Editorial: ਸੀਰੀਆ : ਚੌਕਸੀ ਵਰਤਣ ’ਚ ਹੀ ਦੁਨੀਆਂ ਦਾ ਭਲਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਸੀਰੀਆ ’ਚ ਜਿੰਨੀ ਤੇਜ਼ੀ ਨਾਲ ਰਾਜ ਪਲਟਾ ਹੋਇਆ ਹੈ, ਉਸ ਤੋਂ ਦੁਨੀਆਂ ਭਰ ਨੂੰ ਹੈਰਾਨੀ ਹੋਣੀ ਸੁਭਾਵਿਕ ਹੈ

Syria: The good of the world is only in using vigilance

 

Editorial: ਸੀਰੀਆ ’ਚ ਜਿੰਨੀ ਤੇਜ਼ੀ ਨਾਲ ਰਾਜ ਪਲਟਾ ਹੋਇਆ ਹੈ, ਉਸ ਤੋਂ ਦੁਨੀਆਂ ਭਰ ਨੂੰ ਹੈਰਾਨੀ ਹੋਣੀ ਸੁਭਾਵਿਕ ਹੈ। ਅਜੇ ਹਫ਼ਤਾ ਪਹਿਲਾਂ ਬਾਗ਼ੀ ਗੁੱਟਾਂ ਨੇ ਸਭ ਤੋਂ ਤਾਕਤਵਰ ਜਥੇਬੰਦੀ ਐੱਚ.ਟੀ.ਐਸ. ਦੀ ਅਗਵਾਈ ਹੇਠ ਅਪਣੇ ਕਬਜ਼ੇ ਵਾਲੇ ਇਲਾਕੇ ਤੋਂ ਅਲੈਪੋ ਸ਼ਹਿਰ ’ਤੇ ਧਾਵਾ ਆਰੰਭਿਆ ਸੀ। ਅਲੈਪੋ ਜਿੱਤਦਿਆਂ ਬਾਗ਼ੀਆਂ ਨੂੰ ਮਹਿਜ਼ ਤਿੰਨ ਦਿਨ ਲੱਗੇ।

ਉਸ ਮਗਰੋਂ ਅਗਲੀਆਂ ਜਿੱਤਾਂ ਲਈ ਉਨ੍ਹਾਂ ਨੂੰ ਜ਼ਿਆਦਾ ਜ਼ੋਰ ਨਹੀਂ ਲਾਉਣਾ ਪਿਆ ਕਿਉਂਕਿ ਸਰਕਾਰੀ ਫ਼ੌਜਾਂ ਅਪਣੇ ਮੋਰਚੇ ਛੱਡ ਗਈਆਂ ਅਤੇ ਆਮ ਵਸੋਂ ਵੀ ਬਾਗ਼ੀਆਂ ਦੀਆਂ ਸਫ਼ਾਂ ਵਿਚ ਜਾ ਰਲੀ। ਬਾਗ਼ੀਆਂ ਦੀਆਂ ਦੋ ਸ਼ਹਿਰਾਂ - ਅਲੈਪੋ ਤੇ ਹਾਮਾ ਉੱਤੇ ਜਿੱਤਾਂ ਮਗਰੋਂ ਰਾਸ਼ਟਰਪਤੀ ਬਸਰ ਅਲ-ਅਸਦ ਨੂੰ ਇਮਕਾਨ ਹੋ ਗਿਆ ਸੀ ਕਿ ਉਨ੍ਹਾਂ ਨੂੰ ਰਾਜ ਸੱਤਾ ਦੇ ਨਾਲ-ਨਾਲ ਮੁਲਕ ਵੀ ਛੱਡਣਾ ਪੈਣਾ ਹੈ। ਖ਼ਾਸ ਤੌਰ ’ਤੇ ਰੂਸ ਤੇ ਇਰਾਨ ਦੀਆਂ ਮੌਜੂਦਾ ਕਮਜ਼ੋਰੀਆਂ ਕਾਰਨ। ਉਨ੍ਹਾਂ ਨੇ ਐਤਵਾਰ ਨੂੰ ਪਰਿਵਾਰ ਸਮੇਤ ਰੂਸ ਵਿਚ ਪਨਾਹ ਲੈਣੀ ਮੁਨਾਸਿਬ ਸਮਝੀ।

ਉਨ੍ਹਾਂ ਦੀ ਅਜਿਹੀ ਰੁਖ਼ਸਤਗੀ ’ਤੇ ਕਿਸੇ ਵੀ ਮੁਲਕ ਨੇ ਮਾਯੂਸੀ ਨਹੀਂ ਪ੍ਰਗਟਾਈ। ਜਿੱਥੇ ਭਾਰਤ ਸਮੇਤ ਬਹੁਤੇ ਮੁਲਕ ਇਸ ਬਾਰੇ ਖ਼ਾਮੋਸ਼ ਰਹੇ, ਉੱਥੇ ਅਮਰੀਕਾ ਅਤੇ ਯੂਰੋਪੀਅਨ ਯੂਨੀਅਨ (ਈ.ਯੂ.) ਦੇ ਮੈਂਬਰ ਮੁਲਕਾਂ ਨੇ ਖ਼ੁਸ਼ੀ ਤੇ ਰਾਹਤ ਜ਼ਾਹਿਰ ਕੀਤੀ। ਅਜਿਹੇ ਹਾਲਾਤ ਦੇ ਬਾਵਜੂਦ ਇਹ ਖ਼ਦਸ਼ਾ ਹਰ ਅਹਿਮ ਧਿਰ ਨੂੰ ਹੈ ਕਿ ‘ਹਯਾਤ ਤਹਿਰੀਰ ਅਲ-ਸ਼ਾਮ’ (ਐੱਚ.ਟੀ.ਐਸ.) ਕੀ ਸੀਰੀਆ ਵਿਚ ਅਮਨ-ਚੈਨ ਕਾਇਮ ਰੱਖ ਸਕੇਗੀ? ਕੀ ਇਹ ਮੁਲਕ, ਇਰਾਕ ਵਾਂਗ ਅਰਾਜਕਤਾ ਤੇ ਜੁੱਗਗਰਦੀ ਦਾ ਸ਼ਿਕਾਰ ਤਾਂ ਨਹੀਂ ਹੋ ਜਾਵੇਗਾ? 

ਅਰਬ ਜਗਤ ਵਿਚ ਸੀਰੀਆ, ਅਲ-ਸ਼ਾਮ ਜਾਂ ਸ਼ਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੱਧ-ਪੂਰਬ ਦਾ ਅਤਿਅੰਤ ਅਹਿਮ ਹਿੱਸਾ ਹੈ ਇਹ। ਪ੍ਰਾਚੀਨ ਮੈਸੋਪੋਟੇਮਿਆਈ-ਬੈਬੀਲੋਨਿਆਈ-ਅਸੀਰਿਆਈ ਸਭਿਆਤਾਵਾਂ ਦਾ ਪਾਲਣਹਾਰ ਰਿਹਾ ਹੈ ਇਹ ਖ਼ਿੱਤਾ। ਅਪਣੀ ਭੂਗੋਲਿਕ ਸਥਿਤੀ ਕਾਰਨ ਇਸ ਨੂੰ ਪੰਜ ਹਜ਼ਾਰ ਵਰਿ੍ਹਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਅਹਿਮੀਅਤ ਮਿਲਦੀ ਰਹੀ। ਇਸ ਦੇ ਪੱਛਮ ਵਿਚ ਮੱਧ ਸਾਗਰ ਹੈ, ਉੱਤਰ ਵਿਚ ਤੁਰਕੀ, ਪੂਰਬ ਤੇ ਦੱਖਣ-ਪੂਰਬ ’ਚ ਇਰਾਕ, ਦੱਖਣ ਵਿਚ ਜੌਰਡਨ ਤੇ ਇਜ਼ਰਾਈਲ ਅਤੇ ਦੱਖਣ-ਪੱਛਮ ਵਿਚ ਲੈਬਨਾਨ।

ਵਸੋਂ 87 ਫ਼ੀਸਦੀ ਅਰਬ ਹੈ, 10 ਫ਼ੀਸਦੀ ਕੁਰਦ ਅਤੇ 3 ਫ਼ੀਸਦੀ ਹੋਰ ਨਸਲਾਂ ਵਾਲੀ। ਧਰਮ ਵਲੋਂ 74 ਫ਼ੀਸਦੀ ਲੋਕ ਸੁੰਨੀ ਹਨ, 13 ਫ਼ੀਸਦੀ ਸ਼ੀਆ, 10 ਫ਼ੀਸਦੀ ਇਸਾਈ ਤੇ 3 ਫ਼ੀਸਦੀ ਦਰੂਜ਼। ਵਸੋਂ ਦੀ ਅਜਿਹੀ ਬਣਤਰ ਦੇ ਬਾਵਜੂਦ ਪਿਛਲੇ ਪੰਜ ਦਸ਼ਕਾਂ ਤੋਂ ਸ਼ੀਆ ਭਾਈਚਾਰੇ ਦੀ ਰਾਜ-ਸੱਤਾ ਉੱਤੇ ਸਰਦਾਰੀ ਰਹੀ। ਇਹੋ ਸਰਦਾਰੀ ਸੁੰਨੀਆਂ ਦੇ ਮਨਾਂ ਵਿਚ ਉਬਾਲ ਪੈਦਾ ਕਰਦੀ ਰਹੀ ਜਿਸ ਦਾ ਨਤੀਜਾ ਅਲ-ਕਾਇਦਾ ਤੇ ਇਸਲਾਮਿਕ ਸਟੇਟ (ਦਾਇਸ਼) ਵਰਗੀਆਂ ਇੰਤਹਾਪਸੰਦ ਜਮਾਤਾਂ ਦੇ ਉਭਾਰ ਅਤੇ 2011 ਵਿਚ ਸ਼ੁਰੂ ਹੋਈ ਖ਼ਾਨਾਜੰਗੀ ਦੇ ਰੂਪ ਵਿਚ ਸਾਹਮਣੇ ਆਇਆ।

2020 ਤਕ ਸਿਖਰਾਂ ’ਤੇ ਰਹੀ ਇਹ ਖ਼ਾਨਾਜੰਗੀ। ਸੁੰਨੀਆਂ ਦੀ ਹਮਾਇਤਾ ’ਤੇ ਮੁੱਖ ਤੌਰ ’ਤੇ ਤੁਰਕੀ ਰਿਹਾ ਭਾਵੇਂ ਕਿ ਸਾਊਦੀ ਅਰਬ, ਕਤਰ, ਓਮਾਨ ਤੇ ਯੂ.ਏ.ਈ. ਵੀ ਸਮੇਂ-ਸਮੇਂ ਮਾਇਕ ਤੇ ਇਖ਼ਲਾਕੀ ਮਦਦਗਾਰ ਸਾਬਤ ਹੁੰਦੇ ਰਹੇ। ਦੂਜੇ ਪਾਸੇ, ਰੂਸ ਤੇ ਇਰਾਨ ਅਤੇ ਲੈਬਨਾਨੀ ਸੰਗਠਨ ਹਿਜ਼ਬੁੱਲਾ, ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਦਾ ਜੰਗੀ ਪੱਖੋਂ ਸਭ ਤੋਂ ਵੱਡਾ ਸਹਾਰਾ ਬਣਦੇ ਰਹੇ।

2020 ਵਿਚ ਸੰਯੁਕਤ ਰਾਸ਼ਟਰ ਦੇ ਝੰਡੇ ਹੇਠ ਹੋਈ ਜੰਗਬੰਦੀ ਨੇ ਅਸਦ ਹਕੂਮਤ ਦੇ ਅਧਿਕਾਰ ਹੇਠਲਾ ਰਕਬਾ ਸੀਮਤ ਬਣਾ ਦਿਤਾ। ਗੋਲਾਨ ਹਾਈਟਸ ਵਾਲਾ ਦੱਖਣੀ ਇਲਾਕਾ ਤਾਂ ਇਜ਼ਰਾਈਲ ਨੇ 1973 ਤੋਂ ਹੀ ਦੱਬਿਆ ਹੋਇਆ ਸੀ, ਉੱਤਰ-ਪੱਛਮ ਵਿਚ ਵੱਡਾ ਖੇਤਰ ਤੁਰਕੀ ਦੇ ਪ੍ਰਭਾਵ ਹੇਠਲੇ ਬਾਗ਼ੀਆਂ ਦੇ ਕਬਜ਼ੇ ਹੇਠ ਰਹਿਣ ਦਿਤਾ ਗਿਆ।

ਉੱਤਰ-ਪੂਰਬ ਵਿਚ ਕੁਰਦ ਕੌਮ, ਮੁਲਕ ਦੇ 14 ਸੂਬਿਆਂ ਵਿਚੋਂ ਢਾਈ ਸੂਬਿਆਂ ’ਚ ਇਲਾਕੇ ਦੀ ਮਾਲਕ ਬਣ ਬੈਠੀ। ਕੁਰਕਾਂ ਦੀ ਮਦਦ ਲਈ ਅਮਰੀਕੀ ਫ਼ੌਜੀ ਦਸਤੇ ਇਕ ਬਫ਼ਰ ਜ਼ੋਨ ਵਿਚ ਡਟੇ ਰਹੇ। ਹੁਣ ਵੀ 900 ਅਮਰੀਕੀ ਫ਼ੌਜੀ ਉੱਥੇ ਮੌਜੂਦ ਹਨ। ਸੰਯੁਕਤ ਰਾਸ਼ਟਰ ਦੀ ਅਮਨ ਸੈਨਾ ਦੇ 1400 ਮੈਂਬਰ ਵੱਖਰੇ ਤੌਰ ’ਤੇ ਵੱਖ-ਵੱਖ ਥਾਵਾਂ ’ਤੇ ਤਾਇਨਾਤ ਹਨ। ਖ਼ਾਨਾਜੰਗੀ ਨੌਂ ਵਰਿ੍ਹਆਂ ਤੋਂ ਵੱਧ ਸਮਾਂ ਚੱਲਦੇ ਰਹਿਣ ਕਾਰਨ 70 ਲੱਖ ਤੋਂ ਵੱਧ ਸੀਰੀਅਨ, ਸ਼ਰਨਾਰਥੀਆਂ ਦੇ ਰੂਪ ਵਿਚ ਵੱਖ-ਵੱਖ ਦੇਸ਼ਾਂ ਵਿਚ ਜਾ ਪੁੱਜੇ।

ਚਾਲੀ ਲੱਖ ਦੇ ਕਰੀਬ ਤਾਂ ਤੁਰਕੀ ਵਿਚ ਰਹਿ ਰਹੇ ਹਨ ਜਦੋਂਕਿ ਦੱਸ ਲੱਖ ਜਰਮਨੀ ਵਿਚ ਜਾ ਵਸੇ ਹਨ। ਹੁਣ ਇਸ ਹਿਜਰਤ ਨੂੰ ਮੋੜਾ ਪੈਣ ਦੀਆਂ ਸੰਭਾਵਨਾਂ ਜ਼ਰੂਰ ਉਭਰੀਆਂ ਹਨ, ਪਰ ਇਹ ਰਾਹਤ ਤੁਰਕੀ ਤੋਂ ਅੱਗੇ ਨਹੀਂ ਜਾਣ ਵਾਲੀ।

ਬਾਗ਼ੀ ਸਰਦਾਰ ਅਬੂ ਮੁਹੰਮਦ ਅਲ ਜੋਲਾਨੀ ਨੇ ਸੀਰੀਆ ਦੇ ਸਾਰੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸੁਰੱਖਿਆ ਪ੍ਰਦਾਨ ਕਰਨ ਅਤੇ ਹਰ ਵਸੋਂ ਵਰਗ ਨੂੰ ਪ੍ਰਤੀਨਿਧਤਾ ਦੇਣ ਵਾਲਾ ਹਕੂਮਤੀ ਢਾਂਚਾ ਕਾਇਮ ਕਰਨ ਦਾ ਵਾਅਦਾ ਕੀਤਾ ਹੈ। ਇਹ ਵਾਅਦਾ ਕਿਸ ਹੱਦ ਤਕ ਵਫ਼ਾ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।

ਰੂਸ ਤੇ ਇਰਾਨ ਨੇ ਸਥਿਤੀ ਨਾਲ ਸਮਝੌਤਾ ਕਰਨ ਦੇ ਸੰਕੇਤ ਦਿਤੇ ਹਨ ਅਤੇ ਤੁਰਕੀ ਵੀ ਅਪਣੀ ਭੂਮੀ ਤੋਂ ਸ਼ਰਨਾਰਥੀਆਂ ਨੂੰ ਵਾਪਸ ਭੇਜੇ ਜਾਣ ਦਾ ਚਾਹਵਾਨ ਹੈ। ਪਰ ਮੱਧ-ਪੂਰਬ ਦਾ ਇਤਿਹਾਸ ਇਨਕਲਾਬੀ ਤਨਜ਼ੀਮਾਂ ਦੇ ਲੋਕ-ਪੱਖੀ ਸਾਬਤ ਹੋਣ ਦੀ ਹਾਮੀ ਨਹੀਂ ਭਰਦਾ। ਮਿਸਰ, ਲਿਬੀਆ, ਟਿਊਨਿਸ਼ੀਆ, ਅਲਜੀਰੀਆ ਆਦਿ ਵਿਚ ਇਨ੍ਹਾਂ ਤਨਜ਼ੀਮਾਂ ਨੇ ਵਰਿ੍ਹਆਂ ਦੀ ਅਰਾਜਕਤਾ ਤੋਂ ਬਾਅਦ ਤਾਨਾਸ਼ਾਹੀ ਨਿਜ਼ਾਮਾਂ ਦੀ ਵਾਪਸੀ ਹੀ ਸੰਭਵ ਬਣਾਈ। ਇਸੇ ਲਈ ਸੀਰੀਆ ਬਾਰੇ ਇਹਤਿਆਤ ਅਜੇ ਤਿਆਗੀ ਨਹੀਂ ਜਾਣੀ ਚਾਹੀਦੀ।