‘‘ਅਸੀ ਤੁਹਾਡੇ ਨਾਲੋਂ ਜ਼ਿਆਦਾ ਈਮਾਨਦਾਰ ਹਾਂ’’ ਵਾਲੀ ਸਿਆਸੀ ਪਾਰਟੀਆਂ ਦੀ ਲੜਾਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਜੀਬ ਇਤਫ਼ਾਕ ਹੈ ਕਿ ਜਦ ਇਸ ਫ਼ਾਈਲ ਦਾ ਜ਼ਿਕਰ ਆਇਆ ਤਾਂ ਕਈ ਕਾਂਗਰਸੀ ਆਗੂ ਰਾਤੋ ਰਾਤ ਭਾਜਪਾਈ ਬਣ ਗਏ।

CM mann

 

ਕਾਂਗਰਸ ਦੇ ਸਾਰੇ ਵਿਧਾਇਕ ਅਪਣੇ ਦੋ ਸਾਥੀਆਂ ਵਾਸਤੇ ਕਲ ਮੁੱਖ ਮੰਤਰੀ ਦੇ ਦਫ਼ਤਰ ਦੇ ਬਾਹਰ ਬੈਠ ਗਏ। ਸਾਧੂ ਸਿੰਘ ਧਰਮਸੋਤ ਅਤੇ ਗਿਲਜੀਆਂ ਉਤੇ ਜੋ ਦੋਸ਼ ਲਗਾਏ ਗਏ ਹਨ ਉਨ੍ਹਾਂ ਨੂੰ ਕਾਂਗਰਸ ਸਿਆਸੀ ਬਦਲਾਖ਼ੋਰੀ ਦਸ ਰਹੀ ਹੈ। ਪਰ ਸਾਬਕਾ ਕਾਂਗਰਸੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਫ਼ਾਈਲ ਲੈ ਕੇ ਬੈਠੇ ਹਨ ਜਿਸ ਵਿਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਬਾਰੇ ਭ੍ਰਿਸ਼ਟਾਚਾਰ ਦੀ ਜਾਣਕਾਰੀ ਦਿਤੀ ਗਈ ਹੈ। ਅਜੀਬ ਇਤਫ਼ਾਕ ਹੈ ਕਿ ਜਦ ਇਸ ਫ਼ਾਈਲ ਦਾ ਜ਼ਿਕਰ ਆਇਆ ਤਾਂ ਕਈ ਕਾਂਗਰਸੀ ਆਗੂ ਰਾਤੋ ਰਾਤ ਭਾਜਪਾਈ ਬਣ ਗਏ।

 

ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਹੁੰਦੇ ਹੋਏ ਆਪ ਮੰਨ ਰਹੇ ਹਨ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਭ੍ਰਿਸ਼ਟਾਚਾਰ ਸੀ, ਤਾਂ ਇਸ ਤੋਂ ਜ਼ਿਆਦਾ ਸ਼ਰਮਨਾਕ ਹੋਰ ਕੀ ਗੱਲ ਹੋ ਸਕਦੀ ਹੈ? ਪਰ ਕਾਂਗਰਸ ਹੁਣ ਇਕਜੁਟ ਹੋ ਕੇ ਅਪਣੇ ਸਾਥੀਆਂ ਨਾਲ ਖੜੀ ਹੋਣ ਲਈ ਮਜਬੂਰ ਹੈ। ਇਹ ਉਨ੍ਹਾਂ ਦੀ ਖ਼ਾਸੀਅਤ ਹੈ ਕਿ ਉਹ ਸਮੇਂ ਦੀ ਮੰਗ ਦੇ ਉਲਟ ਚਲਣਾ ਪਸੰਦ ਕਰਦੇ ਹਨ। ਜਦ ਇਕਜੁਟ ਹੋਣ ਦਾ ਸਮਾਂ ਸੀ ਤਾਂ ਇਹ ਲੋਕ ਇਕ ਦੂਜੇ ਵਿਰੁਧ ਚਲਦੇ ਸਨ ਤੇ ਹੁਣ ਜਦ ‘ਆਪ’ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਕਥਨਾਂ ਦੀ ਸਚਾਈ ਲੱਭਣ ਲਈ ਕੁੱਝ ਕਾਰਵਾਈ ਕਰ ਰਹੀ ਹੈ ਤਾਂ ਕਾਂਗਰਸੀ ਇਕਜੁਟ ਹੋਣ ਦਾ ਵਿਖਾਵਾ ਕਰ ਰਹੇ ਹਨ। ਜੇ ਉਨ੍ਹਾਂ ਇਹ ਇਕਜੁਟਤਾ ਪਹਿਲਾਂ ਵਿਖਾ ਦਿਤੀ ਹੁੰਦੀ ਤਾਂ ਸ਼ਾਇਦ ‘ਆਪ’ ਸਰਕਾਰ ਬਣਦੀ ਹੀ ਨਾ ਤੇ ਕਾਂਗਰਸੀਆਂ ਉਤੇ ਲੱਗੇ ਦੋਸ਼ ਬਾਹਰ ਆਉਂਦੇ ਹੀ ਨਾ।

 

ਪੰਜਾਬ ਵਿਚ ਮਾਨ ਸਰਕਾਰ ਨੇ ਅਪਣਾ ਹੀ ਮੰਤਰੀ ਕੱਢ ਕੇ ਇਕ ਨਵੀਂ ਰੀਤ ਦੀ ਸ਼ੁਰੂਆਤ ਕੀਤੀ ਤੇ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਕਿ ਹੁਣ ਵਜ਼ੀਰ ਬਣੇ ਰਹਿਣਾ ਹੈ ਤਾਂ ਇਮਾਨਦਾਰ ਹੋਣਾ ਹੀ ਪਵੇਗਾ। ਪਰ ਜਿਉਂ ਹੀ ਇਹ ਕਦਮ ਕਾਂਗਰਸੀ ਆਗੂਆਂ ਵਿਰੁਧ ਚੁਕੇ ਗਏ ਤਾਂ ਦਿੱਲੀ ਵਿਚ ਮੰਤਰੀ ਜੈਨ ਤੇ ਕਰੀਬੀਆਂ ਤੇ ਰੇਡ ਪਾ ਕੇ ਭਾਜਪਾ ਨੇ ‘ਆਪ’ ਵਾਲਿਆਂ ਦੀ ਈਮਾਨਦਾਰੀ ਉਤੇ ਅਪਣਾ ਦਾਗ਼ ਪੋਚ ਦਿਤਾ। ਭਾਜਪਾ ਨੇ 2ਜੀ ਸਕੀਮ ਤੇ ਅੰਨਾ ਹਜ਼ਾਰੇ ਲਹਿਰ  ਸਦਕਾ ਕਾਂਗਰਸ ਨੂੰ ਭ੍ਰਿਸ਼ਟ ਵਿਖਾ ਕੇ ਦੇਸ਼ ਦੀ ਸੱਤਾ ਹਾਸਲ ਕੀਤੀ ਸੀ। ਹੁਣ ਭਾਜਪਾ ਦੇ 8 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਮੋਦੀ ਨੇ ਬੜੇ ਫ਼ਖ਼ਰ ਨਾਲ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਕੋਈ ਵੱਡਾ ਸਕੈਮ ਨਹੀਂ ਹੋਇਆ। ਕਾਂਗਰਸ ਰਾਫ਼ੇਲ ਦਾ ਰੌਲਾ ਪਾਉਂਦੀ ਰਹੀ ਪਰ ਸਾਬਤ ਕੁੱਝ ਨਾ ਕਰ ਸਕੀ। 

 

ਭਾਜਪਾ ਨੇ ਕਾਂਗਰਸ ਦੇ ਗਾਂਧੀ ਪ੍ਰਵਾਰ ਨੂੰ ਵੀ ਈ.ਡੀ. ਦੇ ਚੱਕਰਾਂ ਵਿਚ ਘੇਰ ਲਿਆ ਹੈ ਤੇ ਪੀ. ਚਿਦੰਬਰਮ ਦਾ ਬੇਟਾ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ ਵਿਚ ਰਹਿ ਵੀ ਚੁੱਕਾ ਹੈ ਤੇ ਹੁਣ ਵੀ ਜ਼ਮਾਨਤ ਤੇ ਬਾਹਰ ਹੈ। ਜਿਥੇ ਕਾਂਗਰਸ ਇਕਜੁਟ ਰਹਿਣਾ ਸਿਖ ਰਹੀ ਹੈ, ਉਥੇ ‘ਆਪ’ ਤੇ ਭਾਜਪਾ ਇਮਾਨਦਾਰੀ ਦੇ ਖ਼ਿਤਾਬ ਵਾਸਤੇ ਲੜ ਰਹੇ ਹਨ। ‘ਆਪ’ ਵਿਚ ਭਾਜਪਾ ਉਤੇ ਹਮਲਾਵਰ ਹੋਣ ਦੀ ਤਾਕਤ ਨਹੀਂ। ਸੋ ਉਨ੍ਹਾਂ ਦੇ ਨਿਸ਼ਾਨੇ ਤੇ ਕਾਂਗਰਸ ਹੈ। ਪਰ ਜੇ ਭਾਜਪਾ ਕਾਂਗਰਸ ਦੇ ਦਾਗ਼ੀਆਂ ਨੂੰ ਸ਼ਰਨ ਦੇ ਰਹੀ ਹੈ ਤਾਂ ਕੀ ਉਹ ਇਮਾਨਦਾਰੀ ਦਾ ਢੋਲ ਵਜਾਉਂਦੀ ਠੀਕ ਲਗਦੀ ਹੈ? ਇਨ੍ਹਾਂ ਸਾਰੇ ਸਿਆਸੀ ਆਗੂਆਂ ਦੀ ‘‘ਅਸੀ ਸੱਭ ਤੋਂ ਵੱਡੇ ਈਮਾਨਦਾਰ’’ ਵਾਲੀ ਲੜਾਈ ਵੇਖ ਕੇ ਇਹ ਸਵਾਲ ਜ਼ਰੂਰ ਉਠਦਾ ਹੈ ਕਿ ਆਖ਼ਰ ਇਮਾਨਦਾਰੀ ਹੁੰਦੀ ਕੀ ਹੈ?

 

ਕੀ ਇਮਾਨਦਾਰੀ ਤਾਕਤਵਰ ਦੀ ਗੋਲੀ (ਨੌਕਰਾਣੀ) ਹੁੰਦੀ ਹੈ ਜਾਂ ਕੀ ਸਿਆਸਤਦਾਨਾਂ ਦੇ ਸਮੂਹ ਵਿਚੋਂ ਇਮਾਨਦਾਰੀ ਲਭਣੀ ਮੁਮਕਿਨ ਵੀ ਹੈ? ਜਦ ਤਾਕਤ ਵਿਚ ਬੈਠੇ ਹੁੰਦੇ ਹਨ ਤਾਂ ਅਪਣੀ ਤਾਕਤ ਸਦਕੇ ਇਕ ਆਮ ਇਨਸਾਨ ਤੋਂ ਕਿਤੇ ਵੱਧ ਸਹੂਲਤਾਂ ਲੈ ਜਾਂਦੇ ਹਨ ਤਾਂ ਕੀ ਉਹ ਇਮਾਨਦਾਰ ਰਹਿ ਵੀ ਸਕਦੇ ਹਨ? ਜਿਹੜੇ ਲੋਕ ਸ਼ਾਸਕਾਂ ਦੇ ਚਹੇਤੇ ਹੁੰਦੇ ਹਨ, ਉਨ੍ਹਾਂ ਨੂੰ ਤਾਂ ਜੇਲਾਂ ਵਿਚ ਵੀ.ਆਈ.ਪੀ. ਸੈੱਲ ਮਿਲ ਜਾਂਦੇ ਹਨ ਤੇ ਬਾਕੀ ਆਮ ਇਨਸਾਨ 8&8 ਦੇ ਕਬੂਤਰਖ਼ਾਨਿਆਂ ਵਿਚ ਡੱਕੇ ਰਹਿੰਦੇ ਹਨ। 

ਕਈਆਂ ਦੀ ਪੈਸੇ ਨਾਲ ਅਤੇ ਕਈਆਂ ਦੀ ਜਾਣ ਪਹਿਚਾਣ ਸਦਕੇ ਹੀ ਫ਼ਾਈਲ ਤੇਜ਼ ਚਲਣ ਲਗਦੀ ਹੈ। ਕਈਆਂ ਦੀਆਂ ਫ਼ਾਈਲਾਂ ਸਾਲਾਂ ਤਕ ਖੁੱਡੇ ਲਾਈਨ ਪਈਆਂ ਰਹਿ ਜਾਂਦੀਆਂ ਹਨ। ਝੂਠੀਆਂ ਕਦਰਾਂ ਕੀਮਤਾਂ ਨੂੰ ਪ੍ਰਣਾਏ ਹੋਏ ਸਿਆਸਤਦਾਨ ਕੀ ਇਮਾਨਦਾਰੀ ਦੇ ਤਾਜ ਦੇ ਹੱਕਦਾਰ ਬਣ ਵੀ ਸਕਦੇ ਹਨ ਜਾਂ ਇਹ ਸਾਰੀ ਕਾਇਨਾਤ ਦੀ ਲੜਾਈ ਵਾਂਗ ਤਾਕਤਵਰ ਦੀ ਹੀ ਲੜਾਈ ਹੈ? ਤਾਕਤਵਰ ਹੀ ਇਮਾਨਦਾਰ ਹੈ ਤੇ ਬਾਕੀ ਸਿਰ ਝੁਕਾਅ ਕੇ ਉਸ ਦੇ ਦਾਅਵੇ ਨੂੰ ਕਬੂਲਣ ਵਾਸਤੇ ਮਜਬੂਰ ਹੁੰਦੇ ਹਨ।