Editorial: ਟੀਮ ਸੁਖਬੀਰ ਤਕ ਹੀ ਸੀਮਤ ਰਹਿ ਗਿਆ ਹੈ ਅਕਾਲੀ ਦਲ
Editorial: ਸ਼੍ਰੋਮਣੀ ਅਕਾਲੀ ਦਲ ਦਾ ਨਿਘਾਰ ਤਾਂ ਅੱਠ ਵਰ੍ਹੇ ਪਹਿਲਾਂ 2017 ਵਾਲੀਆਂ ਵਿਧਾਨ ਸਭਾ ਚੋਣਾਂ ਸਮੇਂ ਤੋਂ ਸ਼ੁਰੂ ਹੋ ਗਿਆ ਸੀ,
ਸ਼੍ਰੋਮਣੀ ਅਕਾਲੀ ਦਲ ਦਾ ਨਿਘਾਰ ਤਾਂ ਅੱਠ ਵਰ੍ਹੇ ਪਹਿਲਾਂ 2017 ਵਾਲੀਆਂ ਵਿਧਾਨ ਸਭਾ ਚੋਣਾਂ ਸਮੇਂ ਤੋਂ ਸ਼ੁਰੂ ਹੋ ਗਿਆ ਸੀ, ਪਰ ਪਿਛਲੇ ਕੁੱਝ ਦਿਨਾਂ ਦੌਰਾਨ ਜੋ ਕੁੱਝ ਵਾਪਰਿਆ ਹੈ, ਉਹ ਪਤਨ ਦਾ ਸਿਖਰ ਹੈ। ਸ੍ਰੀ ਅਕਾਲ ਤਖ਼ਤ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਅਚਨਚੇਤੀ ਫ਼ਾਰਗ਼ ਕਰ ਕੇ ਉਨ੍ਹਾਂ ਦੀ ਥਾਂ ਨਵੀਆਂ ਨਿਯੁਕਤੀਆਂ ਕਰਨ ਦੀ ਅੰਤ੍ਰਿੰਗ ਕਮੇਟੀ ਦੀ ਕਾਰਵਾਈ ਨੇ ਜਿੱਥੇ ਪੰਥਕ ਸਫ਼ਾਂ ਵਿਚ ਮਾਯੂਸੀ ਤੇ ਕੜਵਾਹਟ ਵਧਾਈ, ਉੱਥੇ ਉਨ੍ਹਾਂ ਆਗੂਆਂ ਨੂੰ ਵੀ ਵਿਦਰੋਹ ਦੇ ਰਾਹ ’ਤੇ ਤੋਰ ਦਿਤਾ ਜਿਨ੍ਹਾਂ ਦੀ ਬਾਦਲ ਪਰਿਵਾਰ ਪ੍ਰਤੀ ਵਫ਼ਾਦਾਰੀ ਉੱਤੇ ਸ਼ੱਕ ਕਰਨਾ ਵੀ ਮੁਸ਼ਕਿਲ ਜਾਪਦਾ ਸੀ। ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿਲੋਂ, ਲਖਬੀਰ ਸਿੰਘ ਲੋਧੀਨੰਗਲ ਸਮੇਤ ਦਰਜਨਾਂ ਛੋਟੇ-ਵੱਡੇ ਆਗੂ, ਜੋ ਹਰ ਸੰਕਟ ਸਮੇਂ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਖੜ੍ਹਦੇ ਆਏ ਸਨ, ਹੁਣ ਪਾਰਟੀ ਦੇ ਫ਼ੈਸਲਿਆਂ ਤੇ ਰਣਨੀਤੀ ਪ੍ਰਤੀ ਸਵਾਲ ਕਰਨ ਲੱਗੇ ਹਨ।
ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਅਜਿਹੇ ਆਗੂਆਂ ਉੱਤੇ ਪਾਰਟੀ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਲਾਉਂਦਿਆਂ ਜ਼ਾਬਤਾ ਕਾਰਵਾਈ ਦੀ ਚਿਤਾਵਨੀ ਦਿਤੀ ਹੈ। ਪਰ ਪਾਰਟੀ ਦੀ ਅਖੌਤੀ ਲੀਡਰਸ਼ਿਪ ਕਿੰਨੇ ਕੁ ਆਗੂਆਂ ਵਿਰੁਧ ਜ਼ਾਬਤਾ ਕਾਰਵਾਈ ਕਰ ਲਵੇਗੀ? ਨਵੀਂ ਭਰਤੀ ’ਤੇ ਅਜੇ ਮੋਹਰ ਲੱਗਣੀ ਹੈ; ਉਸ ਤੋਂ ਪਹਿਲਾਂ ਪੁਰਾਣੀ ਕਿੰਨੀ ਤੇਜ਼ੀ ਨਾਲ ਖਿੰਡ ਰਹੀ ਹੈ, ਇਸ ਦਾ ਅਨੁਮਾਨ ਪਾਰਟੀ ਸਫ਼ਾਂ ਅੰਦਰਲੇ ਮੌਜੂਦਾ ਵਿਦਰੋਹ ਤੋਂ ਲਾਇਆ ਜਾ ਸਕਦਾ ਹੈ। ਲੋਕਾਂ ਵਿਚ ਵਿਚਰਨ ਵਾਲੇ ਆਗੂ ਲੋਕ-ਨਬਜ਼ ਪਛਾਣਦੇ ਹਨ।
ਲੀਡਰਸ਼ਿਪ ਦੀਆਂ ਆਪਹੁਦਰੀਆਂ ਤੋਂ ਸਿੱਖ ਸੰਗਤ, ਖ਼ਾਸ ਕਰ ਕੇ ਪੰਥਪ੍ਰਸਤ ਸਫ਼ਾਂ ਵਿਚ ਜੋ ਰੋਹ ਤੇ ਨਿਰਾਸ਼ਾ ਹੈ, ਉਸ ਦਾ ਸੇਕ ਬਾਦਲ ਪਰਿਵਾਰ ਦੇ ਕੱਟੜ ਵਫ਼ਾਦਾਰ ਪਿਛਲੇ ਸਾਲ 2 ਦਸੰਬਰ ਤੋਂ ਮਹਿਸੂਸ ਕਰਦੇ ਆ ਰਹੇ ਹਨ। ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਕ੍ਰਮਵਾਰ ਅਕਾਲ ਤਖ਼ਤ ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਅਹੁਦਿਆਂ ਤੋਂ ਬਿਨਾਂ ਕੋਈ ਸਪਸ਼ਟੀਕਰਨ ਮੰਗਿਆਂ ਬਰਤਰਫ਼ ਕਰਨ ਅਤੇ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਕਿਰਦਾਰਕੁਸ਼ੀ ਕਰ ਕੇ ਹਟਾਉਣ ਵਰਗੇ ਕਾਰੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਸਨ। ਇਨ੍ਹਾਂ ਖ਼ਿਲਾਫ਼ ਤਿੱਖਾ ਪ੍ਰਤੀਕਰਮ ਉਪਜਣਾ ਹੀ ਸੀ। ਅਕਾਲੀ ਆਗੂਆਂ ਨੂੰ ਇਸ ਪ੍ਰਤੀਕਰਮ ਨਾਲ ਜੁੜੇ ਸਵਾਲਾਂ ਦਾ ਜਵਾਬ ਦੇਣਾ ਔਖਾ ਹੋ ਗਿਆ ਸੀ। ਇਹੋ ਕਾਰਨ ਹੈ ਜਦੋਂ ਮਜੀਠੀਆ ਨੇ ਇਸ ਰੋਹ ਨੂੰ ਜ਼ੁਬਾਨ ਦੇਣ ਵਾਲਾ ਰਾਹ ਚੁਣਿਆ ਤਾਂ ਟੋਲੇ ਤੋਂ ਕਾਫ਼ਲਾ ਬਣਨ ਵਿਚ ਦੇਰ ਨਹੀਂ ਲੱਗੀ।
ਮਜੀਠੀਆ ਕੋਈ ਦੁੱਧ-ਧੋਤੇ ਆਗੂ ਨਹੀਂ। ਸ੍ਰੀ ਭੂੰਦੜ ਦਾ ਇਹ ਕਥਨ ਸਹੀ ਹੈ ਕਿ ਬਾਦਲਾਂ ਦੇ ਰਾਜ-ਕਾਲ ਦੌਰਾਨ ਉਹ ‘ਸੁਪਰ ਸੀ ਐਮ’ ਵਜੋਂ ਵਿਚਰਦੇ ਰਹੇ। ਅਦਾਲਤੀ ਨਿਆਂ ਭਾਵੇਂ ਹੁਣ ਤਕ ਉਨ੍ਹਾਂ ਉਪਰ ਮਿਹਰਬਾਨ ਰਿਹਾ ਹੈ, ਪਰ ਪੰਜਾਬ ਵਿਚ ‘ਚਿੱਟੇ’ ਦੇ ਪ੍ਰਚਲਣ ਦੇ ਪ੍ਰਸੰਗ ਵਿਚ ਉਨ੍ਹਾਂ ਦਾ ਅਕਸ ਅਜੇ ਵੀ ਪਹਿਲਾਂ ਵਾਂਗ ਦਾਗ਼ਦਾਰ ਹੈ। ਪਰ ਜੇ ਉਹ ਅਪਣੇ ਜੀਜੇ ਜਾਂ ਉਨ੍ਹਾਂ ਦੇ ਸਲਾਹਕਾਰਾਂ ਦੇ ਖ਼ਿਲਾਫ਼ ਉੱਠ ਖੜੇ੍ਹ ਹੋਏ ਹਨ ਤਾਂ ਇਸ ਨੂੰ ਮਹਿਜ਼ ‘ਪਰਿਵਾਰਕ ਕਿੜ’ ਦੀ ਉਪਜ ਮੰਨਣਾ ਜਾਇਜ਼ ਨਹੀਂ ਜਾਪਦਾ। ਸਿਆਸਤਦਾਨ ਪੌਣ-ਕੁੱਕੜ ਹੁੰਦੇ ਹਨ। ਹਵਾ ਦੇ ਰੁਖ ਮੁਤਾਬਿਕ ਮੁੜਨਾ ਤੇ ਘੁੰਮਣਾ ਚਤੁਰ ਸਿਆਸਤਦਾਨ ਬਹੁਤ ਛੇਤੀ ਸਿਖ ਜਾਂਦਾ ਹੈ। ਅਸੂਲਪ੍ਰਤੀ ਦਾ ਦਮ ਬਹੁਤ ਭਰਿਆ ਜਾਂਦਾ ਹੈ, ਪਰ ਹੁੰਦੀ ਇਹ ਮੁਖੋਟਾ ਹੀ ਹੈ। ਬਿਕਰਮ ਮਜੀਠੀਆ ਨੇ (ਉਨ੍ਹਾਂ ਦੇ ਸ਼ਬਦਾਂ ਮੁਤਾਬਿਕ) ‘ਲੋਕ ਮਨਾਂ ਅੰਦਰਲੀ ਚਿੰਤਾ ਤੇ ਪ੍ਰੇਸ਼ਾਨੀ ਨੂੰ ਜ਼ੁਬਾਨ ਦੇਣ’ ਲਈ ਸਹੀ ਸਮਾਂ ਚੁਣਿਆ। ਇਸ ਕਦਮ ਸਦਕਾ ‘ਵਿਦਰੋਹੀਆਂ’ ਦੀਆਂ ਸਫ਼ਾਂ ਵਿਚ ਹੋਇਆ ਲਗਾਤਾਰ ਇਜ਼ਾਫ਼ਾ ਇਸ ਹਕੀਕਤ ਦੀ ਤਾਈਦ ਕਰਦਾ ਹੈ ਕਿ ਅਕਾਲੀ ਸਫ਼ਾਂ ਕਿੰਨੀ ਘੁਟਣ ਮਹਿਸੂਸ ਕਰ ਰਹੀਆਂ ਸਨ।
ਤਖ਼ਤ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ, ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੋਮਵਾਰ ਨੂੰ ਅਹੁਦਾ ਸੰਭਾਲਣ ਮਗਰੋਂ ਪੰਥ ਦੇ ਭਲੇ ਲਈ ਕੰਮ ਕਰਨ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਉਨ੍ਹਾਂ ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦੀ ਭੂਮਿਕਾ ਵੀ ਸੌਂਪੀ ਹੈ। ਇਹ ਦੋਵੇਂ ਜ਼ਿੰਮੇਵਾਰੀਆਂ ਤਲਵਾਰ ਦੀ ਧਾਰ ’ਤੇ ਤੁਰਨ ਵਾਂਗ ਹਨ; ਇਸ ਹਕੀਕਤ ਦਾ ਅੰਦਾਜ਼ਾ ਤਾਂ ਉਨ੍ਹਾਂ ਨੂੰ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਹਸ਼ਰ ਤੋਂ ਹੀ ਹੋ ਜਾਣਾ ਚਾਹੀਦਾ ਹੈ।
ਜੇ ਨਹੀਂ ਵੀ ਹੋਇਆ ਤਾਂ ਵੀ ਉਨ੍ਹਾਂ ਨੂੰ ਬਹੁਤ ਛੇਤੀ ਪਤਾ ਲੱਗ ਜਾਵੇਗਾ ਕਿ ਅਕਾਲ ਤਖ਼ਤ ਪ੍ਰਤੀ ‘ਸਮਰਪਿਤ’ ਹੋਣ ਅਤੇ ਹਰ ਸਮੇਂ ਗੁਰੂ ਨੂੰ ਹਾਜ਼ਰ-ਨਾਜ਼ਰ ਮੰਨਣ ਦੀਆਂ ਸੁਗੰਧਾਂ ਖਾਣ ਵਾਲੇ ਅਪਣੇ ਹੀ ਕੌਲ-ਕਰਾਰਾਂ ਤੋਂ ਕਿੰਨੀ ਛੇਤੀ ਮੁੱਖ ਮੋੜ ਜਾਂਦੇ ਹਨ। ਜਿਥੋਂ ਤਕ ਸੁਖਬੀਰ ਸਿੰਘ ਬਾਦਲ ਦਾ ਸਵਾਲ ਹੈ, ਉਨ੍ਹਾਂ ਤੋਂ ਤਾਂ ਇਹ ਤਵੱਕੋ ਹੀ ਨਹੀਂ ਕੀਤੀ ਜਾ ਸਕਦੀ ਕਿ ਉਹ ਅਪਣੇ ਅਹਿਮਕਾਨਾ ਫ਼ੈਸਲਿਆਂ ਜਾਂ ਕਾਰਵਾਈਆਂ ’ਤੇ ਨਜ਼ਰਸਾਨੀ ਕਰਨ ਦੀ ਸੂਝ ਤੇ ਸੁਹਜ ਦਿਖਾਉਣਗੇ। ਫਿਰ ਵੀ, ਜੇ ਉਹ ਅਪਣਾ ਸਾਥ ਛੱਡਣ ਵਾਲਿਆਂ ਦੇ ਨਾਂਅ ਸੰਜੀਦਗੀ ਨਾਲ ਗਿਣ ਲੈਣ ਤਾਂ ਉਨ੍ਹਾਂ ਨੂੰ ਅਹਿਸਾਸ ਹੋ ਜਾਵੇਗਾ ਕਿ ਅਕਾਲੀ ਦਲ ਅੰਦਰਲੀ ‘ਬਿਖਰਨ ਦੀ ਰੀਤ’ ਵਿਚ ਉਨ੍ਹਾਂ ਦੀ ਅਪਣੀ ਕਿੰਨੀ ਵੱਡੀ ਭੂਮਿਕਾ ਹੈ।