ਸਾਹਮਣੇ ਨਸ਼ੇ ਨੂੰ ਲੈ ਕੇ  ਕਈ ਤਜਰਬੇ ਹੋ ਰਹੇ ਹੁੰਦੇ ਹਨ। ਉਹ ਵੇਖਦਾ ਹੈ ਕਿ ਨਸ਼ੇ ਕਰਨ ਵਾਲੇ ਬੜੇ ਮਜ਼ੇ ਕਰ ਰਹੇ ਹਨ ਤੇ ਜਵਾਨੀ ਮਾਣ ਰਹੇ ਹਨ।

ਪਰ ਸਾਡੇ ਪ੍ਰਵਾਰ ਵਾਲੇ ਵੀ ਤਾਂ ਅਪਣੇ ਕੰਮਾਂ ਵਿਚ ਹੀ ਮਸਰੂਫ਼ ਹਨ, ਕੋਈ ਉਸ (ਬੱਚੇ) ਨਾਲ ਐਸੀ ਦੋਸਤੀ ਨਹੀਂ ਕਰਦਾ ਜਿਥੇ ਉਹ ਨਿਡਰ ਹੋ ਕੇ ਇਨ੍ਹਾਂ ਚੀਜ਼ਾਂ ਬਾਰੇ ਸਵਾਲ ਕਰ ਸਕੇ। ਸਾਡੀ ਪੁਰਾਣੀ ਰੀਤ ਹੈ ਕਿ ਕਿਸੇ ਮਾੜੀ ਚੀਜ਼ ਬਾਰੇ ਘਰ ਵਿਚ ਗੱਲ ਨਹੀਂ ਕਰਨੀ ਚਾਹੀਦੀ ਭਾਵੇਂ ਉਹ ਬੱਚੇ ਦੀ ਜ਼ਿੰਦਗੀ ਦੀ ਹਕੀਕਤ ਬਣ ਚੁੱਕੀ ਹੋਵੇ। ਚੁੱਪ ਰਹਿਣ ਨਾਲ ਨਸ਼ਾ ਤੇ ਸ਼ਰਾਬ ਭੱਜਣ ਵਾਲੇ ਨਹੀਂ। ਸ਼ਰਾਬ ਦੀ ਲੱਤ ਛੁਡਾਈ ਜਾ ਸਕਦੀ ਹੈ ਪਰ ਨਸ਼ਾ ਇਕ ਵਾਰ ਚਿੰਬੜ ਜਾਵੇ ਤਾਂ ਫਿਰ ਘਰ ਵਾਪਸੀ ਮੁਮਕਿਨ ਨਹੀਂ।

ਜੇ ਤੁਸੀ ਅਪਣੇ ਬੱਚੇ ਨੂੰ ਇਸ ਜ਼ਹਿਰ ਤੋਂ ਦੂਰ ਰਖਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਅਪਣੇ ਬੱਚੇ ਨੂੰ ਬਚਾਉਣ ਲਈ ਸਰਕਾਰ ਤੋਂ ਸੌ ਗੁਣਾਂ ਵੱਧ ਮਿਹਨਤ ਕਰਨੀ ਪਵੇਗੀ। ਮਾਂ-ਬਾਪ ਨੂੰ ਖੁਲ੍ਹ ਕੇ ਬੱਚੇ ਨਾਲ ਗੱਲ ਕਰਨੀ ਪਵੇਗੀ ਤੇ ਬੱਚੇ ਨੂੰ ਹੌਸਲਾ ਦੇਣਾ ਪਵੇਗਾ ਕਿ ਜੇ ਗ਼ਲਤੀ ਨਾਲ ਤਜਰਬਾ ਕਰ ਵੀ ਲਿਆ ਤਾਂ ਛੁਪਾਣਾ ਨਹੀਂ, ਸਾਡੇ ਕੋਲ ਆ ਕੇ ਦਸਣਾ ਹੈ। ਬੱਚਾ ਮਾਂ-ਬਾਪ ਤੋਂ ਡਰੇ ਨਾ, ਉਨ੍ਹਾਂ ਨੂੰ ਅਪਣਾ ਹਮਦਰਦ ਮੰਨੇ। ਬੱਚੇ ਨੂੰ ਵਾਧੂ ਪੈਸਾ ਨਾ ਦੇਵੋੋ, ਵੱਧ ਤੋਂ ਵੱਧ ਪਿਆਰ ਤੇ ਸੁਰੱਖਿਅਤ ਦੋਸਤੀ ਦੇਵੋ। ਉਹਨਾਂ ਦੀ ਜ਼ਿੰਦਗੀ ਸਾਡੇ ਨਾਲੋਂ ਜ਼ਿਆਦਾ ਗੁੰਝਲਦਾਰ ਹੈ।

ਉਹ ਅਪਣੇ ਭਵਿੱਖ ਤੋਂ ਘਬਰਾਏ ਹੋਏ ਹਨ। ਉਹਨਾਂ ਦਾ ਸਹਾਰਾ ਬਣ ਕੇ ਕਹੋ ਕਿ ਸੱਭ ਕੁੱਝ ਠੀਕ ਹੋਵੇਗਾ। ਨਸ਼ੇ ਬਾਰੇ ਗੱਲ ਕਰੋ। ਬੱਚੇ ਨੂੰ ਦੱਸੋ ਕਿ ਜੇ ਨਸ਼ਾ ਨਸਾਂ ਵਿਚ ਚਲਾ ਗਿਆ, ਉਹ ਕੀ ਕੀ ਨੁਕਸਾਨ ਕਰੇਗਾ। ਬੱਚੇ ਨੂੰ ਸਮਝਾਉ ਕਿ ਨਸ਼ੇ ਵਾਲੇ ਨਾ ਚਾਹੁੰਦੇ ਹੋਏ ਵੀ ਅਪਣਿਆਂ ਤੋਂ ਦੂਰ ਹੋ ਜਾਂਦੇ ਹਨ। ਨਸ਼ਾ ਇਨਸਾਨ ਨੂੰ ਹੈਵਾਨ ਬਣਾ ਦਿੰਦਾ ਹੈ ਜਿਸ ਨੂੰ ਅਪਣਿਆਂ ਦਾ ਦਰਦ ਸਮਝ ਨਹੀਂ ਆਉਂਦਾ। ਬੱਚੇ ਨੂੰ ਸਚਾਈ ਤੋਂ ਜਾਣੂ ਕਰਾਉ ਪਰ ਸੱਭ ਤੋਂ ਵੱਡਾ ਸੱਚ ਬੱਚੇ ਤਕ ਇਹੀ ਪਹੁੰਚਾਉਣਾ ਚਾਹੀਦਾ ਹੈ ਕਿ ਕੁੱਝ ਵੀ ਹੋ ਜਾਵੇ, ਮਾਂ-ਬਾਪ ਦਾ ਪਿਆਰ ਉਸ ਲਈ ਸਦਾ ਰਹਿਣ ਵਾਲਾ ਤੇ ਅਟੱਲ ਹੈ।
- ਨਿਮਰਤ ਕੌਰ