ਪੰਜਾਬ ਦੇ ਨੌਜਵਾਨ ਦਾ ਗੈਂਗਸਟਰ ਬਣਨਾ 20-25 ਸਾਲ ਤੋਂ ਹੀ ਸ਼ੁਰੂ ਹੋਇਆ ਹੈ .......

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਵਰਨਾ ਉਹ ਤਾਂ ਸਦਾ ਕੁਰਬਾਨੀ ਦੇਣ ਲਈ ਹੀ ਘਰੋਂ ਨਿਕਲਦਾ ਸੀ...

Jaipal Bhullar

ਜਦ ਜੈਪਾਲ ਭੁੱਲਰ ( Jaipal Bhullar)  ਤੇ ਜਸਪ੍ਰੀਤ ਸਿੰਘ (Jaspreet Singh)  ਦੀਆਂ ਲਹੂ ਲੁਹਾਨ ਤਸਵੀਰਾਂ ਸਾਹਮਣੇ ਆਈਆਂ ਤਾਂ ਕਈ ਮਾਵਾਂ ਰੋਈਆਂ ਹੋਣਗੀਆਂ ਤੇ ਹਰ ਇਕ ਦੇ ਦਿਲ ਵਿਚੋਂ ਇਹੀ ਚੀਸ ਉਠੀ ਹੋਵੇਗੀ ਕਿ ਸਾਡੇ ਸਿੱਖ ਮੁੰਡੇ ਮਾਰ ਦਿਤੇ ਜ਼ਾਲਮਾਂ ਨੇ। ਉਹ ਜ਼ਾਲਮ ਸਾਡੀ ਪੰਜਾਬ ਪੁਲਿਸ (Punjab Police)  ਹੈ ਜੋ ਬਲੂ ਸਟਾਰ ਅਪ੍ਰੇਸ਼ਨ ਵੇਲੇ ਤੋਂ ਪੰਜਾਬ (Punjab) ਦੀਆਂ ਮਾਵਾਂ ਵਾਸਤੇ ਸਿੱਖ ਮੁੰਡਿਆਂ ਦੀ ਕਾਤਲ ਮੰਨੀ ਜਾਣ ਲੱਗ ਪਈ ਹੈ। ਪਰ ਜੇ ਜਜ਼ਬਾਤ ਤੋਂ ਥੋੜ੍ਹਾ ਹੱਟ ਕੇ ਵੇਖਿਆ ਜਾਵੇ ਤਾਂ ਇਨ੍ਹਾਂ ਦੋਹਾਂ ਨੇ ਪਹਿਲਾਂ ਦੋ ਥਾਣੇਦਾਰਾਂ ਨੂੰ ਮਾਰਿਆ ਸੀ।

 

ਮ੍ਰਿਤਕ ਏ.ਐਸ.ਆਈ. ਭਗਵਾਨ ਸਿੰਘ ਤੇ ਏ.ਐਸ.ਆਈ. ਦਲਵਿੰਦਰ ਸਿੰਘ ਵੀ ਪੰਜਾਬ ਦੇ ਪੁੁੱਤਰ ਸਨ ਜਿਨ੍ਹਾਂ ਨੂੰ ਵੀ ਗੋਲੀਆਂ ਨਾਲ ਭੁੰਨਿਆ ਗਿਆ ਸੀ। ਇਹ ਸਿਰਫ਼ ਪੰਜਾਬ ਪੁਲਿਸ (Punjab Police) ਦਾ ਹੀ ਦਸਤੂਰ ਨਹੀਂ ਸਗੋਂ ਇਹ ਸਾਰੀ ਦੁਨੀਆਂ ਦੀ ਵਰਦੀਧਾਰੀ ਪੁਲਿਸ ਜਾਂ ਫ਼ੌਜ ਦਾ ਦਸਤੂਰ ਹੈ ਕਿ ਉਹ ਅਪਣਿਆਂ ਦੇ ਕਤਲ ਦਾ ਬਦਲਾ ਲੈ ਕੇ ਰਹਿੰਦੇ ਹਨ।  ਸੋ ਪੰਜਾਬ ਪੁਲਿਸ ਨੇ ਅਪਣਾ ਬਦਲਾ ਲੈ ਲਿਆ ਤੇ ਦੋ ਸਿੱਖ ਪੁਲਸੀਆਂ ਦੇ ਕਤਲ ਦੇ ਬਦਲੇ ਵਿਚ ਦੋ ਸਿੱਖ ਨੌਜਵਾਨ ਮਾਰ ਦਿਤੇ। ਹੁਣ ਇਸ ਪਿਛੇ ਦੀ ਇਕ ਕਹਾਣੀ ਹੈ ਜੋ ਸਾਹਮਣੇ ਆ ਰਹੀ ਹੈ ਕਿ ਜੈਪਾਲ ਭੁੱਲਰ ( Jaipal Bhullar) ਆਪ ਇਕ ਪੁਲਿਸ ਅਫ਼ਸਰ ਦਾ ਬੇਟਾ ਤੇ ਇਕ ਰਾਸ਼ਟਰੀ ਪੱਧਰ ਦਾ ਖਿਡਾਰੀ ਸੀ।

ਇਕ ਮਾਮਲੇ ਵਿਚ ਉਹ ਕੁੱਝ ਸਮੇਂ ਲਈ ਜੇਲ ਗਿਆ ਤੇ ਫਿਰ ਉਹ ਇਕ ਪੱਕਾ ਗੈਂਗਸਟਰ ਬਣ ਕੇ ਹੀ ਬਾਹਰ ਆਇਆ। ਜੈਪਾਲ ਭੁੱਲਰ ( Jaipal Bhullar)  ਵਿੱਕੀ ਗੌਂਡਰ, ਬਿਸ਼ਨੋਈ ਇਹ ਸਾਰੇ ਅੱਜ ਪੰਜਾਬ ਦੇ ਨਾਮੀ ਚਿਹਰੇ ਹਨ ਜਿਨ੍ਹਾਂ ਦੇ ਨਾਂ, ਚਾਹੁੰਦੇ ਨਾ ਚਾਹੁੰਦੇ ਵੀ, ਸਾਡੀਆਂ ਜ਼ੁਬਾਨਾਂ ’ਤੇ ਹਨ। ਜਿਸ ਤਰ੍ਹਾਂ ਪੰਜਾਬ ਦੇ ਯੁਵਾ ਆਗੂ ਗੁਰਲਾਲ ਸਿੰਘ ਦੇ ਕਤਲ ਵਿਚ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਦਾ ਹੱਥ ਸਾਹਮਣੇ ਆਇਆ ਸੀ, ਸਾਫ਼ ਹੈ ਕਿ ਹੁਣ ਸਿਆਸਤਦਾਨਾਂ, ਵਰਦੀਧਾਰੀਆਂ ਤੇ ਗੈਂਗਸਟਰਾਂ ਵਿਚਕਾਰ ਇਕ ਅਜਿਹਾ ਰਿਸ਼ਤਾ ਬਣ ਚੁੱਕਾ ਹੈ ਜੋ ਠੀਕ ਚਲਦਾ ਰਹੇ ਤਾਂ ਪੰਜਾਬ ਵਿਚ ਵੱਖ-ਵੱਖ ਤਰ੍ਹਾਂ ਦੀ ਤਸਕਰੀ ਚਲਦੀ ਰਹਿੰਦੀ ਹੈ ਤੇ ਜੇ ਵਿਗੜ ਜਾਵੇ ਤਾਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋ ਜਾਂਦੀਆਂ ਹਨ। 

ਦੁੱਖ ਇਸ ਗੱਲ ਦਾ ਹੈ ਕਿ ਇਹ ਜੋ ਅੱਜ ਹੋ ਰਿਹਾ ਹੈ, ਇਹ ਪੰਜਾਬ( punjab)  ਵਿਚ ਕਦੇ ਨਹੀਂ ਸੀ ਹੋਇਆ। ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਇਥੇ ਨੌਜਵਾਨ ਅੱਗੇ ਆ ਕੇ ਕੁਰਬਾਨ ਹੋ ਜਾਂਦੇ ਰਹੇ ਹਨ। ਸਰਹੱਦਾਂ ਦੀ ਰਾਖੀ ਦਾ ਸਵਾਲ ਹੋਵੇ ਜਾਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦਾ ਜਾਂ ਮੁਗ਼ਲਾਂ ਤੋਂ ਔਰਤਾਂ ਦੀ ਰਖਿਆ ਦਾ ਜਾਂ ਭਾਰਤ ਦੀ ਆਜ਼ਾਦੀ ਦਾ, ਹਰ ਵਾਰ ਸਿੱਖ ਨਾਮ ਹੀ ਚਮਕੇ ਹਨ। ਜਿਸ ਸਮੇਂ ਔਰਤਾਂ ਨੂੰ ਬਰਾਬਰੀ ਦੇ ਕਾਗ਼ਜ਼ੀ ਹੱਕ ਵੀ ਨਹੀਂ ਸਨ ਮਿਲੇ ਹੋਏ, ਸਿੱਖ ਔਰਤਾਂ ਮਾਈ ਭਾਗੋ ਤੋਂ ਲੈ ਕੇ ਮਹਾਰਾਣੀ ਜਿੰਦਾਂ ਵਰਗੀਆਂ ਨੇ ਦਲੇਰੀ ਨਾਲ ਸਮਾਜ ਵਿਚ ਅਪਣਾ ਯੋਗਦਾਨ ਪਾਇਆ।

ਉਨ੍ਹਾਂ ਤਲਵਾਰਾਂ ਚੁੱਕੀਆਂ ਤਾਂ ਹੱਕ ਸੱਚ ਦੀ ਲੜਾਈ ਵਾਸਤੇ ਹੀ। ਪਰ ਇਹੋ ਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਜਿਥੇ ਗੈਂਗਸਟਰ, ਲੁਟੇਰੇ, ਡਾਕੂੁ ਇਸ ਕੌਮ ਵਿਚੋਂ ਨਿਕਲ ਕੇ ਆਏ ਹੋਣ। ਜਦ ਦਰਬਾਰ ਸਾਹਿਬ( Darbar Sahib)  ਅੰਦਰ ਫ਼ੌਜ ਭੇਜ ਕੇ ਲਾਸ਼ਾਂ ਵਿਛਾ ਦਿਤੀਆਂ ਗਈਆਂ ਤੇ 36 ਗੁਰਦਵਾਰਿਆਂ ਉਤੇ ਪੁਲਿਸ ਹਮਲਾਵਰ ਹੋ ਗਈ ਤਾਂ ਬੰਦੂਕ ਚੁਕਣ ਵਾਲੇ ਨੌਜਵਾਨ ਧਰਮ ਦੀ ਖ਼ਾਤਰ ਕੁਰਬਾਨ ਹੋਣ ਵਾਸਤੇ ਅੱਗੇ ਆਏ ਸਨ। ਉਨ੍ਹਾਂ ਨੂੰ ਸਿਸਟਮ, ਅਤਿਵਾਦੀ ਆਖ ਸਕਦਾ ਹੈ ਪਰ ਜਾਣਦਾ ਹਰ ਕੋਈ ਹੈ ਕਿ ਉਹ ਕੌਮ ਦੇ ਸ਼ਹੀਦ ਸਨ।

 

ਇਹ ਵੀ ਪੜ੍ਹੋ :  ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਦੇ ਬਿਆਨਾਂ ਵਿਚੋਂ ਸਚਾਈ ਉਕਾ ਹੀ ਨਹੀਂ ਲਭਦੀ : ਰਾਜੇਵਾਲ

 

ਬੈਰਕਾਂ ਛੱਡ ਕੇ ਅੰਮ੍ਰਿਤਸਰ ਵਲ ਕੂਚ ਕਰਨ ਵਾਲੇ, ਧਰਮੀ ਫ਼ੌਜੀ ਸਨ ਨਾ ਕਿ ਫ਼ੌਜ ਦੇ ਭਗੌੜੇ। ਪਰ ਜਿਨ੍ਹਾਂ ਗੈਂਗਸਟਰਾਂ ਦੀਆਂ ਲਹੂ ਲੁਹਾਨ ਲਾਸ਼ਾਂ ਵੇਖ ਕੇ ਅੱਜ ਸਾਡੀਆਂ ਮਾਵਾਂ ਰੋਂਦੀਆਂ ਹਨ, ਉਨ੍ਹਾਂ ਨੂੰ ਅਸੀ ਕੀ ਆਖੀਏ? ਉਨ੍ਹਾਂ ਵਾਸਤੇ ਕਿਹੜੇ ਹਮਦਰਦੀ ਦੇ ਲਫ਼ਜ਼ ਬੋਲੀਏ? ਜਿਹੜੇ ਨੌਜਵਾਨ ਕਿਸੇ ਸਿਆਸਤਦਾਨ, ਕਿਸੇ ਨਸ਼ਾ ਤਸਕਰ ਦੇ ਪਿਛੇ, ਪੈਸੇ ਤੇ ਤਾਕਤ ਲਈ ਲੱਗੇ ਹੋਏ ਹਨ, ਉਨ੍ਹਾਂ ਦੇ ਹੱਕ ਵਿਚ ਕੀ ਦਲੀਲ ਦਿਤੀ ਜਾ ਸਕਦੀ ਹੈ?

550 ਸਾਲ ਦੇ ਇਤਿਹਾਸ ਵਿਚ, ਪਿਛਲੇ 20-25 ਸਾਲ ਦੌਰਾਨ ਹੀ ਸਾਡੇ ਨੌਜਵਾਨਾਂ ਵਿਚ ਕਮਜ਼ੋਰੀ ਵਿਖਾਈ ਦਿਤੀ ਹੈ। ਭਾਵੇਂ ਮਹਾਂਮਾਰੀ ਵਿਚ ਸਿੱਖ ਕਿਰਦਾਰ ਚਮਕਿਆ ਵੀ ਹੈ, ਗੈਂਗਸਟਰਾਂ ਦੇ ਨਾਂ ਹੇਠ ਉਪਜੇ ਇਸ ਵਧਦੇ ਤਬਕੇ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਜੇ ਇਹ ਤਬਕਾ ਛੋਟਾ ਹੈ, ਅਜੇ ਪੰਜਾਬ ਨਸ਼ੇ ਦੀ ਰਾਜਧਾਨੀ ਨਹੀਂ ਬਣੀ, ਅਜੇ ਮੋੜਾ ਕਟਿਆ ਜਾ ਸਕਦਾ ਹੈ। ਪਰ ਉਸ ਵਾਸਤੇ ਅੱਜ ਇਕ ਡੂੰਘੀ ਖੋਜ ਦੀ ਲੋੜ ਹੈ ਜੋ ਅਪਣੀ ਸੱਚਾਈ ਨੂੰ ਸਮਝ ਕੇ ਰਣਨੀਤੀ ਬਣਾਵੇ। ਇਸ ਕੰਮ ਦਾ ਆਰੰਭ ਤਾਂ ਐਸ.ਜੀ.ਪੀ.ਸੀ. ਤੋਂ ਹੋਣਾ ਚਾਹੀਦਾ ਹੈ ਪਰ ਉਹ ਤਾਂ ਸਿਆਸੀ ਰਣਨੀਤੀਆਂ ਬਣਾਉਣ ਵਿਚ ਹੀ ਮਸਰੂਫ਼ ਹੈ। 
- ਨਿਮਰਤ ਕੌਰ