Editorial: ਪੰਜਾਬ ਦਾ ਕਿਸਾਨ ਉਸੇ ਤਰ੍ਹਾਂ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਬਣਿਆ ਹੋਇਆ ਹੈ ਜਿਵੇਂ ਆਜ਼ਾਦੀ ਅੰਦੋਲਨ ਵਿਚ ਬਣਿਆ ਸੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਤਕ ਕਿਸਾਨੀ ਮੁੱਦੇ ਨੂੰ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਸਮਝਿਆ ਜਾਂਦਾ ਹੈ ਪਰ...

Farmers Protest

Editorial:  ਕਿਸਾਨਾਂ ਵਲੋਂ ਅਪਣੇ ਨਾਲ ਕੀਤੇ ਵਿਤਕਰੇ ਦਾ ਬਦਲਾ ਹੁਣ ਭਾਜਪਾ ਦੇ ਉਮੀਦਵਾਰਾਂ ਤੋਂ ਲਿਆ ਜਾ ਰਿਹਾ ਹੈ। ਕਿਸਾਨਾਂ ਵਲੋਂ ਹਰ ਪਿੰਡ ਦੇ ਬਾਹਰ ਭਾਜਪਾ ਆਗੂਆਂ ਵਾਸਤੇ ਸਵਾਲ ਲਿਖ ਕੇ ਲਾਉਣ ਦੇ ਆਦੇਸ਼ ਹਨ ਤੇ ਸਵਾਲ ਉਹ ਹਨ ਜੋ ਕਿ ਕਿਸਾਨਾਂ ਦੇ ਦਿਲਾਂ ਨੂੰ ਹੀ ਨਹੀਂ ਬਲਕਿ ਹਰ ਆਮ ਨਾਗਰਿਕ ਦੇ ਦਿਲ ਨੂੰ ਵੀ ਚੁਭਦੇ ਹਨ। ਪਿਛਲੇ ਦਿਨਾਂ ਵਿਚ ਹੀ ਪੰਜਾਬ-ਹਰਿਆਣਾ ਦੀ ਸਰਹੱਦ ਤੇ ਜੋ ਕੁੱਝ ਕਿਸਾਨਾਂ ਨਾਲ ਵਾਪਰਿਆ, ਉਸ ਦੀਆਂ ਤਸਵੀਰਾਂ ਰਾਸ਼ਟਰੀ ਮੀਡੀਆ ਤੇ ਜੋ ਵੀ ਵਿਖਾਈਆਂ ਗਈਆਂ ਹੋਣ ਪਰ ਪੰਜਾਬ  ਤੇ ਹਰਿਆਣਾ ਦੇ ਕਿਸਾਨਾਂ ਨੇ ਤਾਂ ਅਪਣੇ ਪਿੰਡੇ ’ਤੇ ਹੰਢਾਈਆਂ ਹਨ। ਕਿਸਾਨਾਂ ਦਾ ਪਹਿਲਾ ਸਵਾਲ ਹੀ ਇਨ੍ਹਾਂ ਗੋਲੀਆਂ ਨੂੰ ਲੈ ਕੇ ਹੈ ਕਿ ਉਨ੍ਹਾਂ ਤੇ ਗੋਲੀਆਂ ਕਿਉਂ ਚਲਾਈਆਂ ਗਈਆਂ?

ਫਿਰ ਜੋ ਸਵਾਲ ਸੁਨੀਲ ਜਾਖੜ ਨੇ ਚੁਕਿਆ ਸੀ ਕਿ ਸ਼ੁਭਕਰਨ ਸਿੰਘ ਦੀ ਮੌਤ ਕਿਉਂ ਹੋਈ? ਇਹ ਸਵਾਲ ਅਦਾਲਤ ਵਿਚ ਚੁਕਿਆ ਗਿਆ, ਜਾਂਚ ਚਲ ਰਹੀ ਹੈ ਪਰ ਜਦ ਤਕ ਕਿਸੇ ਦੇ ਸਿਰ ’ਤੇ ਜ਼ਿੰਮੇਵਾਰੀ ਨਹੀਂ ਪੈਂਦੀ, ਸਵਾਲ ਬੰਦ ਨਹੀਂ ਹੋਣਗੇ। ਹਰਿਆਣਾ ਦੇ ਮੁੱਖ ਮੰਤਰੀ, ਮਨੋਹਰ ਲਾਲ ਖੱਟਰ, ਜਿਨ੍ਹਾਂ ਨੇ ਇਸ ਸਾਰੀ ਕੱਟੜ ਸੋਚ ਨੂੰ ਅੰਜਾਮ ਦਿਤਾ, ਉਨ੍ਹਾਂ ਨੂੰ ਮੁੱਖ ਮੰਤਰੀ ਪਦ ਤੋਂ ਹਟਾ ਕੇ ਰਾਸ਼ਟਰੀ ਪੱਧਰ ਦੇ ਅਹੁਦੇ ’ਤੇ ਲਿਜਾਣ ਦੀ ਤਿਆਰੀ ਹੋ ਰਹੀ ਹੈ ਤੇ ਜੇ ਕਰਨਾਲ ਵਿਚ ਜਿੱਤ ਗਏ ਤਾਂ ਫਿਰ ਉਹ ਕੇਂਦਰੀ ਮੰਤਰੀ ਵੀ ਬਣ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਪਾਰਟੀ ਦੇ ਵਫ਼ਾਦਾਰ ਤੇ ਤਾਕਤਵਰ ਆਗੂ ਵਜੋਂ ਵੇਖਿਆ ਜਾ ਰਿਹਾ ਹੈ ਜਦਕਿ ਕਿਸਾਨ ਉਨ੍ਹਾਂ ਨੂੰ ਅਪਣਾ ਕੱਟੜ ਦੁਸ਼ਮਣ ਮੰਨਦੇ ਹਨ। ਲਖੀਮਪੁਰ ਖੇੜੀ ਦਾ ਸਵਾਲ ਵੀ ਅਜੇ ਜ਼ਿੰਦਾ ਹੈ ਤੇ ਉਸ ਦੇ ਕਸੂਰਵਾਰ ਵੀ ਅਜੇ ਕਾਨੂੰਨ ਦੇ ਸ਼ਿਕੰਜੇ ਤੋਂ ਬਚੇ ਹੋਏ ਹਨ ਪਰ ਕਿਸਾਨਾਂ ਉਤੇ ਪਾਏ ਗਏ ਕੇਸ ਵੀ ਅਜੇ ਤਕ ਵਾਪਸ ਨਹੀਂ ਲਏ ਗਏ।

ਕਿਸਾਨਾਂ ਵਲੋਂ ਜੋ ਸਵਾਲ ਅਪਣੀ ਆਮਦਨ ਤੇ ਕਾਰਪੋਰੇਟ ਘਰਾਣਿਆਂ ਨੂੰ ਟੈਕਸ ਮਾਫ਼ੀ, ਸਵਾਮੀਨਾਥਨ ਕਮਿਸ਼ਨ ਤੇ ਮੰਡੀ ਦੇ ਵਿਵਾਦਾਂ ਨੂੰ ਲੈ ਕੇ ਚੁੱਕੇ ਗਏ ਹਨ, ਉਨ੍ਹਾਂ ਦਾ ਸੇਕ ਕੇਵਲ ਉਮੀਦਵਾਰਾਂ ਨੂੰ ਹੀ ਨਹੀਂ ਪੁੱਜੇਗਾ ਬਲਕਿ ਦੂਰ ਦੂਰ ਅਸਰ ਕਰੇਗਾ। ਇਹ ਸਵਾਲ ਅੱਜ ਸਿਰਫ਼ ਪੰਜਾਬ ਦੇ ਪਿੰਡਾਂ ਵਿਚ ਸੁਣਾਈ ਦੇ ਰਹੇ ਹਨ ਪਰ ਕਿਸਾਨੀ ਵਰਗ ਦੇਸ਼ ਤੇ ਵਿਦੇਸ਼ ਵਿਚ ਇਕ ਦੂਜੇ ਨਾਲ ਜੁੜਿਆ ਹੋਇਆ ਹੈ ਤੇ ਇਹ ਜੋ ਦਰਾੜ ਪੈ ਰਹੀ ਹੈ, ਉਹ ਸਿਰਫ਼ ਚੋਣਾਂ ਤਕ ਸੀਮਤ ਨਹੀਂ ਰਹੇਗੀ।

ਚੋਣਾਂ ਵਿਚ ਪੰਜਾਬ ਦੀਆਂ ਸੀਟਾਂ ਕੇਂਦਰ ਵਿਚ ਬਹੁਤਾ ਅਸਰ ਨਹੀਂ ਵਿਖਾ ਸਕਦੀਆਂ ਪਰ ਗ਼ਰੀਬ ਤੇ ਅਮੀਰ ਸਮਾਜ ਦੀਆਂ ਦਰਾੜਾਂ ਜ਼ਰੂਰ ਵਿਖਾ ਰਹੀਆਂ ਹਨ।
ਇਸ ਸਾਰੀ ਸਥਿਤੀ ਨੂੰ ਸਿਰਫ਼ ਚੋਣਾਂ ਦੇ ਨਜ਼ਰੀਏ ਨਾਲ ਵੇਖਣਾ ਸਹੀ ਨਹੀਂ ਹੋਵੇਗਾ ਬਲਕਿ ਭਾਰਤੀ ਸਮਾਜ ਵਿਚ ਅੰਨਦਾਤਾ ਦੀ ਨਿਰਾਸ਼ਾ ਨੂੰ ਸਮਝਣ ਦਾ ਯਤਨ ਕਰਨ ਦੀ ਸਖ਼ਤ ਲੋੜ ਹੈ। ਪੰਜਾਬ ਵਿਚ ਭਾਜਪਾ ਵਿਚ ਨਵੇਂ ਸ਼ਾਮਲ ਹੋਏ ਕਾਂਗਰਸੀ ਆਗੂ ਰਵਨੀਤ ਬਿੱਟੂ ਵਲੋਂ ਕਿਸਾਨੀ ਮੁੱਦਿਆਂ ਨੂੰ ਹਲ ਕਰਨ ਬਾਰੇ ਵੀ ਕਦਮ ਚੁੱਕਣ ਦੀ ਗੱਲ ਕੀਤੀ ਗਈ ਹੈ ਪਰ ਵਿਸ਼ਵਾਸ ਤਾਂ ਹੀ ਬਣੇਗਾ ਜਦ ਭਾਜਪਾ ਬਤੌਰ ਪਾਰਟੀ ਇਸ ਬਾਰੇ ਕੁੱਝ ਠੋਸ ਐਲਾਨ ਕਰੇਗੀ।

ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਤਕ ਕਿਸਾਨੀ ਮੁੱਦੇ ਨੂੰ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਸਮਝਿਆ ਜਾਂਦਾ ਹੈ ਪਰ ਅਸੀ ਭੁੱਲ ਜਾਂਦੇ ਹਾਂ ਕਿ ਕਦੇ ਆਜ਼ਾਦੀ ਵੀ ਸਿਰਫ਼ ਪੰਜਾਬ ਦੀ ਹੀ ਜ਼ਿਦ ਸੀ। ਅੰਗਰੇਜ਼ਾਂ ਨਾਲ ਲੜਨਾ ਦੇਸ਼ ਪ੍ਰਤੀ ਜ਼ਿੰਮੇਦਾਰੀ ਸੀ ਪਰ ਅਪਣੀ ਸਰਕਾਰ ਨਾਲ ਟਕਰਾਅ ਇਕ ਮਜਬੂਰੀ ਹੈ ਜਿਸ ਵਿਚ ਕੇਂਦਰ ਵਲੋਂ ਹਮਦਰਦੀ ਨਾਲ ਸੁਣਵਾਈ ਨਾ ਕਰਨਾ ਇਕ ਵੱਡਾ ਕਾਰਨ ਹੈ। ਕਿਸਾਨਾਂ ਤੇ ਖ਼ਾਸ ਕਰ ਪੰਜਾਬ ਨੂੰ ਅਜਿਹਾ ਆਗੂ ਚਾਹੀਦਾ ਹੈ ਜਿਹੜਾ ਕੇਂਦਰ ਤੇ ਕਿਸਾਨਾਂ ਵਿਚਕਾਰ ਦੀਆਂ ਦੂਰੀਆਂ ਘਟਾ ਕੇ ਆਪਸੀ ਰੰਜਸ਼ਾਂ ਦੂਰ ਕਰ ਸਕੇ।                                     - ਨਿਮਰਤ ਕੌਰ