ਚੀਨ ਹਮਲਾਵਰ ਨੀਤੀ ਕਿਉਂ ਧਾਰਨ ਕਰੀ ਜਾ ਰਿਹਾ ਹੈ? ਉਸ ਦੀ ਦੁਖਦੀ ਰੱਗ ਅਮਰੀਕਾ ਹੈ, ਭਾਰਤ ਨਹੀਂ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

1975 ਤੋਂ ਬਾਅਦ ਚੀਨ-ਭਾਰਤ ਸਰਹੱਦ 'ਤੇ ਇਕ ਵਾਰ ਫਿਰ ਗੋਲੀਬਾਰੀ ਹੋਈ ....

China and India

1975 ਤੋਂ ਬਾਅਦ ਚੀਨ-ਭਾਰਤ ਸਰਹੱਦ 'ਤੇ ਇਕ ਵਾਰ ਫਿਰ ਗੋਲੀਬਾਰੀ ਹੋਈ ਹੈ ਅਤੇ ਦੋਹਾਂ ਦੇਸ਼ਾਂ ਵਲੋਂ ਇਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਭਾਰਤੀ ਫ਼ੌਜੀਆਂ ਮੁਤਾਬਕ ਉਨ੍ਹਾਂ ਨੂੰ ਮਜਬੂਰਨ ਗੋਲੀਆਂ ਚਲਾਉਣੀਆਂ ਪਈਆਂ ਕਿਉਂਕਿ ਚੀਨੀ ਫ਼ੌਜ ਭਾਰਤ ਦੀ ਧਰਤੀ 'ਤੇ ਕਬਜ਼ਾ ਕਰਨ ਦਾ ਯਤਨ ਕਰ ਰਹੀ ਸੀ। ਦੂਜੇ ਪਾਸੇ ਚੀਨ ਦਾ ਕਹਿਣਾ ਹੈ ਕਿ ਉਹ ਭਾਰਤੀ ਫ਼ੌਜ ਨਾਲ ਗੱਲਬਾਤ ਕਰਨ ਦਾ ਯਤਨ ਕਰ ਰਹੇ ਸਨ ਪਰ ਭਾਰਤੀ ਫ਼ੌਜ ਨੇ ਉਨ੍ਹਾਂ 'ਤੇ ਗੋਲੀ ਚਲਾ ਦਿਤੀ।

ਭਾਵੇਂ ਦੋਵੇਂ ਵੱਖ-ਵੱਖ ਦਾਅਵੇ ਕਰ ਰਹੇ ਹਨ ਪਰ ਇਕ ਗੱਲ ਤਾਂ ਸਾਫ਼ ਹੈ ਕਿ ਗੋਲੀਬਾਰੀ ਦੋਵਾਂ ਵਲੋਂ ਹੀ ਚਲਾਈ ਗਈ ਸੀ। ਇਸ ਦੁਵੱਲੀ ਲੜਾਈ ਵਿਚ ਤਸਵੀਰ ਨੂੰ ਸਮਝਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਡਰ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਹੁਣ ਭਾਰਤ ਫਿਰ ਤੋਂ ਕਾਰਗਿਲ ਵਰਗੀ ਸਥਿਤੀ ਵਲ ਵਧ ਰਿਹਾ ਹੈ। ਇਕ ਪਾਸੇ ਭਾਰਤ ਕੋਵਿਡ-19 ਦੀ ਜੰਗ ਹਾਰਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਸਰਹੱਦ 'ਤੇ ਇਸ ਲੜਾਈ ਦੀ ਸ਼ੁਰੂਆਤ ਹੋ ਚੁੱਕੀ ਹੈ।

ਪਾਕਿਸਤਾਨ ਨਾਲ ਕਮਜ਼ੋਰ ਰਿਸ਼ਤਿਆਂ ਕਾਰਨ ਕਸ਼ਮੀਰ ਨਰਕ ਵਰਗੇ ਦੌਰ ਵਿਚੋਂ ਗੁਜ਼ਰ ਰਿਹਾ ਜਾਪਦਾ ਹੈ ਅਤੇ ਹੁਣ ਚੀਨ ਨਾਲ ਰਿਸ਼ਤੇ ਵੀ ਵਿਗੜ ਚੁਕੇ ਹਨ। ਪਰ ਚੀਨ ਨਾਲ ਲੜਾਈ ਸਿਰਫ਼ ਸਰਹੱਦ 'ਤੇ ਹੀ ਨਹੀਂ ਬਲਕਿ ਆਰਥਕ ਫ਼ਰੰਟ 'ਤੇ ਵੀ ਲੜੀ ਜਾ ਰਹੀ ਹੈ। ਚੀਨੀ ਨਿਵੇਸ਼ 'ਤੇ ਚੀਨੀ ਮੋਬਾਈਲ ਐਪਲੀਕੇਸ਼ਨ 'ਤੇ ਪਾਬੰਦੀ ਲਗਾ ਕੇ ਅਸੀ ਚੀਨ ਵਿਚ ਅਪਣੇ ਨਿੰਦਕਾਂ ਦੀ ਗਿਣਤੀ ਵਧਾ ਰਹੇ ਹਾਂ।

ਚੀਨੀ ਸਰਹੱਦ ਦੀ ਵਾਗਡੋਰ, ਸਾਡੇ ਮੀਡੀਆ ਨੇ ਅਪਣੇ ਚੈਨਲਾਂ ਦੇ ਸਟੁਡਿਊਜ਼ ਵਿਚ ਬੈਠ ਕੇ ਸੰਭਾਲੀ ਹੋਈ ਹੈ ਜਿਥੋਂ ਗੋਲਾਬਾਰੀ ਤੇਜ਼ੀ ਨਾਲ ਹੋ ਰਹੀ ਹੈ ਪਰ ਚੀਨ ਵੀ ਇਸ ਮਾਮਲੇ ਵਿਚ ਪਿਛੇ ਨਹੀਂ ਰਹਿ ਰਿਹਾ। ਉਨ੍ਹਾਂ ਕੋਲ ਵੀ ਗੋਦੀ ਮੀਡੀਆ ਹੈ ਜੋ ਸਟੁਡਿਉੂ ਤੋਂ ਹੀ ਭਾਰਤ ਤੇ ਅਮਰੀਕਾ, ਦੁਹਾਂ ਨਾਲ ਜੰਗ ਲੜ ਰਿਹਾ ਹੈ।
ਸ਼ਾਇਦ ਇਸੇ ਕਾਰਨ ਦੋਹਾਂ ਦੇਸ਼ਾਂ ਦੀ ਕੂਟਨੀਤੀ ਲਗਾਤਾਰ ਹਾਰਦੀ ਆ ਰਹੀ ਹੈ

ਕਿਉਂਕਿ ਇਹ ਜੰਗ ਅਜੇ ਸੋਚ ਤੇ ਨਜ਼ਰੀਏ ਦੀ ਹੈ ਤੇ ਬੜਬੋਲੇ ਲੋਕਾਂ ਨੇ ਸ਼ਬਦੀ ਬਾਣਾਂ ਦੀ ਜੰਗ ਨੂੰ ਬਹੁਤ ਗਰਮ ਕਰ ਦਿਤਾ ਹੈ ਤੇ ਇਹ ਸਥਿਤੀ ਅੱਜ ਤੋਂ ਨਹੀਂ ਬਲਕਿ ਕੁੱਝ ਸਾਲਾਂ ਤੋਂ ਬਣਦੀ ਆ ਰਹੀ ਹੈ, ਜਦ ਤੋਂ ਭਾਰਤ ਨੇ ਅਮਰੀਕਾ ਦੀ ਨੇੜਤਾ ਹਾਸਲ ਕਰਨ ਲਈ, ਚੀਨ ਨੂੰ ਤੀਜੇ ਚੌਥੇ ਥਾਂ ਤੇ ਰੱਖ ਦਿਤਾ ਹੈ। ਚੀਨ ਸਮਝਦਾ ਹੈ ਕਿ ਭਾਰਤ, ਅਮਰੀਕਾ ਦੇ ਕਹਿਣ ਤੇ ਇਹ ਕਰ ਰਿਹਾ ਹੈ।

ਇਸ ਲਈ ਉਹ ਭਾਰਤ ਅਤੇ ਅਮਰੀਕਾ, ਦੁਹਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰ ਰਿਹਾ ਹੈ। ਚੀਨੀ ਸਮਾਨ ਨੂੰ ਨਾ ਖ਼ਰੀਦਣ ਦੀ ਬਜਾਏ ਜੇ ਭਾਰਤ ਸਰਕਾਰ 'ਮੇਕ ਇਨ ਇੰਡੀਆ' ਤਹਿਤ ਉਦਯੋਗ ਦੀ ਕਾਬਲੀਅਤ ਤੇ ਸਮਰੱਥਾ ਵਧਾਉਂਦੀ ਤਾਂ ਗੱਲ ਕੁੱਝ ਹੋਰ ਹੁੰਦੀ। ਇਸ ਦਾ ਨਤੀਜਾ ਇਕ ਹੋਰ ਪੱਖੋਂ ਭਾਰਤ ਨੂੰ ਮਹਿੰਗਾ ਪਿਆ ਹੈ। ਅਮਰੀਕਾ ਤੇ ਚੀਨ ਤੋਂ ਬਾਅਦ ਦੁਨੀਆਂ ਵਿਚ ਸੱਭ ਤੋਂ ਵੱਧ ਹਥਿਆਰ ਭਾਰਤ ਹੀ ਖ਼ਰੀਦ ਰਿਹਾ ਹੈ।

ਚੀਨ ਅਤੇ ਪਾਕਿਸਤਾਨ ਨਾਲ ਜਾਰੀ ਖਟਪਟ ਕਾਰਨ ਭਾਰਤ ਨੂੰ ਅਪਣੀ ਸੁਰੱਖਿਆ 'ਤੇ ਖ਼ਰਚਾ ਵਧਾਉਣਾ ਪਿਆ ਹੈ। ਅੱਜ ਭਾਰਤ ਦਾ ਸੁਰੱਖਿਆ 'ਤੇ ਖ਼ਰਚਾ 2.419 ਫ਼ੀ ਸਦੀ ਹੈ ਅਤੇ 2019 ਵਿਚ ਇਸ ਨੂੰ 6.6 ਫ਼ੀ ਸਦੀ ਵਧਾਉਣਾ ਪਿਆ। 2001 ਦੇ ਮੁਕਾਬਲੇ 2019 ਦਾ ਖਰਚਾ 85 ਫ਼ੀ ਸਦੀ ਵਾਧੂ ਰਿਹਾ ਹੈ। ਇਸ ਦਾ ਫ਼ਾਇਦਾ ਫ਼ਰਾਂਸ ਅਤੇ ਅਮਰੀਕਾ ਨੂੰ ਹੋਇਆ ਹੈ ਜਿਨ੍ਹਾਂ ਤੋਂ ਭਾਰਤ ਨੇ ਜਹਾਜ਼ ਖ਼ਰੀਦੇ ਹਨ।

ਪਰ ਚੀਨ ਅਪਣੀ ਜੀ.ਡੀ.ਪੀ. ਦਾ 1.9 ਫ਼ੀ ਸਦੀ ਖ਼ਰਚਾ ਸੁਰੱਖਿਆ 'ਤੇ ਕਰਦਾ ਹੈ। ਅਮਲੀ ਤੌਰ ਤੇ ਇਸ ਦਾ ਮਤਲਬ ਇਹ ਹੈ ਕਿ ਚੀਨ ਦਾ ਖ਼ਰਚਾ 261 ਬਿਲੀਅਨ ਡਾਲਰ ਹੈ ਅਤੇ ਭਾਰਤ ਦਾ ਖ਼ਰਚਾ ਕੇਵਲ 7.1 ਬਿਲੀਅਨ ਡਾਲਰ। ਭਾਰਤ ਦੀ ਜੀ.ਡੀ.ਪੀ. ਚੀਨ ਅਤੇ ਅਮਰੀਕਾ ਦੇ ਮੁਕਾਬਲੇ ਬਹੁਤ ਛੋਟੀ ਹੈ ਪਰ ਟੱਕਰ ਬਹੁਤ ਵੱਡੀ ਲੈ ਲਈ ਹੈ ਅਤੇ ਉਹ ਵੀ ਭਾਰਤੀ ਫ਼ੌਜ ਦੀ ਬਹਾਦਰੀ ਉਤੇ ਟੇਕ ਰੱਖ ਕੇ ਜਾਂ ਵਿਦੇਸ਼ੀ ਜੰਗੀ ਹਥਿਆਰਾਂ ਦਾ ਸਹਾਰਾ ਲੈ ਕੇ।

ਪਰ ਇਥੇ ਸਰਕਾਰ ਦਾ ਇਕ ਹੋਰ ਅੰਕੜਾ ਵੀ ਵੇਖਣਾ ਹੋਵੇਗਾ। ਸਿਹਤ ਤੇ ਜੀ.ਡੀ.ਪੀ. ਦਾ 1.28 ਫ਼ੀ ਸਦੀ ਹੀ ਖ਼ਰਚਿਆ ਜਾਂਦਾ ਹੈ। ਸ਼ਾਇਦ ਇਨ੍ਹਾਂ ਚੀਜ਼ਾਂ ਦੀ ਅਹਿਮੀਅਤ ਸਰਕਾਰ ਨੂੰ ਪਤਾ ਹੀ ਨਹੀਂ ਜਿਸ ਕਾਰਨ ਅੱਜ ਭਾਰਤ ਦੀਆਂ ਸਰਹੱਦਾਂ ਵੀ ਓਨੀਆਂ ਤਾਕਤਵਰ ਨਹੀਂ ਤੇ ਕੋਰੋਨਾ ਜੰਗ ਵੀ ਹਾਰ ਰਹੇ ਹਾਂ। ਅਸੀ ਅੱਜ ਵੀ ਜ਼ਿਆਦਾ ਧਿਆਨ ਸਰਕਾਰ ਚਲਾ ਰਹੀ ਪਾਰਟੀ ਦੀ ਹਜ਼ਾਰਾਂ ਸਾਲ ਪੁਰਾਣੀ ਵਿਚਾਰਧਾਰਾ ਦੀ 'ਮਜ਼ਬੂਤੀ' ਉਤੇ ਜ਼ਿਆਦਾ ਵਿਸ਼ਵਾਸ ਰਖਦੇ ਹਾਂ ਤੇ ਸਰਹੱਦਾਂ, ਆਰਥਕਤਾ ਤੇ ਸਿਹਤ ਸਹੂਲਤਾਂ ਦੀ ਮਜ਼ਬੂਤੀ ਤੇ ਘੱਟ।

ਇਸ ਦੀ ਕੀਮਤ ਦੇਸ਼ ਦੇ ਗ਼ਰੀਬ ਲੋਕਾਂ ਨੂੰ ਚੁਕਾਉਣੀ ਪੈ ਰਹੀ ਹੈ ਤੇ ਚੁਕਾਉਣੀ ਪਵੇਗੀ। ਉਪਰ ਤਾਂ 'ਸੱਭ ਠੀਕ' ਹੀ ਹੈ ਤੇ ਭਾਰਤ ਦਾ ਇਕ ਅਰਬਪਤੀ, ਦੁਨੀਆਂ ਦਾ ਚੌਥਾ ਵੱਡਾ ਅਮੀਰ ਬਣਿਆ ਰਹੇਗਾ---- ਹੇਠਲੇ ਭਾਰਤ ਦਾ ਭਾਵੇਂ ਕੁੱਝ ਵੀ ਹਾਲ ਹੋ ਜਾਵੇ। ਕੋਰੋਨਾ ਦੀ ਜੰਗ ਨੇ ਵੀ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ।
- ਨਿਮਰਤ ਕੌਰ