ਕੇਂਦਰੀ ਮੰਤਰੀ ਮੰਡਲ 'ਚ ਪੰਜਾਬ ਦਾ ਕੋਈ ਵਜ਼ੀਰ ਨਾ ਲੈਣ ਦਾ ਮਤਲਬ, ਪੰਜਾਬ 'ਚ ਬੀਜੇਪੀ ਦੀ ਹਾਰ ਮੰਨ ਲਈ?

ਏਜੰਸੀ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਜਪਾ ਵਲੋਂ ਕੀਤੀ ਜਾ ਰਹੀ ਸਿਆਸਤ ਅਤੇ ਕੰਮ ਕਰਨ ਦੇ ਤਰੀਕਿਆਂ ਵਿਚ ਜੋ ਫ਼ਰਕ ਹੈ, ਉਹੀ ਫ਼ਰਕ ਕਾਂਗਰਸ ਨੂੰ ਮਾਰ ਰਿਹਾ ਹੈ

Union Cabinet

ਨਵੀਂ ਕੇਂਦਰੀ ਕੈਬਨਿਟ ਵਿਚ 25 ਸੂਬਿਆਂ ਤੇ ਯੂ.ਟੀ. ਵਿਚੋਂ ਹਰ ਕਿਸੇ ਨੂੰ ਵਜ਼ੀਰੀ ਦਾ ਗੱਫਾ ਦਿਤਾ ਗਿਆ ਹੈ ਜਦਕਿ ਉਤਰ ਪ੍ਰਦੇਸ਼ ਤੇ ਗੁਜਰਾਤ ਤੋਂ 12 ਮੰਤਰੀ ਲਏ ਗਏ ਹਨ। ਇਕ ਸਿੱਖ ਚਿਹਰਾ ਹਰਦੀਪ ਸਿੰਘ ਪੁਰੀ ਵੀ ਉਤਰ ਪ੍ਰਦੇਸ਼ ਤੋਂ ਹੈ। ਇਸ ਦਾ ਮਤਲਬ ਤਾਂ ਇਹੀ ਜਾਪਦਾ ਹੈ ਕਿ ਭਾਜਪਾ ਨੇ ਪੰਜਾਬ ਵਿਚ ਚੋਣ ਮੈਦਾਨ ਨੂੰ ਛੱਡ ਦਿਤਾ ਹੈ। ਜੇ ਉਹ ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਵੀ ਬਦਲ ਦਿੰਦੇੇ ਤਾਂ ਉਨ੍ਹਾਂ ਦੀ ਪੰਜਾਬ ਪ੍ਰਤੀ ਸੰਜੀਦਗੀ ਨਜ਼ਰ ਆ ਜਾਂਦੀ ਪਰ ਪੰਜਾਬ ਦੇ ਕਿਸਾਨਾਂ ਨਾਲ ਇਕ ਵੱਡੀ ਲੜਾਈ ਲੜਨ ਵਾਸਤੇ ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਖਾਦਾਂ ਦਾ ਮਹਿਕਮਾ ਵੀ ਦੇ ਦਿਤਾ ਗਿਆ ਹੈ।

ਇਸ ਫੇਰਬਦਲ ਵਿਚ ਸੱਭ ਤੋਂ ਵੱਡੀ ਗੱਲ ਜੋ ਨਜ਼ਰ ਆਉਂਦੀ ਹੈ, ਉਹ ਕਾਂਗਰਸ ਤੇ ਭਾਜਪਾ ਵਿਚਲੇ ਅੰਤਰ ਦੀ ਹੈ। ਭਾਜਪਾ ਵਲੋਂ ਕੀਤੀ ਜਾ ਰਹੀ ਸਿਆਸਤ ਅਤੇ ਕੰਮ ਕਰਨ ਦੇ ਤਰੀਕਿਆਂ ਵਿਚ ਜੋ ਫ਼ਰਕ ਹੈ, ਉਹੀ ਫ਼ਰਕ ਕਾਂਗਰਸ ਨੂੰ ਮਾਰ ਰਿਹਾ ਹੈ। ਪਹਿਲਾਂ ਤਾਂ ਨਰਿੰਦਰ ਮੋਦੀ ਦੀ ਆਲੋਚਨਾ ਕਿਸੇ ਭਾਜਪਾਈ ਦੇ ਮੂੰਹ ਤੋਂ ਸੁਣੀ ਹੀ ਨਹੀਂ ਸੀ ਜਾ ਸਕਦੀ। ਇਸ ਪਾਰਟੀ ਵਿਚ ਅਪਣੇ ਆਗੂ ਦਾ ਜੋ ਡਰ ਅਤੇ ਭੈ ਬਣਿਆ ਆ ਰਿਹਾ ਹੈ, ਉਹ ਕਾਂਗਰਸ ਵਿਚ ਵੇਖਣ ਨੂੰ ਨਹੀਂ ਮਿਲਦਾ। ਸ਼ਾਇਦ ਇਸੇ ਕਾਰਨ ਕਾਂਗਰਸੀਆਂ ਵਿਚ, ਪਾਰਟੀ ਤੋਂ ਪਹਿਲਾਂ ‘ਮੈਂ’ ਦੀ ਸੋਚ ਪ੍ਰਬਲ ਹੋ ਗਈ ਹੈ ਜੋ ਅਜੇ ਭਾਜਪਾ ਵਿਚ ਨਹੀਂ ਪਸਰੀ।

ਪਰ ਭਾਜਪਾ ਨੇ ਵੀ ਕਾਂਗਰਸ ਦੀਆਂ ਗ਼ਲਤੀਆਂ ਤੋਂ ਕਾਫ਼ੀ ਕੁੱਝ ਸਿਖਿਆ ਹੈ ਤੇ ਖ਼ਾਸ ਕਰ ਕੇ ਇੰਦਰਾ ਗਾਂਧੀ ਦੀ ਹਾਰ ਤੋਂ। ਸੋ ਭਾਜਪਾ/ਆਰ.ਐਸ.ਐਸ. ਦੀ ਸ਼ਾਖਾ ਵਿਚ ਅਨੁੁਸ਼ਾਸਨ ਦੀ ਜਿਹੜੀ ਪਾਲਣਾ ਸਿਖਾਈ ਜਾਂਦੀ ਹੈ, ਉਸ ਦੀ ਤੁਲਨਾ ਸਿਰਫ਼ ਹਿਟਲਰ ਦੀ ਫ਼ੌਜ ਨਾਲ ਕੀਤੀ ਜਾ ਸਕਦੀ ਹੈ। ਕਾਂਗਰਸ ਵਿਚ ਨਾ ਉਹ ਰੈਜੀਮੈਂਟਲ (ਫ਼ੌਜੀ) ਅਨੁਸ਼ਾਸਨ ਹੈ ਤੇ ਨਾ ਹੀ ਪਾਰਟੀ ਪ੍ਰਤੀ ਉਸ ਪ੍ਰਕਾਰ ਦੀ ਵਫ਼ਾਦਾਰੀ।

ਪੰਜਾਬ ਵਿਚ ਅੱਜ ਜੋ ਹਾਲਾਤ ਬਣੇ ਹੋਏ ਹਨ, ਉਹ ਭਾਜਪਾ ਤੇ ਕਾਂਗਰਸ ਵਿਚ ਅੰਤਰ ਦਾ ਇਕ ਵਧੀਆ ਉਦਾਹਰਣ ਹੈ। ਚੋਣਾਂ ਤਿੰਨ ਸੂਬਿਆਂ ਵਿਚ ਹੋਣ ਵਾਲੀਆਂ ਹਨ- ਗੁਜਰਾਤ, ਯੂ.ਪੀ. ਤੇ ਪੰਜਾਬ ਵਿਚ। ਭਾਜਪਾ ਕੋਲ ਭਾਵੇਂ ਅਜੇ ਕੇਂਦਰ ਵਿਚ ਤਿੰਨ ਸਾਲ ਬਾਕੀ ਹਨ ਤੇ ਦੇਸ਼ ਵਿਚ ਕਈ ਸੂਬੇ ਹਨ ਪਰ ਉਹ ਇਕ ਵੀ ਸੂਬੇ ਨੂੰ ਹੱਥੋਂ ਜਾਣੋਂ ਰੋਕਣ ਲਈ ਜ਼ਮੀਨ ਅਸਮਾਨ ਇਕ ਕਰ ਰਹੀ ਹੈ। ਕਾਂਗਰਸ ਕੋਲ ਦੇਸ਼ ਵਿਚ ਸਿਰਫ਼ ਦੋ ਸੂਬੇ ਹਨ ਪਰ ਫਿਰ ਵੀ ਉਹ ਬੇਫ਼ਿਕਰੀ ਨਾਲ ਪੰਜਾਬ ਨੂੰ ਬਿਖਰਦਾ ਵੇਖ ਰਹੀ ਹੈ। ਕਾਂਗਰਸ ਅਤੇ ਹਾਈ ਕਮਾਂਡ ਵਿਚ ਜੋ ਲੜਾਈ ਚਲ ਰਹੀ ਹੈ, ਉਹ ਥੱਲੇ ਤਕ ਨਜ਼ਰ ਆ ਰਹੀ ਹੈ।

ਪਿਛਲੇ ਚਾਰ ਸਾਲਾਂ ਤੋਂ ਪੰਜਾਬ ਕਾਂਗਰਸ ਲੋਕਾਂ ਨਾਲ ਕੀਤੇੇ ਵਾਅਦਿਆਂ ਬਾਰੇ ਸੋਚਦੀ ਰਹਿ ਗਈ ਤੇ ਹੁਣ ਜਦ ਚੋਣਾਂ ਨੇੜੇ ਆ ਗਈਆਂ ਹਨ ਤਾਂ ਉਹ ਅੰਦਰ ਬੈਠ ਕੇ ਵਿਚਾਰ ਵਟਾਂਦਰਾ ਕਰਨ ਦੀ ਬਜਾਏ ਇਕ ਦੂਜੇ ਨੂੰ ਠਿੱਬੀ ਲਾਉਣ ਵਿਚ ਲੱਗੇ ਹੋਏ ਹਨ। ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ ਕਾਂਗਰਸੀ ਸੋਸ਼ਲ ਮੀਡੀਆ ਤੇ ਲੜਦੇ ਆ ਰਹੇ ਹਨ ਤੇ ਹਾਈਕਮਾਂਡ ਇਨ੍ਹਾਂ ਨੂੰ ਰੋਕ ਨਹੀਂ ਸਕਿਆ। ਜੇ ਇਸੇ ਤਰ੍ਹਾਂ ਦਾ ਰਵਈਆ ਭਾਜਪਾ ਵਿਚ ਵੇਖਣ ਨੂੰ ਮਿਲਦਾ ਤਾਂ ਦਿੱਲੀ ਦੀ ਲਾਠੀ ਤੁਰਤ ਪੈ ਜਾਣੀ ਸੀ। ਅਨਿਲ ਜੋਸ਼ੀ ਵਲੋਂ ਅਪਣੀ ਸਰਕਾਰ ਦੀ ਹਲਕੀ ਜਿਹੀ ਆਲੋਚਨਾ ਕੀਤੀ ਗਈ ਤਾਂ ਪਾਰਟੀ ਵਲੋਂ ਝੱਟ ਸਖ਼ਤ ਕਦਮ ਚੁਕਿਆ ਗਿਆ।

ਪਰ ਕਾਂਗਰਸੀ ਤਾਂ ਇਕ ਦੂਜੇ ਨੂੰ ਤੂੰ ਤੂੰ ਕਹਿਣ ਤੇ ਉਤਰ ਆਏ ਹਨ। ਕਾਂਗਰਸੀਆਂ ਦਾ ਇਹ ਹਾਲ ਹੈ ਕਿ ਪੰਜਾਬ ਵਿਚ ਵਿਰੋਧੀਆਂ ਨੂੰ ਕੁੱਝ ਕਰਨਾ ਹੀ ਨਹੀਂ ਪੈ ਰਿਹਾ। ਕਾਂਗਰਸੀ ਹੀ ਇਕ ਦੂਜੇ ਨੂੰ ਮਾਫ਼ੀਆ ਆਖ ਕੇ ਅਪਣੀ ਹਾਰ ਦਾ ਰਾਹ ਪੱਧਰਾ ਕਰ ਰਹੇ ਹਨ। ਰਾਹੁਲ ਗਾਂਧੀ ਅਪਣੇ ਆਪ ਨੂੰ ਸੋਨੀਆ ਦੇ ਪੱਲੇ ਪਿਛੇ ਛੁਪ ਕੇ ਆਪ ਹੀ ਪੱਪੂ ਹੋਣ ਦਾ ਸਬੂਤ ਦੇ ਰਹੇ ਹਨ। ਦੂਜੇ ਪਾਸੇ ਅੱਜ ਅਮਿਤ ਸ਼ਾਹ ਜਾਂ ਮੋਹਨ ਭਾਗਵਤ ਵਿਚ ਵੀ ਏਨੀ ਤਾਕਤ ਨਹੀਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕਰ ਸਕਣ।

ਇਹ ਸੱਭ ਭਾਜਪਾ ਦੀ ਤਾਕਤ ਅਤੇ ਕਾਂਗਰਸ ਦੀ ਕਮਜ਼ੋਰੀ ਦਾ ਪ੍ਰਗਟਾਵਾ ਕਰਨ ਲਈ ਤਾਂ ਕਾਫ਼ੀ ਹੈ ਪਰ ਦੇਸ਼ ਬਾਰੇ ਕੌਣ ਸੋਚ ਰਿਹਾ ਹੈ? ਇਕ ਪਾਰਟੀ ਦੇ ਆਗੂ ਅਪਣੇ ਆਪ ਬਾਰੇ ਸੋਚਦੇ ਹਨ ਤੇ ਦੂਜੀ ਪਾਰਟੀ ਅਪਣੇ ਬਜ਼ੁਰਗ ਬਾਬੇ ਵਲੋਂ ਹਟ ਕੇ ਗ਼ਰੀਬ ਭਾਰਤੀ ਤੇ ਦੇਸ਼ ਦੇ ਵਿਕਾਸ ਬਾਰੇ ਸੋਚਣਾ ਹੀ ਸ਼ੁਰੂ ਨਹੀਂ ਕਰ ਰਹੀ।           -ਨਿਮਰਤ ਕੌਰ