Editorial: ਖ਼ੈਬਰ-ਪਖ਼ਤੂਨਖ਼ਵਾ ਸੂਬੇ ਵਿਚ ‘ਰਾਜ-ਪਲਟਾ’
ਪੰਜਾਬ ਤੇ ਸਿੰਧ ਸੂਬਿਆਂ ਦਰਮਿਆਨ ਖਿੱਚੋਤਾਣ ਚੱਲ ਰਹੀ ਹੈ।
'Coup d'état' in Khyber-Pakhtunkhwa province Editorial:ਪਾਕਿਸਤਾਨ ਵਿਚ ਸਿਆਸੀ ਤਮਾਸ਼ੇ ਜਾਰੀ ਹਨ। ਇਕ ਪਾਸੇ ਨਹਿਰੀ ਪਾਣੀਆਂ ਦੀ ਵੰਡ ਤੇ ਹੜ੍ਹ ਰਾਹਤ ਫ਼ੰਡਾਂ ਨੂੰ ਲੈ ਕੇ ਪੰਜਾਬ ਤੇ ਸਿੰਧ ਸੂਬਿਆਂ ਦਰਮਿਆਨ ਖਿੱਚੋਤਾਣ ਚੱਲ ਰਹੀ ਹੈ, ਦੂਜੇ ਪਾਸੇ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੇ ਮੁੱਖ ਮੰਤਰੀ (ਪਾਕਿਸਤਾਨੀ ਸ਼ਬਦਾਵਲੀ ਅਨੁਸਾਰ ਵਜ਼ੀਰ-ਇ-ਆਲ੍ਹਾ) ਅਲੀ ਅਮੀਨ ਗੰਡਾਪੁਰ ਦੀ ਨਾਟਕੀ ਢੰਗ ਨਾਲ ਛੁੱਟੀ ਹੋ ਗਈ ਹੈ। ਪੰਜਾਬ ਤੇ ਸਿੰਧ ਦਰਮਿਆਨ ਖਿੱਚੋਤਾਣ ਨੂੰ ਹੁਕਮਰਾਨ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਕੇਂਦਰ ਵਿਚ ਇਸ ਦੀ ਭਾਈਵਾਲ - ਪਾਕਿਸਤਾਨ ਪੀਪਲਜ ਪਾਰਟੀ (ਪੀ.ਪੀ.ਪੀ.) ਦਰਮਿਆਨ ਮਾਅਰਕੇਬਾਜ਼ੀ ਦੇ ਰੂਪ ਵਿਚ ਵੱਧ ਦੇਖਿਆ ਜਾ ਰਿਹਾ ਹੈ, ਸਿਆਸੀ ਵੈਰ-ਵਿਰੋਧ ਵਜੋਂ ਘੱਟ। ਇਸ ਨਾਲ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਦੇ ਅਸਥਿਰ ਹੋਣ ਦਾ ਕੋਈ ਖ਼ਤਰਾ ਨਹੀਂ। ਖ਼ਤਰਾ ਖ਼ੈਬਰ-ਪਖ਼ਤੂਨਖ਼ਵਾ ਵਰਗੇ ਅਤਿਵਾਦ-ਗ੍ਰਸਤ ਸੂਬੇ ਵਿਚ ਹੈ ਜਿੱਥੇ ਇਸ ਵੇਲੇ ਚੱਲ ਰਹੀ ਸਿਆਸੀ ਜੰਗ, ਦਰਅਸਲ, ਹੁਕਮਰਾਨ ਪੀ.ਟੀ.ਆਈ. (ਪਾਕਿਤਸਾਤਨ ਤਹਿਰੀਕ-ਇ-ਇਨਸਾਫ਼) ਅੰਦਰਲੀ ਖ਼ਾਨਾਜੰਗੀ ਦੀ ਹੀ ਪੈਦਾਇਸ਼ ਹੈ। ਇਹ ਇਸ ਸੂਬੇ ਵਿਚ ਰਾਜਸੀ ਅਸਥਿਰਤਾ ਦੀ ਵਜ੍ਹਾ ਵੀ ਸਾਬਤ ਹੋ ਸਕਦੀ ਹੈ ਅਤੇ ਕਬਾਇਲੀ ਹਿੰਸਾ ਦੀ ਵੀ। ਇਸ ਸੂਬੇ ਵਿਚ ਅਲੀ ਅਮੀਨ ਗੰਡਾਪੁਰ ਨੇ ਬੁੱਧਵਾਰ ਨੂੰ ਪਾਰਟੀ ਸੁਪਰੀਮੋ ਇਮਰਾਨ ਖ਼ਾਨ ਦੀ ਹਦਾਇਤ ਉੱਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਗੰਡਾਪੁਰ ਨੂੰ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੇ ਕੁਲਾਚੀ ਇਲਾਕੇ ਦਾ ਸਰਦਾਰ ਮੰਨਿਆ ਜਾਂਦਾ ਹੈ। ਇਸ ਇਲਾਕੇ ਦੇ ਪਸ਼ਤੂਨ ਅਪਣੇ ਸਰਦਾਰ ਦੀ ਬੇਇੱਜ਼ਤੀ ਤੋਂ ਔਖੇ ਹਨ। ਪਾਕਿਸਤਾਨੀ ਮੀਡੀਆ ਮੁਤਾਬਿਕ ਗੰਡਾਪੁਰ ਨੂੰ ਇਮਰਾਨ ਖ਼ਾਨ ਦੀ ਬੀਵੀ, ਬੁਸ਼ਰਾ ਬੀਬੀ ਅਤੇ ਸਭ ਤੋਂ ਵੱਡੀ ਭੈਣ ਅਲੀਮਾ ਖ਼ਾਤੂਨ ਦਰਮਿਆਨ ‘ਏਕੇ’ ਦੀ ਬਦੌਲਤ ਅਹੁਦੇ ਤੋਂ ਹਟਾਇਆ ਗਿਆ। ਬੁਸ਼ਰਾ ਬੀਬੀ ਤੇ ਅਲੀਮਾ ਦਰਮਿਆਨ ਦੁਸ਼ਮਣੀ ਦੇ ਕਿੱਸੇ ਸੋਸ਼ਲ ਮੀਡੀਆ ਵਿਚ ਵੀ ਚਰਚਿਤ ਰਹੇ ਹਨ ਅਤੇ ਮੁਖਧਾਰਾਈ ਮੀਡੀਆ ਵਿਚ ਵੀ। ਪਰ ਇਹ ਦੋਵੇਂ ਗੰਡਾਪੁਰ ਨੂੰ ਹਟਾਏ ਜਾਣ ਲਈ ਜਿਵੇਂ ਇਕਸੁਰ ਹੋਈਆਂ, ਉਸ ਤੋਂ ਇਮਰਾਨ ਅਪਣੇ ਕੱਟੜ ਵਫ਼ਾਦਾਰ ਗੰਡਾਪੁਰ ਤੋਂ ਦੂਰੀ ਬਣਾਉਣ ਲਈ ਮਜਬੂਰ ਹੋ ਗਿਆ। ਗੰਡਾਪੁਰ ਉਸ ਨਾਲ ਰਾਵਲਪਿੰਡੀ ਨੇੜਲੀ ਅਡਿਆਲਾ ਜੇਲ੍ਹ ਵਿਚ ਮੁਲਾਕਾਤ ਕਰਨ ਵਾਸਤੇ ਦੋ ਦਿਨ ਸਮਾਂ ਮੰਗਦਾ ਰਿਹਾ, ਪਰ ਇਮਰਾਨ ਇਸ ਮੁਲਾਕਾਤ ਲਈ ਰਾਜ਼ੀ ਨਹੀਂ ਹੋਇਆ। ਇਹ ਸਿੱਧਾ-ਸਪੱਸ਼ਟ ਸੰਕੇਤ ਸੀ ਕਿ ਉਹ ਰਾਜ-ਗੱਦੀ ਤਿਆਗ ਦੇਵੇ। ਗੰਡਾਪੁਰ ਦੀ ਥਾਂ 35 ਵਰ੍ਹਿਆਂ ਦੇ ਸੁਹੇਲ ਅਫ਼ਰੀਦੀ ਨੂੰ ਨਵਾਂ ਮੁੱਖ ਮੰਤਰੀ ਨਾਮਜ਼ਦ ਕੀਤਾ ਗਿਆ ਹੈ। ਸੁਹੇਲ ਨੂੰ ਅਜੇ ਪਹਿਲੀ ਅਕਤੂਬਰ ਨੂੰ ਹੀ ਇਮਰਾਨ ਦੀ ਹਦਾਇਤ ’ਤੇ ਗ਼ਡਾਪੁਰ ਵਾਲੇ ਮੰਤਰੀ ਮੰਡਲ ਵਿਚ ਸਿੱਖਿਆ ਮੰਤਰੀ ਵਜੋਂ ਹਲਫ਼ ਦਿਵਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ ਸੰਚਾਰ ਸਬੰਧੀ ਮਾਮਲਿਆਂ ਬਾਰੇ ਮੁੱਖ ਮੰਤਰੀ ਦਾ ਸਹਾਇਕ ਸੀ। ਪੀ.ਟੀ.ਆਈ. ਦੇ ਵਿਦਿਆਰਥੀ ਵਿੰਗ ਇਨਸਾਫ਼ ਸਟੂਡੈਂਟਸ ਫ਼ੈਡਰੇਸ਼ਨ (ਆਈ.ਐਸ.ਐਫ.) ਦੇ ਸਾਬਕਾ ਪ੍ਰਧਾਨ ਤੇ ਖ਼ੈਬਰ ਜ਼ਿਲ੍ਹੇ ਦੇ ਬਾੜਾ ਹਲਕੇ ਤੋਂ ਪਹਿਲੀ ਵਾਰ ਵਿਧਾਨਕਾਰ ਬਣੇ ਅਫ਼ਰੀਦੀ ਦੀ ਇਸ ਚੜ੍ਹਤ ਨੂੰ ਪੀ.ਟੀ.ਆਈ. ਦੇ ਹਲਕੇ ਵੀ ਚਮਤਕਾਰੀ ਮੰਨਦੇ ਹਨ। ਚਰਚਾ ਇਹ ਹੈ ਕਿ ਉਸ ਦੀ ਨਿਯੁਕਤੀ ਅਲੀਮਾ ਖ਼ਾਤੂਨ ਨੇ ਸੰਭਵ ਬਣਾਈ। ਗੰਡਾਪੁਰ ਦੇ ਖ਼ਿਲਾਫ਼ ਪੀ.ਟੀ.ਆਈ. ਅੰਦਰ ਤਿੰਨ ਧੜੇ ਸਰਗਰਮ ਸਨ। ਇਨ੍ਹਾਂ ਵਿਚੋਂ ਕਿਸੇ ਦੇ ਵੀ ਆਗੂ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਕਾਬਲ ਨਾ ਸਮਝਣਾ ਦਰਸਾਉਂਦਾ ਹੈ ਕਿ ਅਲੀਮਾ ਖ਼ਾਤੂਨ, ਪਠਾਣਾਂ ਦੀ ਬਹੁਗਿਣਤੀ ਵਾਲੇ ਸਰਹੱਦੀ ਸੂਬੇ ਵਿਚ ਅਜਿਹਾ ਮੁੱਖ ਮੰਤਰੀ ਚਾਹੁੰਦੀ ਸੀ ਜੋ ਉਸ ਦੀ ਕਠਪੁਤਲੀ ਬਣਿਆ ਰਹੇ। ਗੰਡਾਪੁਰ ਵੀ ਉਸ ਦੀ ਹੀ ਚੋਣ ਸੀ, ਪਰ ਉਸ ਨੇ 3 ਮਾਰਚ 2024 ਨੂੰ ਸਰਹੱਦੀ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਮਹੀਨਾ ਬਾਅਦ ਇਹ ਦਰਸਾਉਣਾ ਸ਼ੁਰੂ ਕਰ ਦਿਤਾ ਕਿ ਉਸ ਨੂੰ ਰਿਮੋਟ ਕੰਟਰੋਲ ਨਾਲ ਨਹੀਂ ਚਲਾਇਆ ਜਾ ਸਕਦਾ। ਇਸ ਕਿਸਮ ਦੀ ਆਜ਼ਾਦਾਨਾਂ ਪਹੁੰਚ ਆਖ਼ਿਰ ਉਸ ਨੂੰ ਮਹਿੰਗੀ ਪਈ।
ਇਮਰਾਨ ਖ਼ਾਨ ਦੀਆਂ ਚਾਰ ਭੈਣਾਂ ਹਨ। ਇਨ੍ਹਾਂ ਵਿਚੋਂ ਰੁਬੀਨਾ ਖ਼ਾਨੁਮ, ਬਿ੍ਰਟੇਨ ਵਿਚ ਰਹਿੰਦੀ ਹੋਣ ਕਰ ਕੇ ਮੀਡੀਆ ਵਿਚ ਬਹੁਤੀ ਚਰਚਿਤ ਕਦੇ ਵੀ ਨਹੀਂ ਰਹੀ। ਬਾਕੀ ਤਿੰਨ - ਅਲੀਮਾ ਖ਼ਾਨੁਮ, ਉਜ਼ਮਾ ਖ਼ਾਨੁਮ ਤੇ ਹਾਣੀ ਖ਼ਾਨੁਮ ਇਮਰਾਨ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਜ਼ਮੀਨੀ ਸਕੈਂਡਲਾਂ ਅਤੇ ਉਸ ਦੀ ਨਜ਼ਰਬੰਦੀ ਤੋਂ ਬਾਅਦ ਰੋਸ ਵਿਖਾਵਿਆਂ ਦੀ ਅਗਵਾਈ ਸਦਕਾ ਚਰਚਿਤ ਰਹੀਆਂ ਹਨ। ਇਹ ਵੀ ਅਕਸਰ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਤਿੰਨਾਂ ਦੀ ਬੁਸ਼ਰਾ ਬੀਬੀ ਨਾਲ ਬਿਲਕੁਲ ਨਹੀਂ ਬਣਦੀ। ਅਜਿਹੀ ਪਰਿਵਾਰਕ ਦਖ਼ਲਅੰਦਾਜ਼ੀ ਤੇ ਕਲਹਿ ਨੂੰ ਅਪਣੀ ਰਾਜਨੀਤੀ ਦਾ ਹਿੱਸਾ ਬਣਾਉਣਾ ਇਮਰਾਨ ਖ਼ਾਨ ਨੂੰ ਸਿਆਸੀ ਤੌਰ ’ਤੇ ਮਹਿੰਗਾ ਪੈ ਰਿਹਾ ਹੈ।
145 ਮੈਂਬਰੀ ਖ਼ੈਬਰ-ਪਖ਼ਤੂਨਖ਼ਵਾ ਅਸੈਂਬਲੀ ਵਿਚ ਇਮਰਾਨ-ਪੱਖੀ ਮੈਂਬਰਾਂ ਦੀ ਗਿਣਤੀ 92 ਹੈ। ਵਿਰੋਧੀ ਧਿਰ ਦੇ 52 ਮੈਂਬਰ ਹਨ ਜਿਨ੍ਹਾਂ ਵਿਚੋਂ 18 ਜਮਾਇਤ-ਇ-ਇਸਲਾਮੀ (ਫ਼ਜ਼ਲੁਰ) ਨਾਲ ਸਬੰਧਿਤ ਹਨ। ਅਜਿਹੇ ਰਾਜਸੀ ਗਣਿਤ ਸਦਕਾ ਸੂਬਾ ਸਰਕਾਰ ਦੀ ਹੋਂਦ ਨੂੰ ਜ਼ਾਹਰਾ ਤੌਰ ’ਤੇ ਕੋਈ ਖ਼ਤਰਾ ਨਹੀਂ। ਪਰ ਜਿਸ ਸੂਬੇ ਵਿਚ ਸਿਆਸੀ ਵਫ਼ਾਦਾਰੀ ਨਾਲੋਂ ਕੁਨਬੇ ਜਾਂ ਕਬੀਲੇ ਪ੍ਰਤੀ ਵਫ਼ਾਦਾਰੀ ਨੂੰ ਪਹਿਲ ਮਿਲਦੀ ਹੋਵੇ, ਉੱਥੇ ਚੌਧਰ ਖੁੱਸਦਿਆਂ ਵੀ ਸਮਾਂ ਨਹੀਂ ਲਗਦਾ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ‘ਪੀ.ਐਮ.ਐਲ.ਐਨ. ਅਤੇ ਬਿਲਾਵਲ ਭੁੱਟੋ ਦੀ ਪੀ.ਪੀ.ਪੀ., ਇਮਰਾਨ ਖ਼ਾਨ ਦੀ ਪੀ.ਟੀ.ਆਈ. ਪਾਸੋਂ ਉਸ ਦੀ ਚੌਧਰ ਵਾਲਾ ਇੱਕੋਇਕ ਸੂਬਾ ਖੋਹਣ ਦੀ ਤਾਕ ਵਿਚ ਹਨ। ਮਹੀਨਾ ਪਹਿਲਾਂ ਉਨ੍ਹਾਂ ਨੂੰ ਜੋ ਅਸੰਭਵ ਜਾਪਦਾ ਸੀ, ਉਹ ਹੁਣ ਸੰਭਵ ਜਾਪਣ ਲੱਗਾ ਹੈ। ਲਿਹਾਜ਼ਾ, ਪਾਕਿਸਤਾਨੀ ਸਿਆਸਤ ਵਿਚ ਅਗਲਾ ਉਬਾਲਾ ਹੁਣ ਦੂਰ ਦੀ ਗੱਲ ਨਹੀਂ ਰਿਹਾ।