ਕਾਂਗਰਸ ਅਪਣੀ ਜਨਮ-ਘੁੱਟੀ ਨਾਲ ਮਿਲੀ 'ਸੈਕੂਲਰ' ਨੀਤੀ ਦਾ ਤਿਆਗ ਕਰ ਕੇ ਬੀ.ਜੇ.ਪੀ. ਨੂੰ ਨਹੀਂ ਹਰਾ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਾਂਗਰਸ ਅਪਣੀ ਜਨਮ-ਘੁੱਟੀ ਨਾਲ ਮਿਲੀ 'ਸੈਕੂਲਰ' ਨੀਤੀ ਦਾ ਤਿਆਗ ਕਰ ਕੇ ਬੀ.ਜੇ.ਪੀ. ਨੂੰ ਨਹੀਂ ਹਰਾ ਸਕਦੀ, ਅਪਣੇ ਆਪ ਨੂੰ ਖ਼ਤਮ ਕਰ ਸਕਦੀ ਹੈ!

Rahul Gandhi

ਸਿਆਸੀ ਸੰਕਟ ਵਿਚ ਘਿਰੀ ਕਰਨਾਟਕਾ ਦੀ ਗਠਜੋੜ ਸਰਕਾਰ ਦੀ ਹਾਲਤ ਵੇਖ ਕੇ ਇਹ ਤਾਂ ਸਾਫ਼ ਹੋ ਗਿਆ ਹੈ ਕਿ ਭਾਰਤ ਵਿਚ ਸਿਆਸਤ ਨਿਰਾ ਪੁਰਾ ਵਪਾਰ ਅਤੇ ਪਿਠ ਪਿੱਛੇ ਛੁਪ ਕੇ ਵਾਰ ਕਰਨ ਦਾ ਦੂਜਾ ਨਾਂ ਹੀ ਬਣ ਗਿਆ ਹੈ। ਪਰ ਦੋਸ਼ੀ ਕਿਸ ਨੂੰ ਆਖੀਏ? ਕਾਂਗਰਸ ਨੂੰ ਜਾਂ ਭਾਜਪਾ ਨੂੰ? ਕਾਂਗਰਸ ਨੇ ਜਦ ਕਰਨਾਟਕ ਵਿਚ ਐਚ. ਡੀ. ਕੁਮਾਰਸਵਾਮੀ ਨੂੰ ਮੁੱਖ ਮੰਤਰੀ ਬਣਾ ਕੇ ਗਠਜੋੜ ਵਿਚ ਰਹਿ ਕੇ ਪਿਛਲੀ ਸੀਟ ਤੇ ਬੈਠਣ ਦਾ ਫ਼ੈਸਲਾ ਕੀਤਾ ਸੀ ਤਾਂ ਉਨ੍ਹਾਂ ਨੇ ਪੰਜ ਸਾਲ ਦੇ ਗਠਜੋੜ ਬਾਰੇ ਫ਼ੈਸਲਾ ਨਹੀਂ ਸੀ ਕੀਤਾ। ਉਸ ਵਕਤ ਉਹ ਸੂਬਿਆਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਪੰਜੇ ਦੀ ਛਾਪ ਲਗਾਉਣਾ ਚਾਹੁੰਦੇ ਸਨ ਤਾਕਿ 2019 ਵਿਚ ਤਾਕਤ ਉਨ੍ਹਾਂ ਕੋਲ ਹੀ ਹੋਵੇ। ਰਾਜਸਥਾਨ, ਮੱਧ ਪ੍ਰਦੇਸ਼ ਵਿਚ ਕਾਂਗਰਸ ਨੇ ਭਾਜਪਾ ਵਰਗੀ ਫੁਰਤੀ ਵਿਖਾਈ ਤੇ ਅਪਣਾ ਕਬਜ਼ਾ ਜਮਾ ਲਿਆ। 

ਪਰ 23 ਮਈ 2019 ਨੂੰ ਸਾਫ਼ ਹੋ ਗਿਆ ਕਿ ਕਬਜ਼ਾ ਕਰਨ ਦੀ ਚਾਲ ਉਨ੍ਹਾਂ ਦੀ ਪੁੱਠੀ ਪੈ ਗਈ ਸੀ। ਦੋਸ਼ੀ ਭਾਜਪਾ ਦੇ ਆਪ੍ਰੇਸ਼ਨ ਕਮਲ ਨੂੰ ਠਹਿਰਾਇਆ ਜਾ ਸਕਦਾ ਹੈ। ਕਸੂਰ ਭਾਜਪਾ ਦੇ ਪੈਸੇ ਦੀ ਤਾਕਤ ਦਾ ਵੀ ਕਢਿਆ ਜਾ ਸਕਦਾ ਹੈ, ਪਰ ਸੱਭ ਤੋਂ ਵੱਡਾ ਕਸੂਰ ਕਾਂਗਰਸ ਦਾ ਅਪਣਾ ਹੈ। ਇਨ੍ਹਾਂ ਸੂਬਿਆਂ ਵਿਚ ਕਾਂਗਰਸ ਉਤੇ ਭਾਜਪਾ ਦਾ ਵਾਰ ਸਫ਼ਲ ਨਾ ਹੁੰਦਾ ਜੇ ਕਾਂਗਰਸ ਦਾ ਅਪਣਾ ਘਰ ਇਕਮੁਠ ਹੁੰਦਾ। ਪਰ ਭਾਜਪਾ ਦੀ ਸਫ਼ਲਤਾ ਪਿੱਛੇ ਕਾਂਗਰਸ ਦੀ ਅਪਣੀ ਕਮਜ਼ੋਰੀ ਕੰਮ ਕਰ ਰਹੀ ਸੀ। ਰਾਹੁਲ ਗਾਂਧੀ ਨੇ ਅਪਣੇ ਅਸਤੀਫ਼ੇ ਵਿਚ ਇਕ ਗੱਲ ਸਾਫ਼ ਕਹੀ ਕਿ ਕਈ ਵਾਰ ਮੈਂ ਇਕੱਲਾ ਹੀ ਭਾਜਪਾ ਤੇ ਮੋਦੀ ਵਿਰੁਧ ਲੜਦਾ ਰਿਹਾ ਹਾਂ। ਜੇ ਕਾਂਗਰਸ ਦਾ ਪ੍ਰਧਾਨ 'ਇਕੱਲਾ' ਮਹਿਸੂਸ ਕਰਦਾ ਸੀ ਤਾਂ ਜ਼ਾਹਰ ਹੈ ਕਿ ਕਾਂਗਰਸ ਦੀ ਅੰਦਰੂਨੀ ਫੁੱਟ ਬਹੁਤ ਡੂੰਘੀ ਹੈ। 

ਕਰਨਾਟਕ ਵਿਚ ਐਚ.ਡੀ. ਕੁਮਾਰਸਵਾਮੀ (ਭਾਵੇਂ ਉਹ ਇਕ ਭਾਵੁਕ ਇਨਸਾਨ ਹਨ) ਨੂੰ ਇਸ ਗਠਜੋੜ ਨੇ ਵਾਰ-ਵਾਰ ਰੋਣ ਲਈ ਮਜਬੂਰ ਕਰ ਦਿਤਾ। ਅਸਲ ਵਿਚ ਸਿਧਾਰਾਮਈਆ ਜੋ ਕਿ ਕਰਨਾਟਕਾ ਦੇ ਮੁੱਖ ਮੰਤਰੀ ਰਹਿ ਚੁਕੇ ਸਨ, ਅਪਣੇ ਹੀ ਗਠਜੋੜ ਵਿਰੁਧ ਕੰਮ ਕਰਦੇ ਵੇਖੇ ਗਏ। ਇਸੇ ਤਰ੍ਹਾਂ ਰਾਜਸਥਾਨ ਵਿਚ ਅਸ਼ੋਕ ਗਹਿਲੋਤ ਵਿਰੁਧ ਸਚਿਨ ਪਾਇਲਟ, ਕਮਲ ਨਾਥ ਤੇ ਜੋਤੀਰਾਉ ਸਿੰਧੀਆ ਵਿਚਕਾਰ ਅੰਦਰੂਨੀ ਕਸ਼ਮਕਸ਼ ਚਲਦੀ ਆ ਰਹੀ ਹੈ ਜਿਸ ਕਾਰਨ ਲੋਕਾਂ ਦੇ ਕੰਮ ਨਹੀਂ ਹੋ ਰਹੇ। 

ਮਹਾਰਾਸ਼ਟਰ ਵਿਚੋਂ ਉਰਮਿਲਾ ਮਾਤੋਂਡਕਰ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਤੇ ਅਪਣੇ ਚੋਣਾਂ ਦੇ ਤਜਰਬੇ ਬਾਰੇ ਦਸਿਆ। ਉਨ੍ਹਾਂ ਨੇ ਚਿੱਠੀ ਵਿਚ ਲਿਖਿਆ ਕਿ ਕਾਂਗਰਸੀ ਵਰਕਰ ਤੇ ਆਗੂ ਉਸ ਵਿਰੁਧ ਕੰਮ ਕਰ ਰਹੇ ਸਨ। ਪੰਜਾਬ ਵਿਚ ਵੀ ਇਕ ਮੰਤਰੀ ਰਾਸ਼ਟਰੀ ਪੱਧਰ ਤੇ ਕਾਂਗਰਸ ਦੇ ਨਾਲ ਸਨ ਪਰ ਪੰਜਾਬ ਵਿਚ ਅਪਣੇ ਹੀ ਮੁੱਖ ਮੰਤਰੀ ਨਾਲ ਰਲ ਕੇ ਨਹੀਂ ਸਨ ਚਲ ਰਹੇ। ਪ੍ਰਤਾਪ ਸਿੰਘ ਬਾਜਵਾ ਅਪਣੀ ਸਰਕਾਰ ਨੂੰ ਕੇਜਰੀਵਾਲ ਤੋਂ ਕੁੱਝ ਸਿਖਣ ਲਈ ਆਖ ਕੇ ਅਪਣੇ ਨੰਬਰ ਬਣਾਉਣਾ ਚਾਹੁੰਦੇ ਹਨ। ਅਸਲ ਵਿਚ ਕਾਂਗਰਸ ਦੇ ਆਗੂਆਂ ਦੀ ਨਜ਼ਰ ਵਿਚ ਪਾਰਟੀ ਦਾ ਕੋਈ ਮਹੱਤਵ ਨਹੀਂ ਰਿਹਾ। ਹੁਣ ਜ਼ਿਆਦਾਤਰ ਆਗੂ ਪਾਰਟੀ ਨਾਲ ਤਾਕਤ ਪ੍ਰਾਪਤੀ ਲਈ ਹੀ ਜੁੜੇ ਹੋਏ ਹਨ। 

ਕਾਂਗਰਸ ਕੋਲ ਅਜਿਹੀ ਕੋਈ ਸੋਚ ਨਹੀਂ ਜੋ ਉਨ੍ਹਾਂ ਨੂੰ ਇਕ ਮਕਸਦ ਨਾਲ ਜੋੜੇ। ਮਕਸਦ ਹੁਣ ਮੌਕਾਪ੍ਰਸਤੀ ਬਣ ਗਿਆ ਹੈ ਤੇ ਮੌਕਾਪ੍ਰਸਤ ਇਨਸਾਨ ਵਿਕਾਊ ਹੁੰਦੇ ਹਨ। ਅੱਜ ਭਾਜਪਾ ਨੂੰ ਆਪ੍ਰੇਸ਼ਨ ਕਮਲ ਵਾਸਤੇ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਹ ਹਰ ਦਮ ਖੁੱਲ੍ਹ ਕੇ ਆਖਦੇ ਹਨ ਕਿ ਉਹ ਕਾਂਗਰਸ ਮੁਕਤ ਭਾਰਤ ਚਾਹੁੰਦੇ ਹਨ ਤੇ ਉਨ੍ਹਾਂ ਇਕ ਵਾਰ ਨਹੀਂ, ਵਾਰ-ਵਾਰ ਇਸ ਟੀਚੇ ਦੀ ਪ੍ਰਾਪਤੀ ਲਈ ਕੁੱਝ ਵੀ ਕਰ ਜਾਣ ਦੀ ਸੋਚ ਵਿਖਾਈ ਹੈ। ਅੱਜ ਕਾਂਗਰਸ ਨੂੰ ਹਾਰੇ 6 ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪਾਰਟੀ ਹਾਲੇ ਵੀ ਸੰਭਲਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਉਨ੍ਹਾਂ ਦੀ ਸੋਚ ਗਾਂਧੀ ਪ੍ਰਵਾਰ ਤੇ ਆ ਕੇ ਰੁਕ ਜਾਂਦੀ ਹੈ।

ਉਨ੍ਹਾਂ ਨੂੰ ਭਾਜਪਾ ਦੀ ਸੋਚ ਤੋਂ ਕੁੱਝ ਸਿਖਣ ਦੀ ਜ਼ਰੂਰਤ ਹੈ। ਕਾਂਗਰਸ ਦੀ ਅਸਲ ਸੋਚ ਨਾਲ ਜੁੜਨ ਤੇ ਉਸ ਤੋਂ ਪਹਿਲਾਂ ਅਪਣੀ ਸੋਚ ਨੂੰ ਘੜਨ ਤੇ ਉਸ ਨੂੰ ਕਬੂਲਣ ਦੀ ਜ਼ਰੂਰਤ ਹੈ। 2014 ਤੋਂ ਲੈ ਕੇ ਕਾਂਗਰਸ, ਭਾਜਪਾ ਦੀ ਗੇਂਦ ਵੇਖ ਕੇ ਅਪਣਾ ਬੱਲਾ ਘੁਮਾਉਂਦੀ ਆ ਰਹੀ ਹੈ। ਜੇ ਭਾਜਪਾ ਹਿੰਦੁਤਵ ਦੀ ਗੱਲ ਚੁਕਦੀ ਹੈ ਤਾਂ ਕਾਂਗਰਸ ਨੂੰ ਮੰਦਰ ਜਾਣਾ ਯਾਦ ਆ ਜਾਂਦਾ ਹੈ ਜਾਂ ਰਾਹੁਲ ਦੇ ਗੋਤ ਦੀ ਗੱਲ ਸ਼ੁਰੂ ਕਰ ਲੈਂਦੇ ਹਨ। ਕਾਂਗਰਸ ਦੀ 'ਸੈਕੂਲਰ' ਨੀਤੀ ਨੂੰ ਭਾਜਪਾ ਵਾਲੇ ਜਦ ਚਾਹੁਣ ਕੱਟੜ ਹਿੰਦੂ ਨੀਤੀ ਵਿਚ ਬਦਲ ਲੈਂਦੇ ਹਨ ਤੇ ਲੋਕਾਂ ਨੂੰ ਦੋਹਾਂ ਵਿਚ ਫ਼ਰਕ ਦਿਸਣਾ ਹੀ ਬੰਦ ਹੋ ਜਾਂਦਾ ਹੈ।

ਕੱਟੜ ਹਿੰਦੂ ਹੋਣ ਦਾ ਅਜਿਹਾ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ ਕਿ ਵੋਟਰ ਨੂੰ ਦੋਵੇਂ ਸਕੀਆਂ ਭੈਣਾਂ ਹੀ ਨਜ਼ਰ ਆਉਣ ਲਗਦੀਆਂ ਹਨ ਤੇ 'ਸੈਕੂਲਰ ਭਾਰਤ' ਦੇ ਹਮਾਇਤੀਆਂ ਨੂੰ ਲੱਗਣ ਲਗਦਾ ਹੈ ਕਿ ਇਸ ਦੇਸ਼ ਵਿਚ ਸੈਕੂਲਰ ਪਾਰਟੀ ਕਦੇ 'ਕਾਂਗਰਸ' ਨਾਂ ਵਾਲੀ ਹੋਇਆ ਕਰਦੀ ਸੀ ਜੋ ਸ਼ਾਇਦ ਹੁਣ ਬੀ.ਜੇ.ਪੀ. ਦਾ ਰਾਹ ਅਪਣਾ ਚੁੱਕੀ ਹੈ। ਕਰਨਾਟਕਾ ਸੂਬਾ ਤਾਂ ਕਾਂਗਰਸੀ ਗਠਜੋੜ ਦੇ ਹੱਥੋਂ ਜਾ ਹੀ ਰਿਹਾ ਹੈ ਪਰ ਨਾਲ ਹੀ ਰਾਜਸਥਾਨ, ਐਮ.ਪੀ ਉਤੇ ਵੀ ਖਤਰਾ ਮੰਡਰਾ ਰਿਹਾ ਹੈ ਤੇ ਜੇਕਰ ਕਾਂਗਰਸ ਨੇ ਅਪਣੀ ਨੀਤੀ ਨੂੰ ਸਪੱਸ਼ਟ ਨਾ ਕੀਤਾ ਤੇ ਇਸ ਉਤੇ ਡਟ ਕੇ ਪਹਿਰਾ ਦੇਣ ਦਾ ਫ਼ੈਸਲਾ ਨਾ ਕੀਤਾ ਤਾਂ ਕਮਿਊਨਿਸਟ ਪਾਰਟੀਆਂ, ਜਨਤਾ ਦਲ ਅਤੇ ਸਮਾਜਵਾਦੀਆਂ ਵਾਲੀ ਥਾਂ ਤੇ ਇਹ ਪਾਰਟੀ ਵੀ ਪਹੁੰਚ ਕੇ ਰਹੇਗੀ।  - ਨਿਮਰਤ ਕੌਰ