ਸੰਪਾਦਕੀ: ਇਸ ਵਾਰ ਚੋਣਾਂ ਵਿਚ ਪਾਰਟੀਆਂ ਦੀ ਪ੍ਰੀਖਿਆ ਨਹੀਂ ਹੋਣੀ, ਵੋਟਰਾਂ ਦੀ ਪ੍ਰੀਖਿਆ ਹੋਣੀ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਦੋ ਜਾਂ ਤਿੰਨ ਨਹੀਂ ਬਲਕਿ ਪੰਜ ਤੋਂ ਵੀ ਵੱਧ ਧੜੇ ਚੋਣਾਂ ਲੜਨ ਲਈ ਨਿਤਰੇ ਹੋਏ ਹਨ ਅਤੇ ਪੰਜਾਬ ਦੇ ਵੋਟਰਾਂ ਨੇ ਇਸ ਵਾਰ ਇਨ੍ਹਾਂ ਪੰਜਾਂ ਵਿਚੋਂ ਅਪਣੀ ਸਰਕਾਰ ਚੁਣਨੀ ਹੈ।

Policians and Voter

ਪਿਆਰ ਕਰਨ ਵਾਲਿਆਂ ਦਾ ਖ਼ਾਸ ਤਿਉਹਾਰ ਵੈਲਨਟਾਈਨ ਡੇ ਇਸ ਵਾਰ ਪੰਜਾਬ ਵਿਚ ਸਿਆਸਤਦਾਨਾਂ ਨੇ ਅਪਣੇ ਇਮਤਿਹਾਨ ਦਾ ਦਿਨ ਬਣਾ ਲਿਆ ਹੈ। ਪਰ ਇਸ ਵਾਰ ਇਮਤਿਹਾਨ ਵਿਚ ਸਿਆਸਤਦਾਨਾਂ ਨੂੰ ਨਹੀਂ ਬਲਕਿ ਵੋਟਰਾਂ ਨੂੰ ਬੈਠਣਾ ਪੈਣਾ ਹੈ। ਹਰ ਵਾਰ ਚੋਣਾਂ ਹੁੰਦੀਆਂ ਸਨ ਤਾਂ ਪੰਜਾਬ ਵਿਚ ਕਾਂਗਰਸੀ ਅਤੇ ਅਕਾਲੀ, ਚੋਣਾਂ ਨੂੰ ਇਕ ਗੇਂਦ ਵਾਂਗ ਖੇਡਣ ਲੱਗ ਜਾਂਦੇ ਸਨ--ਇਕ ਵਾਰ ਇਕ ਵਿਰੁਧ ਗੋਲ ਤੇ ਦੂਜੀ ਵਾਰ ਦੂਜੀ ਵਿਰੁਧ। ਸੱਭ ਕੁੱਝ ਮਿਲ ਮਿਲਾ ਕੇ ਕੀਤਾ ਜਾਂਦਾ ਸੀ। ਹਾਲ ਅਜਿਹਾ ਹੋ ਗਿਆ ਸੀ ਕਿ ਕਈ ਪ੍ਰਵਾਰ ਕਾਂਗਰਸੀ ਤੋਂ ਅਕਾਲੀ ਬਣ ਜਾਂਦੇ ਸਨ। ਪਿਛਲੀ ਵਾਰ ‘ਆਪ’ ਇਕ ਤੀਜਾ ਧੜਾ ਬਣ ਕੇ ਆਈ ਸੀ ਪਰ ਲੋਕਾਂ ਦਾ ਪੂਰਾ ਵਿਸ਼ਵਾਸ ਨਾ ਜਿੱਤ ਸਕੀ ਅਤੇ ਜਿਤਦੇ ਜਿਤਦੇ ਵੀ ਅੰਤ ਹਾਰ ਗਏ। ਦਿੱਲੀ ਤੋਂ ਕੁੱਝ ਅਜਿਹੇ ਲੋਕ ਭੇਜੇ ਗਏ ਸਨ ਤੇ ਕੁੱਝ ਅਜਿਹੇ ਫ਼ੈਸਲੇ ਲਏ ਗਏ ਜੋ ਪੰਜਾਬੀ ਅਣਖ ਨੂੰ ਗਵਾਰਾ ਨਹੀਂ ਸਨ। 

ਅੱਜ ਪੰਜਾਬ ਕੋਲ ਦੋ ਜਾਂ ਤਿੰਨ ਨਹੀਂ ਬਲਕਿ ਪੰਜ ਤੋਂ ਵੀ ਵੱਧ ਧੜੇ ਚੋਣਾਂ ਲੜਨ ਲਈ ਨਿਤਰੇ ਹੋਏ ਹਨ ਅਤੇ ਪੰਜਾਬ ਦੇ ਵੋਟਰਾਂ ਨੇ ਇਸ ਵਾਰ ਇਨ੍ਹਾਂ ਪੰਜਾਂ ਵਿਚੋਂ ਅਪਣੀ ਸਰਕਾਰ ਚੁਣਨੀ ਹੈ। ਪਾਰਟੀਆਂ ਇਸ ਕਦਰ ਸ਼ਾਤਰ ਹੁੰਦੀਆਂ ਹਨ ਕਿ ਕੋਈ ਹਾਰ ਕੇ ਵੀ ਜਿੱਤ ਜਾਂਦਾ ਹੈ ਤੇ ਕੋਈ ਜਿੱਤ ਕੇ ਵੀ ਹਾਰ ਜਾਂਦਾ ਹੈ। ਜਿਵੇਂ ਚੰਡੀਗੜ੍ਹ ਵਿਚ ਸੱਭ ਤੋਂ ਵੱਧ ਕੁਰਸੀਆਂ ‘ਆਪ’ ਦੀਆਂ, ਸੱਭ ਤੋਂ ਵੱਧ ਵੋਟਾਂ ਕਾਂਗਰਸ ਦੀਆਂ ਤੇ ਮੇਅਰ ਬਣਾ ਲਈ ਗਈ ਹੈ ਭਾਜਪਾ ਦੀ। ਹੁਣ ਤਾਂ ਬੱਚਾ ਬੱਚਾ ਜਾਣਦਾ ਹੈ ਕਿ ਸਿਆਸੀ ਪਾਰਟੀਆਂ ਝੂਠੇ ਜੁਮਲਿਆਂ ਦੀ ਵਰਤੋਂ ਕਰਨ ਤੋਂ ਲੈ ਕੇ ਵੋਟਾਂ ਖ਼ਰੀਦਣ ਤੇ ਉਮੀਦਵਾਰ ਖ਼ਰੀਦਣ ਤਕ ਲਈ ਵੀ ਤਿਆਰ ਰਹਿੰਦੀਆਂ ਹਨ ਕਿਉਂਕਿ ਇਕ ਵਾਰ ਜਿੱਤ ਗਏ ਤਾਂ ਪੰਜ ਸਾਲ ਆਰਾਮ ਹੀ ਆਰਾਮ ਹੈ।

ਇਹ ਸੱਭ ਜਾਣ ਲੈਣ ਮਗਰੋਂ ਹੁਣ ਵੋਟਰਾਂ ਨੂੰ ਇਮਤਿਹਾਨ ਵਿਚ ਬੈਠਣਾ ਪਵੇਗਾ। ਉਨ੍ਹਾਂ ਨੂੰ ਹਰ ਪਾਰਟੀ ਤੇ ਹਰ ਉਮੀਦਵਾਰ ਨੂੰ ਟਟੋਲਣਾ ਪਵੇਗਾ, ਇਹ ਸਮਝਣ ਵਾਸਤੇ ਕਿ ਉਹ ਕਿੰਨਾ ਕੁ ਸੱਚ ਬੋਲਦਾ ਹੈ। ਅੱਜ ਜੇ ਪੰਜਾਬ ਕਿਸੇ ਲਹਿਰ ਦੇ ਨਤੀਜੇ ਨੂੰ ਉਡੀਕ ਰਿਹਾ ਹੈ ਤਾਂ ਭੁੱਲ ਜਾਵੇ। ਪੰਜਾਂ ਹੀ ਧਿਰਾਂ ਕੋਲ ਅਪਣਾ ਪੱਕਾ ਵੋਟ ਬੈਂਕ ਹੈ। ਕਾਂਗਰਸੀ ਵੋਟਰ ਕਾਂਗਰਸ ਨਾਲ ਹੈ ਅਤੇ ਕੁੱਝ ਤਬਕਾ ਕੈਪਟਨ ਅਮਰਿੰਦਰ ਸਿੰਘ ਵਲ ਚਲਾ ਗਿਆ ਹੋਵੇਗਾ ਪਰ ਉਹ ਬਹੁਤ ਘੱਟ ਹੈ।

ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਖ਼ਾਸਮ ਖ਼ਾਸਾਂ ਨਾਲ ਕਾਂਗਰਸੀ ਸੱਭ ਤੋਂ ਵੱਧ ਨਰਾਜ਼ ਸਨ ਤੇ ਉਨ੍ਹਾਂ ਦਾ ਭਾਜਪਾ ਨਾਲ ਮਿਲ ਜਾਣਾ ਲੋਕਾਂ ਦੇ ਮਨ ਵਿਚ ਸ਼ੱਕ ਪੈਦਾ ਕਰਦਾ ਹੈ ਕਿ ਇਹ ਕਾਂਗਰਸ ਸਰਕਾਰ ਦੇ ਮੁਖੀ ਵਜੋਂ ਵੀ ਅੰਦਰੋਂ ਅਕਾਲੀ ਦਲ ਤੇ ਭਾਜਪਾ ਨਾਲ ਘਿਉ ਖਿਚੜੀ ਸਨ। ਸੋ ਕਾਂਗਰਸ ਦੇ ਅਪਣੇ ਵੋਟਰ ਤਾਂ ਅੱਜ ਵੀ ਪਾਰਟੀ ਦੇ ਵਫ਼ਾਦਾਰ ਹਨ ਤੇ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਭਾਜਪਾ ਦੀ ਪੱਕੀ ਵੋਟ ਵਿਚ ਕੁੱਝ ਵਾਧਾ ਹੀ ਕਰਨਗੇ। ਭਾਜਪਾ ਤੇ ਆਰ.ਐਸ.ਐਸ. ਦਾ ਕੇਡਰ ਅਪਣਾ ਹੈ ਤੇ ਉਹ ਵੀ ਕਿਸੇ ਵਲ ਨਹੀਂ ਜਾਣ ਵਾਲਾ। ਇਹੀ ਗੱਲ ਅਕਾਲੀ ਦਲ ਦੀ ਵੀ ਸੀ ਪਰ ਕਿਸਾਨੀ ਸੰਘਰਸ਼ ਵਲੋਂ ਅਪਣੀ ਸਿਆਸੀ ਪਾਰਟੀ ਐਲਾਨੇ ਜਾਣ ਮਗਰੋਂ ਅਕਾਲੀ ਦਲ ਦਾ ਪੱਕਾ ਵੋਟ-ਬੈਂਕ ਵੀ ਵੰਡਿਆ ਗਿਆ ਲਗਦਾ ਹੈ।

ਕਿਸਾਨ ਸਿਆਸੀ ਪਾਰਟੀ ਹੁਣ ‘ਆਪ’ ਤੋਂ ਨਿਰਾਸ਼ ਹੋ ਕੇ ਚਡੂਨੀ ਨਾਲ ਮਿਲ ਕੇ ਸਿਆਸਤ ਵਿਚ ਪੈਰ ਰੱਖ ਰਹੀ ਹੈ। ਪੰਜਾਬ ਦੀ ਵਿਰੋਧੀ ਧਿਰ ਤੇ ‘ਆਪ’ ਪਾਰਟੀ ਮੁੜ ਤੋਂ ਦਿੱਲੀ ਤੋਂ ਆ ਕੇ ਪੰਜਾਬ ਵਿਚ ਸਰਕਾਰ ਬਣਾਉਣ ਦਾ ਯਤਨ ਕਰ ਰਹੀ ਹੈ ਤੇ ਇਸ ਵਾਰ ਉਨ੍ਹਾਂ ਠੋਕ ਕੇ ਕੇਜਰੀਵਾਲ ਦੀਆਂ ਗਰੰਟੀਆਂ ਦਾ ਨਗਾਰਾ ਵਜਾਇਆ ਹੋਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪੰਜਾਬ ਨੂੰ ਬਚਾਉਣ ਵਾਸਤੇ ਕੇਜਰੀਵਾਲ ਹੀ ਸਹੀ ਨੇਤਾ ਹੈ। ਉਹ ਕਿੰਨੇ ਵੋਟਰਾਂ ਨੂੰ ਪ੍ਰਭਾਵਤ ਕਰ ਸਕਣਗੇ, ਇਹ ਗੱਲ ਵੇਖਣ ਵਾਲੀ ਹੋਵੇਗੀ। ਭਗਵੰਤ ਮਾਨ ਆਖ਼ਰਕਾਰ ‘ਆਪ’ ਦਾ ਚਿਹਰਾ ਬਣਨ ਜਾ ਰਹੇ ਹਨ ਤੇ ਹੁਣ ਲੋਕਾਂ ਨੂੰ ਇਨ੍ਹਾਂ ਪੰਜਾਂ ਧੜਿਆਂ ਨੂੰ ਸਮਝਣਾ ਪਵੇਗਾ ਤੇ ਅਪਣੀ ਵੋਟ ਦਾ ਫ਼ੈਸਲਾ ਕਰਨਾ ਪਵੇਗਾ। ਇਸ ਤੋਂ ਵੱਡਾ ਪਿਆਰ ਦਾ ਤੋਹਫ਼ਾ ਹੋਰ ਕੀ ਹੋ ਸਕਦਾ ਹੈ? ਅਪਣੇ ਪੰਜਾਬ ਵਾਸਤੇ ਸਹੀ ਸਰਕਾਰ ਚੁਣਨ ਲਈ ਮਿਹਨਤ ਕਰਨੀ ਹੀ ਤਾਂ ਪਿਆਰ ਦਾ ਸੱਭ ਤੋਂ ਵੱਡਾ ਇਜ਼ਹਾਰ ਹੈ। ਚੋਣ ਅਸੀ ਇਹ ਕਰਨੀ ਹੈ ਕਿ ਜਿਸ ਧਰਤੀ ਤੇ ਅਸੀ ਜਨਮੇ ਹਾਂ, ਉਸ ਦੀ ਸਿਆਸੀ ਸੰਭਾਲ ਕੌਣ ਕਰ ਸਕਦਾ ਹੈ।                                -ਨਿਮਰਤ ਕੌਰ