ਸੰਪਾਦਕੀ: ਉਤਰਾਖੰਡ 'ਚ ਕੁਦਰਤ ਨਾਲ ਕੀਤੇ ਜਾਂਦੇ ਖਿਲਵਾੜ ਸਦਕਾ ਦੂਜੀ ਵੱਡੀ ਤਬਾਹੀ ਵੀ ਤੇ ਚੇਤਾਵਨੀ ਵੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜੇਕਰ ਹਰ ਫ਼ੈਸਲੇ ਨੂੰ ਵਪਾਰ ਜਾਂ ਮੁਨਾਫ਼ੇ ਪੱਖੋਂ ਲੈਂਦੇ ਰਹੇ ਤਾਂ ਅਸੀ ਇਸ ਤਰ੍ਹਾਂ ਦੇ ਕਈ ਹੋਰ ਹਾਦਸੇ ਵੇਖਣ ਲਈ ਮਜਬੂਰ ਹੋਵਾਂਗੇ

Uttarakhand tragedy

ਇਕ ਵਾਰ ਫਿਰ ਸਵਰਗ ਦਾ ਦੁਆਰ ਮੰਨੀ ਜਾਣ ਵਾਲੀ ਧਰਤੀ ਉਤਰਾਖੰਡ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋ ਗਈ ਹੈ। ਬੜੀ ਅਜੀਬ ਗੱਲ ਹੈ ਕਿ ਜਿਸ ਕੁਦਰਤੀ ਬਣਤਰ ਤੇ ਇਨਸਾਨ ਦੀ ਸ਼ਰਧਾਮਈ ਨਜ਼ਰ ਪੈਂਦੀ ਹੈ, ਉਸ ਦਾ ਰਸਤਾ ਔਕੜਾਂ ਨਾਲ ਭਰ ਜਾਂਦਾ ਹੈ। ਅੱਜ ਉਤਰਾਖੰਡ ਦੀ ਧਰਤੀ ਵੀ ਇਸੇ ਸ਼ਰਧਾ ਅਤੇ ਪ੍ਰੇਮ ਦੀ ਕੀਮਤ ਚੁਕਾ ਰਹੀ ਹੈ। ਇਸ ਧਰਤੀ ’ਤੇ 2014 ਵਿਚ ਆਏ ਹੜ੍ਹਾਂ ਨੇ ਪਹਿਲਾਂ ਹੀ ਮਨੁੱਖ ਨੂੰ ਵੱਡੀ ਚੇਤਾਵਨੀ ਦਿਤੀ ਸੀ, ਜਿਸ ਨਾਲ ਇਥੇ 6000 ਤੋਂ ਜ਼ਿਆਦਾ ਮੌਤਾਂ ਹੋਈਆਂ ਸਨ। ਪਰ 2021 ਵਿਚ ਇਨਸਾਨ ਨੇ ਵਿਖਾ ਦਿਤਾ ਕਿ ਉਹ ਇਨ੍ਹਾਂ ਚੇਤਾਵਨੀਆਂ ਤੋਂ ਸਬਕ ਲੈਣ ਵਾਲਾ ਪ੍ਰਾਣੀ ਨਹੀਂ।

ਪੂਰੀ ਦੁਨੀਆਂ ਵਿਚ ਵਾਤਾਵਰਣ ਉਤੇ ਇਨਸਾਨ ਦੇ ਖ਼ੁਦਗ਼ਰਜ਼ੀ ਭਰੇ ਕੰਮਾਂ ਦੇ ਪਏ ਮਾੜੇ ਅਸਰਾਂ ਬਾਰੇ ਕਾਫ਼ੀ ਚਰਚਾ ਚਲ ਰਹੀ ਹੈ। ਦੁਨੀਆਂ ਦਾ ਅੰਤ ਨੇੜੇ ਆਉਣ ਅਤੇ ਮੌਸਮ ਵਿਚ ਤਬਦੀਲੀ ਦੱਸਣ ਵਾਲੀਆਂ ਦੋ ਘੜੀਆਂ ਹਰ ਰੋਜ਼ ਟਿਕ-ਟਿਕ ਕਰਦੀਆਂ, ਉਸ ਸਮੇਂ ਵਲ ਵੱਧ ਰਹੀਆਂ ਹਨ ਜਦ ਦੁਨੀਆਂ ਅਪਣੇ ਆਪ ਨੂੰ ਹੀ ਤਬਾਹ ਕਰ ਲਵੇਗੀ। ਇਨ੍ਹਾਂ ਵਿਚ ਇਕ ਹੈ ‘ਡੂਮਜ਼ਡੇਅ’ ਘੜੀ ਜੋ 1947 ਵਿਚ ਬਣਾਈ ਗਈ ਸੀ।

ਤਦ ਇਸ ਦਾ ਸਮਾਂ ਦੁਨੀਆਂ ਦੇ ਅੰਤ ਲਈ 12 ਵਜ ਕੇ 7 ਮਿੰਟ ਤੈਅ ਕੀਤਾ ਗਿਆ ਸੀ। ਜਿਵੇਂ ਜਿਵੇਂ ਇਨਸਾਨ ਅਪਣੀ ਐਟਮੀ ਤਾਕਤ ਵਧਾਉਂਦਾ ਗਿਆ, ਤਿਉਂ ਤਿਉਂ ਇਹ ਘੜੀ 12 ਵਜੇ ਦੇ ਨੇੜੇ ਆਉਂਦੀ ਗਈ। ਜਦ ਡੋਨਲਡ ਟਰੰਪ ਵਰਗੇ ਆਗੂ ਉਪਰ ਆਏ ਤਾਂ 2020 ਤਕ ਇਹ ਘੜੀ 12 ਵਜੇ ਤੋਂ 2 ਮਿੰਟ ’ਤੇ ਆ ਗਈ ਕਿਉਂਕਿ ਇਹ ਆਗੂ ਨਾ ਐਟਮੀ ਜੰਗ ਤੋਂ ਡਰਦੇ ਹਨ ਤੇ ਨਾ ਹੀ ਮੌਸਮ ਦੇ ਖ਼ਤਰੇ ਤੇ ਯਕੀਨ ਕਰਦੇ ਹਨ। ਦੂਜੀ ਘੜੀ ਹੈ ‘ਕਲਾਈਮੇਟ ਕਲਾਕ’ ਜੋ ਅੱਜ ਦਸਦੀ ਹੈ ਕਿ ਅਸੀ ਉਸ ਪਲ ਤੋਂ 104 ਦਿਨ ਤੇ ਕੁੱਝ ਘੰਟੇ ਦੂਰ ਰਹਿ ਗਏ ਹਾਂ, ਜਿਸ ਤੋਂ ਬਾਅਦ ਅਸੀ ਚਾਹੁੰਦੇ ਹੋਏ ਵੀ ਮੌਸਮ ਦੇ ਵਿਗਾੜ ਤੇ ਦੁਨੀਆਂ ਦੇ ਅੰਤ ਨੂੰ ਰੋਕ ਨਹੀਂ ਸਕਾਂਗੇ।

ਜੇ ਇਸ ਘੜੀ ਪਿਛੇ ਲੱਗੇ ਮਾਹਰਾਂ ਦੇ ਕਹਿਣੇ ਉਤੇ ਯਕੀਨ ਕਰੀਏ ਤਾਂ 100-150 ਦਿਨ ਹੀ ਰਹਿ ਗਏ ਹਨ ਜਿਸ ਦੌਰਾਨ ਸਾਨੂੰ ਧਰਤੀ ਪ੍ਰਤੀ ਅਪਣੀ ਜ਼ਿੰਮੇਵਾਰੀ ਵਿਖਾਉਣੀ ਪਵੇਗੀ। ਜੇਕਰ ਅਸੀ ਅਪਣੀ ਧਰਤੀ ਪ੍ਰਤੀ ਜ਼ਿੰਮੇਵਾਰੀ ਨਹੀਂ ਸਮਝ ਸਕਦੇ ਤਾਂ ਅਪਣੀ ਆਉਣ ਵਾਲੀ ਪੀੜ੍ਹੀ ਪ੍ਰਤੀ ਜ਼ਿੰਮੇਵਾਰੀ ਤਾਂ ਸਾਨੂੰ ਵਿਖਾਉਣੀ ਹੀ ਚਾਹੀਦੀ ਹੈ। ਉਤਰਾਖੰਡ ਵਿਚ ਇਸ ਵਾਰ ਜੋ ਕੁੱਝ ਵੀ ਵਾਪਰਿਆ, ਉਸ ਦਾ ਕਾਰਨ ਮੌਸਮ ਦੀਆਂ ਤਬਦੀਲੀਆਂ ਆਖਿਆ ਜਾ ਰਿਹਾ ਹੈ ਪਰ ਅਸਲ ਵਿਚ ਇਹ ਤਬਦੀਲੀਆਂ ਆਈਆਂ ਹੀ ਕਿਉਂ?

ਇਸ ਪਿਛੇ ਕਾਰਨ ਇਨਸਾਨ ਦੀ ਭੁੱਖ ਹੈ ਜੋ ਉਸ ਨੂੰ ਕੁਦਰਤ ਦੀ ਚਿੰਤਾ ਕੀਤੇ ਬਿਨਾਂ ਅਪਣੇ ਮੁਨਾਫ਼ੇ ਲਈ ਕੁਦਰਤ ਨਾਲ ਖਿਲਵਾੜ ਕਰਨ ਲਈ ਤਿਆਰ ਕਰਦੀ ਹੈ। ਉਤਰਾਖੰਡ ਵਿਚ 2014 ਤੋਂ ਬਾਅਦ ਸਗੋਂ ਪਹਿਲਾਂ ਨਾਲੋਂ ਕਈ ਗੁਣਾਂ ਜ਼ਿਆਦਾ ਉਸਾਰੀ ਹੋਈ ਹੈ। ਸੜਕਾਂ, ਇਮਾਰਤਾਂ, ਹੋਟਲ ਅਤੇ ਹੈਲੀਕਾਪਟਰ ਕੰਪਨੀਆਂ ਵਲੋਂ ਲੋਕਾਂ ਨੂੰ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਜਿਸ ਨਾਲ ਯਾਤਰੀਆਂ ਦਾ ਇਥੇ ਆਉਣਾ ਵਧ ਗਿਆ।

ਪਹਿਲਾਂ ਕੇਦਾਰਨਾਥ ਦੀ ਯਾਤਰਾ ਨੂੰ ਜਾਣ ਲਈ ਦੋ ਦਿਨ ਲਗਦੇ ਸੀ, ਅੱਜ ਹੈਲੀਕਾਪਟਰ ਰਾਹੀਂ 2 ਘੰਟੇ ਵਿਚ ਆਉਣਾ ਜਾਣਾ ਹੋ ਜਾਂਦਾ ਹੈ। ਹੈਲੀਕਾਪਟਰਾਂ ਦਾ ਸ਼ੋਰ ਵਾਦੀ ਵਿਚ ਵਾਤਾਵਰਣ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ ਤੇ ਯਾਤਰਾ ਦੌਰਾਨ ਏਕਾਂਤ ਵਿਚ ਤਪੱਸਿਆ ਦਾ ਜੋ ਮਕਸਦ ਹੁੰਦਾ ਸੀ, ਉਸ ਨੂੰ ਤਾਂ ਖ਼ਤਮ ਹੀ ਕਰ ਦੇਂਦਾ ਹੈ।
2014 ਦੇ ਹੜ੍ਹਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਉਤਰਾਖੰਡ ਵਿਚ ਡੈਮ ਬਣਾਉਣ ’ਤੇ ਰੋਕ ਲਗਾਈ ਸੀ ਪਰ ਉਸ ਤੋਂ ਬਾਅਦ ਸਰਕਾਰ ਨੇ 5 ਡੈਮਾਂ ਦੀ ਇਜਾਜ਼ਤ ਦੇ ਦਿਤੀ ਹੈ। ਉਹ ਧਰਤੀ ਪਹਿਲਾਂ ਹੀ ਕਮਜ਼ੋਰ ਹੋ ਚੁੱਕੀ ਹੈ ਤੇ ਇਸ ਹਾਦਸੇ ਨੇ ਵਿਖਾ ਦਿਤਾ ਹੈ ਕਿ ਇਥੇ ਖ਼ਤਰਾ ਕਿੰਨਾ ਵੱਡਾ ਹੈ।

2019 ਵਿਚ ਇਕ ਖੋਜ ਰੀਪੋਰਟ ਛਪੀ ਸੀ ਜਿਸ ਮੁਤਾਬਕ ਹਿਮਾਲਿਆ ਦੀਆਂ ਬਰਫ਼ੀਲੀਆਂ ਚੋਟੀਆਂ ਦਾ ਪਿਘਲਣ ਦਰਜਾ ਪਿਛਲੇ ਕੁੱਝ ਦਹਾਕਿਆਂ ਦੌਰਾਨ ਦੁਗਣਾ ਹੋ ਗਿਆ ਹੈ। ਹਿਮਾਲਿਆ ਤੇ ਹਿੰਦੂ ਕੁਸ਼ ਦੀ ਇਕ ਤਿਹਾਈ ਬਰਫ਼ ਸੰਨ 2100 ਤਕ ਬਿਲਕੁਲ ਹੀ ਗ਼ਾਇਬ ਹੋ ਸਕਦੀ ਹੈ ਜਿਸ ਦਾ ਅਸਰ ਅਸੀ ਵੇਖ ਹੀ ਰਹੇ ਹਾਂ।

ਜੇਕਰ ਹਰ ਫ਼ੈਸਲੇ ਨੂੰ ਵਪਾਰ ਜਾਂ ਮੁਨਾਫ਼ੇ ਪੱਖੋਂ ਲੈਂਦੇ ਰਹੇ ਤਾਂ ਅਸੀ ਇਸ ਤਰ੍ਹਾਂ ਦੇ ਕਈ ਹੋਰ ਹਾਦਸੇ ਵੇਖਣ ਲਈ ਮਜਬੂਰ ਹੋਵਾਂਗੇ ਅਤੇ ਉਸ ਤੋਂ ਬਾਅਦ ਕਹਿਰ ਫੈਲਦਾ ਵੇਖਣਾ ਵੀ ਸਾਡੀ ਦੂਜੀ ਮਜਬੂਰੀ ਬਣ ਜਾਏਗੀ। ਇਸ ਗੱਲ ਦੀ ਸਖ਼ਤ ਲੋੜ ਹੈ ਕਿ ਅਸੀ ਅਪਣੇ ਦੇਸ਼ ਵਿਚ ਕੁਦਰਤ ਨਾਲ ਛੇੜਛਾੜ ਬੰਦ ਕਰਨ ਵਲ ਧਿਆਨ ਦਈਏ। ਸਰਕਾਰ ਦਾ ਹਰ ਫ਼ੈਸਲਾ ਕੁਦਰਤ ਦੀ ਸੰਭਾਲ ਦੇ ਨਿਯਮਾਂ ਅਨੁਸਾਰ ਲੈਣ ਦੀ ਬੇਹੱਦ ਜ਼ਰੂਰਤ ਹੈ। ਮੌਸਮ ਦੇ ਵਿਗਾੜ ਨੂੰ ਰੋਕਣ ਲਈ ਸਿਰਫ਼ ਪਲਾਸਟਿਕ ਦੀ ਵਰਤੋਂ ਬੰਦ ਕਰਨਾ ਹੀ ਕਾਫ਼ੀ ਨਹੀਂ ਸਗੋਂ ਸਰਕਾਰ ਅਤੇ ਆਮ ਨਾਗਰਿਕਾਂ ਵਲੋਂ ਵੀ ਅਹਿਮ ਕਦਮ ਚੁਕਣ ਦੀ ਲੋੜ ਹੈ।
- ਨਿਮਰਤ ਕੌਰ