Editorial : ਨਿਤੀਸ਼ ਕੁਮਾਰ ਦੇ ਔਰਤਾਂ ਨੂੰ ਉਪਰ ਚੁੱਕਣ ਦੇ ਕੰਮ ਵੇਖੋ, ਉਸ ਦੀ ਇਕ ਮਾਮਲੇ ਵਿਚ ਬੋਲੀ ਦੇਸੀ ਭਾਸ਼ਾ ਨੂੰ ਏਨਾ ਨਾ ਉਛਾਲੋ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

Nitish Kumar Native language: ਮਹੂਆ ਮੈਤਰੇ ਨੂੰ ਕਿਉਂ ਨੀਵਾਂ ਵਿਖਾਇਆ ਗਿਆ? ਕਿਉਂਕਿ ਉਹ ਜਦ ਬੋਲਦੀ ਹੈ ਤਾਂ ਭਾਰਤ ਸੁਣਦਾ ਹੈ

Nitish Kumar Native language

Nitish Kumar Native language:  ਨਿਤਿਸ਼ ਕੁਮਾਰ ਦੀ ‘ਅਸ਼ਲੀਲ’ ਭਾਸ਼ਾ ਦੀ ਨਿੰਦਾ ਹੋ ਰਹੀ ਹੈ ਕਿਉਂਕਿ ਉਸ ਨੇ ਉਸ ਵਿਸ਼ੇ ਬਾਰੇ ਗੱਲ ਕੀਤੀ ਜਿਸ ਕਾਰਨ ਭਾਰਤ, ਆਉਣ ਵਾਲੇ ਸਮੇਂ ਵਿਚ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਜਾ ਰਿਹਾ ਹੈ। ਪਰ ਇਸ ਬਾਰੇ ਅਣਜਾਣੇ ਬੰਦਿਆਂ ਸਾਹਮਣੇ ਗੱਲ ਕਰਨਾ ਗ਼ਲਤ ਮੰਨਿਆ ਜਾਂਦਾ ਹੈ। ਹਾਂ, ਜਿਸ ਤਰ੍ਹਾਂ ਨਿਤਿਸ਼ ਕੁਮਾਰ ਨੇ ਗੱਲ ਸਮਝਾਈ, ਉਹ ਇਕ ਸੰਵੇਦਨਸ਼ੀਲ ਢੰਗ ਨਹੀਂ ਸੀ ਪਰ ਗੱਲ ਤਾਂ ਉਨ੍ਹਾਂ ਨੇ ਸਹੀ ਹੀ ਕੀਤੀ। ਤੇ ਫਿਰ ਇਸ ਦੂਰ-ਅੰਦੇਸ਼ੀ ਸੋਚ ਵਾਲੇ ਸਿਆਸਤਦਾਨ ਦੀ ਸਿਫ਼ਤ ਤਾਂ ਕਰਨੀ ਹੀ ਬਣਦੀ ਹੈ ਜਿਸ ਨੇ ਕੁੜੀਆਂ ਵਿਚ ਸਿਖਿਆ ਨੂੰ ਵਧਾਇਆ ਤੇ ਔਰਤ ਨੂੰ ਤਾਕਤ ਦਿਤੀ ਕਿ ਉਹ ਅਪਣੇ ਆਪ ਦੀ ਤੇ ਪ੍ਰਵਾਰ ਦੀ ਸੰਭਾਲ ਦੀ ਬਿਹਤਰ ਜ਼ਿੰਮੇਵਾਰੀ ਨਿਭਾ ਸਕੇ। ਜੇ ਰਾਬੜੀ ਦੇਵੀ ਵੀ ਪੜ੍ਹੀ ਲਿਖੀ ਹੁੰਦੀ ਤਾਂ ਇਨ੍ਹਾਂ ਦੇ ਘਰ ਨੌਂ ਬੱਚੇ ਨਾ ਹੁੰਦੇ। ਨਿਤਿਸ਼ ਕੁਮਾਰ ਨੇ ਬੜੇ ਦੇਸੀ ਅੰਦਾਜ਼ ਵਿਚ ਇਹੀ ਦਸਿਆ ਕਿ ਉਨ੍ਹਾਂ ਨੇ ਔਰਤਾਂ ਨੂੰ ਪੜ੍ਹਾ ਲਿਖਾ ਕੇ ਤੇ ਸਿਆਣਾ ਬਣਾ ਕੇ ਬਿਹਾਰ ਦੀ ਜਨਸੰਖਿਆ ਦੀ ਵਾਧੇ ਦੀ ਦਰ 4.9 ਤੋਂ ਘਟਾ ਕੇ 2.4 ’ਤੇ ਲਿਆ ਦਿਤੀ ਹੈ ਤੇ ਆਉਣ ਵਾਲੇ ਸਮੇਂ ਵਿਚ ਇਹ 2 ਤੇ ਆ ਜਾਵੇਗੀ।

ਬਿਹਾਰ ਵਾਸਤੇ ਇਹ ਕਿੰਨੀ ਵੱਡੀ ਖ਼ੁਸ਼-ਖ਼ਬਰੀ ਵਾਲੀ ਗੱਲ ਹੈ ਕਿਉਂਕਿ ਬਿਹਾਰ ਦੀ ਵਧਦੀ ਆਬਾਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਤਰ੍ਹਾਂ ਬਿਹਾਰ ਦੀ ਵੱਡੀ ਆਬਾਦੀ ਗ਼ਰੀਬੀ ਨਾਲ ਬੱਝੀ ਹੋਈ ਹੈ ਤੇ ਉਨ੍ਹਾਂ ਨੂੰ ਸੂਬੇ ਤੋਂ ਬਾਹਰ ਜਾ ਕੇ ਮਜ਼ਦੂਰੀ ਕਰਨ ਵਾਸਤੇ ਮਜਬੂਰ ਕਰਦੀ ਹੈ, ਇਹ ਇਕ ਸਿਆਣੇ ਆਗੂ ਦੀ ਸੋਚ ਹੈ ਜੋ ਉਨ੍ਹਾਂ ਨੂੰ ਹੁਣ ਕਦੇ ਮਹਾਰਾਸ਼ਟਰ ਤੇ ਕਦੇ ਪੰਜਾਬ ’ਚੋਂ ਦਰਬਦਰ ਹੋਣ ਤੋਂ ਬਚਾਉਣ ਦੇ ਕੰਮ ਆਵੇਗੀ। ਇਹ ਸੋਚ ਦੋ ਤਰਫ਼ਾ ਤਲਵਾਰ ਸਾਬਤ ਹੋਈ ਤੇ ਇਸ ਨਾਲ ਬੇਟੀ ਬਚਾਅ ਵੀ ਤੇ ਪੜ੍ਹਾ ਵੀ ਲਈ। ਦੂਜੇ ਪਾਸੇ ਸਾਡੀ ਪੜ੍ਹੀ ਲਿਖੀ ਬੇਟੀ ਮਹੂਆ ਮੈਤਰੇ ਦਾ ਚੀਰ-ਹਰਨ ਸਿਆਸੀ ਆਗੂ ਆਪ ਕਰ ਰਹੇ ਹਨ ਤੇ ਕੋਈ ਉਨ੍ਹਾਂ ਦੀ ਅਸ਼ਲੀਲ ਸੋਚ ਨੂੰ ਨਿੰਦ ਨਹੀਂ ਰਿਹਾ।

ਮਹੂਆ ਮੈਤਰੇ ਨੂੰ ਕਿਉਂ ਨੀਵਾਂ ਵਿਖਾਇਆ ਗਿਆ? ਕਿਉਂਕਿ ਉਹ ਜਦ ਬੋਲਦੀ ਹੈ ਤਾਂ ਭਾਰਤ ਸੁਣਦਾ ਹੈ। ਉਸ ਨੇ ਦੇਸ਼ ਦੇ ਹਰ ਨਾਗਰਿਕ ਨੂੰ ਅਡਾਨੀ ਦੇ ਸੱਚ ਬਾਰੇ ਜਾਣੂ ਕਰਵਾਇਆ ਤੇ ਉਸ ਦੀ ਜ਼ੁਬਾਨ ਬੰਦ ਕਰਵਾਉਣ ਵਾਸਤੇ ਇਹ ਤਰੀਕਾ ਲਭਿਆ ਗਿਆ ਹੈ। ਉਸ ਨੂੰ ਮੁਅਤਲ ਕੀਤਾ ਜਾਵੇਗਾ ਤੇ ਫਿਰ ਉਹ ਅਦਾਲਤ ਜਾਣ ਲਈ ਮਜਬੂਰ ਹੋਵੇਗੀ ਤੇ ਸ਼ਾਇਦ ਰਾਹਤ ਅਖ਼ੀਰ ਵਿਚ ਆ ਕੇ ਸੁਪ੍ਰੀਮ ਕੋਰਟ ਤੋਂ ਮਿਲ ਸਕੇਗੀ। ਪਰ ਲੋਕ ਸਭਾ ਦੀ ਵੈਬਸਾਈਟ ਤੇ ਕਿਸੇ ਤੋਂ ਸਵਾਲ ਦਰਜ ਕਰਾਉਣ ਵਾਸਤੇ ਇਕ ਔਰਤ ਨੂੰ ਸਦਨ ਦੇ ਪੈਨਲ ਵਿਚ ਪੁਛਿਆ ਜਾਵੇ ਕਿ ਉਹ ਰਾਤ ਨੂੰ ਕਿਸ ਨਾਲ ਤੇ ਕਿਵੇਂ ਗੱਲ ਕਰਦੀ ਸੀ, ਕਿਹੜੇ ਹੋਟਲ ਵਿਚ ਜਾਂਦੀ ਸੀ? ਇਸ ਤੋਂ ਦਰਦਨਾਕ ਗੱਲ ਕੀ ਹੋ ਸਕਦੀ ਹੈ? ਔਰਤਾਂ ਦੀ ਨਿੰਦਾ ਕਰਨ ਦੇ ਜੋ ਜੋ ਤਰੀਕੇ ਸਾਡੇ ਸਮਾਜ ਵਿਚ ਹਨ, ਉਨ੍ਹਾਂ ਦਾ ਇਕੋ ਹੀ ਤੋੜ ਹੈ ਕਿ ਔਰਤਾਂ ਨੂੰ ਪੜ੍ਹਾ ਲਿਖਾ ਕੇ ਅਪਣੇ ਹੱਕਾਂ ਦੀ ਰਾਖੀ ਕਰਨ ਦੇ ਕਾਬਲ ਬਣਾਇਆ ਜਾਵੇ।

ਇਥੇ ਇਹ ਵੀ ਕਹਿਣਾ ਜ਼ਰੂਰੀ ਹੈ ਕਿ ਸਾਡੇ ਬਜ਼ੁਰਗ ਆਗੂਆਂ ਨੂੰ ਸਮੇਂ ਨਾਲ ਚੱਲਣ ਦੀ ਪ੍ਰਕਿਰਿਆ ਵਿਚ ਅਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ। ਸੁਪ੍ਰੀਮ ਕੋਰਟ ਨੇ ਵੀ ਕੁੱਝ ਸ਼ਬਦਾਂ ਦੀ ਸੁੂਚੀ ਦਿਤੀ ਹੈ ਜਿਨ੍ਹਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਕਿ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚੇ। ਅੱਜ ਦਾ ਜ਼ਮਾਨਾ, ਖ਼ਾਸ ਕਰ ਕੇ ਅਜੋਕੇ ਨੌਜੁਆਨ, ਬੜੇ ਨਾਜ਼ੁਕ ਤੇ ਭਾਵੁਕ ਹਨ। ਉਹ ਹਾਲਾਤ ਨੂੰ ਸਮਝਣ ਤੋਂ ਪਹਿਲਾਂ ਉਸ ਦੀ ਦਿਖ ਨੂੰ ਵੇਖਣਗੇ। ਪਹਿਲਾਂ ਤਾਂ ਕਾਲੇ ਨੂੰ ਕਾਲਾ ਕਹਿਣਾ ਗ਼ਲਤ ਸੀ ਪਰ ਹੁਣ ਗੋਰੇ ਨੂੰ ਗੋਰਾ ਕਹਿਣਾ ਵੀ ਗ਼ਲਤ ਹੈ। ਦੋਵੇਂ ਸ਼ਬਦ ਗ਼ੁਲਾਮੀ ਦੀ ਸੋਚ ’ਚੋਂ ਉਪਜੇ ਹਨ ਤੇ ਗ਼ੁਲਾਮੀ ਖ਼ਤਮ ਹੋ ਗਈ, ਗ਼ੁਲਾਮ ਪੈਦਾ ਹੋ ਗਏ, ਸਾਨੂੰ ਆਜ਼ਾਦੀ ਵੀ ਦਿਵਾ ਗਏ ਤੇ ਅੱਜ ਦੇ ਆਜ਼ਾਦ ਲੋਕ ਗ਼ੁਲਾਮੀ ਦੇ ਸੇਕ ਨਾਲ ਝੁਲਸ ਵੀ ਜਾਂਦੇ ਹਨ। ਪਰ ਜੋ ਹੈ ਸੋ ਹੈ। ਨਿਤਿਸ਼ ਕੁਮਾਰ ਨੇ ਮਾਫ਼ੀ ਮੰਗ ਕੇ ਅਪਣਾ ਵੱਡਾਪਨ ਹੀ ਸਾਬਤ ਕੀਤਾ ਹੈ। ਉਨ੍ਹਾਂ ਦੇ ਬੋਲਣ ਦੇ ਦੇਸੀ ਤਰੀਕੇ ਤੋਂ ਵੱਧ ਉਨ੍ਹਾਂ ਦੀ ਔਰਤ ਨੂੰ ਤਾਕਤਵਰ ਬਣਾਉਣ ਵਾਲੀ ਸੋਚ ਵਲ ਧਿਆਨ ਦੇਂਦੇ ਹੋਏ, ਉਨ੍ਹਾਂ ਲਈ ਹੋਰ ਜ਼ਿਆਦਾ ਸ਼ਕਤੀ ਤੇ ਸਮਰੱਥਾ ਵਿਚ ਹੋਰ ਵਾਧੇ ਦੀ ਕਾਮਨਾ ਕਰਦੇ ਹਾਂ।    - ਨਿਮਰਤ ਕੌਰ