ਰੋਜ਼ਾਨਾ ਸਪੋਕਸਮੈਨ ਦੀ ਸਿਫ਼ਤ ਕਰਾਂ ਜਾਂ ਨਾ ਕਰਾਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਪੋਕਸਮੈਨ ਦੇ ਕਰੋੜਾਂ ਪਾਠਕਾਂ ਵਿਚੋਂ ਮੈਂ ਵੀ ਇਕ ਆਮ ਜਿਹਾ ਪਾਠਕ ਹਾਂ- ਉਦੋਂ ਤੋਂ ਜਦੋਂ ਇਹ ਹਾਲੇ 'ਰੋਜ਼ਾਨਾ' ਵੀ ਨਹੀਂ ਸੀ ਹੋਇਆ, ਮਾਸਕ ਹੀ ਸੀ।

Ucha dar babe nanak da

ਸਪੋਕਸਮੈਨ ਦੇ ਕਰੋੜਾਂ ਪਾਠਕਾਂ ਵਿਚੋਂ ਮੈਂ ਵੀ ਇਕ ਆਮ ਜਿਹਾ ਪਾਠਕ ਹਾਂ- ਉਦੋਂ ਤੋਂ ਜਦੋਂ ਇਹ ਹਾਲੇ 'ਰੋਜ਼ਾਨਾ' ਵੀ ਨਹੀਂ ਸੀ ਹੋਇਆ, ਮਾਸਕ ਹੀ ਸੀ। ਸ. ਜੋਗਿੰਦਰ ਸਿੰਘ ਜੀ ਦੀ ਲੇਖਣੀ ਦਾ ਅਜਿਹਾ ਪ੍ਰਭਾਵ ਮਨ ਉਤੇ ਹੋਇਆ ਕਿ ਇਨ੍ਹਾਂ ਦੀ ਕੋਈ ਵੀ ਲਿਖਤ ਪੜ੍ਹੇ ਬਿਨਾਂ ਨਹੀਂ ਰਿਹਾ ਜਾਂਦਾ। ਅਖ਼ਬਾਰ ਸ਼ੁਰੂ ਹੋਣ ਤੇ ਰੋਜ਼ਾਨਾ ਸਪੋਕਸਮੈਨ ਨੇ ਏਨੀਆਂ ਜ਼ਬਰਦਸਤ ਲਿਖ਼ਤਾਂ ਦਿਤੀਆਂ ਕਿ ਅਣਜਾਣ ਬੰਦੇ ਨੇ ਵੀ ਜੇ ਇਕ ਵਾਰ ਸਪੋਕਸਮੈਨ ਪੜ੍ਹ ਲਿਆ ਤਾਂ ਉਹ ਇਸੇ ਦਾ ਹੋ ਕੇ ਰਹਿ ਜਾਂਦਾ ਸੀ।

ਜੋ ਲਿਖਤਾਂ ਕੋਈ ਵੀ ਅਖ਼ਬਾਰ, ਰਸਾਲਾ ਜਾਂ ਮੈਗ਼ਜ਼ੀਨ ਛਾਪਣ ਤੋਂ ਤ੍ਰਹਿੰਦਾ ਸੀ, ਬਾਰਾਂ, ਪੰਦਰਾਂ ਸਾਲ ਪਹਿਲਾਂ, ਉਹ ਸਪੋਕਸਮੈਨ ਨੇ ਧੜੱਲੇ ਨਾਲ ਛਾਪ ਕੇ ਲੋਕਾਂ ਦੀ ਕਚਹਿਰੀ ਵਿਚ ਲਿਆਂਦੀਆਂ। ਅਜਿਹਾ ਕਰਨ ਕਰ ਕੇ ਇਸ ਨੇ ਕਈ ਪੱਖਾਂ ਤੋਂ ਅਪਣਾ ਨੁਕਸਾਨ ਵੀ ਕਰਾਇਆ। 'ਸਚੁ ਸੁਣਾਇਸੀ ਸਚ ਕੀ ਬੇਲਾ' ਦੇ ਉਦੇਸ਼ ਅਨੁਸਾਰ ਇਸ ਨੇ ਢੁਕਵੇਂ ਸਮੇਂ ਉਤੇ ਮੁੱਦੇ ਉਠਾ ਕੇ, ਖ਼ਾਸ ਤੌਰ ਉਤੇ ਪੰਜਾਬ ਪ੍ਰਤੀ, ਸਮਾਜ ਨੂੰ ਸੋਹਣਾ ਬਣਾਉਣ ਲਈ, ਸਮਾਜ ਵਿਚੋਂ ਕੁਰੀਤੀਆਂ ਦੂਰ ਕਰਨ ਲਈ ਭਰਪੂਰ ਯੋਗਦਾਨ ਪਾਇਆ ਹੈ।

ਹੁਣ ਤਕ ਦੇ ਸੱਭ ਤੋਂ ਅਨੋਖੇ ਰਹਿਬਰ ਬਾਬਾ ਨਾਨਕ ਦੇ ਪਾਕ ਪਵਿੱਤਰ ਫਲਸਫ਼ੇ ਨੂੰ ਸੰਸਾਰ ਦੇ ਭਲੇ ਹਿਤ ਪ੍ਰਚਾਰਨ ਲਈ ਜੀ.ਟੀ. ਰੋਡ ਉਪਰ ਬਪਰੌਰ ਪਿੰਡ ਦੀ ਜ਼ਮੀਨ ਵਿਚ 'ਉੱਚਾ ਦਰ ਬਾਬੇ ਨਾਨਕ ਦਾ' ਨਾਂ ਦੀ ਇਕ ਬਹੁਮੁੱਲੀ ਸੰਸਥਾ ਦੁਨੀਆਂ ਨੂੰ, ਪਾਠਕਾਂ ਨਾਲ ਰਲ ਕੇ ਦੇਣ ਦਾ ਪ੍ਰਸ਼ੰਸਾਯੋਗ ਕੰਮ ਵੀ ਕੀਤਾ ਹੈ ਜੋ ਬਣ ਕੇ ਲੱਗਭਗ ਤਿਆਰ ਹੋ ਚੁੱਕੀ ਹੈ। ਕਈ ਈਰਖਾਲੂ ਸੌੜੀ ਸੋਚ ਵਾਲੇ ਫ਼ੋਨ ਕਰਦੇ ਹਨ ਕਿ ਰੋਜ਼ਾਨਾ ਸਪੋਕਸਮੈਨ ਦੀ ਏਨੀ ਪ੍ਰਸ਼ੰਸਾ ਕਰਨੀ ਠੀਕ ਨਹੀਂ। ਠੀਕ ਹੈ, ਮੰਨ ਲਈ ਗੱਲ, ਪਰ ਕੀ ਕਿਸੇ ਹੋਰ ਅਖ਼ਬਾਰ ਨੇ ਅਜਿਹਾ ਕੁੱਝ ਕੀਤਾ ਹੈ ਹੁਣ ਤਕ? ਕਈ ਕਹਿੰਦੇ ਹਨ ਸ. ਜੋਗਿੰਦਰ ਸਿੰਘ ਨੇ ਸਾਰਾ ਕੁੱਝ ਅਪਣੇ ਲਈ ਬਣਾਇਆ ਹੈ।

ਜਿਸ ਕਿਸੇ ਨੂੰ ਵੀ ਕੋਈ ਸ਼ੰਕਾ ਹੈ, ਉਹ ਕਾਨੂੰਨੀ ਸਿਸਟਮ ਰਾਹੀਂ ਪੜਤਾਲ ਕਰਵਾ ਕੇ ਸੱਚਾਈ ਦਾ ਪਤਾ ਕਰੇ ਤੇ ਸ਼ੰਕਾ ਨਵਿਰਤ ਕਰੇ। ਸ. ਜੋਗਿੰਦਰ ਸਿੰਘ ਜੀ ਤਾਂ ਬੜੇ ਚਿਰ ਤੋਂ ਐਲਾਨ ਕਰਦੇ ਆ ਰਹੇ ਹਨ ਕਿ ਨਾ ਉਹ 'ਉੱਚਾ ਦਰ' ਦੇ ਟਰੱਸਟੀ ਹਨ, ਨਾ ਉਹ ਮੈਂਬਰ ਹਨ, ਨਾ ਹੀ ਉਨ੍ਹਾਂ ਦੇ ਅਪਣੇ ਜਾਂ ਪ੍ਰਵਾਰ ਦੇ ਕਿਸੇ ਮੈਂਬਰ ਦੇ ਨਾਂ ਕਿਤੇ ਕੋਈ ਜ਼ਮੀਨ ਜਾਇਦਾਦ  ਹੀ ਹੈ। ਉਨ੍ਹਾਂ ਕੋਲ ਤਾਂ ਘਰ ਵੀ ਨਹੀਂ ਹੈ, ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਨ। ਫਿਰ ਵੀ ਸ਼ੰਕਾ ਹੈ ਤਾਂ ਰੱਬ ਹੀ ਰਾਖਾ ਹੈ ਸਾਡੀਆਂ ਅਕਲਾਂ ਦਾ।


ਮੇਰੀ ਇਹੀ ਅਰਦਾਸ ਹੈ ਕਿ ਅਕਾਲ ਪੁਰਖ 'ਰੋਜ਼ਾਨਾ ਸਪੋਕਸਮੈਨ' ਦੀ ਸਮੁੱਚੀ ਟੀਮ ਨੂੰ ਚੜ੍ਹਦੀਕਲਾ ਬਖ਼ਸ਼ੇ। ਪ੍ਰਬੰਧਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਛੇਤੀ ਤੋਂ ਛੇਤੀ ਤਿਆਰ ਕਰਵਾ ਕੇ ਨਾਨਕੀ ਫ਼ਲਸਫ਼ੇ ਦੀਆਂ ਨੂਰੀ ਕਿਰਨਾਂ ਦੁਨੀਆਂ ਵਿਚ ਬਿਖੇਰਨ ਦੀ ਕ੍ਰਿਪਾਲਤਾ ਕਰੇ। ਆਉ ਸਾਰੇ ਇਹੀ ਦੁਆ ਕਰੀਏ। ਆਮੀਨ।