ਦਿੱਲੀ ਵਿਚ ਪ੍ਰਦੂਸ਼ਣ ਦੋ ਸਰਕਾਰਾਂ ਕੋਲੋਂ ਵੀ ਨਹੀਂ ਸੰਭਾਲਿਆ ਜਾ ਰਿਹਾ ਤਾਂ ਦੇਸ਼ ਨੂੰ ਕੀ ਸੰਭਾਲਣਗੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜੇ ਕੇਂਦਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਆਪਸ ਵਿਚ ਮਿਲ ਜੁਲ ਕੇ ਸੁਧਾਰ ਨਹੀਂ ਲਿਆ ਸਕਦੇ ਤਾਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੁਪਰੀਮ ਕੋਰਟ........

Pollution In Delhi

ਜੇ ਕੇਂਦਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਆਪਸ ਵਿਚ ਮਿਲ ਜੁਲ ਕੇ ਸੁਧਾਰ ਨਹੀਂ ਲਿਆ ਸਕਦੇ ਤਾਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੁਪਰੀਮ ਕੋਰਟ ਨੂੰ ਸੌਂਪ ਦੇਣੀ ਚਾਹੀਦੀ ਹੈ। ਦਿੱਲੀ ਵਿਚ ਬਿਮਾਰੀਆਂ ਵੱਧ ਰਹੀਆਂ ਹਨ। ਕੈਂਸਰ ਪੀੜਤ ਹੁਣ ਨੌਜੁਆਨ ਜ਼ਿਆਦਾ ਹਨ। ਬੱਚੀਆਂ ਨੂੰ ਘਰੋਂ ਬਾਹਰ ਭੇਜਣਾ ਸਿਹਤ ਵਾਸਤੇ ਹਾਨੀਕਾਰਨ ਹੈ। ਜੇ ਇਨ੍ਹਾਂ ਹਾਲਾਤ ਨਾਲ ਵੀ ਦਿੱਲੀ ਵਾਸੀਆਂ ਅਤੇ ਸਰਕਾਰਾਂ ਨੂੰ ਅਪਣੇ ਤੌਰ-ਤਰੀਕੇ ਸੁਧਾਰਨ ਦੀ ਲੋੜ ਮਹਿਸੂਸ ਨਹੀਂ ਹੁੰਦੀ ਤਾਂ ਫਿਰ ਦੇਸ਼ ਦੀ ਰਾਜਧਾਨੀ, ਪੰਜਾਬ ਦੇ ਕਿਸਾਨਾਂ ਉਤੇ ਉਂਗਲੀਆਂ ਚੁਕਣੀਆਂ ਤਾਂ ਬੰਦ ਕਰ ਦੇਵੇ। 

ਦਿੱਲੀ ਕਾਲੇ ਧੂੰਏਂ ਦੀ ਗੂਹੜੀ ਪਰਤ ਹੇਠ ਢੱਕੀ ਜਾ ਚੁੱਕੀ ਹੈ ਅਤੇ ਇਸ ਦੀ ਹਵਾ ਵਿਚ ਜ਼ਹਿਰ ਭਰ ਗਿਆ ਹੈ ਜੋ ਕਿ ਦਿੱਲੀ ਵਾਸੀਆਂ ਦੇ ਫੇਫੜਿਆਂ ਉਤੇ ਜੰਮ ਰਿਹਾ ਹੈ। ਦਿੱਲੀ ਦੀ ਹਵਾ ਏਨੀ ਜ਼ਹਿਰੀਲੀ ਹੋ ਗਈ ਹੈ ਕਿ ਉਸ ਦਾ ਅਸਰ ਇਕ ਇਨਸਾਨ ਉਤੇ ਦਿਨ 'ਚ 50 ਸਿਗਰਟਾਂ ਫੂਕਣ ਜਿੰਨਾ ਹੋ ਰਿਹਾ ਹੈ। 'ਕਾਲੀ ਦੀਵਾਲੀ' ਤਾਂ ਸੁਰਖ਼ੀਆਂ ਵਿਚ ਆ ਹੀ ਗਈ ਹੈ ਪਰ ਇਸ ਪੂਰੇ ਸਾਲ ਵਿਚ ਕੋਈ ਇੱਕਾ-ਦੁੱਕਾ ਦਿਨ ਹੀ ਰਿਹਾ ਹੋਵੇਗਾ ਜਿਸ ਦਿਨ ਦਿੱਲੀ ਦੀ ਹਵਾ ਸਾਫ਼ ਰਹੀ ਹੋਵੇ। ਸਰਦੀ ਆਉਂਦੇ ਸਾਰ ਹੀ ਸਮੱਸਿਆ ਅੱਖਾਂ 'ਚ ਰੜਕਣੀ ਸ਼ੁਰੂ ਕਰ ਦਿੰਦੀ ਹੈ ਅਤੇ ਸੱਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ। 

ਪਰ ਜਿਸ ਤਰ੍ਹਾਂ ਦਿੱਲੀ ਦੀ ਹਵਾ, ਕੁੱਝ ਘੰਟਿਆਂ ਵਿਚ ਹੀ ਹਾਨੀਕਾਰਕ ਤੋਂ ਬੇਹੱਦ ਹਾਨੀਕਾਰਕ ਹੋ ਗਈ ਹੈ, ਦਿੱਲੀ ਵਾਸੀਆਂ ਨੂੰ ਅਪਣੀ ਅੰਦਰੂਨੀ ਹਿਲਜੁਲ ਉਤੇ ਨਜ਼ਰ ਮਾਰ ਕੇ ਰੱਖਣ ਦੀ ਜ਼ਰੂਰਤ ਹੈ। ਦਿੱਲੀ ਉਤੇ ਕੁਦਰਤੀ ਮੌਸਮੀ ਬਦਲੀ ਦਾ ਜਿਹੜਾ ਅਸਰ ਪੈਣਾ ਹੈ, ਉਸ ਨੂੰ ਤਾਂ ਕਾਬੂ ਨਹੀਂ ਕੀਤਾ ਜਾ ਸਕਦਾ। ਰਾਜਸਥਾਨ ਵਿਚ ਰੇਤ ਦਾ ਤੂਫ਼ਾਨ ਉਠਣ ਨਾਲ ਦਿੱਲੀ ਉਤੇ ਫ਼ਰਕ ਤਾਂ ਪੈਣਾ ਹੀ ਸੀ, ਉਹ ਤਾਂ ਪੈ ਕੇ ਰਹੇਗਾ ਪਰ ਜੋ ਦਿੱਲੀ ਨੇ ਅਪਣੇ ਆਪ ਨਾਲ ਪਟਾਕਿਆਂ ਸਮੇਤ, ਅੰਦਰੂਨੀ ਪ੍ਰਦੂਸ਼ਣ ਰਾਹੀਂ ਕੀਤਾ ਹੈ, ਉਸ ਬਾਰੇ ਤਾਂ ਦਿੱਲੀ ਬਹੁਤ ਕੁੱਝ ਕਰ ਸਕਦੀ ਸੀ। 

ਦਿੱਲੀ ਵਾਸਤੇ ਇਹ ਸਮਾਂ ਤਾਂ ਸਦਾ ਹੀ ਮਾੜਾ ਹੁੰਦਾ ਹੈ। ਸੁਪਰੀਮ ਕੋਰਟ ਨੇ ਪਟਾਕਿਆਂ ਉਤੇ ਰੋਕ ਲਾਈ ਤਾਂ ਸਰਕਾਰ ਵਲੋਂ ਕਿਹਾ ਗਿਆ ਕਿ ਇਹ ਫ਼ੈਸਲਾ ਲਾਗੂ ਕਰਨਾ ਮੁਸ਼ਕਲ ਹੈ। ਸਰਕਾਰ ਹਰ ਚੀਜ਼ ਨੂੰ ਧਰਮ ਨਾਲ ਜੋੜਨ ਵਿਚ ਮਾਹਰ ਹੈ ਪਰ ਇਨਸਾਨਾਂ ਦੀ ਬੇਵਕੂਫ਼ੀ ਵੇਖ ਕੇ ਤਾਂ ਰੱਬ ਵੀ ਅਪਣਾ ਸਿਰ ਫੜ ਕੇ ਰਹਿ ਜਾਂਦਾ ਹੋਵੇਗਾ। ਦਿੱਲੀ ਵਾਸੀਆਂ ਨੇ ਅਪਣੇ ਆਪ ਨੂੰ ਕਲ ਖ਼ਤਰੇ ਦੇ ਖੂਹ ਵਿਚ ਹੀ ਸੁਟਿਆ ਹੈ। ਪਟਾਕੇ ਮਿੱਥੇ ਸਮੇਂ ਤੋਂ ਬਾਅਦ ਵੀ ਚਲਾਏ ਗਏ ਅਤੇ ਹਦਾਇਤਾਂ ਦੀ ਉਲੰਘਣਾ ਕਰਦਿਆਂ ਚਲਾਏ ਗਏ। ਦਿੱਲੀ ਵਾਸੀ ਜ਼ਰਾ ਚੰਡੀਗੜ੍ਹ ਵਲ ਵੀ ਇਕ ਨਜ਼ਰ ਮਾਰ ਲੈਣ।

ਕਿਸਾਨਾਂ ਦੀ ਪ੍ਰਦੂਸ਼ਣ ਭਰੀ ਹਵਾ ਚੰਡੀਗੜ੍ਹ ਉਤੋਂ ਵੀ ਲੰਘਦੀ ਹੈ ਪਰ ਚੰਡੀਗੜ੍ਹ ਦੇ ਬੱਚਿਆਂ ਨੇ ਪਟਾਕੇ ਤਿਆਗ ਦਿਤੇ ਤਾਕਿ ਹਵਾ ਸਾਫ਼ ਰਹੇ। ਦੋ ਘੰਟਿਆਂ ਵਾਸਤੇ ਪਹਿਲਾਂ ਨਾਲੋਂ ਕਿਤੇ ਘੱਟ ਪਟਾਕੇ ਚੱਲੇ ਅਤੇ ਹਵਾ ਬਿਲਕੁਲ ਸਾਫ਼ ਰਹੀ। ਪਰ ਦਿੱਲੀ ਜੋ ਕਦੇ ਦਿਲ ਵਾਲਿਆਂ ਦੀ ਹੁੰਦੀ ਸੀ, ਅੱਜ ਨਾਸਮਝਾਂ ਦੀ ਹੋ ਗਈ ਲਗਦੀ ਹੈ। ਹਰ ਘਰ ਵਿਚ 4-5 ਗੱਡੀਆਂ ਹਨ। ਸਾਲ ਭਰ ਉਸਾਰੀ ਦਾ ਕੰਮ ਚਲਦਾ ਰਹਿੰਦਾ ਹੈ ਅਤੇ ਫਿਰ ਦੀਵਾਲੀ ਨੂੰ ਪਟਾਕੇ ਵਜਾ ਵਜਾ ਕੇ ਅਪਣੇ ਆਪ ਨੂੰ ਹੀ ਜ਼ਹਿਰੀਲੀ ਹਵਾ ਤੋਹਫ਼ੇ ਵਿਚ ਦੇ ਜਾਂਦੇ ਹਨ। 

ਪਰ ਉਂਗਲੀ ਸਿਰਫ਼ ਪੰਜਾਬ ਦੇ ਕਿਸਾਨਾਂ ਉਤੇ ਚੁੱਕੀ ਜਾਂਦੀ ਹੈ ਕਿਉਂਕਿ ਗ਼ਲਤੀ ਆਪ ਕਰ ਕੇ ਵੀ, ਕਿਸੇ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਣਾ ਆਸਾਨ ਹੁੰਦਾ ਹੈ। ਦਿੱਲੀ ਵਿਚ ਹੁਣ ਇਕ 'ਵਾਤਾਵਰਣ ਐਮਰਜੰਸੀ' ਲਾਗੂ ਹੈ ਜਿਸ ਨੂੰ ਸਾਰਾ ਸਾਲ ਜਾਰੀ ਰੱਖਣ ਤੋਂ ਬਿਨਾਂ, ਹੋਰ ਕੋਈ ਚਾਰਾ ਹੀ ਨਹੀਂ ਰਹਿ ਗਿਆ ਲਗਦਾ। ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਜੇ ਇਹੀ ਹਾਲਤ ਰਹੀ ਤਾਂ ਬਾਕੀ ਦੇਸ਼ ਵਿਚ ਕੀ ਸੁਧਾਰ ਆ ਸਕੇਗਾ? ਜੇ ਕੇਂਦਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਆਪਸ ਵਿਚ ਮਿਲ ਜੁਲ ਕੇ ਸੁਧਾਰ ਨਹੀਂ ਲਿਆ ਸਕਦੇ ਤਾਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੁਪਰੀਮ ਕੋਰਟ ਨੂੰ ਸੌਂਪ ਦੇਣੀ ਚਾਹੀਦੀ ਹੈ।

ਦਿੱਲੀ ਵਿਚ ਬਿਮਾਰੀਆਂ ਵੱਧ ਰਹੀਆਂ ਹਨ। ਕੈਂਸਰ ਪੀੜਤ ਹੁਣ ਨੌਜੁਆਨ ਜ਼ਿਆਦਾ ਹਨ। ਬੱਚੀਆਂ ਨੂੰ ਘਰੋਂ ਬਾਹਰ ਭੇਜਣਾ ਸਿਹਤ ਵਾਸਤੇ ਹਾਨੀਕਾਰਨ ਹੈ। ਜੇ ਇਨ੍ਹਾਂ ਹਾਲਾਤ ਨਾਲ ਵੀ ਦਿੱਲੀ ਵਾਸੀਆਂ ਅਤੇ ਸਰਕਾਰਾਂ ਨੂੰ ਅਪਣੇ ਤੌਰ-ਤਰੀਕੇ ਸੁਧਾਰਨ ਦੀ ਲੋੜ ਮਹਿਸੂਸ ਨਹੀਂ ਹੁੰਦੀ ਤਾਂ ਫਿਰ ਦੇਸ਼ ਦੀ ਰਾਜਧਾਨੀ, ਪੰਜਾਬ ਦੇ ਕਿਸਾਨਾਂ ਉਤੇ ਉਂਗਲੀਆਂ ਚੁਕਣੀਆਂ ਤਾਂ ਬੰਦ ਕਰ ਦੇਵੇ।  -ਨਿਮਰਤ ਕੌਰ