ਬਾਲ ਫ਼ਤਿਹਵੀਰ ਬਚਾਇਆ ਜਾ ਸਕਦਾ ਸੀ ਜੇ ਜ਼ਰਾ ਗੰਭੀਰਤਾ ਨਾਲ ਤੇ ਦਿਲ ਦਰਦ ਨਾਲ ਕੋਸ਼ਿਸ਼ ਕਰਦੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਿਛਲੇ 5 ਦਿਨਾਂ ਤੋਂ ਸਾਰਾ ਪੰਜਾਬ ਫ਼ਤਿਹਵੀਰ ਵਾਸਤੇ ਅਰਦਾਸਾਂ ਕਰ ਰਿਹਾ ਸੀ ਪਰ ਰੱਬ ਨੂੰ ਉਸ ਦੀ ਜ਼ਿਆਦਾ ਲੋੜ ਹੋਵੇਗੀ ਕਿ ਉਸ ਪਵਿੱਤਰ ਰੂਹ ਨੂੰ ਅਪਣੇ ਕੋਲ ਬੁਲਾ ਲਿਆ...

Fatehveer Singh

ਪਿਛਲੇ 5 ਦਿਨਾਂ ਤੋਂ ਸਾਰਾ ਪੰਜਾਬ ਫ਼ਤਿਹਵੀਰ ਵਾਸਤੇ ਅਰਦਾਸਾਂ ਕਰ ਰਿਹਾ ਸੀ ਪਰ ਰੱਬ ਨੂੰ ਉਸ ਦੀ ਜ਼ਿਆਦਾ ਲੋੜ ਹੋਵੇਗੀ ਕਿ ਉਸ ਪਵਿੱਤਰ ਰੂਹ ਨੂੰ ਅਪਣੇ ਕੋਲ ਬੁਲਾ ਲਿਆ। ਪਰ ਜਿਹੜੀਆਂ ਲਾਪ੍ਰਵਾਹੀਆਂ ਕਾਰਨ ਉਸ ਨੰਨ੍ਹੀ ਜਾਨ ਨੂੰ ਸਾਡੇ ਪੰਜਾਬ ਵਲੋਂ ਇਕ ਦਰਦਨਾਕ ਮੌਤ ਨਾਲ ਵਿਦਾਇਗੀ ਦਿਤੀ ਹੈ, ਉਸ ਬਾਰੇ ਅੱਜ ਸਵਾਲ ਤਾਂ ਪੁਛਣੇ ਹੀ ਪੈਣਗੇ। ਜੇ ਅੱਜ ਇਹ ਮੁਸ਼ਕਲ ਸਵਾਲ ਨਾ ਪੁੱਛੇ ਤਾਂ ਇਸ ਨੰਨ੍ਹੀ ਜਾਨ ਦੀ ਮੌਤ ਮੁੜ ਤੋਂ ਕਿਸੇ ਹੋਰ ਦੇ ਪੱਲੇ ਪੈ ਜਾਵੇਗੀ। 

ਫ਼ਤਿਹਵੀਰ ਨਾਲ ਵਾਪਰੇ ਇਸ ਹਾਦਸੇ ਨੂੰ ਇਕ ਤਮਸ਼ਾ ਬਣਾ ਦਿਤਾ ਗਿਆ ਜਿਥੇ ਕਈ ਲੋਕ ਅਪਣੇ ਸੱਚੇ ਅਤੇ ਦਿਲੀ ਪਿਆਰ ਨਾਲ ਪ੍ਰਵਾਰ ਦੇ ਦਰਦ ਨੂੰ ਸਾਂਝਾ ਕਰਦੇ, ਫ਼ਿਕਰ ਅਤੇ ਚਿੰਤਾ ਨਾਲ ਮਦਦ ਕਰਨ ਅਤੇ ਫ਼ਤਿਹਵੀਰ ਦੀ ਫ਼ਤਹਿ ਹੁੰਦੀ ਵੇਖਣ ਆਏ ਸਨ, ਉਥੇ ਓਨੇ ਹੀ ਉਹ ਲੋਕ ਵੀ ਸਨ ਜੋ ਇਸ ਮੌਕੇ ਨੂੰ ਅਪਣੀ ਚੜ੍ਹਤ ਵਾਸਤੇ ਇਕ ਪੌੜੀ ਬਣਾ ਰਹੇ ਸਨ। ਉਨ੍ਹਾਂ ਵਿਚ ਕਈ ਅਜਿਹੇ ਵੀ ਬੈਠੇ ਸਨ ਜੋ ਦਿਲ ਦੇ ਕਿਸੇ ਕੋਨੇ ਵਿਚ ਇਹ ਇੱਛਾ ਵੀ ਪਾਲੀ ਬੈਠੇ ਸਨ ਕਿ ਫ਼ਤਿਹਵੀਰ ਨੂੰ ਬਾਹਰ ਨਿਕਲਣ ਵਿਚ ਜ਼ਿਆਦਾ ਸਮਾਂ ਲੱਗੇ ਤਾਕਿ ਉਹ ਇਸ ਸਮੇਂ ਨੂੰ ਅਪਣੀ ਨਿਜੀ ਚੜ੍ਹਤ ਲਈ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਵਰਤ ਸਕਣ।

ਸ਼ਾਇਦ ਉਨ੍ਹਾਂ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦੀ ਇਹ ਖੇਡ ਜਾਨ ਲੇਵਾ ਬਣ ਜਾਵੇਗੀ ਤੇ ਜਾਂ ਫਿਰ ਉਨ੍ਹਾਂ ਨੂੰ ਬੱਚੇ ਦੀ ਮੌਤ ਦੀ ਚਿੰਤਾ ਹੀ ਕੋਈ ਨਹੀਂ ਸੀ। ਇਕ ਸਵਾਲ ਇਹ ਉਠਦਾ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ? ਜਵਾਬ ਬੜਾ ਸਾਫ਼ ਹੈ। ਜੋ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਨ, ਉਹ ਗ਼ਲਤ ਨਹੀਂ ਹਨ। ਸਾਡੇ ਪ੍ਰਸ਼ਾਸਕਾਂ ਨੂੰ ਪਤਾ ਹੀ ਨਹੀਂ ਸੀ ਕਿ ਇਸ ਹਾਦਸੇ ਨੂੰ ਕਿਸ ਤਰ੍ਹਾਂ ਸੰਭਾਲਣਾ ਬਣਦਾ ਸੀ ਅਤੇ ਸ਼ਾਇਦ ਘੱਟ ਹੀ ਸਰਕਾਰੀ ਅਫ਼ਸਰਾਂ ਨੂੰ ਅੱਜ ਵੀ ਪਤਾ ਹੋਵੇਗਾ ਕਿ ਹੁਣ ਜੇ ਕੋਈ ਬੱਚਾ ਕਿਸੇ ਬੋਰਵੈੱਲ 'ਚ ਡਿੱਗ ਪਵੇ ਤਾਂ ਛੇਤੀ ਤੋਂ ਛੇਤੀ ਕੱਢਣ ਲਈ ਕੀ ਕਰਨਾ ਚਾਹੀਦੈ। ਬੱਚੇ ਨੂੰ ਬਚਾਉਣ ਲਈ ਇਕ ਨਹੀਂ ਬਲਕਿ ਅਪਣੇ ਆਪ ਨੂੰ ਮਾਹਰ ਮੰਨਣ ਵਾਲੇ ਅਨੇਕਾਂ ਲੋਕ ਹਾਜ਼ਰ ਸਨ ਅਤੇ ਉਨ੍ਹਾਂ ਮਿਲ ਕੇ ਸਲਾਹਵਾਂ ਦੀ ਖਿਚੜੀ ਪਕਾਈ ਜਿਸ ਦਾ ਅੰਤ ਬੱਚੇ ਦੀ ਮੌਤ 'ਚ ਨਿਕਲਿਆ। 

ਅਸਲ ਵਿਚ ਸਾਰੇ ਅਪਣੇ ਹਿਸਾਬ ਨਾਲ ਅੰਦਾਜ਼ਿਆਂ ਦੇ ਤੀਰ ਤੁੱਕੇ ਛੱਡ ਰਹੇ ਸਨ ਪਰ ਜ਼ਿੰਮੇਵਾਰੀ ਲੈਣ ਵਾਲਾ ਇਕ ਵੀ ਮਾਹਰ ਨਹੀਂ ਸੀ। ਆਸ ਲਗਾਈ ਜਾ ਰਹੀ ਸੀ ਖੂਹ ਖੋਦਣ ਵਾਲੇ 'ਜੱਗੇ' ਤੇ ਜੋ ਕਿ ਖੂਹ ਖੋਦਣ ਦਾ ਮਾਹਰ ਸੀ ਨਾ ਕਿ 125 ਫ਼ੁੱਟ ਬੋਰ 'ਚੋਂ ਬੱਚੇ ਕੱਢਣ ਦਾ। ਜਿਹੜੀ ਫ਼ੌਜ ਨੇ ਇਸ ਤਰ੍ਹਾਂ ਦੇ ਬਚਾਅ ਕਾਰਜ ਸਫ਼ਲਤਾ ਨਾਲ ਕੀਤੇ ਸਨ, ਉਨ੍ਹਾਂ ਨੂੰ ਅੱਗੇ ਵੀ ਨਾ ਲੱਗਣ ਦਿਤਾ ਗਿਆ। ਸੇਵਾ-ਭਾਵ ਨਾਲ ਬਣੀ ਸਰਵੇ ਵਾਲੀ ਟੀਮ ਨੇ ਘੇਰਾ ਪਾਈ ਰਖਿਆ। ਐਨ.ਡੀ.ਆਰ.ਐਫ਼. ਉਥੇ ਕੰਮ ਕਰਦੀ ਸੀ ਪਰ ਉਨ੍ਹਾਂ 'ਚੋਂ ਕਿਸੇ ਕੋਲ ਪੂਰੀ ਸਮਝ ਦੀ ਝਲਕ ਨਾ ਮਿਲੀ। ਹੁਣ ਚੰਡੀਗੜ੍ਹ ਬੈਠੀ ਸਰਕਾਰ ਦੀ ਗ਼ਲਤੀ ਵੀ ਪ੍ਰਤੱਖ ਹੈ ਕਿਉਂਕਿ ਉਥੋਂ ਕੋਈ ਵਜ਼ੀਰ ਅੱਗੇ ਆ ਕੇ ਸਥਿਤੀ ਨੂੰ ਹੱਥ ਵਿਚ ਲੈ ਲੈਂਦਾ ਤਾਂ ਨਤੀਜਾ ਵਖਰਾ ਹੀ ਹੁੰਦਾ।

ਗ਼ਲਤੀ ਦੀ ਗੱਲ ਕਰੀਏ ਤਾਂ ਜੇ ਇਹ ਹਾਦਸਾ ਕਿਸੇ ਪਛਮੀ ਦੇਸ਼ ਵਿਚ ਹੋਇਆ ਹੁੰਦਾ ਤਾਂ ਅੱਜ ਪ੍ਰਵਾਰ ਤੇ ਵੀ ਅਪਣੇ ਬੱਚੇ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਦਾ ਇਲਜ਼ਾਮ ਲਗਣਾ ਸੀ। ਇਹ ਬੋਰ ਪ੍ਰਵਾਰ ਨੇ ਆਪ ਖੁਦਵਾਇਆ ਸੀ ਅਤੇ ਫਿਰ ਉਸ ਨੂੰ ਗੰਦਗੀ ਪਾਉਣ ਵਾਲਾ ਇਕ ਕੂੜਾਦਾਨ ਬਣਾਉਣ ਦਾ ਰਸਤਾ ਬਣਾ ਕੇ ਛੱਡ ਦਿਤਾ ਸੀ। ਉਨ੍ਹਾਂ ਵਲੋਂ ਅਨਜਾਣੇ ਵਿਚ ਇਹ ਗ਼ਲਤੀ ਹੋਈ ਅਤੇ ਸਾਰੇ ਪੰਜਾਬ ਵਿਚ ਕਿੰਨੇ ਹੀ ਲੋਕ ਇਹ ਗ਼ਲਤੀ ਕਰਦੇ ਹਨ। ਕਿਸੇ ਹੋਰ ਦਾ ਬੱਚਾ ਡਿਗਦਾ ਤਾਂ ਫਿਰ ਗੱਲ ਹੋਰ ਹੁੰਦੀ।

ਅਪਣਾ ਬੱਚਾ ਸੀ ਤਾਂ ਗੱਲ ਰਫ਼ਾ-ਦਫ਼ਾ ਹੋ ਜਾਵੇਗੀ। ਪਰ ਤੁਸੀ ਅਪਣੇ ਆਸ-ਪਾਸ ਹੀ ਵੇਖ ਲਵੋ, ਕਿੰਨੇ ਬੋਰ ਖੁੱਲ੍ਹੇ ਛੱਡੇ ਗਏ ਹਨ ਅਤੇ ਕਿੰਨਾ ਖ਼ਤਰਾ ਅਸੀ ਆਪ ਹੀ ਪੈਦਾ ਕਰਦੇ ਹਾਂ। ਇਕ ਜਾਲੀ ਨਾਲ ਢੱਕ ਦੇਣ ਨਾਲ ਖ਼ਤਰਾ ਟਲ ਸਕਦਾ ਸੀ ਪਰ ਸਮਾਜ ਨੂੰ ਬਿਹਤਰ ਬਣਾਉਣ ਦੀ ਫ਼ਿਤਰਤ ਹੀ ਨਹੀਂ ਪਲਰ ਰਹੀ। ਬਸ ਏਨਾ ਕੁ ਹੀ ਕਰੋ ਜਿਸ ਨਾਲ ਅਪਣਾ ਕੰਮ ਚਲ ਜਾਵੇ, ਸਫ਼ਾਈ ਕੋਈ ਹੋਰ ਕਰ ਲਵੇਗਾ 

ਇਸ ਹਿਸਾਬ ਨਾਲ ਪੰਜਾਬ ਦਾ ਹਰ ਉਹ ਇਨਸਾਨ ਜ਼ਿੰਮੇਵਾਰ ਬਣਦਾ ਹੈ ਜੋ ਬੋਰਵੈੱਲ ਖੁੱਲ੍ਹੇ ਛੱਡ ਕੇ ਦੂਜਿਆ ਵਾਸਤੇ ਰਾਹ ਦਾ ਖ਼ਤਰਾ ਪੈਦਾ ਕਰਦਾ ਹੈ। ਅਤੇ ਜੋ ਆਖ਼ਰੀ ਇਲਜ਼ਾਮ ਲਗਦਾ ਹੈ ਅਤੇ ਜੋ ਸਾਡੇ ਸਾਰਿਆਂ ਦੇ ਸਿਰ ਤੇ ਠੀਕ ਹੀ ਲਗਦਾ ਹੈ, ਉਹ ਇਹ ਹੈ ਕਿ ਅਸੀ ਸਾਰੇ ਉਹ ਲੋਕ ਹਾਂ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਨੂੰ ਏਨੀਆਂ ਡੂੰਘਾਈਆਂ ਤੇ ਜਾਣ ਦਿਤਾ ਹੈ ਕਿ ਹੁਣ ਪਾਣੀ ਲੈਣ ਲਈ 150-125 ਫ਼ੁੱਟ ਤਕ ਜਾਣਾ ਪੈਂਦਾ ਹੈ। ਅੱਜ ਜਿੰਨਾ ਮਰਜ਼ੀ ਕਿਸੇ ਨੂੰ ਨਿੰਦ ਲਵੋ, ਇਕ ਗੱਲ ਮੰਨਣੀ ਪਵੇਗੀ ਕਿ 125-150 ਫ਼ੁੱਟ ਜ਼ਮੀਨ 'ਚ ਡਿੱਗਣ ਤੋਂ ਬਾਅਦ ਬਾਹਰ ਕਢਣਾ ਆਸਾਨ ਨਹੀਂ ਹੋ ਸਕਦਾ।

ਪਹਿਲਾਂ ਅਸੀ ਕੁਦਰਤ ਨੂੰ ਪੈਸਿਆਂ ਪਿੱਛੇ ਲੁਟਦੇ ਰਹੇ, ਅਤੇ ਅੱਜ ਵੀ ਕੁਦਰਤ ਨੂੰ ਲੁੱਟ ਰਹੇ ਹਾਂ। ਏਨੀ ਡੂੰਘਾਈ ਤੇ ਜਾ ਰਹੇ ਹਾਂ ਜਿਥੇ ਆਮ ਇਨਸਾਨ ਵਾਸਤੇ ਜਾਣਾ ਵਾਜਬ ਨਹੀਂ ਮੰਨਿਆ ਜਾ ਸਕਦਾ। ਧਰਤੀ ਨੂੰ ਅਪਣਾ ਸੰਤੁਲਨ ਬਣਾਈ ਰੱਖਣ ਲਈ ਪਾਣੀ ਚਾਹੀਦਾ ਹੈ। ਸਮੁੰਦਰ ਦਾ ਪਾਣੀ ਖ਼ਾਲੀ ਕਰ ਕੇ ਅਸੀ ਮੱਛੀ ਖਾਣ ਦੀ ਆਸ ਨਹੀਂ ਪਾਲ ਸਕਦੇ। ਧਰਤੀ ਦਾ ਏਨੀ ਡੂੰਘਾਈ ਤਕ ਪਾਣੀ ਖ਼ਾਲੀ ਕਰ ਕੇ ਅਸੀ ਉਸ ਧਰਤੀ ਦਾ ਸੰਤੁਲਨ ਵਿਗਾੜ ਰਹੇ ਹਾਂ ਜਿਸ ਉਤੇ ਅਸੀ ਆਰਾਮ ਨਾਲ ਰਹਿਣਾ ਚਾਹੁੰਦੇ ਹਾਂ। ਬਹੁਤ ਦੇਰ ਨਹੀਂ ਰਹਿ ਸਕਾਂਗੇ। 

ਫ਼ਤਿਹਵੀਰ ਦੀ ਮੌਤ ਨੂੰ ਜਾਂ ਤਾਂ ਇਕ ਦੂਜੇ ਉਤੇ ਇਲਜ਼ਾਮ ਲਾਉਣ ਦਾ ਤੇ ਨੌਕਰੀਆਂ ਲੈਣ ਦਾ ਜ਼ਰੀਆ ਬਣਾ ਲਵੋ ਜਾਂ ਉਸ ਦੀ ਮੌਤ ਨੂੰ ਕੁਦਰਤ ਦਾ ਸੰਦੇਸ਼ ਸਮਝ ਲਵੋ। ਇਸੇ ਤਰ੍ਹਾਂ ਚਲਦੇ ਰਿਹਾ ਤਾਂ ਪਾਣੀ ਦਾ ਪੱਧਰ 200-250 ਫ਼ੁੱਟ ਦੀਆਂ ਡੂੰਘਾਈਆਂ ਤੇ ਜਾਵੇਗਾ ਅਤੇ ਇਕ ਦਿਨ ਪਾਣੀ ਹੀ ਨਹੀਂ ਮਿਲੇਗਾ। ਅਪਣਾ ਪੰਜਾਬ ਹੈ, ਅਪਣੀ ਧਰਤੀ ਹੈ, ਅਪਣਾ ਫ਼ਤਿਹਵੀਰ ਸੀ, ਉਨ੍ਹਾਂ ਦੀ ਪੁਕਾਰ ਸੁਣੋ।   - ਨਿਮਰਤ ਕੌਰ