ਸੰਪਾਦਕੀ: ਬੱਚੇ ਨੇ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਮਹਿੰਗਾਈ ਦੀ ‘ਮਾਰ’ ਦੇ ਉਸ ਲਈ ਕੀ ਅਰਥ ਹਨ?
ਅੱਜ ਲੋਕ ਤਿਰੰਗਾ ਲੈ ਕੇ ਅਪਣੇ ਬਜ਼ੁਰਗਾਂ ਦੀ ਕੁਰਬਾਨੀ ਨੂੰ ਯਾਦ ਕਰਨ ਵਿਚ ਜੁਟ ਗਏ ਹਨ। ਹੋਰ ਕੀ ਕਰਨ?
ਨਵੀਂ ਦਿੱਲੀ: ਇਕ ਛੋਟੀ ਬੱਚੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੇ ਪੈਨਸਿਲ, ਰਬੜ ਅਤੇ ਮੈਗੀ ਨੂੰ ਏਨਾ ਮਹਿੰਗਾ ਕਰ ਦਿਤਾ ਹੈ ਕਿ ਜਦ ਉਸ ਦੀ ਪੈਨਸਿਲ ਸਕੂਲ ਵਿਚ ਚੋਰੀ ਹੋ ਗਈ ਤਾਂ ਉਸ ਨੂੰ ਮਾਂ ਤੋਂ ਬਹੁਤ ਮਾਰ ਪਈ। ਸੋਚੋ ਇਕ ਮਾਂ ਨੂੰ ਘਰ ਦੇ ਖ਼ਰਚੇ ਪੂਰੇ ਕਰਨ ਵਿਚ ਕਿੰਨੀ ਤੰਗੀ ਹੋਵੇਗੀ ਕਿ ਉਹ ਇਕ 2-3 ਰੁਪਏ ਦੇ ਖ਼ਰਚੇ ਤੇ ਵੀ ਬੱਚੇ ਨੂੰ ਮਾਰਨ ਕੁੱਟਣ ਲੱਗ ਪਈ। ਇਸ ਨਾਲ ਇਕ ਪੁਰਾਣੀ ਕਹਾਣੀ ਦੀ ਯਾਦ ਆਈ ਜਦ ਇਕ ਰਾਜਾ ਇਕ ਦਰਜ਼ੀ ਦੇ ਝਾਂਸੇ ਵਿਚ ਆ ਜਾਂਦਾ ਹੈ। ਉਹ ਮਹਾਰਾਜੇ ਤੋਂ ਪੈਸਾ ਹੀ ਨਹੀਂ, ਕੀਮਤੀ ਕਪੜਾ, ਸੋਨਾ, ਹੀਰੇ ਅਤੇ ਪੱਥਰ ਵੀ ਲੈ ਜਾਂਦਾ ਹੈ ਤੇ ਕਹਿੰਦਾ ਹੈ ਕਿ ਉਹ ਰਾਜੇ ਦੇ ਕਪੜੇ ਬਣਾ ਰਿਹਾ ਹੈ ਜੋ ਸਿਰਫ਼ ਸਿਆਣੇ ਤੇ ਵਫ਼ਾਦਾਰ ਹੀ ਵੇਖ ਸਕਦੇ ਹਨ।
ਅਸਲ ਵਿਚ ਰਾਜਾ ਨੰਗਾ ਹੁੰਦਾ ਹੈ ਪਰ ਕੋਈ ਇਹ ਸੱਚ ਬਿਆਨ ਨਹੀਂ ਕਰ ਪਾਉਂਦਾ ਕਿਉਂਕਿ ਉਹ ਡਰਦੇ ਸਨ ਕਿ ਸੱਚ ਸੁਣ ਕੇ ਰਾਜਾ ਉਸ ਨੂੰ ਦੰਡ ਦੇਵੇਗਾ। ਸੋ ਸੱਭ ਆਖਦੇ ਹਨ ਕਿ ਵਾਹ ਵਾਹ। ਕਿੰਨੇ ਸੋਹਣੇ ਕਪੜੇ ਨੇ ਪਰ ਇਕ ਛੋਟਾ ਬੱਚਾ ਰਾਜੇ ਨੂੰ ਵੇਖਦਾ ਹੈ ਤੇ ਉਹ ਜ਼ੋਰ ਦੀ ਆਖਦਾ ਹੈ ਕਿ ਰਾਜਾ ਨੰਗਾ ਹੈ। ਸੰਸਦ ਵਿਚ ਵਿਤ ਮੰਤਰੀ ਤੇ ਵਿਰੋਧੀ ਧਿਰ ਆਪਸ ਵਿਚ ਲੜ ਰਹੇ ਸਨ ਤੇ ਵਿਰੋਧੀ ਧਿਰ ਵਾਲੇ ਕਹਿ ਰਹੇ ਸਨ ਕਿ ਸਰਕਾਰ ਨੇ ਜੀ.ਐਸ.ਟੀ. ਵਧਾ ਕੇ ਦੇਸ਼ ਵਿਚ ਮਹਿੰਗਾਈ ਦੀ ਮਾਰ ਮਾਰ ਦਿਤੀ ਹੈ ਤੇ ਵਿਤ ਮੰਤਰੀ ਨੇ ਵਿਰੋਧੀ ਧਿਰ ਨੂੰ ਵੀ ਅਰਥ ਸ਼ਾਸਤਰ ਦਾ ਪਾਠ ਪੜ੍ਹਾਉਣ ਦਾ ਯਤਨ ਕੀਤਾ।
ਦੋਹਾਂ ਪਾਸਿਆਂ ਦੇ ਵੱਡੇ ਅਰਥ ਸ਼ਾਸਤਰੀ ਆਪਸ ਵਿਚ ਬਹਿਸ ਕਰ ਰਹੇ ਹਨ ਪਰ ਸਚਾਈ ਤਾਂ ਇਸ ਬੱਚੀ ਨੇ ਬੜੇ ਭੋਲੇਪਨ ਨਾਲ ਬਿਆਨ ਕਰ ਦਿਤੀ ਹੈ। ਸਰਕਾਰ ਆਖਦੀ ਹੈ ਕਿ ਮਹਿੰਗੀ ਜੀ.ਐਸ. ਟੀ ਦੇ ਵਾਧੇ ਨਾਲ ਸਿਰਫ਼ 8 ਫ਼ੀ ਸਦੀ ਪੈਸੇ ਇਕੱਠੇ ਕਰਨ ਵਿਚ ਵਾਧਾ ਹੋਇਆ। ਵਿਰੋਧੀ ਧਿਰ ਆਖਦੀ ਹੈ ਕਿ ਸਰਕਾਰ ਸਮਾਨ ਮਹਿੰਗਾ ਕਰ ਰਹੀ ਹੈ ਤਾਂ ਜੋ ਜੀ.ਐਸ.ਟੀ. ਦੀ ਕੁਲੈਕਸ਼ਨ ਵਿਚ ਵਾਧਾ ਹੋਵੇ ਤੇ ਸਰਕਾਰ ਆਖਦੀ ਹੈ ਕਿ ਜੇ ਮਹਿੰਗਾਈ ਹੋਵੇਗੀ ਤਾਂ ਫਿਰ ਲੋਕ ਖ਼ਰੀਦਦਾਰੀ ਘੱਟ ਕਰਨਗੇ ਤੇ ਬੱਚਤ ਕਰਨਗੇ। ਵਿਰੋਧੀ ਧਿਰ ਜਵਾਬ ਦੇਂਦੀ ਹੈ ਕਿ ਜੇ ਆਮ ਵਰਤੋਂ ਦਾ ਸਮਾਨ ਮਹਿੰਗਾ ਹੋਵੇਗਾ ਤਾਂ ਗ਼ਰੀਬ ਅਪਣੇ ਸੈਰ ਸਪਾਟੇ ਤੇ ਅਰਾਮ ਵਾਸਤੇ ਪੈਸਾ ਨਹੀਂ ਖ਼ਰਚਣਗੇ ਤੇ ਜੇ ਤੁਸੀਂ ਬੱਚਤ ਕਰਨੀ ਹੈ ਤਾਂ ਖ਼ੁਸ਼ੀ ਤੇ ਗ਼ਮੀ ਮੌਕੇ ਕਰ ਸਕਦੇ ਹੋ। ਪਟਰੌਲ, ਡੀਜ਼ਲ, ਗੈਸ, ਪਨੀਰ, ਦੁੱਧ ਅਤੇ ਦਹੀਂ ਤੇ ਵੀ ਕਰ ਸਕਦੇ ਹੋ ਅਰਥਾਤ ਇਨ੍ਹਾਂ ਦੀ ਵਰਤੋਂ ਨਾ ਕਰੋ ਜਾਂ ਘੱਟ ਕਰੋ ਤੇ ਟੈਕਸ ਬਚਾਉ। ਆਖ਼ਰ ਇਕ ਬੱਚੀ ਨੂੰ ਵੀ ਤਾਂ ਪੈਨਸਿਲ ਤੇ ਮੈਗੀ ਵਾਸਤੇ ਥੱਪੜ ਪਿਆ ਸੀ।
ਪਿਛਲੇ ਵਿੱਤ ਮੰਤਰੀ ਪੀ. ਚਿਦੰਬਰਮ ਨੇ ਬੜੇ ਢੁਕਵੇਂ ਸਵਾਲ ਖੜੇ ਕੀਤੇ ਹਨ ਕਿ ਕੀ ਸਰਕਾਰ ਦੀ ਆਮਦਨ ਵਿਚ ਘਾਟਾ ਇਸ ਨਾਲ ਪੂਰਾ ਹੋ ਜਾਏਗਾ? ਜੇ ਹਰ ਮਹੀਨੇ ਡੀਜ਼ਲ ਦਾ ਭਾਅ ਵਧਦਾ ਹੀ ਜਾ ਰਿਹਾ ਹੈ ਤਾਂ ਕੀ ਸਰਕਾਰ ਅਪਣੀ ਬੱਚਤ ਵਿਚ ਆ ਰਹੀ ਕਮੀ ਬਾਰੇ ਵੀ ਕੋਈ ਯੋਜਨਾ ਬਣਾ ਰਹੀ ਹੈ ਕਿਉਂਕਿ ਉਹ ਵੀ ਦਿਨ ਬ ਦਿਨ ਘਟਦੀ ਜਾ ਰਹੀ ਹੈ? ਕੀ ਆਰ.ਬੀ.ਆਈ ਤੇ ਸਰਕਾਰ ਕੋਲ ਮਹਿੰਗਾਈ ਤੇ ਖ਼ਰਚੇ ਵਿਚ ਬੈਲੇਂਸ ਰਖਣ ਦੀ ਕੋਈ ਯੋਜਨਾ ਵੀ ਹੈ? ਸਰਕਾਰ ਸਵਾਲਾਂ ਦੇ ਜਵਾਬ ਤਾਂ ਨਹੀਂ ਦੇਵੇਗੀ ਕਿਉਂਕਿ ਉਹ ਤਾਕਤਵਰ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਵਿਚ ਕੋਈ ਅਜਿਹੀ ਆਵਾਜ਼ ਨਹੀਂ ਜਿਸ ਤੇ ਆਮ ਜਨਤਾ ਵਿਸ਼ਵਾਸ ਕਰਦੀ ਹੋਵੇ। ‘ਆਪ’ ਅਪਣੇ ਪੈਰ ਜਮਾ ਰਹੀ ਹੈ ਤੇ ਅਜੇ ਰਾਸ਼ਟਰ ਪੱਧਰ ਤੇ ਬੋਲਣ ਦੇ ਕਾਬਲ ਨਹੀਂ ਹੋਈ। ਕਾਂਗਰਸ ਦੇ ਆਗੂਆਂ ਉਤੇ ਆਪ ਕਾਂਗਰਸੀ ਵੀ ਵਿਸ਼ਵਾਸ ਨਹੀਂ ਕਰਦੇ। ਸੋ ਲੋਕ ਤਿਰੰਗਾ ਲੈ ਕੇ ਅਪਣੇ ਬਜ਼ੁਰਗਾਂ ਦੀ ਕੁਰਬਾਨੀ ਨੂੰ ਯਾਦ ਕਰਨ ਵਿਚ ਜੁਟ ਗਏ ਹਨ। ਹੋਰ ਕੀ ਕਰਨ? -ਨਿਮਰਤ ਕੌਰ