ਮੀਡੀਆ ਜਦੋਂ ਆਪ ਝੂਠ ਘੜ ਕੇ ਲੋਕਾਂ ਨੂੰ ਕੁਰਾਹੇ ਪਾ ਦੇਵੇ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਹ ਸੰਖਿਆ ਤੈਅ ਕਰਦੀ ਹੈ ਕਿ ਕਿੰਨੇ ਲੋਕ ਕਿਹੜਾ ਚੈਨਲ ਵੇਖ ਰਹੇ ਹਨ ਅਤੇ ਉਸ ਮੁਤਾਬਕ ਇਸ਼ਤਿਹਾਰਾਂ ਦੀ ਦਰ ਤੈਅ ਹੁੰਦੀ ਹੈ

media

ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਝੁਲਿਆ ਤੂਫ਼ਾਨ ਹੁਣ ਬਾਲੀਵੁਡ ਤੋਂ ਹਟ ਕੇ ਭਾਰਤੀ ਮੀਡੀਆ ਵਲ ਆ ਗਿਆ ਹੈ। ਮੁੰਬਈ ਪੁਲਿਸ ਕਮਿਸ਼ਨਰ ਨੇ ਤਿੰਨ ਚੈਨਲਾਂ ਵਿਰੁਧ, ਅਪਣੀ ਮਸ਼ਹੂਰੀ ਲਈ, ਦਰਸ਼ਕਾਂ ਦੀ ਸੰਖਿਆ ਦੇ ਦਾਅਵਿਆਂ ਵਿਚ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਕਰਦਿਆਂ ਇਕ ਸਾਜ਼ਿਸ਼ ਦਾ ਪਰਦਾ ਫ਼ਾਸ਼ ਕਰਨਾ ਸ਼ੁਰੂ ਕੀਤਾ ਹੈ।

ਇਹ ਸੰਖਿਆ ਤੈਅ ਕਰਦੀ ਹੈ ਕਿ ਕਿੰਨੇ ਲੋਕ ਕਿਹੜਾ ਚੈਨਲ ਵੇਖ ਰਹੇ ਹਨ ਅਤੇ ਉਸ ਮੁਤਾਬਕ ਇਸ਼ਤਿਹਾਰਾਂ ਦੀ ਦਰ ਤੈਅ ਹੁੰਦੀ ਹੈ। ਪਰ ਜਿਹੜੀ ਇਹ ਜੰਗ ਸ਼ੁਰੂ ਹੋਈ ਹੈ, ਉਹ ਸਿਰਫ਼ ਇਸ਼ਤਿਹਾਰਾਂ ਵਿਚ ਹੇਰਾਫੇਰੀ ਤਕ ਹੀ ਸੀਮਤ ਨਹੀਂ ਸਗੋਂ ਇਹ ਅੰਕੜੇ ਇਕ ਵਿਸ਼ੇਸ਼ ਮਕਸਦ ਨੂੰ ਲੈ ਕੇ ਇਸਤੇਮਾਲ ਹੁੰਦੇ ਹਨ। ਦੋ ਛੋਟੇ ਚੈਨਲਾਂ ਨਾਲ ਇਸ ਘੋਟਾਲੇ ਵਿਚ ਰਿਪਬਲਿਕ ਟੀਵੀ ਦਾ ਨਾਮ ਵੀ ਆਉਂਦਾ ਹੈ।

ਰਿਪਬਲਿਕ ਟੀਵੀ ਦੇ ਅਰਨਬ ਗੋਸਵਾਮੀ ਨੂੰ ਭਾਰਤ ਦੀ ਨਫ਼ਰਤ ਉਗਲਦੀ ਏ.ਕੇ. 47 ਪੱਤਰਕਾਰੀ ਦਾ ਪਿਤਾ ਆਖਿਆ ਜਾ ਸਕਦਾ ਹੈ। ਹੁਣ ਜਦ ਇਨ੍ਹਾਂ ਅੰਕੜਿਆਂ ਦੀ ਹੇਰਾ-ਫੇਰੀ ਨਾਲ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਸੱਭ ਤੋਂ ਵੱਧ ਲੋਕ ਰਿਪਬਲਿਕ ਟੀਵੀ ਵੇਖਦੇ ਹਨ ਤਾਂ ਹੋਰ ਲੋਕ ਇਸ ਨਫ਼ਰਤ ਨਾਲ ਜੁੜ ਜਾਂਦੇ ਹਨ ਅਤੇ ਜਦੋਂ ਕੋਈ ਨਫ਼ਰਤ ਦਾ ਏਜੰਡਾ ਫੈਲਾਉਣਾ ਚਾਹੁੰਦਾ ਹੈ ਤਾਂ ਉਸ ਦੀ ਕਿਸਤ ਇਸ਼ਤਿਹਾਰਾਂ ਤੋਂ ਕਈ ਗੁਣਾ ਵੱਧ ਜਾਂਦੀ ਹੈ। ਇਹ ਗ਼ਲਤ ਪ੍ਰਚਾਰ ਦਾ ਤਰੀਕਾ ਸਿੱਧੇ ਇਸ਼ਤਿਹਾਰ ਤੋਂ ਕਿਤੇ ਵਧ ਆਮ ਇਨਸਾਨ 'ਤੇ ਅਸਰ ਕਰਦਾ ਹੈ।

ਮਿਸਾਲ ਦੇ ਤੌਰ 'ਤੇ ਜੇ ਅਸੀ ਹਾਲ ਹਬਾਦਲ-ਭਾਜਪੀ ਵਿਚ ਹੋਏ ਸੱਭ ਤੋਂ ਵੱਡੇ ਵਿਵਾਦ ਬਾਰੇ ਆਮ ਭਾਰਤੀਆਂ ਨੂੰ ਪੁਛੀਏ ਤਾਂ ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਹੋਵੇਗਾ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਹੋਇਆ ਸੀ ਤੇ ਉਸ ਦੇ ਕਤਲ ਵਿਚ ਬਾਲੀਵੁਡ ਦੇ ਵੱਡੇ ਅਦਾਕਾਰਾਂ ਦਾ ਹੱਥ ਹੈ। ਲੋਕ ਇਹ ਵੀ ਕਹਿਣਗੇ ਕਿ ਰੀਆ ਚਕਰਵਰਤੀ ਨਸ਼ੇ ਦਾ ਵਪਾਰ ਕਰਦੀ ਸੀ ਪਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਕਿਸਾਨ ਸੜਕਾਂ 'ਤੇ ਕਿਉਂ ਉਤਰੇ ਹੋਏ ਹਨ?

ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਆਮ ਲੋਕ ਜੋ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਹਨ, ਉਹ ਵੀ ਇਹ ਨਹੀਂ ਸਮਝਾ ਸਕਣਗੇ ਕਿ ਉਹ ਕਿਹੜੇ ਕਾਨੂੰਨ ਕਾਰਨ ਘਬਰਾਏ ਹੋਏ ਹਨ? ਇਸ ਦਾ ਕਾਰਨ ਇਹ ਹੈ ਕਿ ਮੀਡੀਆ, ਜਿਸ ਦਾ ਕੰਮ ਹੀ ਇਹ ਹੈ ਕਿ ਉਹ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸਰਕਾਰ ਸਾਹਮਣੇ ਲਿਆਵੇ ਅਤੇ ਸਹੀ ਜਾਣਕਾਰੀ ਲੋਕਾਂ ਤਕ ਪੁਜਦੀ ਕਰੇ, ਉਹ ਵੀ ਅੱਜ ਬਹੁਤੀਆਂ ਹਾਲਤਾਂ ਵਿਚ ਝੂਠ ਨੂੰ ਸੱਚ ਬਣਾ ਕੇ ਹੀ ਲੋਕਾਂ ਸਾਹਮਣੇ ਪੇਸ਼ ਕਰਨ ਵਿਚ ਰੁੱਝਾ ਰਹਿੰਦਾ ਹੈ।

ਇਸ ਸਾਰੇ ਮਾਮਲੇ ਵਿਚ ਸੱਭ ਤੋਂ ਵੱਡੀ ਕੀਮਤ ਰੀਆ ਚਕਰਵਰਤੀ ਨੇ ਚੁਕਾਈ ਹੈ, ਜੋ ਇਕ ਆਮ ਪਰਵਾਰ ਤੋਂ ਉੱਠੀ ਅਦਾਕਾਰ ਹੈ, ਜਿਸ ਦਾ ਕਸੂਰ ਸਿਰਫ਼ ਇਹ ਸੀ ਕਿ ਉਹ ਉਸ ਲੜਕੇ ਨਾਲ ਰਿਸ਼ਤੇ ਵਿਚ ਸੀ ਜੋ ਮਾਨਸਕ ਤਣਾਅ 'ਚੋਂ ਗੁਜ਼ਰ ਰਿਹਾ ਸੀ। ਪਰ ਦੋ ਜਣਿਆਂ ਨੇ ਮੀਡੀਆ ਚੈਨਲਾਂ ਦੀ ਇਸ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਦੇਸ਼ ਨੂੰ ਐਸਾ ਉਲਝਾਇਆ ਕਿ ਕਿਸੇ ਨੂੰ ਪਤਾ ਹੀ ਨਾ ਚਲਿਆ ਕਿ ਅਸਲ ਵਿਚ ਉਨ੍ਹਾਂ ਨਾਲ ਹੋ ਕੀ ਰਿਹਾ ਸੀ।

ਇਕ ਪਾਸੇ ਕੰਗਣਾ ਰਣੌਤ ਅਤੇ ਦੂਜੇ ਪਾਸੇ ਅਰਨਬ ਗੋਸਵਾਮੀ ਨੇ ਅਪਣੇ ਨਫ਼ਰਤ ਭਰੇ ਇਲਜ਼ਾਮਾਂ ਨੂੰ ਪੀਲੀ ਪੱਤਰਕਾਰੀ ਨਾਲ ਜੁੜੇ ਜਾਦੂਈ ਹੇਰ-ਫੇਰ ਰਾਹੀਂ ਪੂਰੇ ਦੇਸ਼ ਵਿਚ ਫੈਲਾਅ ਦਿਤਾ। ਹੁਣ ਜਦੋਂ ਸ਼ਕਤੀਸ਼ਾਲੀ ਤਾਕਤਾਂ, ਲੋਕਾਂ ਦੇ ਜਜ਼ਬਾਤ ਨਾਲ ਖੇਡਣਾ ਚਾਹੁੰਦੀਆਂ ਹੋਣ ਤੇ ਪੈਸੇ ਦੀ ਘਾਟ ਵੀ ਨਾ ਹੋਵੇ ਤਾਂ ਮੁੱਠੀ ਭਰ ਸੱਚ ਬੋਲਣ ਵਾਲਾ ਮੀਡੀਆ ਵੀ ਹਾਰਦਾ ਲਗਦਾ ਹੈ।

ਤਾਕਤ ਵੀ ਨਫ਼ਰਤ ਕੋਲ ਤੇ ਇਸ਼ਤਿਹਾਰ ਵੀ ਨਫ਼ਰਤ ਕੋਲ ਅਤੇ ਇਨ੍ਹਾਂ ਨੇ ਮਿਲ ਕੇ ਇਕ ਸਿਧੇ ਸਾਦੇ ਖ਼ੁਦਕੁਸ਼ੀ ਦੇ ਮਾਮਲੇ ਨੂੰ ਕਦੇ ਕਤਲ ਦੀ ਸਾਜ਼ਿਸ਼, ਕਦੇ ਮੁੰਬਈ ਪੁਲਿਸ ਦੀ ਨਾਕਾਮੀ, ਕਦੇ ਬਿਹਾਰ ਅਤੇ ਮਹਾਰਾਸ਼ਟਰ ਦੀ ਲੜਾਈ, ਕਦੇ ਕਰਨ ਜੌਹਰ, ਕਦੇ ਆਮਿਰ ਖ਼ਾਨ ਦੀ ਈਰਖਾ ਅਤੇ ਕਦੇ ਨਸ਼ੇ ਦੇ ਵਪਾਰ ਨਾਲ ਜੋੜ ਵਿਖਾਇਆ ਹੈ।

ਐਸੀ ਹਨੇਰੀ ਚਲਾਈ ਗਈ ਕਿ ਮੁੰਬਈ-ਬਿਹਾਰ ਦੀ ਪੁਲਿਸ, ਸੀਬੀਆਈ ਅਤੇ ਐਨਸੀਆਰ ਪੱਬਾਂ ਭਾਰ ਹੋ ਕੇ ਉਸ ਅਪਰਾਧ ਨੂੰ ਲੱਭ ਰਹੇ ਸਨ ਜੋ ਕਦੇ ਹੋਇਆ ਹੀ ਨਹੀਂ ਸੀ ਅਤੇ ਇਸ ਸਾਰੇ ਚੱਕਰ ਵਿਚ ਰੀਆ ਚਕਰਵਰਤੀ ਨੂੰ ਕੈਦਖ਼ਾਨੇ ਵਿਚ ਵੀ ਰਹਿਣਾ ਪਿਆ। ਅੰਤ ਮੁੰਬਈ ਹਾਈ ਕੋਰਟ ਨੇ ਉਸ ਨੂੰ ਰਿਹਾਅ ਕਰਵਾਇਆ ਅਤੇ ਐਨਸੀਬੀ ਨੂੰ ਫਟਕਾਰਿਆ।

ਇਥੇ ਨੁਕਸਾਨ ਸਿਰਫ਼ ਰੀਆ ਚਕਰਵਰਤੀ ਦਾ ਹੀ ਨਹੀਂ ਹੋਇਆ ਸਗੋਂ ਬਿਹਾਰ ਦੇ ਪਰਵਾਸੀ ਮਜ਼ਦੂਰਾਂ ਦਾ ਜ਼ਿਆਦਾ ਹੋਇਆ ਹੋਵੇਗਾ, ਜਿਨ੍ਹਾਂ ਬਾਰੇ ਚਿੰਤਾ ਹੀ ਗ਼ਾਇਬ ਹੋ ਗਈ। ਇਸ ਹੇਰਾ-ਫੇਰੀ ਨੂੰ ਬੜੀ ਸੰਜੀਦਗੀ ਨਾਲ ਸਮਝਣ ਅਤੇ ਜਾਂਚਣ ਦੀ ਲੋੜ ਹੈ ਕਿਉਂਕਿ ਮੀਡੀਆ ਇਕ ਬਾਜ਼ਾਰ ਵਿਚ ਵਿਕਣ ਵਾਲਾ ਖਿਡੌਣਾ ਨਹੀਂ ਜਿਸ ਨੂੰ ਆਕਰਸ਼ਕ ਬਣਾਉਣ ਲਈ ਕੋਈ ਵੀ ਰਸਤਾ ਅਪਣਾਇਆ ਜਾ ਸਕਦਾ ਹੋਵੇ। ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਸ ਨੂੰ ਆਮ ਭਾਰਤੀ ਦੀ ਆਜ਼ਾਦੀ ਲਈ ਬਚਾ ਕੇ ਰਖਣਾ ਬਹੁਤ ਜ਼ਰੂਰੀ ਹੈ।- ਨਿਮਰਤ ਕੌਰ