ਆਮ ਜਨਤਾ ਦਾ ਬੈਂਕਾਂ ਵਿਚ ਪਿਆ ਪੈਸਾ ਵੱਡੇ ਲੋਕਾਂ ਨੂੰ ਲੁਟਾਇਆ ਜਾ ਰਿਹਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ ਨੇ ਜਦੋਂ ਅਪਣੇ ਖਾਤਾ ਧਾਰਕਾਂ ਦੇ ਖਾਤੇ ਬੰਦ ਕਰ ਦਿਤੇ ਤਾਂ ਇਕ ਭਾਵੁਕ ਔਰਤ ਦੀ ਦੁਹਾਈ ਸੁਣਾਈ ਦਿਤੀ। ਉਹ ਆਖ ਰਹੀ ਸੀ...

PMC and SBI Bank

ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ ਨੇ ਜਦੋਂ ਅਪਣੇ ਖਾਤਾ ਧਾਰਕਾਂ ਦੇ ਖਾਤੇ ਬੰਦ ਕਰ ਦਿਤੇ ਤਾਂ ਇਕ ਭਾਵੁਕ ਔਰਤ ਦੀ ਦੁਹਾਈ ਸੁਣਾਈ ਦਿਤੀ। ਉਹ ਆਖ ਰਹੀ ਸੀ ਕਿ 'ਮੋਦੀ ਜੀ ਮੇਰੀ ਮਦਦ ਕਰੋ।' ਵਿਕਾਸ ਦੇ ਸੁਪਨੇ ਵਿਖਾਉਣ ਵਾਲੇ ਅੱਜ ਆਮ ਆਦਮੀ ਦੀ ਹਲਾਲ ਦੀ ਕਮਾਈ ਨੂੰ ਵੀ ਨਹੀਂ ਬਚਾ ਸਕੇ। ਇਸ ਨਜ਼ਰੀਏ ਤੋਂ ਵੇਖੀਏ ਤਾਂ ਬਿਸਤਰ ਹੇਠਾਂ ਰੱਖੇ ਪੈਸੇ ਦਾ ਤਰੀਕਾ ਜ਼ਿਆਦਾ ਸੁਰੱਖਿਅਤ ਸੀ। ਉਹ ਲੋਕ ਜੋ ਅਪਣੀ ਕੁੱਝ ਕਮਾਈ ਨੂੰ ਬੈਂਕਾਂ ਵਿਚ ਤੇ ਕੁੱਝ ਘਰਾਂ ਵਿਚ ਵੰਡ ਕੇ ਰਖਦੇ ਸਨ, ਠੀਕ ਹੀ ਕਰ ਰਹੇ ਸਨ ਕਿਉਂਕਿ ਉਹ ਇਸ ਤਰ੍ਹਾਂ ਦੇ ਖ਼ਤਰੇ ਤੋਂ ਤਾਂ ਬਚੇ ਹੋਏ ਸਨ। ਨੋਟਬੰਦੀ ਨੇ ਸਾਰੇ ਆਮ ਭਾਰਤੀਆਂ ਦੇ ਪੈਸੇ ਨੂੰ ਬੈਂਕਾਂ ਵਿਚ ਜਮ੍ਹਾਂ ਕਰਵਾ ਦਿਤਾ ਪਰ ਜੇ ਉਸ ਦੀ ਰਖਿਆ ਨਹੀਂ ਕਰ ਸਕਦੇ ਤਾਂ ਫਿਰ ਉਨ੍ਹਾਂ ਦੀ ਕਮਜ਼ੋਰੀ ਦਾ ਨਤੀਜਾ ਆਮ ਇਨਸਾਨ ਕਿਉਂ ਭੁਗਤ ਰਿਹਾ ਹੈ?

ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ ਦੇ ਸਾਰੇ ਘਪਲੇ ਵਿਚਲਾ ਜੋ ਕਾਰਨ ਨਿਕਲਿਆ ਹੈ, ਉਸ ਵਿਚ ਆਰ.ਬੀ.ਆਈ., ਆਡਿਟ ਕਰਨ ਵਾਲੀ ਕੰਪਨੀ, ਬੈਂਕ ਦੇ ਉੱਚ-ਅਧਿਕਾਰੀ, ਸੱਭ ਸ਼ਾਮਲ ਹਨ ਜਾਂ ਉਨ੍ਹਾਂ ਵਲੋਂ ਬੇਜਾ ਨਰਮੀ ਵਰਤੀ ਗਈ ਹੈ। ਇਹੀ ਮੁਸ਼ਕਲ ਪੀ.ਐਨ.ਬੀ. ਦੇ ਨੀਰਵ ਮੋਦੀ ਘਪਲੇ ਵਿਚ ਨਿਕਲੀ ਸੀ, ਜਿਥੇ ਇਹ ਵੱਡੇ ਵੱਡੇ ਘਪਲੇ ਬੈਂਕ ਦੇ ਉੱਚ ਅਧਿਕਾਰੀਆਂ ਅਤੇ ਚੋਰ-ਉਦਯੋਗਪਤੀਆਂ ਦੀ ਭਿਆਲੀ ਨਾਲ ਹੋਏ ਸਨ ਪਰ ਆਰ.ਬੀ.ਆਈ. ਕੁੱਝ ਅਜਿਹੀ ਕਾਢ ਨਹੀਂ ਕੱਢ ਸਕੀ ਜਿਸ ਨਾਲ ਇਸ ਨੂੰ ਸੁਲਝਾਇਆ ਜਾ ਸਕੇ। ਇਕ ਆਰ.ਟੀ.ਆਈ. ਰਾਹੀਂ ਸਟੇਟ ਬੈਂਕ ਆਫ਼ ਇੰਡੀਆ ਬਾਰੇ ਜਾਣਕਾਰੀ ਆਈ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਅਪਣੇ ਮੁਨਾਫ਼ੇ ਵਿਚ 9500 ਕਰੋੜ ਰੁਪਏ ਦਾ ਮੁਨਾਫ਼ਾ ਅੰਕੜਿਆਂ ਵਿਚ ਫਿਰ ਵਿਖਾ ਰਹੇ ਸਨ। ਇਹੀ ਨਹੀਂ, ਉਨ੍ਹਾਂ ਨੇ ਅਪਣੇ ਮੁਲਾਜ਼ਮਾਂ ਦੇ ਘਪਲੇ ਵੀ ਲੁਕਾਏ ਅਤੇ ਮਾੜੇ ਉਧਾਰ ਯਾਨੀ ਕਿ ਉਹ ਉਧਾਰ ਜੋ ਕਿ ਉਦਯੋਗ ਵਾਪਸ ਨਹੀਂ ਕਰ ਪਾ ਰਹੇ ਸਨ, ਨੂੰ ਵੀ ਛੁਪਾ ਕੇ ਮਾਫ਼ ਵੀ ਕੀਤਾ।

ਸਟੇਟ ਬੈਂਕ ਆਫ਼ ਇੰਡੀਆ ਨੇ ਅਪਣੇ ਸਿਰਫ਼ 220 ਗਾਹਕਾਂ ਦੇ 7600 ਕਰੋੜ ਰੁਪਏ ਦੇ ਮਾੜੇ ਉਧਾਰ ਮਾਫ਼ ਕੀਤੇ ਹਨ। ਅਤੇ ਚਿੰਤਾ ਇਸ ਕਾਰਨ ਹੈ ਕਿ ਦੇਸ਼ ਦਾ 40% ਬੱਚਤ ਦਾ ਪੈਸਾ ਇਸੇ ਬੈਂਕ ਵਿਚ ਹੈ। ਇਹ ਬੱਚਤ ਆਮ ਇਨਸਾਨ ਦੀ ਹੈ ਕਿਉਂਕਿ ਆਮ ਭਾਰਤੀ ਦਾ ਪੈਸਾ ਸਟੇਟ ਬੈਂਕ ਵਿਚ ਹੈ। ਜੇ ਇਹ ਬੈਂਕ ਵੱਡੇ 200 ਪਿੰਡਾਂ ਦੇ ਅਪਣੇ 43 ਕਰੋੜ ਖਾਤਿਆਂ ਦੀ ਜਮ੍ਹਾਂ ਪੂੰਜੀ ਲੁਟਾ ਸਕਦਾ ਹੈ ਤਾਂ ਫਿਰ ਬਾਕੀ ਬੈਂਕ ਕੀ ਕਰਨਗੇ? ਜਿਸ ਕਿਸੇ ਆਮ ਇਨਸਾਨ ਨੇ ਸਟੇਟ ਬੈਂਕ ਵਿਚ ਖਾਤਾ ਖੋਲ੍ਹਿਆ ਹੈ ਜਾਂ ਉਸ ਤੋਂ ਕਰਜ਼ਾ ਲਿਆ ਹੈ, ਉਹ ਜਾਣਦਾ ਹੈ ਕਿ ਉਨ੍ਹਾਂ ਦੇ ਨਿਯਮ ਕਿੰਨੇ ਸਖ਼ਤ ਹਨ। ਕਿਸ ਤਰ੍ਹਾਂ ਇਕ ਕਿਸਤ ਦੀ ਦੇਰੀ ਨਾਲ ਉਹ ਤੁਹਾਡਾ ਧੰਦਾ ਬੰਦ ਕਰਨ ਤੇ ਆ ਜਾਂਦੇ ਹਨ ਅਤੇ ਇਸੇ ਬੈਂਕ ਨੇ 220 ਗਾਹਕਾਂ ਦੇ ਔਸਤਨ 348 ਕਰੋੜ ਰੁਪਏ ਮਾਫ਼ ਕਰ ਦਿਤੇ ਹਨ ਅਤੇ ਰੀਜ਼ਰਵ ਬੈਂਕ ਆਫ਼ ਇੰਡੀਆ ਨੇ ਉਫ਼ ਤਕ ਨਹੀਂ ਕੀਤੀ। ਇਤਿਫ਼ਾਕਨ ਇਹ ਤਕਰੀਬਨ ਓਨੀ ਹੀ ਰਕਮ ਹੈ ਜਿਹੜੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬੈਂਕਾਂ ਦਾ ਮਾੜਾ ਕਰਜ਼ ਨਿਪਟਾਉਣ ਲਈ ਰੱਖੀ ਹੋਈ ਸੀ।

ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ ਜਾਂ ਪੰਜਾਬ ਨੈਸ਼ਨਲ ਬੈਂਕ ਇਕੱਲੇ ਨਹੀਂ ਹਨ, ਬਲਕਿ 2019 ਵਿਚ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਨੇ 71 ਗਾਹਕਾਂ, ਕੇਨਰਾ ਬੈਂਕ ਨੇ 63 ਗਾਹਕਾਂ, ਬੈਂਕ ਆਫ਼ ਇੰਡੀਆ ਦੇ 36, ਕਾਰਪੋਰੇਸ਼ਨ ਬੈਂਕ ਦੇ 50 ਵੱਡੇ ਕਰਜ਼ੇ ਮਾਫ਼ ਕੀਤੇ। ਨੀਰਵ ਮੋਦੀ, ਨੀਰਵ ਮੋਦੀ ਦੇ ਪਿੱਛੇ ਲੱਗੀ ਉਸ ਭੀੜ ਨੂੰ ਪਤਾ ਵੀ ਨਾ ਲੱਗਾ ਕਿ ਪੰਜਾਬ ਨੈਸ਼ਨਲ ਬੈਂਕ ਨੇ ਪਿਛਲੇ ਸਾਲ 27,024 ਕਰੋੜ ਦਾ ਕਰਜ਼ਾ ਮਾਫ਼ ਕਰ ਕੇ 94 ਕਰਜ਼ਾਈਆਂ ਨੂੰ ਅਜ਼ਾਦ ਕਰ ਦਿਤਾ ਹੈ।

ਪੈਸੇ ਦੀ ਰਕਮ ਸੁਣ ਕੇ ਸਿਰ ਚਕਰਾ ਜਾਂਦਾ ਹੈ ਅਤੇ ਉਸ ਤੋਂ ਵੱਡਾ ਝਟਕਾ ਲਗਦਾ ਹੈ ਜਦ ਪਤਾ ਲਗਦਾ ਹੈ ਕਿ ਇਹ ਲੋਕ ਮੁੱਠੀ ਭਰ ਲੋਕਾਂ ਨੂੰ ਪੈਸਾ ਲੁਟਾਈ ਜਾ ਰਹੇ ਹਨ ਅਤੇ ਭਾਰਤ ਦੀ ਬਾਕੀ ਆਬਾਦੀ ਕੀੜੀਆਂ ਮਕੌੜਿਆਂ ਵਾਂਗ ਇਨ੍ਹਾਂ ਬੈਂਕਾਂ ਅੱਗੇ ਰੇਂਗ ਰਹੀ ਹੁੰਦੀ ਹੈ। ਹੁਣ ਸਰਕਾਰ ਕਹੇਗੀ ਕਿ ਇਹ ਯੂ.ਪੀ.ਏ. (ਕਾਂਗਰਸ) ਦੇ ਸਮੇਂ ਦੇ ਕਰਜ਼ੇ ਸਨ, ਰੀਜ਼ਰਵ ਬੈਂਕ ਆਫ਼ ਇੰਡੀਆ ਆਖੇਗਾ ਕਿ ਪੁਰਾਣੀਆਂ ਗ਼ਲਤੀਆਂ ਨੂੰ ਸੁਧਾਰਨ ਵਿਚ ਦੇਰ ਲਗਦੀ ਹੈ। ਫਿਰ ਕੋਈ ਆਖੇਗਾ ਕਿ ਇਹ ਨਹਿਰੂ ਦੀ ਗ਼ਲਤੀ ਸੀ, ਕਿਉਂਕਿ ਉਸ ਨੇ ਪਾਕਿਸਤਾਨ ਬਣਨ ਦਿਤਾ ਅਤੇ ਗੱਲ ਇਸੇ ਰੌਲੇ ਰੱਪੇ ਵਿਚ ਫੱਸ ਕੇ ਹੀ ਖ਼ਤਮ ਹੋ ਜਾਵੇਗੀ।

ਕਦੋਂ ਤਕ ਸਿਆਸੀ ਬਕਵਾਸ ਵਿਚ ਭਾਰਤ ਉਲਝਦਾ ਰਹੇਗਾ? ਗੱਲ ਸਾਫ਼ ਹੈ ਕਿ ਮੋਦੀ-2 ਕੀ ਮੋਦੀ-3 ਵਿਚ ਜਾ ਕੇ ਮਾਮਲੇ ਦੀ ਅਸਲ ਹਕੀਕਤ ਨੂੰ ਸਮਝੇਗਾ? ਅਤੇ ਇਹ ਕੌਣ ਸਮਝਾਏਗਾ ਕਿ ਇਨ੍ਹਾਂ ਉਦਯੋਗਪਤੀਆਂ ਨੂੰ ਕਰਜ਼ਾ ਯੂ.ਪੀ.ਏ. ਨੇ ਦਿਵਾਇਆ ਸੀ ਪਰ ਉਨ੍ਹਾਂ ਕਰਜ਼ਾ ਚੁਕਾਉਣਾ ਮੋਦੀ-1 ਵਿਚ ਬੰਦ ਕੀਤਾ ਅਤੇ ਕਰਜ਼ਾ ਮਾਫ਼ ਵੀ ਮੋਦੀ-2 ਵਿਚ ਸ਼ੁਰੂ ਹੋ ਗਿਆ ਸੀ। ਅੱਜ ਇਕ ਬੈਂਕ ਬੰਦ ਹੋਇਆ ਹੈ ਅਤੇ ਕਲ ਜੇ ਸਮਮੱਸਿਆ ਫੜੀ ਨਾ ਗਈ ਤਾਂ ਸੋਚੋ ਕਿੰਨਾ ਅਨਰਥ ਹੋ ਸਕਦਾ ਹੈ।  -ਨਿਮਰਤ ਕੌਰ