ਸਾਡੀਆਂ ਸਿਹਤ ਸੇਵਾਵਾਂ, ਕੋਰੋਨਾ ਦੇ ਵਧਦੇ ਭਾਰ ਨੂੰ ਚੁਕ ਵੀ ਸਕਣਗੀਆਂ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ 10 ਤਰੀਕ ਹੋ ਗਈ ਹੈ ਅਤੇ ਬਹੁਤ ਘੱਟ ਲੋਕਾਂ ਨੂੰ ਅੱਜ ਦੇ ਦਿਨ ਬਾਰੇ ਕੁੱਝ ਯਾਦ ਰਹਿ ਗਿਆ ਹੋਵੇਗਾ। ਹਰ ਦਿਨ ਸਾਡੇ ਲਈ ਇਕੋ ਜਿਹਾ ਹੀ ਬਣ ਗਿਆ ਹੈ।

File

ਅੱਜ 10 ਤਰੀਕ ਹੋ ਗਈ ਹੈ ਅਤੇ ਬਹੁਤ ਘੱਟ ਲੋਕਾਂ ਨੂੰ ਅੱਜ ਦੇ ਦਿਨ ਬਾਰੇ ਕੁੱਝ ਯਾਦ ਰਹਿ ਗਿਆ ਹੋਵੇਗਾ। ਹਰ ਦਿਨ ਸਾਡੇ ਲਈ ਇਕੋ ਜਿਹਾ ਹੀ ਬਣ ਗਿਆ ਹੈ। ਸਵੇਰੇ ਉਠ ਕੇ ਅਖ਼ਬਾਰਾਂ, ਪੜ੍ਹਨ ਅਤੇ ਟੀ.ਵੀ. ਚੈਨਲਾਂ ਉਤੇ ਖ਼ਬਰਾਂ ਵੇਖਣ ਨੂੰ ਵੀ ਦਿਲ ਨਹੀਂ ਕਰਦਾ। ਹਰ ਖ਼ਬਰ ਕੋਰੋਨਾ ਦੁਆਲੇ ਹੀ ਘੁੰਮ ਰਹੀ ਹੁੰਦੀ ਹੈ ਅਤੇ ਕੋਰੋਨਾ ਦਾ ਅਸਰ ਵੀ ਹਰ ਖ਼ਬਰ ਉਤੇ ਪੈ ਰਿਹਾ ਦਿਸਦਾ ਹੈ। ਹਰ ਪਾਸਿਉਂ ਇਕ ਹੀ ਆਵਾਜ਼ ਆਉਂਦੀ ਲਗਦੀ ਹੈ ਕਿ ਹੁਣ ਕੋਰੋਨਾ ਦਾ ਹਮਲਾ ਫ਼ਲਾਣੇ ਹਿੱਸੇ ਵਿਚ ਵੱਧ ਗਿਆ ਹੈ ਤੇ ਫ਼ਲਾਣੇ ਵਿਚ ਨਵੇਂ ਮਾਮਲੇ ਆਉਣੇ ਤੇਜ਼ ਹੋ ਗਏ ਹਨ।

ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਕੋਈ ਚੰਗੀ ਖ਼ਬਰ ਮਿਲਣੀ ਔਖੀ ਹੋ ਰਹੀ ਹੈ। ਹੁਣ ਬਸ ਇਹੀ ਚੰਗੀ ਖ਼ਬਰ ਲਗਦੀ ਹੈ ਕਿ ਅੱਜ ਵੀ ਕੋਰੋਨਾ ਮੇਰੇ ਉਤੇ ਸਵਾਰ ਹੋਣੋਂ ਰਹਿ ਗਿਆ ਜੇ। ਅਜਿਹਾ ਹਊਆ ਖੜਾ ਹੋ ਗਿਆ ਹੈ ਕਿ ਕਈ ਵਾਰ ਦਿਲ ਕਰਦਾ ਹੈ ਕਿ ਆ ਜਾਵੇ ਕੋਰੋਨਾ ਤੇ ਕਰ ਲਵੇ ਅਪਣਾ ਵਾਰ, ਰੋਜ਼ ਰੋਜ਼ ਇਸ ਦੇ ਡਰ ਹੇਠ ਰਹਿਣਾ ਵੀ ਤਾਂ ਮਰਨ ਨਾਲੋਂ ਵੱਧ ਮਾੜਾ ਲੱਗਣ ਲੱਗ ਪਿਆ ਹੈ। ਸਿਰ ਤੇ ਟੰਗੀ ਕੋਰੋਨਾ ਦੀ ਤਲਵਾਰ ਤੋਂ ਤਾਂ ਡਰਨਾ ਬੰਦ ਹੋਵੇ। ਜਿਹੜੇ ਘਰ ਬੈਠੇ ਹਨ, ਉਹ ਬੋਰੀਅਤ ਦੇ ਮਰੀਜ਼ ਬਣ ਗਏ ਹਨ ਅਤੇ ਜਿਹੜੇ ਬਾਹਰ ਜਾ ਰਹੇ ਹਨ, ਉਨ੍ਹਾਂ ਦੇ ਮੋਢਿਆਂ ਉਤੇ ਦੁਨੀਆਂ ਦੀ ਇਸ ਜੰਗ ਦਾ ਬੋਝ ਹੈ। ਉਨ੍ਹਾਂ ਨੂੰ ਅੱਜ ਅਹਿਸਾਸ ਹੁੰਦਾ ਹੈ ਕਿ ਜੰਗ ਵਿਚ ਜਾਂਦੇ ਫ਼ੌਜੀ ਦੇ ਦਿਲ, ਦਿਮਾਗ਼ ਉਤੇ ਕੀ ਬੀਤਦੀ ਹੋਵੇਗੀ।

ਉਨ੍ਹਾਂ ਦੇ ਘਰ ਵਾਲਿਆਂ ਨੂੰ ਵੀ ਉਸੇ ਡਰ ਦਾ ਅਹਿਸਾਸ ਹੋਵੇਗਾ ਜੋ ਫ਼ੌਜੀ ਪ੍ਰਵਾਰਾਂ ਨੂੰ ਹੁੰਦਾ ਹੋਵੇਗਾ। ਪਰ ਫ਼ੌਜੀਆਂ ਵਾਂਗ ਉਨ੍ਹਾਂ ਨੂੰ ਇਸ ਜੰਗ ਵਾਸਤੇ ਤਿਆਰ ਕਿਸੇ ਨੇ ਨਹੀਂ ਸੀ ਕੀਤਾ। ਡਾਕਟਰ, ਪੁਲਿਸ ਕਰਮਚਾਰੀ ਤਾਂ ਫਿਰ ਵੀ ਕਦੇ ਕਿਸੇ ਨਾ ਕਿਸੇ ਤਣਾਅ ਵਾਸਤੇ ਤਿਆਰ ਰਹਿੰਦੇ ਹਨ, ਪਰ ਜਿਹੜੇ ਸਫ਼ਾਈ ਕਰਮਚਾਰੀ ਇਸ ਮਹਾਂਮਾਰੀ ਦੇ ਸਿਪਾਹੀ ਬਣ ਗਏ ਹਨ, ਸਾਰੇ ਲੋਕ ਉਨ੍ਹਾਂ ਵਲ ਅਪਣੀ ਗੰਦਗੀ ਸੁਟ ਦੇਂਦੇ ਹਨ ਜਿਵੇਂ ਕੋਈ ਮਸ਼ੀਨ ਆ ਕੇ ਚੁੱਕ ਕੇ ਲੈ ਜਾਏਗੀ। ਪਰ ਪਾਪੀ ਪੇਟ ਦੀ ਮਜਬੂਰੀ ਕਰ ਕੇ ਇਹ ਵੀ ਫ਼ੌਜ ਵਾਂਗ ਖ਼ਤਰਾ ਸਿਰ ਤੇ ਲੈਣ ਲਈ ਮਜਬੂਰ ਹਨ। ਸੋ ਘਰ ਵਿਚ ਬੈਠੇ ਜਾਂ ਇਸ ਜੰਗ ਨਾਲ ਜੂਝਣ ਵਾਲਿਆਂ ਵਿਚੋਂ ਕੌਣ ਜ਼ਿਆਦਾ ਸੁਖੀ ਹੈ, ਕੋਈ ਨਹੀਂ ਕਹਿ ਸਕਦਾ ਕਿਉਂਕਿ ਬੋਰੀਅਤ ਵਾਲੇ ਮਾਹੌਲ ਵਿਚ ਸਾਰਾ ਦਿਨ ਇਕੋ ਹੀ ਖ਼ਿਆਲ ਦਿਮਾਗ਼ ਵਿਚ ਚੱਕਰ ਲਾ ਰਿਹਾ ਹੁੰਦਾ ਹੈ ਕਿ ਪਤਾ ਨਹੀਂ ਕੱਲ੍ਹ ਕੀ ਹੋ ਜਾਵੇਗਾ।

ਬੱਚਿਆਂ ਨੂੰ ਕਿਸ ਤਰ੍ਹਾਂ ਸਮਝਾਇਆ ਜਾਵੇ ਕਿ ਹੁਣ ਬਾਹਰ ਖੇਡਣਾ ਠੀਕ ਨਹੀਂ, ਤੁਸੀਂ ਅਪਣੇ ਫ਼ੋਨ ਉਤੇ ਖੇਡੋ। ਜ਼ਿੰਦਗੀ ਇਕਦਮ ਬਦਲ ਚੁੱਕੀ ਹੈ। ਹੁਣ ਚਿੜੀਆਂ ਦਾ ਚਹਿਚਹਾਉਣਾ ਜਿਵੇਂ ਜਿਵੇਂ ਉੱਚਾ ਹੁੰਦਾ ਜਾਂਦਾ ਹੈ, ਜਾਪਦਾ ਹੈ ਕਿ ਉਹ ਸਾਡੇ ਬੰਦ ਦਰਵਾਜ਼ਿਆਂ ਅਤੇ ਖ਼ਾਲੀ ਸੜਕਾਂ ਨੂੰ ਨਿਹਾਰ ਕੇ ਖ਼ੁਸ਼ੀ ਮਨਾ ਰਹੀਆਂ ਹਨ। ਇਨ੍ਹਾਂ ਹਾਲਾਤ ਨੂੰ ਹਾਲ ਦੀ ਘੜੀ ਬਦਲਣਾ ਨਾਮੁਮਕਿਨ ਜਾਪਦਾ ਹੈ। ਸਾਡੀਆਂ ਸਿਹਤ ਸਹੂਲਤਾਂ ਵਿਚ ਤਾਕਤ ਹੀ ਨਹੀਂ ਕਿ ਉਹ ਇਸ ਬਿਮਾਰੀ ਦੇ ਭਾਰ ਨੂੰ ਆਪ ਚੁਕ ਲੈਣ। 1500 ਕਰੋੜ ਕੇਂਦਰ ਸਰਕਾਰ ਵਲੋਂ ਹੁਣੇ ਪਾਇਆ ਗਿਆ ਹੈ ਜੋ ਅਜੇ ਵੀ 'ਏਕਤਾ ਦੀ ਮੂਰਤੀ' (ਪਟੇਲ ਦੀ ਮੂਰਤੀ) ਉਤੇ ਲੱਗੇ ਪੈਸੇ ਤੋਂ 3000 ਕਰੋੜ ਘੱਟ ਹੈ। ਅੰਦਾਜ਼ਾ ਲਾਉਣਾ ਸੌਖਾ ਨਹੀਂ ਕਿ ਏਨੀ ਨਗੂਣੀ ਜਹੀ ਰਕਮ (ਜੋ ਇਕ ਰਾਜਸੀ ਨੇਤਾ ਦੇ ਬੁਤ ਉਤੇ ਲੱਗੀ ਰਕਮ ਤੋਂ ਵੀ ਬਹੁਤ ਘੱਟ ਹੈ) ਸਿਹਤ ਸਹੂਲਤਾਂ ਨੂੰ ਕਿੰਨਾ ਕੁ ਬਦਲ ਸਕੇਗੀ?

ਪਰ ਹੁਣ ਇਹ ਆਫ਼ਤ ਸਿਰ ਤੇ ਆਣ ਖੜੀ ਹੈ ਅਤੇ ਇਸ ਨਾਲ ਜੂਝਣਾ ਤਾਂ ਪਵੇਗਾ ਹੀ। ਜਿਵੇਂ-ਤਿਵੇਂ, ਘਰ ਦਾ ਗੁਜ਼ਾਰਾ ਤਾਂ ਕਰਨਾ ਪਵੇਗਾ, ਬੜਾ ਕੁੱਝ ਛਡਣਾ ਪਵੇਗਾ, ਕਈ ਕੁਝ ਕੁਰਬਾਨ ਹੋਵੇਗਾ ਜਿਵੇਂ ਕਿ ਜੰਗਾਂ ਵਿਚ ਹਰ ਵਾਰ ਹੁੰਦਾ ਹੀ ਹੈ। ਕਈ ਲੋਕ ਇਸ ਏਕਾਂਤਵਾਸ ਵਿਚ ਕਸਰਤ ਕਰ ਕੇ ਅਤੇ ਕੁੱਝ ਸੌਂ ਕੇ ਦਿਨ ਕੱਟ ਰਹੇ ਹਨ ਅਤੇ ਕਈ ਇਨ੍ਹਾਂ ਦੀ ਨਿੰਦਾ ਵਿਚ ਮਸਰੂਫ਼ ਹਨ। ਕਈ ਨਫ਼ਰਤ ਫੈਲਾਉਣ ਵਿਚ ਅਪਣਾ ਸਮਾਂ ਬਤੀਤ ਕਰ ਰਹੇ ਹਨ।

ਅੱਜ ਤੁਹਾਡੇ ਕੋਲ ਸਮਾਂ ਬਿਤਾਉਣ ਦਾ ਸਿਰਫ਼ ਇਕ ਹੀ ਰਾਹ ਬਾਕੀ ਬਚਿਆ ਹੈ। ਹੁਣ ਕੋਰੋਨਾ ਵਾਇਰਸ ਭਾਰਤ ਵਿਚ ਪੈਰ ਜਮਾ ਚੁੱਕਾ ਹੈ ਅਤੇ ਅਪਣਾ ਅਸਰ ਵਿਖਾਏ ਬਗ਼ੈਰ ਵਾਪਸ ਨਹੀਂ ਜਾਏਗਾ। ਸੋ ਹੁਣ ਤਿਆਰ ਹੋਣ ਦੀ ਜ਼ਰੂਰਤ ਹੈ। ਤੁਸੀ ਜੋ ਵੀ ਕਰਨਾ ਹੈ, ਅਪਣੇ ਆਪ ਵਾਸਤੇ ਅਤੇ ਅਪਣੇ ਪ੍ਰਵਾਰ ਦੀ ਸੁਰੱਖਿਆ ਵਾਸਤੇ, ਉਹ ਕਰੋ ਅਤੇ ਅਪਣਾ ਹੌਸਲਾ ਬਣਾ ਕੇ ਰੱਖੋ। ਤੁਸੀ ਸਮਾਜ ਨੂੰ ਖੜਾ ਰੱਖਣ ਵਿਚ ਯੋਗਦਾਨ ਪਾ ਸਕਦੇ ਹੋ ਜਾਂ ਇਸ ਵਿਚ ਆਪ ਵੀ ਬਿਖਰ ਸਕਦੇ ਹੋ ਤੇ ਦੂਜਿਆਂ ਨੂੰ ਵੀ ਨਾਲ ਹੀ ਡੁਬੋ ਸਕਦੇ ਹੋ। ਪੰਜਾਬੀ ਜੰਗਾਂ ਵਿਚ ਹਰਦਮ ਜਿਤਦੇ ਆਏ ਹਨ, ਪਰ ਕੀ ਇਸ ਆਧੁਨਿਕ ਜੰਗ ਵਿਚ ਵੀ ਉਹ ਅਪਣੇ ਇਤਿਹਾਸ ਨੂੰ ਬਰਕਰਾਰ ਰੱਖ ਸਕਣਗੇ?  -ਨਿਮਰਤ ਕੌਰ