ਕਸ਼ਮੀਰ ਨੂੰ ਬਚਾਂਦੇ ਬਚਾਂਦੇ ਕਸ਼ਮੀਰੀਆਂ ਨੂੰ ਨਾ ਗਵਾ ਬੈਠੀਏ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਸ ਮਸਲੇ ਤੇ ਜਜ਼ਬਾਤੀ ਹੋ ਕੇ ਕੁੱਝ ਕਰਨ ਦੀ ਬਜਾਏ, ਸਮਝਦਾਰੀ ਨਾਲ ਤੇ ਠੰਢੇ ਦਿਮਾਗ਼ ਨਾਲ ਭਵਿੱਖ ਬਾਰੇ ਸੋਚਿਆ ਜਾਣਾ,ਸੱਭ ਲਈ ਲਾਹੇਵੰਦਾ ਰਹੇਗਾ। ਇਹ ਗੱਲ ਤਾਕਤ ਨਾਲ ਨਹੀਂ...

Kashmir Army

ਇਸ ਮਸਲੇ ਤੇ ਜਜ਼ਬਾਤੀ ਹੋ ਕੇ ਕੁੱਝ ਕਰਨ ਦੀ ਬਜਾਏ, ਸਮਝਦਾਰੀ ਨਾਲ ਤੇ ਠੰਢੇ ਦਿਮਾਗ਼ ਨਾਲ ਭਵਿੱਖ ਬਾਰੇ ਸੋਚਿਆ ਜਾਣਾ, ਸੱਭ ਲਈ ਲਾਹੇਵੰਦਾ ਰਹੇਗਾ। ਇਹ ਗੱਲ ਤਾਕਤ ਨਾਲ ਨਹੀਂ, ਪ੍ਰੇਮ ਨਾਲ ਸਮਝਾਈ ਜਾ ਸਕਦੀ ਹੈ ਤੇ ਪ੍ਰੇਮ ਦਾ ਵਾਤਾਵਰਣ ਸਿਰਜਣ ਲਈ ਕੁਰਬਾਨੀ ਵੱਡੀ ਧਿਰ ਨੂੰ ਹੀ ਦੇਣੀ ਪੈਂਦੀ ਹੈ। ਭਾਰਤ ਇਹ ਕੰਮ ਕਰ ਸਕਦਾ ਹੈ ਤੇ ਇਸ ਨੂੰ ਕਰਨਾ ਚਾਹੀਦਾ ਵੀ ਹੈ। 
ਕਸ਼ਮੀਰ ਤੋਂ ਬਿਨਾਂ ਹਿੰਦੁਸਤਾਨ ਇਕ ਨਾਮੁਕੰਮਲ, ਦੁਸ਼ਮਣਾਂ ਦੇ ਪੰਜੇ ਵਿਚ ਫਸਿਆ ਅਤੇ ਚਿੰਤਾ-ਗ੍ਰਸਤ ਦੇਸ਼ ਬਣ ਜਾਏਗਾ, ਇਸ ਲਈ ਕਸ਼ਮੀਰ ਨੂੰ ਕਿਸੇ ਵੀ ਹਾਲਤ ਵਿਚ ਦੇਸ਼ ਤੋਂ ਵੱਖ ਕਰਨ ਦੀ ਆਗਿਆ, ਇਥੋਂ ਦੀ ਕੋਈ ਵੀ ਸਰਕਾਰ ਨਹੀਂ ਦੇ ਸਕਦੀ। ਪਰ ਕਸ਼ਮੀਰ ਇਕ ਧਰਤੀ ਦਾ ਨਾਂ ਹੈ ਜਿਸ ਉਤੇ ਰਹਿਣ ਵਾਲੇ ਹੀ, ਕਸ਼ਮੀਰ ਦੇ ਅਸਲ ਮਾਲਕ ਹਨ। ਕਸ਼ਮੀਰ ਨੂੰ ਨਾਲ ਰਖਣਾ ਜਿਥੇ ਹਿੰਦੁਸਤਾਨ ਦੀ ਸਿਹਤ, ਸੁਰੱਖਿਆ, ਮਜ਼ਬੂਤੀ ਅਤੇ ਚੰਗੇ ਭਵਿੱਖ ਲਈ ਜ਼ਰੂਰੀ ਹੈ, ਉਥੇ ਕਸ਼ਮੀਰੀਆਂ ਦਾ ਭਾਰਤ ਵਿਚ ਰਹਿੰਦੇ ਹੋਏ ਵੀ ਭਾਰਤ ਤੋਂ ਦੂਰੀ ਬਣਾ ਕੇ ਰਹਿਣਾ ਵੀ, ਭਾਰਤ ਲਈ ਓਨਾ ਹੀ ਖ਼ਤਰਨਾਕ ਸਾਬਤ ਹੋ ਸਕਦਾ ਹੈ ਜਿੰਨਾ ਕਸ਼ਮੀਰ ਦਾ ਵੱਖ ਹੋਣਾ। ਪਾਕਿਸਤਾਨ ਦਾ ਕਸ਼ਮੀਰ ਅਤੇ ਕਸ਼ਮੀਰੀਆਂ, ਦੁਹਾਂ ਨੂੰ ਭਾਰਤ ਤੋਂ ਦੂਰ ਲਿਜਾਣਾ, ਸਮਝ ਵਿਚ ਆ ਸਕਦਾ ਹੈ ਕਿਉਂਕਿ ਜਿਨ੍ਹਾਂ ਹਾਲਾਤ ਵਿਚ ਭਾਰਤ ਦੀ ਵੰਡ 1947 ਵਿਚ ਕੀਤੀ ਗਈ ਸੀ, ਉਨ੍ਹਾਂ ਹਾਲਾਤ ਨੇ ਪਾਕਿਸਤਾਨ ਅਤੇ ਭਾਰਤ ਨੂੰ ਦੋ ਵਿਛੜੇ ਹੋਏ ਭਰਾ ਨਹੀਂ ਸੀ ਰਹਿਣ ਦਿਤਾ ਜਿਵੇਂ ਜਰਮਨੀ ਵਿਚ ਹੋਇਆ ਸੀ¸ਸਗੋਂ ਦੋ ਜਾਨੀ ਦੁਸ਼ਮਣ ਬਣਾ ਦਿਤਾ ਸੀ ਜੋ ਸਦਾ ਇਕ ਦੂਜੇ ਨੂੰ ਕਮਜ਼ੋਰ ਹੁੰਦਾ ਵੇਖ ਕੇ ਖ਼ੁਸ਼ ਹੁੰਦੇ ਹਨ। ਪਾਕਿਸਤਾਨ ਨੂੰ ਪਹਿਲਾਂ ਅਮਰੀਕਾ ਤੋਂ ਚੰਗੀ ਸ਼ਹਿ ਮਿਲ ਜਾਂਦੀ ਰਹੀ ਹੈ ਪਰ ਜਦ ਅਮਰੀਕਨਾਂ ਨੂੰ ਉਸ ਦੇਸ਼ ਨੇ ਕਈ ਵਾਰ ਥਿੜਕਦਿਆਂ ਵੇਖਿਆ ਤਾਂ ਉਸ ਨੇ ਚੀਨ ਨਾਲ ਯਾਰੀ ਗੰਢ ਕੇ ਅਪਣੀ ਘਟਦੀ ਜਾ ਰਹੀ ਤਾਕਤ ਨੂੰ ਫਿਰ ਤੋਂ ਇਕ ਮਜ਼ਬੂਤ ਠੁਮਣਾ ਦੇ ਲਿਆ। ਚੀਨ ਨੇ ਪਾਕਿਸਤਾਨ ਨੂੰ ਐਟਮੀ ਤਾਕਤ ਵੀ ਬਣਾ ਦਿਤਾ ਤੇ ਕਸ਼ਮੀਰ ਮਸਲੇ ਤੇ ਵੀ ਚੰਗੀ ਪਿਠ ਠੋਕੀ ਜਿਸ ਸਦਕਾ, ਕਸ਼ਮੀਰ ਵਿਚ ਪਾਕਿਸਤਾਨ ਦਾ ਦਖ਼ਲ ਹੋਰ ਜ਼ਿਆਦਾ ਵੱਧ ਗਿਆ।ਪਰ ਬਾਹਰੋਂ ਆਈ ਮਦਦ ਉਦੋਂ ਤਕ ਕਾਰਗਰ ਸਿਧ ਨਹੀਂ ਹੋ ਸਕਦੀ ਜਦ ਤਕ ਅੰਦਰ ਬੇਚੈਨੀ ਦੀ ਅੱਗ ਅਪਣੇ ਆਪ ਨਾ ਬਲ ਰਹੀ ਹੋਵੇ। ਬੇਚੈਨੀ ਦੇ ਕਾਰਨ ਤਾਂ ਬਹੁਤ ਸਾਰੇ ਹਨ ਜਿਨ੍ਹਾਂ ਦਾ ਅਰੰਭ ਆਜ਼ਾਦੀ ਦੇ ਝੱਟ ਮਗਰੋਂ ਹੀ ਹੋ ਗਿਆ ਸੀ ਜਦ ਸ਼ੇਖ਼ ਅਬਦੁੱਲਾ ਨੂੰ ਜੇਲ ਵਿਚ ਸੁਟ ਦਿਤਾ ਗਿਆ ਸੀ। ਉਸ ਮਗਰੋਂ ਹਿੰਦੁਸਤਾਨ ਦੇ ਨੀਤੀ-ਮਾਹਰਾਂ ਨੂੰ ਅਜਿਹੀ ਨੀਤੀ ਤਿਆਰ ਕਰਨੀ ਚਾਹੀਦੀ ਸੀ ਜਿਸ ਨਾਲ ਕਸ਼ਮੀਰੀ ਲੋਕ, ਪਾਕਿਸਤਾਨ ਦੇ ਨੇੜੇ ਜਾਣ ਨੂੰ ਘਾਟੇ ਵਾਲੀ ਗੱਲ ਸਮਝਣ ਲੱਗ ਪੈਣ। ਪਰ ਉਸ ਵੇਲੇ ਨੀਤੀ-ਮਾਹਰਾਂ ਨੂੰ ਲਗਦਾ ਸੀ ਕਿ ਨਹਿਰੂ ਨੇ ਮਸਲਾ ਯੂ.ਐਨ.ਓ. ਵਿਚ ਲਿਜਾਣ ਦੀ ਜਿਹੜੀ ਗ਼ਲਤੀ ਕਰ ਲਈ ਸੀ, ਉਸ ਗ਼ਲਤੀ ਦਾ ਸੁਧਾਰ ਕਰਨ ਦਾ ਇਕੋ ਸਹੀ ਰਸਤਾ ਇਹ ਸੀ ਕਿ ਫ਼ੌਜੀ ਰੂਪ ਧਾਰ ਕੇ ਸਖ਼ਤ ਹੋ ਜਾਉ ਜਿਸ ਤੋਂ ਪਾਕਿਸਤਾਨ ਨੂੰ ਵੀ ਤੇ ਕਸ਼ਮੀਰੀ ਵੱਖਵਾਦੀਆਂ ਨੂੰ ਵੀ ਸਮਝ ਆ ਜਾਏ ਕਿ ਕਿਸੇ ਵੀ ਹਾਲਤ ਵਿਚ, ਭਾਰਤ ਕਸ਼ਮੀਰ ਨੂੰ ਹੱਥੋਂ ਨਹੀਂ ਜਾਣ ਦੇਵੇਗਾ।

ਨੀਤੀ-ਮਾਹਰਾਂ ਦਾ ਵਿਚਾਰ ਸੀ ਕਿ ਦੋ ਚਾਰ ਸਾਲ ਦੀ ਸਖ਼ਤੀ ਜਾਂ ਫ਼ੌਜੀ ਤਾਕਤ ਦੇ ਵਿਖਾਵੇ ਨਾਲ, ਹਾਲਾਤ ਪੂਰੀ ਤਰ੍ਹਾਂ ਭਾਰਤ ਦੇ ਹੱਕ ਵਿਚ ਹੋ ਜਾਣਗੇ। ਪਰ ਜਿਵੇਂ ਕਿ ਵੇਖਿਆ ਜਾ ਰਿਹਾ ਹੈ, ਨਤੀਜੇ ਸਾਡੀ ਆਸ ਦੇ ਮੁਤਾਬਕ ਨਹੀਂ ਨਿਕਲ ਰਹੇ।ਇਸ ਸਮੇਂ ਹਾਲਤ ਇਹ ਹੋ ਗਈ ਹੈ ਕਿ ਬੇਸ਼ਕ ਰਾਜ ਵਿਚ ਬੀ.ਜੇ.ਪੀ.-ਪੀ.ਡੀ.ਪੀ. ਦੀ ਭਾਈਵਾਲ ਸਰਕਾਰ ਕੰਮ ਕਰ ਰਹੀ ਹੈ, ਫਿਰ ਵੀ ਆਮ ਲੋਕ, ਸੜਕਾਂ ਤੇ ਨਿਕਲ ਕੇ ਫ਼ੌਜੀ ਬਲਾਂ ਨੂੰ ਵੱਖਵਾਦੀਆਂ ਅਤੇ ਅਤਿਵਾਦੀਆਂ ਵਿਰੁਧ ਕਾਰਵਾਈ ਕਰਨ ਤੋਂ ਰੋਕਣ ਲਗਦੇ ਹਨ। ਪਿਛਲੇ ਐਤਵਾਰ ਨੂੰ ਸ਼ੋਪੀਆਂ ਵਰਗੇ ਆਮ ਤੌਰ ਤੇ ਪੁਰ-ਅਮਨ ਇਲਾਕੇ ਵਿਚ ਵੀ ਜਦ ਫ਼ੌਜੀ ਬਲਾਂ ਨੇ 5 ਅਤਿਵਾਦੀ ਮਾਰ ਦਿਤੇ ਤਾਂ ਲੋਕ ਘਰਾਂ ਵਿਚੋਂ ਨਿਕਲ ਕੇ ਫ਼ੌਜ ਦਾ ਵਿਰੋਧ ਕਰਨ ਲੱਗ ਪਏ ਜਿਸ ਮਗਰੋਂ ਹੋਈ ਕਾਰਵਾਈ ਵਿਚ ਪੰਜ ਆਮ ਕਸ਼ਮੀਰੀ ਵੀ ਮਾਰੇ ਗਏ ਤੇ 130 ਜ਼ਖ਼ਮੀ ਹੋ ਗਏ। ਕਸ਼ਮੀਰ ਬੰਦ ਦਾ ਸੱਦਾ ਆਇਆ ਤਾਂ ਸਾਰਾ ਕਸ਼ਮੀਰ ਬੰਦ ਹੋ ਕੇ ਰਹਿ ਗਿਆ। ਜਿਵੇਂ ਕਿ ਅਸੀ ਪਹਿਲਾਂ ਕਿਹਾ ਹੈ, ਕਸ਼ਮੀਰ ਨੂੰ ਭਾਰਤ ਲਈ ਬਚਾਣਾ ਤੇ ਇਸ ਨੂੰ ਭਾਰਤ ਦਾ ਅੰਗ ਬਣਾਈ ਰਖਣਾ ਬੇਹੱਦ ਜ਼ਰੂਰੀ ਹੈ ਪਰ ਇਹ ਟੀਚਾ ਕਸ਼ਮੀਰੀਆਂ ਨੂੰ ਹਮੇਸ਼ਾ ਲਈ ਭਾਰਤ ਤੋਂ ਦੂਰ ਕਰ ਕੇ ਪ੍ਰਾਪਤ ਕਰਨਾ ਬਹੁਤ ਔਖਾ ਹੋ ਜਾਵੇਗਾ। ਜਦ ਆਮ ਲੋਕ ਫ਼ੌਜ ਦੀ ਗੋਲੀ ਬੰਦੂਕ ਸਾਹਮਣੇ ਵੀ ਸਿੱਧੇ ਤਣ ਕੇ ਖੜੇ ਹੋ ਜਾਣ ਤਾਂ ਇਸ ਤੋਂ ਪਹਿਲਾਂ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਜਾਏ, ਨੀਤੀ ਵਿਚ ਤਬਦੀਲੀ ਕਰਨਾ ਜ਼ਰੂਰੀ ਹੋ ਜਾਂਦਾ ਹੈ। ਜੰਮੂ ਕਸ਼ਮੀਰ ਦੀਆਂ ਸਾਰੀਆਂ ਪਾਰਟੀਆਂ ਨੇ ਇਕ ਸਾਂਝੀ ਮੀਟਿੰਗ ਕਰ ਕੇ, ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਮਤਾ ਪਾਸ ਕੀਤਾ ਹੈ (ਬੀ.ਜੇ.ਪੀ. ਪਾਰਟੀ ਵੀ ਉਸ ਵਿਚ ਸ਼ਾਮਲ ਸੀ) ਕਿ ਰਮਜ਼ਾਨ ਮੌਕੇ 'ਗੋਲੀਬੰਦੀ' ਕਰ ਦਿਤੀ ਜਾਣੀ ਚਾਹੀਦੀ ਹੈ। ਗੋਲੀਬੰਦੀ ਨਾਲ ਮਸਲਾ ਤਾਂ ਕੋਈ ਨਹੀਂ ਹੱਲ ਹੋਣਾ ਪਰ ਇਹ ਪ੍ਰਭਾਵ ਜ਼ਰੂਰ ਦਿਤਾ ਜਾ ਸਕੇਗਾ ਕਿ ਭਾਰਤ ਸਰਕਾਰ ਵੀ, ਕਸ਼ਮੀਰੀਆਂ ਨੂੰ ਦੂਰ ਨਹੀਂ ਕਰਨਾ ਚਾਹੁੰਦੀ ਤੇ ਕਸ਼ਮੀਰੀਆਂ ਦੀ ਸਾਂਝੀ ਆਵਾਜ਼ ਸੁਣਨ ਨੂੰ ਤਿਆਰ ਰਹਿੰਦੀ ਹੈ। ਇਹ ਛੋਟੀ ਜਹੀ ਮੰਗ ਹੈ ਜਿਸ ਮਗਰੋਂ ਹੋਰ ਵੀ ਮੁਸਤੈਦੀ ਨਾਲ ਅਜਿਹੀ ਨੀਤੀ ਤਿਆਰ ਕਰਨੀ ਪਵੇਗੀ ਜੋ ਇਹ ਸੁਨੇਹਾ ਦੇਣ ਵਿਚ ਕਾਮਯਾਬ ਹੋਵੇ ਕਿ ਕਸ਼ਮੀਰ ਨੂੰ ਭਾਰਤ ਲਈ ਬਚਾਉਣ ਦੇ ਨਾਲ ਨਾਲ, ਸਰਕਾਰ ਕਸ਼ਮੀਰੀਆਂ ਨੂੰ ਵੀ ਭਾਰਤ ਦੀ ਤਾਕਤ ਦਾ ਹਿੱਸਾ ਸਮਝਦੀ ਹੈ ਤੇ ਉਨ੍ਹਾਂ ਨੂੰ ਪਾਕਿਸਤਾਨ ਵਲ ਵੇਖਣ ਦੀ ਲੋੜ ਹੀ ਮਹਿਸੂਸ ਨਹੀਂ ਕਰਨ ਦੇਵੇਗੀ। ਕਸ਼ਮੀਰੀਆਂ ਨੂੰ ਇਹ ਗੱਲ ਸਮਝਾਉਣ ਲਈ ਵੱਡੀ ਮੁਹਿੰਮ ਸ਼ੁਰੂ ਕਰਨੀ ਪਵੇਗੀ ਕਿ ਕਸ਼ਮੀਰ ਦਾ ਭਾਰਤ ਵਿਚ ਬਣਿਆ ਰਹਿਣਾ, ਹਿੰਦੁਸਤਾਨ ਲਈ ਹੀ ਨਹੀਂ, ਭਾਰਤੀ ਮੁਸਲਮਾਨਾਂ, ਕਸ਼ਮੀਰੀਆਂ ਅਤੇ ਏਸ਼ੀਆ ਦੇ ਚੰਗੇ ਭਵਿੱਖ ਲਈ ਵੀ ਬਹੁਤ ਜ਼ਰੂਰੀ ਹੈ ਅਤੇ ਇਸ ਮਸਲੇ ਤੇ ਜਜ਼ਬਾਤੀ ਹੋ ਕੇ ਕੁੱਝ ਕਰਨ ਦੀ ਬਜਾਏ, ਸਮਝਦਾਰੀ ਨਾਲ ਤੇ ਠੰਢੇ ਦਿਮਾਗ਼ ਨਾਲ ਭਵਿੱਖ ਬਾਰੇ ਸੋਚਿਆ ਜਾਣਾ, ਸੱਭ ਲਈ ਲਾਹੇਵੰਦਾ ਰਹੇਗਾ। ਇਹ ਗੱਲ ਤਾਕਤ ਨਾਲ ਨਹੀਂ, ਪ੍ਰੇਮ ਨਾਲ ਸਮਝਾਈ ਜਾ ਸਕਦੀ ਹੈ ਤੇ ਪ੍ਰੇਮ ਦਾ ਵਾਤਾਵਰਣ ਸਿਰਜਣ ਲਈ ਕੁਰਬਾਨੀ ਵੱਡੀ ਧਿਰ ਨੂੰ ਹੀ ਦੇਣੀ ਪੈਂਦੀ ਹੈ। ਭਾਰਤ ਇਹ ਕੰਮ ਕਰ ਸਕਦਾ ਹੈ ਤੇ ਇਸ ਨੂੰ ਕਰਨਾ ਚਾਹੀਦਾ ਵੀ ਹੈ।