ਸੰਪਾਦਕੀ: ਹਾਕੀ ਵਿਚੋਂ ਧਿਆਨ ਚੰਦ ਹੀ ਕਿਉਂ ਬਲਬੀਰ ਸਿੰਘ ਕਿਉਂ ਨਹੀਂ?
‘ਮੈਂ ਟੀਮ ਨੂੰ ਜਿਤਾਇਆ’ ਕਹਿਣ ਵਾਲੇ ਸਿਆਸਤਦਾਨ ਭੁੱਲ ਜਾਂਦੇ ਹਨ ਕਿ ਅਸਲ ਵਿਚ ਉਨ੍ਹਾਂ ਵਲੋਂ ਖੜੀਆਂ ਕੀਤੀਆਂ ਔਕੜਾਂ ਦੇ ਬਾਵਜੂਦ ਵੀ ਟੀਮ ਜਿੱਤੀ ਹੈ।
ਦੇਸ਼ ਵਿਚ ਬੜੀ ਖ਼ੁਸ਼ੀ ਮਨਾਈ ਜਾ ਰਹੀ ਹੈ ਕਿ ਭਾਰਤ ਉਲੰਪਿਕ ਵਿਚ ਸੋਨੇ ਦਾ ਇਕ ਤਮਗ਼ਾ ਜਿੱਤ ਲਿਆਇਆ ਹੈ ਤੇ ਸਾਰਾ ਭਾਰਤ ਇਸ ਤੇ ਅਪਣਾ ਪਿਆਰ ਤੇ ਦੌਲਤ ਨਿਛਾਵਰ ਕਰ ਰਿਹਾ ਹੈ। ਪੰਜਾਬੀ ਮੁੰਡੇ ਨੀਰਜ ਚੋਪੜਾ ਰਾਹੀਂ ਭਾਰਤ ਨੇ ਜੈਵਲਿਨ ਥ੍ਰੋਅ ਵਿਚ ਸੋਨੇ ਦਾ ਪਹਿਲਾ ਤਮਗ਼ਾ ਜਿਤਿਆ ਹੈ ਪਰ ਇਹ ਵੀ ਯਾਦ ਰਖਣਾ ਚਾਹੀਦਾ ਹੈ ਕਿ ਭਾਰਤੀ ਹਾਕੀ ਟੀਮ ਨੇ ਪਹਿਲਾਂ ਵੀ ਭਾਰਤ ਨੂੰ ਉਲੰਪਿਕ ਵਿਚ ਸੋਨ ਤਮਗ਼ਾ ਜਿਤਵਾਇਆ ਤੇ ਉਹ ਵੀ ਇਕ ਵਾਰ ਨਹੀਂ ਬਲਕਿ ਤਿੰਨ ਵਾਰ। ਇਹ ਜਿੱਤ ਮੈਦਾਨੇ ਜੰਗ ਦੀ ਕਿਸੇ ਜਿੱਤ ਤੋਂ ਘੱਟ ਨਹੀਂ ਸੀ ਕਿਉਂਕਿ ਜਿੱਤ, ਆਜ਼ਾਦ ਭਾਰਤ ਨੇ ਉਲੰਪਿਕ ਵਿਚ ਅਪਣੇ ਸਾਬਕਾ ਮਾਲਕ ਇੰਗਲੈਂਡ ਵਿਰੁਧ ਜਿੱਤੀ ਹੈ।
ਖਿਡਾਰੀਆਂ ਅੰਦਰ ਜਿਹੜਾ ਜੋਸ਼ 1948 ਵਿਚ ਵੀ ਸੀ, ਉਹ ਅੱਜ ਵੀ ਕਾਇਮ ਹੈ ਪਰ ਕਦੇ ਕਦੇ ਉਹ ਹਾਰ ਵਿਚ ਵੀ ਬਦਲ ਜਾਂਦਾ ਹੈ। 2008 ਵਿਚ ਅਭਿਨਵ ਬਿੰਦਰਾ ਨੇ ਵੀ ਇਕ ਸੋਨੇ ਦਾ ਤਮਗ਼ਾ ਜਿੱਤ ਕੇ ਭਾਰਤ ਦੀ ਝੋਲੀ ਵਿਚ ਪਾਇਆ ਸੀ। ਅੱਜ ਇਤਿਹਾਸ ਜ਼ਰੂਰ ਸਿਰਜਿਆ ਗਿਆ ਹੈ ਜਿਥੇ ਸੱਭ ਨੇ ਮਿਲ ਕੇ 7 ਮੈਡਲ ਪਹਿਲੀ ਵਾਰ ਦੇਸ਼ ਦੀ ਝੋਲੀ ਵਿਚ ਪਾਏ ਹਨ। ਪਰ ਹੁਣ ਇਹ ਵੀ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਅਗਲੇ ਚਾਰ ਸਾਲਾਂ ਵਿਚ ਭਾਰਤ ਅਪਣੀ ਤਾਕਤ ਮੁਤਾਬਕ ਅਪਣੀ ਪ੍ਰਦਰਸ਼ਨੀ ਵਿਖਾ ਸਕੇਗਾ। ਭਾਰਤ ਅਪਣਾ ਮੁਕਾਬਲਾ ਹਮੇਸ਼ਾ ਚੀਨ ਨਾਲ ਕਰਦਾ ਹੈ ਕਿਉਂਕਿ ਉਸ ਦੇਸ਼ ਵਿਚ ਲਗਭਗ ਸਾਡੇ ਜਿੰਨੀ ਹੀ ਆਬਾਦੀ ਹੈ ਪਰ ਚੀਨ ਕਦੇ ਵੀ ਸਾਨੂੰ ਅਪਣੇ ਮੁਕਾਬਲੇ ਤੇ ਕੁੱਝ ਨਹੀਂ ਸਮਝਦਾ ਕਿਉਂਕਿ ਤਮਗ਼ੇ ਜਿੱਤਣ ਵਿਚ ਉਸ ਦਾ ਮੁਕਾਬਲਾ ਕੇਵਲ ਅਮਰੀਕਾ ਨਾਲ ਹੀ ਹੁੰਦਾ ਹੈ। ਉਨ੍ਹਾਂ ਦੀ ਦੌੜ ਅਮਰੀਕਾ ਨਾਲ ਲਗਦੀ ਹੈ। ਜੇ ਭਾਰਤ ਅਪਣੇ ਆਪ ਨੂੰ ਚੀਨ ਤੇ ਅਮਰੀਕਾ ਨਾਲ ਮੁਕਾਬਲਾ ਕਰਦਾ ਵੇਖਣਾ ਚਾਹੁੰਦਾ ਹੈ ਤਾਂ ਇਸ ਨੂੰ ਭਾਵੁਕ ਹੋ ਕੇ ਢੋਲ ਢਮੱਕੇ ਤੋਂ ਵੀ ਅੱਗੇ ਜਾ ਕੇ ਵੀ ਸੋਚਣਾ ਪਵੇਗਾ।
ਹਾਕੀ ਦਾ ਤਮਗ਼ਾ ਜਦ ਆਇਆ ਤਾਂ ਪ੍ਰਧਾਨ ਮੰਤਰੀ ਨੇ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਦਾ ਨਾਂ ਬਦਲ ਕੇ ਧਿਆਨ ਚੰਦ ਖੇਡ ਰਤਨ ਅਵਾਰਡ ਕਰ ਦਿਤਾ। ਸਿਆਸਤਦਾਨ ਲੋਕਾਂ ਨੂੰ ਮੌਕਾ ਮਿਲ ਗਿਆ ਕਿ ਕਾਂਗਰਸ ਦੇ ਇਕ ਸਾਬਕਾ ਪ੍ਰਧਾਨ ਮੰਤਰੀ ਦਾ ਨਾਮ ਇਕ ਥਾਂ ਤੋਂ ਤਾਂ ਹਟਾ ਦਿਤਾ ਪਰ ਜੇ ਨਾਮ ਬਦਲਣਾ ਹੀ ਸੀ ਤਾਂ ਬਲਬੀਰ ਸਿੰਘ ਦਾ ਨਾਂ ਕਿਉਂ ਨਾ ਨਜ਼ਰ ਆਇਆ ਜੋ ਕਿ ਪਿਛਲੀ ਸਦੀ ਦੇ 16 ਪ੍ਰਤਿਭਾਸ਼ਾਲੀ ਉਲੰਪੀਅਨਾਂ ਵਿਚ ਗਿਣੇ ਜਾਂਦੇ ਹਨ ਤੇ ਅੱਜ ਤਕ ਵੀ ਉਨ੍ਹਾਂ ਦੇ ਗੋਲਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ? ਜਿਹੜਾ ਕੋਈ ਹਾਕੀ ਕਪਤਾਨ 16 ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਸੂਚੀ ਵਿਚ ਹੈ, ਉਹੀ ਦੇਸ਼ ਦਾ ਅਵੱਲ ਅਖਵਾਉਣ ਦਾ ਹੱਕਦਾਰ ਹੈ ਤੇ ਸੱਭ ਤੋਂ ਪਹਿਲੇ ਸਤਿਕਾਰ ਦਾ ਹੱਕਦਾਰ ਵੀ।
ਇਹੀ ਸਾਡੇ ਖਿਡਾਰੀਆਂ ਦੀ ਮੁਸ਼ਕਲ ਦਾ ਇਕ ਵੱਡਾ ਕਾਰਨ ਹੈ। ਉਹ ਸਿਆਸਤਦਾਨਾਂ ਦੇ ਪਿੱਛੇ ਦੌੜਦੇ ਦੌੜਦੇ ਅਪਣਾ ਹੁਨਰ ਵੀ ਗਵਾ ਬੈਠਦੇ ਹਨ। ਅੱਜ ਜਿਹੜੇ ਖਿਡਾਰੀ ਜਿੱਤੇ ਹਨ, ਉਨ੍ਹਾਂ ਨੇ ਅਪਣੀ ਤਿਆਰੀ ਅਪਣੇ ਬਚਪਨੇ ਵਿਚ ਹੀ ਸ਼ੁਰੂ ਕਰ ਲਈ ਹੋਵੇਗੀ ਪਰ ਉਨ੍ਹਾਂ ਦੀ ਮਿਹਨਤ ਦਾ ਸਤਿਕਾਰ ਕਰਨ ਤੋਂ ਪਹਿਲਾਂ ਸਾਡੇ ਸਿਆਸਤਦਾਨ ਅਪਣੇ ਗਲ ਵਿਚ ਉਨ੍ਹਾਂ ਦੀ ਜਿੱਤ ਦਾ ਸਿਹਰਾ ਪਾਉਣ ਬਾਰੇ ਸੋਚ ਕੇ ਅਪਣਾ ਪ੍ਰਚਾਰ ਕਰਨ ਚਲੇ ਆਉਂਦੇ ਹਨ। ‘ਮੈਂ ਟੀਮ ਨੂੰ ਜਿਤਾਇਆ’ ਕਹਿਣ ਵਾਲੇ ਸਿਆਸਤਦਾਨ ਭੁੱਲ ਜਾਂਦੇ ਹਨ ਕਿ ਅਸਲ ਵਿਚ ਉਨ੍ਹਾਂ ਵਲੋਂ ਖੜੀਆਂ ਕੀਤੀਆਂ ਔਕੜਾਂ ਦੇ ਬਾਵਜੂਦ ਵੀ ਟੀਮ ਜਿੱਤੀ ਹੈ। 2016 ਵਿਚ ਇਕ ਕਾਂਸੀ ਦਾ ਤਮਗ਼ਾ ਜੇਤੂ ਚੰਡੀਗੜ੍ਹ ਦੀ ਇਕ ਬੀਬੀ ਪਾਰਕਿੰਗ ਵਿਚ ਟਿਕਟਾਂ ਕੱਟਣ ਦੀ ਨੌਕਰੀ ਕਰ ਰਹੀ ਹੈ ਕਿਉਂਕਿ ਉਸ ਨੂੰ ਤਗ਼ਮਾ ਜਿੱਤਣ ਦੇ ਬਾਵਜੂਦ, ਸਰਕਾਰ ਵਲੋਂ ਕੋਈ ਮਦਦ ਨਾ ਮਿਲੀ। ਇਸੇ ਤਰ੍ਹਾਂ ਅਸੀ ਅਕਸਰ ਅਜਿਹੇ ਖਿਡਾਰੀ ਵੀ ਵੇਖਦੇ ਹਾਂ ਜੋ ਸਿਆਸਤਦਾਨਾਂ ਕੋਲੋਂ ਕੁੱਝ ਮੰਗਦੇ ਮੰਗਦੇ, ਸੱਭ ਕੁੱਝ ਹੀ ਗੁਆ ਬੈਠੇ ਕਿਉਂਕਿ ਸਿਆਸਤਦਾਨ ਉਨ੍ਹਾਂ ਨੂੰ ਗੈਂਗਸਟਰ ਬਣਾ ਕੇ ਹੀ ਛਡਦੇ ਹਨ ਤੇ ਝੂਠੀ ਆਸ ਦਿਵਾ ਕੇ ਅਪਣੇ ਲਈ ਖੂਬ ਵਰਤਦੇ ਹਨ।
ਖਿਡਾਰੀ ਬੜੀ ਜਦੋ-ਜਹਿਦ ਕਰ ਕੇ, ਜਿਸ ਵਿਚ ਰਿਸ਼ਵਤ ਵੀ ਕਈ ਵਾਰ ਸ਼ਾਮਲ ਹੁੰਦੀ ਹੈ, ਅਪਣੇ ਆਪ ਨੂੰ ਕਿਸੇ ਸਰਕਾਰੀ ਮਹਿਕਮੇ ਵਿਚ ਲਗਵਾ ਲੈਂਦੇ ਹਨ ਤੇ ਫਿਰ ਖੇਡ ਕਿਥੇ ਤੇ ਨੌਕਰੀ ਕਿਥੇ? ਪਰ ਜਿਹੜੇ ਦੇਸ਼ਾਂ ਨਾਲ ਮੁਕਾਬਲਾ ਕਰਨਾ ਹੁੰਦਾ ਹੈ, ਉਨ੍ਹਾਂ ਵਿਚ ਹਰ ਖੇਡ ਨੂੰ ਪੂਰਾ ਮਹੱਤਵ ਦਿਤਾ ਜਾਂਦਾ ਹੈ। ਸਾਡੇ ਦੇਸ਼ ਵਿਚ ਤਾਂ ਸਿਰਫ਼ ਕ੍ਰਿਕਟ ਨੂੰ ਹੀ ਖੇਡ ਮੰਨਿਆ ਜਾਂਦਾ ਹੈ ਜਿਸ ਨੂੰ ਅਰਬਾਂ ਰੁਪਏ ਦੇ ਕੇ ਮਾਨਵਤਾ ਦੀ ਇਕੋ ਇਕ ਖੇਡ ਬਣਾ ਦਿਤਾ ਗਿਆ ਹੈ। ਪਰ ਸ੍ਰੀਰ ਨੂੰ ਤਾਕਤ ਬਖ਼ਸ਼ਣ ਵਾਲੀ ਹਰ ਖੇਡ ਹੀ ਮਾਨਵਤਾ ਦੀ ਸੱਚੀ ਸੁੱਚੀ ਖੇਡ ਹੈ ਜਿਸ ਵਲ ਪੂਰਾ ਧਿਆਨ ਦਿਤਾ ਜਾਣਾ ਚਾਹੀਦਾ ਹੈ। ਖਿਡਾਰੀ ਨੂੰ ਉਸ ਦੀ ਕਾਬਲੀਅਤ ਤੇ ਖੇਡ ਮੁਤਾਬਕ ਸਰਕਾਰ ਤਨਖ਼ਾਹ ਤੇ ਰਹਿਣ ਸਹਿਣ ਦੀ ਸਹੂਲਤ ਦੇਵੇ ਤੇ ਉਨ੍ਹਾਂ ਵਿਚੋਂ ਹੀ ਅਗਲੇ ਕੋਚ ਤੇ ਟਰੇਨਰ ਕੱਢੇ ਜਾਣ ਜੋ ਕਿ ਸਰਕਾਰੀ ਸਕੂਲਾਂ ਵਿਚ ਖੇਡ ਦੇ ਮਿਆਰ ਉੱਚੇ ਕਰਨ। ਇਸ ਉਲੰਪਿਕ ਨੇ ਖੇਡ ਵਲ ਬੱਚਿਆਂ ਨੂੰ ਖਿਚਿਆ ਹੈ ਤੇ ਇਸ ਨੂੰ ਹੁਣ ਸਿਆਸਤ ਤੋਂ ਪਾਸੇ ਰੱਖ ਕੇ ਇਸ ਦੇ ਅਸਲ ਭਵਿੱਖ ਵਲ ਲਿਜਾਇਆ ਜਾਵੇ। ਮੁੱਕੇਬਾਜ਼ ਵਜਿੰਦਰ ਨੇ ਵੀ ਆਖਿਆ ਹੈ ਕਿ ‘ਜਿੱਤਿਆ ਤਾਂ ਮੈਂ ਵੀ ਸੀ, ਪ੍ਰਧਾਨ ਮੰਤਰੀ ਨੇ ਵਧਾਈ ਵੀ ਦਿਤੀ ਸੀ ਪਰ ਮੈਨੂੰ ਅਪਣੇ ਪ੍ਰਚਾਰ ਦਾ ਜ਼ਰੀਆ ਹੀ ਬਣਾਇਆ ਗਿਆ।’
- ਨਿਮਰਤ ਕੌਰ