ਏਸ਼ੀਆਡ ਵਿਚ ਭਾਰਤੀ ਅਤੇ ਪੰਜਾਬੀ ਖਿਡਾਰੀਆਂ ਨੇ ਪਹਿਲੀ ਵਾਰ ਕਮਾਲ ਕਰ ਵਿਖਾਇਆ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਿਹੜੇ ਨੌਜਵਾਨ ਅੱਜ ਪਹਿਲੀ ਵਾਰ ਭਾਰਤ ਵਾਸਤੇ 107 ਤਮਗ਼ੇ ਲਿਆਏ ਹਨ, ਉਹ ਆਉਣ ਵਾਲੇ ਕੁੱਝ ਸਾਲਾਂ ਵਿਚ ਚੀਨ ਦਾ ਮੁਕਾਬਲਾ ਕਰ ਸਕਦੇ ਹਨ

Asian Games 2023

 

ਏਸ਼ੀਆਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਪਹਿਲੀ ਵਾਰ 107 ਤਮਗ਼ੇ ਜਿੱਤ ਕੇ ਦੇਸ਼ ਵਾਸੀਆਂ ਅੰਦਰ ਨਵਾਂ ਉਤਸ਼ਾਹ ਭਰ ਦਿਤਾ ਹੈ। ਜਦ ਐਸਏਆਈ (ਸਪੋਰਟਸ ਅਥਾਰਟੀ ਆਫ਼ ਇੰਡੀਆ) ਨੇ ਖੇਡ ਮੈਦਾਨ ਵਿਚ ਜਾਣ ਤੇ ਪਹਿਲਾ ਨਾਹਰਾ ‘ਅੱਬ ਕੀ ਬਾਰ ਸੌ ਸੇ ਪਾਰ’ ਲਗਾਇਆ ਤਾਂ ਵਿਸ਼ਵਾਸ ਨਹੀਂ ਸੀ ਕਿ ਇਹ ਸੱਚ ਵੀ ਹੋਵੇਗਾ ਪਰ ਅੱਜ ਹਾਲਤ ਇਹ ਬਣ ਗਈ ਹੈ ਕਿ ਜਦ ਨਾਹਰਾ ‘ਅੱਬ ਕੀ ਬਾਰ ਸੌ ਸੇ ਪਾਰ’ ਇਕ ਵੱਡਾ ਸੱਚ ਬਣ ਕੇ ਸਾਹਮਣੇ ਆਇਆ ਤਾਂ ਪਹਿਲੀ ਵਾਰ ਲੋਕਾਂ ਦਾ ਧਿਆਨ ਕ੍ਰਿਕਟ ਵਿਸ਼ਵ ਕੱਪ ਤੋਂ ਜ਼ਿਆਦਾ ਏਸ਼ੀਆਈ ਖੇਡਾਂ ਵਲ ਲੱਗ ਚੁੱਕਾ ਸੀ।

ਪਹਿਲੀ ਵਾਰ ਇੰਜ ਜਾਪ ਰਿਹਾ ਸੀ ਕਿ ਸਾਡੇ ਖਿਡਾਰੀ ਦੁਨੀਆਂ ਦੇ ਖਿਡਾਰੀਆਂ ਦੇ ਬਰਾਬਰ ਦੇ ਹਨ ਅਤੇ ਇਸ ਨਾਲ ਮਾਣ ਸੱਭ ਨੂੰ ਹੋ ਰਿਹਾ ਸੀ। ਇਨ੍ਹਾਂ ਖੇਡਾਂ ਤੋਂ ਹੁਣ 2024 ਦੀਆਂ ਉਲੰਪਿਕ ਖੇਡਾਂ ਵਾਸਤੇ ਵੀ ਉਮੀਦ ਜਾਗੀ ਹੈ। ਸਿਫ਼ਤ ਕੌਰ ਵਰਗੇ ਖਿਡਾਰੀ ਤਾਂ ਵਿਸ਼ਵ ਰਿਕਾਰਡ ਤੋੜ ਕੇ ਆਏ ਹਨ। ਸਾਡੀ ਹਾਕੀ ਦੀ ਟੀਮ ਕਿੰਨੇ ਸਾਲਾਂ ਬਾਅਦ ਮੁੜ ਤੋਂ ਇਸ ਖੇਡ ਵਿਚ ਪਹਿਲਾ ਸਥਾਨ ਜਿੱਤਣ ਦੀ ਤਿਆਰੀ ਵਿਚ ਹੈ। ਤਜਿੰਦਰਪਾਲ ਤੂਰ ਜਿਸ ਨੇ ਦੂਜੀ ਵਾਰ ਸੋਨੇ ਦਾ ਤਮਗ਼ਾ ਜਿੱਤਿਆ ਹੈ ਅਤੇ ਹਰਮਿਲਨ ਬੈਂਸ ਨੇ ਦੌੜ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ। ਇਨ੍ਹਾਂ ਸਾਰਿਆਂ ਦੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਹੈ। ਇਨ੍ਹਾਂ ਖੇਡਾਂ ਵਿਚੋਂ ਕਈ ਪ੍ਰਾਪਤੀਆਂ ਅਜਿਹੀਆਂ ਹਨ ਜੋ ਭਾਰਤੀ ਖਿਡਾਰੀਆਂ ਦੀ ਸੱਚੀ ਲਗਨ ਦੀ ਕਹਾਣੀ ਬਿਆਨ ਕਰਦੀਆਂ ਹਨ। ਰਾਮ ਬਾਬੂ ਦੀ ਕਹਾਣੀ ਸੁਣ ਕੇ ਅੱਜ ਇਕ ਸਿਆਸੀ ਸੁਨੇਹਾ ਵੀ ਆਉਂਦਾ ਹੈ। ਰਾਮ ਬਾਬੂ ਘਰ ਵਿਚ ਕੰਮ ਕਰ ਕੇ ਅਪਣੇ ਪ੍ਰਵਾਰ ਦਾ ਗੁਜ਼ਾਰਾ ਕਰਦਾ ਸੀ ਪਰ ਦਿਲ ਦੌੜਨ ਦੇ ਸੁਪਨੇ ਵੇਖਦਾ ਸੀ। ਉਸ ਨੇ ਐਸਏਆਈ ਦੇ ਇਕ ਕੋਚ ਨੂੰ ਅਪਣੀ ਮਦਦ ਕਰਨ ਵਾਸਤੇ ਮਨਾ ਲਿਆ ਤੇ ਅੱਜ ਉਹ ਭਾਰਤ ਦੀ ਸ਼ਾਨ ਬਣ ਚੁੱਕਾ ਹੈ।

ਜਦ ਜਿੱਤਣ ਤੋਂ ਬਾਅਦ ਕਿਸ਼ੋਰ ਨੇ ਤਮਗ਼ਾ ਹਾਸਲ ਕੀਤਾ ਤਾਂ ਭਾਰਤ ਦੇ ਰਾਸ਼ਟਰ ਗੀਤ ਜਨ ਗਨ ਮਨ ਦੌਰਾਨ ਉਹ ਰੋ ਪਿਆ ਤੇ ਉਸ ਦੇ ਨਾਲ ਹੀ ਸਾਰੇ ਭਾਰਤੀਆਂ ਦੀਆਂ ਅੱਖਾਂ ਵਿਚ ਵੀ ਅੱਥਰੂ ਆ ਗਏ। ਪਾਰੁਲ ਚੌਧਰੀ ਜਦ ਅਪਣੀ 5000 ਮੀਟਰ ਦੌੜ ਦੇ ਆਖ਼ਰੀ 20 ਮਿੰਟਾਂ ਵਿਚ ਜਾਪਾਨੀ ਖਿਡਾਰੀ ਦੇ ਪਿਛੇ ਸੀ ਤਾਂ ਉਸ ਨੇ ਅਪਣੇ ਆਪ ਨੂੰ ਯਾਦ ਕਰਵਾਇਆ ਕਿ ਸੋਨੇ ਦਾ ਤਮਗ਼ਾ ਜਿਤਿਆ ਤਾਂ ਯੂ.ਪੀ. ਪੁਲਿਸ ਦੀ ਵਰਦੀ ਮਿਲੇਗੀ ਤੇ ਉਹ ਮਾਮੂਲੀ ਟਰੇਨ ਦੀਆਂ ਟਿਕਟਾਂ ਕੱਟਣ ਤੋਂ ਬਚ ਜਾਏਗੀ।

ਹੁਣ ਉਹ ਅਪਣਾ ਸੁਪਨਾ ਪੂਰਾ ਕਰ ਸਕੇਗੀ। ਇਨ੍ਹਾਂ ਜੇਤੂਆਂ ਦੇ ਨਾਲ ਨਾਲ ਸਾਨੂੰ ਉਨ੍ਹਾਂ ਸਾਰੇ ਭਾਰਤੀ ਖਿਡਾਰੀਆਂ ਨੂੰ ਵੀ ਯਾਦ ਰਖਣਾ ਚਾਹੀਦਾ ਹੈ ਜੋ ਤਮਗ਼ਾ ਤਾਂ ਨਾ ਜਿੱਤ ਸਕੇ ਪਰ ਮੰਨਣਾ ਪਵੇਗਾ ਕਿ ਮਿਹਨਤ ਉਨ੍ਹਾਂ ਨੇ ਵੀ ਘੱਟ ਨਹੀਂ ਕੀਤੀ ਸੀ ਜਦਕਿ ਨੌਕਰੀਆਂ ਅਤੇ ਇਨਾਮ ਸਿਰਫ਼ ਤਮਗ਼ੇ ਜਿੱਤਣ ਵਾਲਿਆਂ ਨੂੰ ਮਿਲਦੇ ਹਨ। ਪੰਜਾਬ ਵਿਚ ਇਸ ਵਾਰ ਇਕ ਨਵੀਂ ਨੀਤੀ ਬਣਾਈ ਗਈ ਹੈ ਜਿਸ ਅਨੁਸਾਰ ਹਰ ਵਾਰ ਏਸ਼ੀਅਨ ਖੇਡਾਂ ਵਾਸਤੇ ਚੁਣੇ ਗਏ ਖਿਡਾਰੀ ਨੂੰ ਜਾਣ ਤੋਂ ਪਹਿਲਾਂ 8-8 ਲੱਖ ਦਿਤੇ ਜਾਣਗੇ ਤਾਕਿ ਉਨ੍ਹਾਂ ਨੂੰ ਤੰਗੀ ਨਾ ਮਹਿਸੂਸ ਕਰਨੀ ਪਵੇ ਅਤੇ ਚੰਗੀ ਖ਼ੁਰਾਕ ਅਤੇ ਤਿਆਰੀ ਨਾਲ ਉਹ ਖੇਡ ਮੈਦਾਨ ਵਿਚ ਜਾ ਸਕਣ। ਪੰਜਾਬ ਦੇ 33 ਖਿਡਾਰੀਆਂ ਨੇ 19 ਤਮਗ਼ੇ ਜਿੱਤ ਕੇ ਸਾਰੇ ਦੇਸ਼ ਨੂੰ ਯਾਦ ਕਰਵਾਇਆ ਹੈ ਕਿ ਪੰਜਾਬੀ ਨੌਜਵਾਨ ਸਿਰਫ਼ ਨਸ਼ਈ ਤੇ ਗੈਂਗਸਟਰ ਹੀ ਨਹੀਂ। ਇਹ ਨਹੀਂ ਕਿ ਕ੍ਰਿਕਟ ਵਿਚ ਕੋਈ ਖ਼ਰਾਬੀ ਹੈ ਪਰ ਜੇ ਸਾਰੀਆਂ ਖੇਡਾਂ ਤੇ ਖਿਡਾਰੀਆਂ ਨੂੰ ਬਰਾਬਰ ਦਾ ਸਨਮਾਨ ਦਿਤਾ ਜਾਵੇ ਤਾਂ ਤਸਵੀਰ ਕਿੰਨੀ ਬਦਲ ਸਕਦੀ ਹੈ।

ਜਿਹੜੇ ਨੌਜਵਾਨ ਅੱਜ ਪਹਿਲੀ ਵਾਰ ਭਾਰਤ ਵਾਸਤੇ 107 ਤਮਗ਼ੇ ਲਿਆਏ ਹਨ, ਉਹ ਆਉਣ ਵਾਲੇ ਕੁੱਝ ਸਾਲਾਂ ਵਿਚ ਚੀਨ ਦਾ ਮੁਕਾਬਲਾ ਕਰ ਸਕਦੇ ਹਨ ਪਰ ਸਾਡੀਆਂ ਸਰਕਾਰਾਂ ਨੂੰ ਲੋੜ ਹੈ ਖਿਡਾਰੀਆਂ ਨੂੰ ਹੋਰ ਜ਼ਿਆਦਾ ਸਨਮਾਨ ਦੇਣ ਦੀ। ਅੱਜ ਆਮ ਘਰਾਂ, ਛੋਟੇ ਸ਼ਹਿਰਾਂ ਤੇ ਪਿੰਡਾਂ ਦੇ ਬੱਚੇ ਦੁਨੀਆਂ ਵਿਚ ਭਾਰਤ ਦਾ ਮਾਣ ਵਧਾ ਰਹੇ ਹਨ ਤੇ ਉਨ੍ਹਾਂ ਦਾ ਇੰਜ ਕਰਨਾ ਹੀ ਅਪਣੇ ਆਪ ਵਿਚ ਕਾਫ਼ੀ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਦੇਸ਼ ਲਈ ਖੇਡਣ ਨੂੰ ਹੀ ਇਕ ਰੁਜ਼ਗਾਰ ਵਜੋਂ ਲੈਣ ਦੀ ਲੋੜ ਹੈ ਤਾਕਿ ਸੰਤੁਸ਼ਟ ਹੋ ਕੇ ਖੇਡਣ। ਡੀ.ਐਸ.ਪੀ. ਦੀ ਕੁਰਸੀ ਲਈ ਨਹੀਂ ਬਲਕਿ ਦੇਸ਼ ਦੇ ਨਾਮ ਸੋਨੇ ਦਾ ਤਮਗ਼ਾ ਕਰਨ ਨੂੰ ਹੀ ਅਸਲ ਜਿੱਤ ਸਮਝਣਾ ਚਾਹੀਦਾ ਹੈ।                               - ਨਿਮਰਤ ਕੌਰ