ਮੋਦੀ ਸਰਕਾਰ ਨੂੰ ਵਿਗੜੀ ਹੋਈ ਅਰਥ ਵਿਵਸਥਾ ਦੇ ਹੁੰਦਿਆਂ, 100 ਦਿਨ ਦੀਆਂ 'ਪ੍ਰਾਪਤੀਆਂ' ਗਿਣਨ ਦੀ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮੋਦੀ ਸਰਕਾਰ ਨੂੰ ਵਿਗੜੀ ਹੋਈ ਅਰਥ ਵਿਵਸਥਾ ਦੇ ਹੁੰਦਿਆਂ, 100 ਦਿਨ ਦੀਆਂ 'ਪ੍ਰਾਪਤੀਆਂ' ਗਿਣਨ ਦੀ ਕੀ ਲੋੜ ਪੈ ਗਈ?

Why did the Modi government need to count 100 days 'achievements'?

ਮੋਦੀ ਸਰਕਾਰ ਦੇ 100 ਦਿਨਾਂ ਦੀਆਂ 'ਪ੍ਰਾਪਤੀਆਂ' ਦਾ ਲੇਖਾ ਜੋਖਾ ਸਮਝਾਉਣ ਵਾਸਤੇ ਸਾਰੇ ਮੰਤਰੀ ਅਪਣੇ ਅਪਣੇ ਸੂਬੇ ਵਿਚ ਗਏ। ਪ੍ਰਚਾਰ ਲਈ ਦਿਲ ਖੋਲ੍ਹ ਕੇ ਖ਼ਰਚਾ ਕੀਤਾ ਗਿਆ। 100 ਦਿਨ ਜਦਕਿ ਸਰਕਾਰ ਦੇ ਅਜੇ 57 ਮਹੀਨੇ ਯਾਨੀ ਕਿ 1725 ਦਿਨ ਅਪਣੇ ਕਾਰਗੁਜ਼ਾਰੀ ਦੇ ਪਏ ਹਨ। 100 ਦਿਨਾਂ ਵਿਚ ਰੀਪੋਰਟ ਕੱਢਣ ਦੀ ਜ਼ਰੂਰਤ ਨਹੀਂ ਪੈਂਦੀ ਪਰ ਇਸ ਵਾਰ 'ਮੋਦੀ 2.0' ਨੇ ਇਸ ਨੂੰ ਜ਼ਰੂਰੀ ਸਮਝਿਆ ਤਾਕਿ ਸ਼ਾਇਦ ਇਸ ਵਾਰ ਮਹਾਂਗਠਜੋੜ ਸਿਰ ਚੁੱਕਣ ਦੀ ਹਿੰਮਤ ਹੀ ਨਾ ਕਰੇ ਅਤੇ ਕਾਂਗਰਸ ਮੁਕਤ ਭਾਰਤ ਵਿਚ ਕੋਈ ਵੀ ਵਿਰੋਧੀ ਸੂਬਾ ਬਾਕੀ ਹੀ ਨਾ ਬਚੇ। ਕਾਂਗਰਸ ਮੁਕਤ ਭਾਰਤ ਉਤੇ ਕੰਮ ਬੜੀ ਤੇਜ਼ੀ ਨਾਲ ਚਲ ਰਿਹਾ ਹੈ।

ਚਿਦਾਂਬਰਮ ਨੂੰ ਭਾਰਤ ਨੇ ਭੁਲਾ ਦਿਤਾ ਹੈ ਅਤੇ ਜਿਸ ਇਨਸਾਨ ਦੇ ਸਿਰ ਉਤੇ ਕਦੇ ਭਾਰਤ ਦੇ ਨਵੇਂ ਅਰਥਚਾਰੇ ਦੇ ਨਿਰਮਾਣ ਦਾ ਸਿਹਰਾ ਬੰਨ੍ਹਿਆ ਜਾਂਦਾ ਸੀ, ਅੱਜ ਉਹ ਇਕ ਚੋਰ ਵਾਂਗ ਤਿਹਾੜ ਵਿਚ ਬੰਦ ਹੈ। ਹੋਰ ਬੜੇ ਕਾਂਗਰਸੀ ਜੇਲ ਵਿਚ ਜਾਣਗੇ। ਇਸ ਕਾਂਗਰਸ ਮੁਕਤ ਭਾਰਤ ਅਭਿਆਨ ਸਦਕਾ ਸਿੱਖਾਂ ਨੂੰ ਕਮਲ ਨਾਥ ਉਤੇ ਮੁਕੱਦਮਾ ਚਲਾਉਣ ਦਾ ਮੌਕਾ ਅਤੇ ਨਿਆਂ ਵੀ ਸ਼ਾਇਦ ਮਿਲ ਜਾਵੇ। ਮੋਦੀ ਸਰਕਾਰ ਇਸ ਵਾਰ ਬੜੀ ਤੇਜ਼ੀ ਅਤੇ ਫੁਰਤੀ ਨਾਲ ਅਪਣੇ ਵਾਅਦੇ ਪੂਰੇ ਕਰ ਰਹੀ ਹੈ। 100 ਦਿਨਾਂ ਵਿਚ ਕੀਤੀਆਂ 'ਪ੍ਰਾਪਤੀਆਂ' ਵਿਚ ਕਸ਼ਮੀਰ ਦੀ ਧਾਰਾ 300 ਦਾ ਸੇਕ, ਤਿੰਨ ਤਲਾਕ ਕਾਨੂੰਨ, ਮੋਟਰ ਸੁਰੱਖਿਆ ਬਿਲ, ਅਤਿਵਾਦ ਉਤੇ ਸ਼ਿਕੰਜਾ ਕਸਣ ਦੀ ਜਿੱਤ ਸ਼ਾਮਲ ਸਨ। ਇਸ ਵਾਰ ਮੈਨੀਫ਼ੈਸਟੋ ਵਿਚ ਨਾ ਸਰਕਾਰ ਨੇ ਵਿਕਾਸ ਦਾ ਵਾਅਦਾ ਕੀਤਾ ਸੀ, ਨਾ ਨੌਕਰੀਆਂ ਦਾ। ਉਨ੍ਹਾਂ ਨੇ ਇਨ੍ਹਾਂ ਸਾਰੇ ਵਾਅਦਿਆਂ ਦੀ ਬਜਾਏ ਮੰਦਰ ਬਣਾਉਣ ਦਾ ਵੱਡਾ ਵਾਅਦਾ ਕੀਤਾ ਸੀ ਅਤੇ ਇਨ੍ਹਾਂ ਕਦਮਾਂ ਨੇ ਸਾਫ਼ ਕਰ ਦਿਤਾ ਹੈ ਕਿ ਅਦਾਲਤ ਦਾ ਫ਼ੈਸਲਾ ਇਨ੍ਹਾਂ ਦੀ ਮਰਜ਼ੀ ਮੁਤਾਬਕ ਨਾ ਹੋਇਆ ਤਾਂ ਸਰਕਾਰ 'ਹੇਠਲੀ ਉਤੇ' ਕਰਨ ਤੋਂ ਕਤਰਾਏਗੀ ਨਹੀਂ।

ਇਸ ਠੋਸ ਸਰਕਾਰ ਸਾਹਮਣੇ ਅੱਜ ਕਾਂਗਰਸ ਦਾ ਕੋਈ ਨੇਤਾ ਨਹੀਂ ਖੜਾ ਰਹਿ ਗਿਆ। ਸ਼ਸ਼ੀ ਥਰੂਰ ਵਰਗੇ ਵੀ ਸ਼ਬਦਾਂ ਦੇ ਹੇਰਫੇਰ ਨਾਲ ਮੋਦੀ ਪ੍ਰਤੀ ਨਰਮ ਚਲ ਰਹੇ ਹਨ। ਉਹੀ ਗ਼ੈਰ-ਭਾਜਪਾਈ ਮੁੱਖ ਮੰਤਰੀ ਜੋ ਕੇਂਦਰ ਨਾਲ ਬਣਾ ਕੇ ਰਖਦਾ ਹੈ, ਉਹੀ ਅਪਣਾ ਰਾਜ ਮਜ਼ੇ ਨਾਲ ਚਲਾ ਰਿਹਾ ਹੈ। ਬਾਕੀ ਤਾਂ ਮਮਤਾ ਵਾਂਗ ਘਬਰਾਹਟ ਵਿਚ, ਪ੍ਰਸ਼ਾਂਤ ਕਿਸ਼ੋਰ (ਜਿਸ ਨੇ ਮੋਦੀ ਨੂੰ ਜਿਤਾਇਆ, ਮਹਾਂਗਠਜੋੜ ਅਤੇ ਪੰਜਾਬ ਵਿਚ ਕਾਂਗਰਸ ਨੂੰ) ਤੋਂ ਇਕ ਵਾਰ ਮੁੜ ਤੋਂ ਜਾਦੂ ਦੀ ਉਮੀਦ ਕਰ ਰਹੇ ਹਨ।

ਇਨ੍ਹਾਂ ਹਾਲਾਤ ਵਿਚ ਭਾਰਤ ਦਾ ਇਕ ਸੱਚ ਅਜਿਹਾ ਵੀ ਹੈ ਜਿਸ ਬਾਰੇ ਕੋਈ ਵੀ ਗੱਲ ਨਹੀਂ ਕਰਨਾ ਚਾਹ ਰਿਹਾ। ਜੇ ਮੀਡੀਆ ਵਲ ਵੇਖੀਏ ਤਾਂ ਉਸ ਨੂੰ ਚੰਦਰਯਾਨ ਅਤੇ ਗਣਪਤੀ ਦੇ ਪਹੁੰਚਣ ਦੀ ਖ਼ੁਸ਼ੀ ਹੈ ਪਰ ਕਿਸੇ ਨੇ ਇਕ ਵਾਰ ਡਾ. ਮਨਮੋਹਨ ਸਿੰਘ ਨੂੰ 2008 ਵਿਚ ਚੰਦਰਯਾਨ ਵਾਸਤੇ ਪੈਸੇ ਦੇਣ ਦਾ ਜ਼ਿਕਰ ਨਹੀਂ ਕੀਤਾ। ਖ਼ੈਰ ਕਾਂਗਰਸ ਮੁਕਤ ਭਾਰਤ ਦਾ ਨਿਰਮਾਣ ਹੋ ਰਿਹਾ ਹੈ। ਇਹ ਉਹ ਭਾਰਤ ਹੈ ਜਿਥੇ ਪ੍ਰਚਾਰ ਮਸ਼ੀਨਰੀ ਸਰਕਾਰ ਦੇ ਹੱਥ ਵਿਚ ਹੈ ਅਤੇ ਉਹ ਤੈਅ ਕਰੇਗੀ ਕਿ ਮੀਡੀਆ ਕਿਸ ਮੁੱਦੇ ਵਲ ਧਿਆਨ ਦੇਵੇ ਤੇ ਕਿਸ ਨੂੰ ਅਣਗੌਲਿਆਂ ਕਰੇ।

ਸੋ ਕਾਂਗਰਸ ਦੇ ਨਾਲ ਨਾਲ ਨਵੇਂ ਭਾਰਤ ਦੇ ਨਿਰਮਾਣ ਵਿਚ ਕਈ ਹੋਰ ਚੀਜ਼ਾਂ ਤੋਂ ਮੁਕਤੀ ਵੀ ਮਿਲ ਰਹੀ ਹੈ। ਇਕ ਕਮੀ ਜੋ ਸੱਭ ਤੋਂ ਜ਼ਿਆਦਾ ਵੱਡੀ ਹੈ, ਉਹ ਹੈ ਵਿਰੋਧੀ ਧਿਰ ਦੀ ਅਣਹੋਂਦ। ਸਰਕਾਰ ਦੇ ਕੰਮਾਂ ਵਿਚ ਰੇੜਕਾ ਹਮੇਸ਼ਾ ਵਿਰੋਧੀ ਧਿਰ ਖੜਾ ਕਰਦੀ ਰਹੀ। ਭੂਮੀ ਐਕਵਾਇਰ ਬਿਲ ਨੂੰ ਰੋਕਣ ਵਾਸਤੇ ਵਿਰੋਧੀ ਧਿਰ ਦਾ ਸੁਰ ਕੰਮ ਆਇਆ ਸੀ। ਪਰ ਜੇ ਹੁਣ ਵਿਰੋਧੀ ਧਿਰ ਹੀ ਨਹੀਂ ਰਹੀ ਤਾਂ ਰੇੜਕਾ ਕਿਸ ਤਰ੍ਹਾਂ ਪਵੇਗਾ? ਇਕ ਮਹੀਨੇ ਤੋਂ ਵੱਧ ਹੋ ਗਿਆ ਹੈ ਕਸ਼ਮੀਰ ਬੰਦ ਪਏ ਨੂੰ। ਪਰ ਕੀ ਇਸ ਦਾ ਮਤਲਬ ਹੈ ਕਿ ਸੱਭ ਕੁੱਝ ਠੀਕ ਠਾਕ ਹੈ? ਅੱਜ ਜਿਸ ਮੁੱਦੇ ਉਤੇ ਸਰਕਾਰ ਹਾਰ ਨਹੀਂ ਮੰਨਣਾ ਚਾਹੁੰਦੀ, ਉਹ ਹੈ ਅਰਥਚਾਰਾ। ਪਰ ਕੀ ਕੇਵਲ 'ਸੱਭ ਅੱਛਾ' ਕਹਿਣ ਨਾਲ ਹੀ ਦੇਸ਼ ਵਿਚ ਵਿਕਾਸ ਆ ਜਾਵੇਗਾ? (ਚਲਦਾ...) -ਨਿਮਰਤ ਕੌਰ