ਆਰ.ਬੀ.ਆਈ ਗਵਰਨਰ ਨੂੰ ਕਿਉਂ ਨਹੀਂ ਦਿਸਦੀ ਕਾਰਪੋਰੇਟ ਸੈਕਟਰ ਦੀ ਕਰਜ਼ਾ ਮਾਫ਼ੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਦੇ ਕਿਸਾਨ ਨੂੰ ਬੜੇ ਮਾਣ ਨਾਲ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ, ਪਰ ਅਖ਼ਬਾਰੀ ਬਿਆਨਾਂ ਵਿਚ ਹੀ ਦੇਸ਼ ਦਾ ਅੰਨਦਾਤਾ ਹੈ ਉਹ।

RBI

ਪੰਜਾਬ ਦੇ ਕਿਸਾਨ ਨੂੰ ਬੜੇ ਮਾਣ ਨਾਲ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ, ਪਰ ਅਖ਼ਬਾਰੀ ਬਿਆਨਾਂ ਵਿਚ ਹੀ ਦੇਸ਼ ਦਾ ਅੰਨਦਾਤਾ ਹੈ ਉਹ। ਹਕੀਕਤ ਵਿਚ ਅਖ਼ਬਾਰੀ ਬਿਆਨ ਦੇਣ ਵਾਲੇ ਹੀ ਇਸ ਦੇ ਦੁਸ਼ਮਣ ਹਨ। ਹੁਣ ਨਵੀਂ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਗੱਲ ਚਲਾਈ। ਕਰਜ਼ਾ ਮਾਫ਼ ਹੋਵੇਗਾ ਜਾ ਨਾ ਪਰ ਆਰ.ਬੀ.ਆਈ ਗਵਰਨਰ ਉਰਜਿਤ ਪਟੇਲ ਨੂੰ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਵਾਲੀ ਗੱਲ ਸੁਣ ਕੇ ਹੀ ਚਿੰਤਾ ਹੋਣ ਲੱਗ ਪਈ। 


ਪਰ ਜਦੋਂ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਚੁੱਪ ਚੁਪੀਤੇ ਮਾਫ਼ ਕੀਤਾ ਜਾਂਦਾ ਹੈ, ਉਦੋਂ ਇਹ ਕਿਹੜੀ ਖੁੱਡ ਵਿਚ ਲੁੱਕ ਜਾਂਦੇ ਹਨ? ਕਿਤਾਬੀ ਅੰਕੜਿਆਂ ਅਨੁਸਾਰ ਪਿਛਲੇ ਦੋ ਦਹਾਕਿਆਂ ਵਿਚ ਵੱਡੇ ਕਾਰਪੋਰੇਟ ਸੈਕਟਰ ਨੂੰ 33 ਲੱਖ ਕਰੋੜ ਦੀ ਕਰਜ਼ਾ ਮਾਫ਼ੀ ਦੇ ਦਿਤੀ ਗਈ। ਇਥੇ ਹੀ ਬੱਸ ਨਹੀਂ, ਵੱਡੇ ਕਾਰਪੋਰੇਟ ਸੈਕਟਰ ਦੇ ਸਿਰਫ਼ 8-9 ਘਰਾਣਿਆਂ ਨੂੰ 13 ਲੱਖ ਕਰੋੜ ਦੀ ਕਰਜ਼ਾ ਮਾਫ਼ੀ ਦੇ ਦਿਤੀ ਗਈ। ਸਾਲ 2015 ਤੇ ਸਾਲ 2016 ਵਿਚ ਵੱਡੇ ਕਾਰਪੋਰੇਟ ਸੈਕਟਰ ਨੂੰ ਇਕ ਲੱਖ 14 ਹਜ਼ਾਰ ਕਰੋੜ ਦੀ ਕਰਜ਼ਾ ਮਾਫ਼ੀ ਦੇ ਦਿਤੀ।

ਇਕੱਲੇ ਅਡਾਨੀ ਨੂੰ 72 ਹਜ਼ਾਰ ਕਰੋੜ ਦੀ ਕਰਜ਼ਾ ਮਾਫ਼ੀ ਦੇ ਦਿਤੀ। ਤਾਂ ਫਿਰ ਹੁਣ ਪੰਜਾਬ ਤੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਜਾਂਦਾ? ਪੰਜਾਬ ਦਾ ਇਕੱਲਾ ਕਿਸਾਨ ਦੇਸ਼ ਦੇ ਅਨਾਜ ਭੰਡਾਰ ਵਿਚ 60 ਫ਼ੀ ਸਦੀ ਅਨਾਜ ਦਿੰਦਾ ਹੈ ਪਰ ਜਦੋਂ ਕਰਜ਼ਾ ਮਾਫ਼ੀ ਦੀ ਗੱਲ ਆਉਂਦੀ ਹੈ ਤਾਂ ਸਿਰਫ਼ ਇਕ ਫ਼ੀ ਸਦੀ। ਇਹ ਘੋਰ ਬੇਇਨਸਾਫ਼ੀ ਕਿਉਂ? ਗਵਰਨਰ ਸਾਹਬ ਜੇ ਤੁਹਾਨੂੰ ਦੇਸ਼ ਦੀ ਜ਼ਿਆਦਾ ਚਿੰਤਾ ਹੈ ਤਾਂ ਵੱਡੇ ਕਾਰਪੋਰੇਟ ਘਰਾਣਿਆਂ ਦੀ ਕਰਜ਼ਾ ਮਾਫ਼ੀ ਉਤੇ ਕੱਟ ਲਾਉ।

ਇਨ੍ਹਾਂ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਗਿਆ ਹੈ, ਇਸ ਨੂੰ ਵਾਪਸ ਲਉ ਕਿਉਂਕਿ ਇਸ ਕਰਜ਼ੇ ਨਾਲ ਸਮੁੱਚੇ ਦੇਸ਼ ਦੇ ਕਿਸਾਨਾਂ ਦਾ 5 ਗੇੜ ਦਾ ਕਰਜ਼ਾ ਮਾਫ਼ ਕੀਤਾ ਜਾ ਸਕਦਾ ਹੈ। ਪੰਜਾਬ ਦੇ ਕਿਸਾਨਾਂ ਨੇ ਕੋਈ ਮਾੜੀ ਗੱਲ ਨਹੀਂ ਕੀਤੀ ਸਗੋਂ ਦੇਸ਼ ਨੂੰ ਅਨਾਜ ਲਈ ਆਤਮ ਨਿਰਭਰ ਹੀ ਕੀਤਾ ਹੈ। 
-ਸੁਖਪਾਲ ਸਿੰਘ ਮਾਣਕ ਕਣਕਵਾਲ, ਸੰਪਰਕ : 98722-31523