ਨਾਗਰਿਕਤਾ ਦਾ ਬਿਲ ਜਾਂ 'ਹਿੰਦੂ ਪਾਕਿਸਤਾਨ' ਦੀ ਕਾਇਮੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਹ ਬਿਲ ਉਸ ਵਿਚਾਰਧਾਰਾ ਨੂੰ ਪ੍ਰਵਾਨਗੀ ਦੇਂਦਾ ਹੈ ਜੋ ਭਾਰਤ ਵਿਚ ਕਦੇ ਦਿੱਲੀ ਕਤਲੇਆਮ, ਕਦੇ ਗੁਜਰਾਤ ਦੰਗਿਆਂ ਤੇ ਕਦੇ ਮੁਜ਼ੱਫ਼ਰਨਗਰ ਵਿਚ ਵੇਖੀ ਗਈ।

Citizenship Bill

ਭਾਰਤ ਦੀ ਨਾਗਰਿਕਤਾ ਦੇ ਬਿਲ 'ਚ ਸੋਧ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਾਂ ਸ਼ਸ਼ੀ ਥਰੂਰ ਦੇ ਸ਼ਬਦਾਂ ਵਿਚ ਇਕ 'ਹਿੰਦੂ ਪਾਕਿਸਤਾਨ' ਦੀ ਨੀਂਹ ਹੋਰ ਵੀ ਮਜ਼ਬੂਤ ਹੋ ਗਈ ਹੈ। ਅੱਜ ਵਿਰੋਧੀ ਧਿਰ ਕੁੱਝ ਵੀ ਆਖੀ ਜਾਵੇ, ਕਰਨਾਟਕ ਦੇ ਚੋਣ ਨਤੀਜਿਆਂ ਨੇ ਸਾਫ਼ ਸੰਕੇਤ ਦੇ ਦਿਤਾ ਹੈ ਕਿ ਜਨਤਾ ਨੂੰ ਇਸ ਕਦਮ ਤੇ ਕੋਈ ਇਤਰਾਜ਼ ਨਹੀਂ। ਕਰਨਾਟਕ ਦੇ ਕਾਂਗਰਸੀ ਵਿਧਾਇਕਾਂ ਨੇ ਅਪਣੀ ਪਾਰਟੀ ਤੋਂ ਵੱਖ ਹੋ ਕੇ ਇਕਦਮ ਉਲਟ ਵਿਚਾਰਧਾਰਾ ਨਾਲ ਜੁੜ ਕੇ ਤੇ ਜਿੱਤ ਹਾਸਲ ਕਰ ਕੇ ਸਾਫ਼ ਕਰ ਦਿਤਾ ਹੈ ਕਿ ਭਾਰਤ ਦੀ ਜਨਤਾ, ਭਾਰਤੀ ਜਨਤਾ ਪਾਰਟੀ ਦੀ ਸੋਚ ਨਾਲ ਸਹਿਮਤੀ ਰਖਦੀ ਹੈ।

ਅਸਲ ਵਿਚ ਪਿਛਲੇ ਕੁੱਝ ਸਾਲਾਂ ਤੋਂ ਭਾਰਤੀ ਮੀਡੀਆ ਨੇ ਪਾਕਿਸਤਾਨ ਨਾਲ ਜੋ ਖ਼ਿਆਲੀ ਜੰਗ ਲੜੀ ਹੈ, ਇਹ ਸੋਚ ਉਸ ਜੰਗ ਦੀ ਜਿੱਤ ਹੈ। ਸਗੋਂ ਹੁਣ ਪਾਕਿਸਤਾਨ ਨਾਲ ਜੰਗ ਤੇ ਨਫ਼ਰਤ ਹੋਰ ਵੀ ਡੂੰਘੀ ਹੋ ਗਈ ਹੈ ਕਿਉਂਕਿ ਇਹ ਕਦਮ ਚੋਣ ਜਿੱਤਣ ਵਿਚ ਕੰਮ ਆਉਂਦਾ ਹੈ। ਤਾਂ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣਾਂ ਦੌਰਾਨ ਇਕ ਮੰਚ ਤੋਂ ਆਖ ਕੇ ਆਏ ਸਨ ਕਿ ਉਹ ਚੁਣ ਚੁਣ ਕੇ ਘੁਸਪੈਠੀਆਂ ਨੂੰ ਸਰਹੱਦ ਤੋਂ ਬਾਹਰ ਕੱਢਣਗੇ।

ਜਦੋਂ ਇਹ ਆਖ ਦਿਤਾ ਕਿ ਹਿੰਦੂ, ਮੁਸਲਮਾਨ ਅਤੇ ਬੋਧੀਆਂ ਨੂੰ ਨਾਗਰਿਕਤਾ ਦੇ ਦਿਤੀ ਜਾਵੇਗੀ ਤਾਂ ਸਾਫ਼ ਹੈ ਕਿ ਇਸ ਸਾਰੀ ਕਾਰਗੁਜ਼ਾਰੀ ਦਾ ਨਿਸ਼ਾਨਾ ਇਕੋ ਹੀ ਕੌਮ ਹੈ, ਅਰਥਾਤ ਮੁਸਲਮਾਨ ਕੌਮ। ਭਾਜਪਾ ਦਾ ਮੁਸਲਮਾਨ ਧਰਮ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਉਨ੍ਹਾਂ ਦੀ ਬੁਨਿਆਦ ਆਰ.ਐਸ.ਐਸ. ਹੈ ਅਤੇ ਆਰ.ਐਸ.ਐਸ. ਇਸਲਾਮ ਵਿਰੋਧੀ ਹੈ।

ਇਸੇ ਕਰ ਕੇ ਜੰਮੂ-ਕਸ਼ਮੀਰ ਨੇ ਭਾਜਪਾ ਨੂੰ ਅਪਣਾ ਵਿਸ਼ਵਾਸ ਦੇ ਕੇ ਸਰਕਾਰ ਬਣਾਉਣ ਦਾ ਮੌਕਾ ਦਿਤਾ ਕਿਉਂਕਿ ਉਹ ਕਸ਼ਮੀਰੀਆਂ ਦੇ ਦਿਲ ਨਹੀਂ ਸੀ ਜਿੱਤ ਸਕੀ। ਕਾਰਨ ਇਹ ਸੀ ਕਿ ਉਹ ਅਜਿਹੇ ਕੰਮ ਹੀ ਨਹੀਂ ਕਰ ਸਕਦੇ ਜਿਹੜੇ ਕਸ਼ਮੀਰ ਨੂੰ ਜੰਨਤ ਬਣਾ ਸਕਦੇ ਸਨ। ਨਾ ਅਫ਼ਸਪਾ ਵਾਪਸ ਲੈ ਸਕੇ ਅਤੇ ਨਾ ਵਿਕਾਸ ਹੀ ਲਿਆ ਸਕੇ।

ਅੱਜ ਜਦੋਂ ਦੇਸ਼ ਨੇ ਭਾਜਪਾ ਨੂੰ ਵਿਸ਼ਵਾਸ ਦੇ ਕੇ ਦੇਸ਼ ਦੀ ਵਾਗਡੋਰ ਸੰਭਾਲੀ ਹੈ ਤਾਂ ਵੀ ਉਹ ਦੇਸ਼ਵਾਸੀਆਂ ਬਾਰੇ ਨਹੀਂ ਸੋਚਦੇ, ਉਨ੍ਹਾਂ ਕੰਮਾਂ ਬਾਰੇ ਸੋਚ ਰਹੇ ਹਨ ਜੋ ਆਰ.ਐਸ.ਐਸ. ਦੀ ਸੋਚ ਨਾਲ ਮਿਲਦੇ ਹੋਣ ਨਾ ਕਿ ਦੇਸ਼ ਦੀ। ਜਿਥੇ ਅੱਜ ਭਾਰਤ ਦੇ ਗ੍ਰਹਿ ਮੰਤਰੀ ਨੂੰ ਚਿੰਤਾ ਹੋਣੀ ਚਾਹੀਦੀ ਹੈ ਕਿ ਦੇਸ਼ ਦੀ ਆਰਥਕ ਹਾਲਤ ਵਿਗੜਦੀ ਜਾ ਰਹੀ ਹੈ, ਹੌਸਲੇ ਬਲਾਤਕਾਰੀਆਂ ਦੇ ਵੱਧ ਰਹੇ ਹਨ।

ਉਨ੍ਹਾਂ ਨੂੰ ਇਸ ਬਿਲ ਨਾਲ ਮਾਹੌਲ ਵਿਚ ਹੋਰ ਡਰ ਫੈਲਾਉਣ ਦੀ ਸੁੱਝੀ ਹੈ ਜਿਸ ਬਾਰੇ ਉਦਯੋਗ ਪਹਿਲਾਂ ਹੀ ਚਿੰਤਾ ਪ੍ਰਗਟਾ ਰਿਹਾ ਹੈ। ਇਹ ਬਿਲ ਉਸ ਵਿਚਾਰਧਾਰਾ ਨੂੰ ਪ੍ਰਵਾਨਗੀ ਦੇਂਦਾ ਹੈ ਜੋ ਭਾਰਤ ਵਿਚ ਕਦੇ ਦਿੱਲੀ ਕਤਲੇਆਮ, ਕਦੇ ਗੁਜਰਾਤ ਦੰਗਿਆਂ ਤੇ ਕਦੇ ਮੁਜ਼ੱਫ਼ਰਨਗਰ ਵਿਚ ਵੇਖੀ ਗਈ। ਪਰ ਇਸ ਤਰ੍ਹਾਂ ਦੀ ਸੋਚ ਨੂੰ ਸੰਸਦ ਵਿਚ ਕਾਨੂੰਨ ਬਣਾ ਕੇ ਪੇਸ਼ ਕਰਨ ਦੀ ਹਿੰਮਤ ਕਦੇ ਕਿਸੇ ਨੇ ਨਹੀਂ ਸੀ ਕੀਤੀ।

ਮਾਹਰ ਆਖਦੇ ਹਨ ਕਿ ਇਹ ਬਿਲ ਅਦਾਲਤ ਵਿਚ ਜਾ ਕੇ ਰੱਦ ਹੋ ਜਾਵੇਗਾ ਪਰ ਕੀ ਕਦੇ ਸੋਚਿਆ ਸੀ ਕਿ ਆਜ਼ਾਦ ਭਾਰਤ ਵਿਚ ਇਕ ਮਸਜਿਦ ਨੂੰ ਢਾਹਿਆ ਜਾਵੇਗਾ, ਕਤਲੇਆਮ ਰਚਾਇਆ ਜਾਵੇਗਾ ਅਤੇ ਇਨਸਾਫ਼ ਦੇ ਨਾਂ 'ਤੇ ਮਸਜਿਦ ਨੂੰ ਕਿਤੇ ਹੋਰ ਉਸਾਰਨ ਦੇ ਹੁਕਮ ਦੇ ਦਿਤੇ ਜਾਣਗੇ? ਨਿਸ਼ਾਨਾ ਬੇਸ਼ੱਕ ਹਿੰਦੂ ਰਾਸ਼ਟਰ ਦੀ ਸਥਾਪਨਾ ਹੈ ਪਰ ਇਸ 'ਹਿੰਦੂ ਪਾਕਿਸਤਾਨ' ਦੀ ਸਥਾਪਨਾ, ਭਾਰਤ ਦੀ ਉਸ ਸੋਚ ਨੂੰ ਖ਼ਤਮ ਕਰਦੀ ਹੈ ਜੋ ਇਸ ਦੇਸ਼ ਨੂੰ ਸਾਰੇ ਧਰਮਾਂ ਦਾ ਸਾਂਝਾ ਤੇ ਇਸ ਦੀ ਸਰਕਾਰ, ਸੰਵਿਧਾਨ ਨੂੰ 'ਸੈਕੂਲਰ' ਬਣਾਉਣ ਦਾ ਸੁਨੇਹਾ ਦੇਂਦੀ ਸੀ।

ਉਸ ਸੋਚ ਵਿਚ ਬਰਾਬਰੀ ਦਾ ਇਕ ਸੁਪਨਾ ਸੀ, ਇਕ ਟੀਚਾ ਸੀ ਜੋ ਸਿਆਸਤਦਾਨਾਂ ਤੋਂ ਵੱਡਾ ਸੀ। ਉਮੀਦ ਸੀ ਕਿ ਸਮੇਂ ਦੀ ਚਾਲ ਦੇ ਉਤਰਾਅ-ਚੜ੍ਹਾਅ ਨਾਲ ਕਦੇ ਨਾ ਕਦੇ ਉਹ ਸੁਪਨਾ ਹਕੀਕਤ ਬਣ ਹੀ ਜਾਏਗਾ। ਪਰ ਹੁਣ ਸੁਨੇਹਾ ਇਹ ਗੂੰਜ ਰਿਹਾ ਹੈ ਕਿ ਘੱਟ ਗਿਣਤੀ ਬਣ ਕੇ ਰਹਿਣਾ ਹੈ ਤਾਂ ਅਪਣੀ ਔਕਾਤ ਸਮਝ ਕੇ ਰਹੋ। ਤੁਸੀ ਕਦੇ ਵੀ ਘੁਸਪੈਠੀਏ ਘੋਸ਼ਿਤ ਕੀਤੇ ਜਾ ਸਕਦੇ ਹੋ। ਭਾਰਤ ਹੁਣ ਧਰਮ ਨਿਰਪੱਖ ਨਹੀਂ ਹੈ। ਇਕ ਧਰਮ ਦੀ ਰਾਖੀ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਇਹ ਉਹ ਭਾਰਤ ਨਹੀਂ ਜਿਸ ਵਿਚ ਸਾਡਾ ਜਨਮ ਹੋਇਆ ਸੀ। ਵਾਰੀ ਵਾਰੀ ਹਰ ਘੱਟ ਗਿਣਤੀ ਨੂੰ ਸੁਨੇਹਾ ਦਿਤਾ ਜਾਂਦਾ ਰਹੇਗਾ ਕਿ 'ਸੁਖੀ ਰਹਿਣਾ ਚਾਹੁੰਦੇ ਹੋ ਤਾਂ ਅਪਣੇ ਆਪ ਨੂੰ 'ਹਿੰਦੂ' ਕਹੋ ਵਰਨਾ...। -ਨਿਮਰਤ ਕੌਰ