ਦੇਸ਼ ਵਿਦੇਸ਼ ਦੇ ਸਿੱਖ  ਆਗੂ, ਸਿੱਖਾਂ ਦਾ ਨੁਕਸਾਨ ਕਰਵਾਉਣ ਤੇ ਅਪਣੀ ਚੜ੍ਹਤ ਲਈ ਹੀ ਕੰਮ ਕਰਦੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦੇਸ਼ ਵਿਦੇਸ਼ ਦੇ ਸਿੱਖ  ਆਗੂ, ਸਿੱਖਾਂ ਦਾ ਨੁਕਸਾਨ ਕਰਵਾਉਣ ਤੇ ਅਪਣੀ ਚੜ੍ਹਤ ਲਈ ਹੀ ਕੰਮ ਕਰਦੇ ਰਹਿਣਗੇ ਜਾਂ...?

Sikh spectator

ਭਾਰਤ ਵਿਚ ਕ੍ਰਿਕਟ ਦੇ ਪਾਗ਼ਲਪਨ ਨੂੰ ਅਕਸਰ ਭਾਰਤ-ਪਾਕਿ ਵਿਚਕਾਰ ਜੰਗ ਦਾ ਰੂਪ ਧਾਰਨ ਕਰਦਿਆਂ ਵੇਖਿਆ ਗਿਆ ਹੈ। ਭਾਵੇਂ ਇਹ ਖਿਡਾਰੀਆਂ ਵਾਸਤੇ ਇਕ ਖੇਡ ਹੀ ਹੈ ਪਰ ਵੇਖਣ ਵਾਲੇ, ਬਿਨਾਂ ਕਾਰਨ ਭਾਵੁਕ ਹੋ ਜਾਂਦੇ ਹਨ। ਇਸ ਪਾਗ਼ਲਪਨ ਦੀ ਕਮਜ਼ੋਰੀ ਨੂੰ ਸਮਝਦੇ ਹੋਏ ਸਿੱਖਜ਼ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਪਿਛਲੇ ਹਫ਼ਤੇ ਇੰਗਲੈਂਡ ਵਿਚ ਵਰਲਡ ਕੱਪ ਦੌਰਾਨ ਭਾਰਤੀ ਟੀਮ ਵਿਰੁਧ ਪ੍ਰਦਰਸ਼ਨ ਕਰਨ ਦਾ ਸੱਦਾ ਦਿਤਾ। ਗੁਰਪਤਵੰਤ ਸਿੰਘ ਪੰਨੂ ਨੇ ਇਸ ਪ੍ਰਦਰਸ਼ਨ ਤੋਂ ਕੀ ਖਟਿਆ, ਇਹ ਤਾਂ ਉਹੀ ਜਾਣਨ ਪਰ ਪਹਿਲਾਂ ਪ੍ਰਦਰਸ਼ਨਕਾਰੀ ਸਿੱਖ ਨੂੰ ਬਾਹਰ ਕੱਢ ਦਿਤਾ ਗਿਆ ਤੇ ਫਿਰ ਭਾਰਤ ਸਰਕਾਰ ਵਲੋਂ ਅੱਜ ਐਸ.ਐਫ਼.ਜੇ. ਨੂੰ ਇਕ ਗ਼ੈਰਕਾਨੂੰਨੀ ਸੰਸਥਾ ਕਰਾਰ ਦੇ ਕੇ ਉਸ ਉਤੇ ਪਾਬੰਦੀ ਲਾ ਦਿਤੀ ਗਈ ਹੈ। ਸਿੱਖ ਲੀਡਰ ਇਥੇ ਵੀ ਤੇ ਬਾਹਰ ਵੀ, ਸਿੱਖਾਂ ਦੇ ਭਵਿੱਖ ਬਾਰੇ ਦੂਰ ਦੀ ਸੋਚ ਕੇ ਗੱਲ ਕਰਨ ਦੀ ਜਾਚ ਕਦੋਂ ਸਿਖਣਗੇ?

ਸਿੱਖ ਲੀਡਰਾਂ ਦੀ ਕਮਜ਼ੋਰੀ ਹੁਣ ਮੁੜ ਤੋਂ ਪਾਕਿਸਤਾਨ ਦੀ ਆਈ.ਐਸ.ਆਈ. ਇਸਤੇਮਾਲ ਕਰ ਸਕਦੀ ਹੈ। ਕਰਤਾਰਪੁਰ ਲਾਂਘਾ ਇਮਰਾਨ ਖ਼ਾਨ ਵਲੋਂ ਸਿੱਖਾਂ ਵਾਸਤੇ ਇਕ ਤੋਹਫ਼ਾ ਹੈ ਅਤੇ ਇਸ ਨਾਲ ਜੇ ਉਹ ਅਪਣੀ ਕਮਜ਼ੋਰ ਆਰਥਕਤਾ ਨੂੰ ਮਜ਼ਬੂਤ ਵੀ ਕਰ ਲੈਣ ਤਾਂ ਇਸ ਵਿਚ ਕੋਈ ਖ਼ਰਾਬੀ ਨਹੀਂ। ਕਰਤਾਰਪੁਰ ਨੂੰ ਇਕ ਸੈਲਾਨੀ ਕੇਂਦਰ ਬਣਾਉਣ ਵਾਸਤੇ ਵਿਦੇਸ਼ਾਂ ਤੋਂ ਸਿੱਖ ਜੁੜ ਰਹੇ ਹਨ ਅਤੇ ਇਹ ਭਾਰਤ ਦੀ ਕਮਜ਼ੋਰੀ ਹੈ ਅਤੇ ਪਾਕਿਸਤਾਨ ਦੀ ਸਿਆਣਪ ਵੀ। ਪਰ ਨਾਲ ਨਾਲ ਆਈ.ਐਸ.ਆਈ. ਅਤੇ ਐਸ.ਐਫ਼.ਜੇ. ਦੀ ਸਾਂਝ ਨਾਲ ਖ਼ਾਲਿਸਤਾਨ ਦੀ ਆਵਾਜ਼ ਉੱਚੀ ਹੋਣੀ ਸ਼ੁਰੂ ਹੋ ਗਈ ਹੈ। ਅੱਜ ਭਾਰਤ ਸਰਕਾਰ (ਭਾਜਪਾ) ਅਤੇ ਪੰਜਾਬ ਸਰਕਾਰ (ਕਾਂਗਰਸ) ਵਿਚਕਾਰ ਲੜਾਈ ਕਾਂਗਰਸ ਮੁਕਤ ਭਾਰਤ ਦੀ ਹੈ। ਇਕ ਕੱਟੜ ਸੋਚ ਪੰਜਾਬ 'ਚੋਂ ਕਾਂਗਰਸ ਨੂੰ ਕਮਜ਼ੋਰ ਕਰਨ ਦਾ ਇਕ ਮੌਕਾ ਦੇ ਸਕਦੀ ਹੈ।

ਕਾਂਗਰਸ ਨੂੰ ਪੰਜਾਬ 'ਚ ਕਮਜ਼ੋਰ ਕਰਨ ਦੀ ਸਿਆਸੀ ਜੰਗ ਵਿਚ ਪੰਜਾਬ ਦੇ ਨੌਜੁਆਨ ਮੁੜ ਤੋਂ ਪੀਸੇ ਜਾ ਸਕਦੇ ਹਨ। ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਤਣਾਅ ਇਸ ਤਰ੍ਹਾਂ ਦਾ ਹੈ ਕਿ ਇਸ ਬਜਟ ਵਿਚ ਭਾਵੇਂ ਸੱਭ ਵਾਸਤੇ ਕੁੱਝ ਨਾ ਕੁੱਝ ਸੀ ਪਰ ਪੰਜਾਬ ਵਾਸਤੇ ਕੁੱਝ ਖ਼ਾਸ ਨਹੀਂ ਸੀ। ਬਾਬੇ ਨਾਨਕ ਨੂੰ ਪੂਰਾ ਭਾਰਤ ਪਿਆਰ ਕਰਦਾ ਹੈ ਪਰ ਬਾਬੇ ਨਾਨਕ ਦੀ ਜਨਮ ਸ਼ਤਾਬਦੀ ਮਨਾਉਣ ਵਾਸਤੇ ਕੇਂਦਰ ਇਕ ਧੇਲਾ ਨਹੀਂ ਕੱਢ ਸਕਿਆ। ਅੱਜ ਜੇ ਸਾਰੇ ਸਿੱਖ ਆਗੂ, ਭਾਵੇਂ ਉਹ ਅਕਾਲੀ ਦਲ ਦੇ ਹੋਣ ਜਾਂ ਕਾਂਗਰਸ ਦੇ, ਸੱਭ ਆਪੋ-ਅਪਣੀ ਚੜ੍ਹਤ ਬਣਾਉਣ ਦੀ ਹੀ ਸੋਚਦੇ ਰਹੇ ਤਾਂ ਪੰਜਾਬ ਦੀ ਰਾਖੀ ਕੌਣ ਕਰੇਗਾ?

ਜੇ ਕਾਂਗਰਸ ਸਰਕਾਰ ਨੂੰ ਨੀਵਾਂ ਵਿਖਾਉਣ ਵਾਸਤੇ ਜਨਮ ਸ਼ਤਾਬਦੀ ਜਸ਼ਨਾਂ 'ਤੇ ਇਕ ਧੇਲਾ ਨਹੀਂ ਕਢਣਾ ਤਾਂ ਕੀ, ਅਕਾਲੀ ਦਲ ਲੋੜ ਪੈਣ ਤੇ ਪੰਜਾਬ ਸਰਕਾਰ ਨਾਲ ਖੜਾ ਦਿੱਸੇਗਾ ਜਾਂ ਕੀ ਉਹ ਨੌਜੁਆਨਾਂ ਨੂੰ ਬਚਾ ਸਕੇਗਾ ਜਾਂ ਕਾਂਗਰਸ ਵਿਰੁਧ ਕੰਮ ਕਰ ਕੇ ਤੇ ਬੀ.ਜੇ.ਪੀ. ਨੂੰ ਪੰਜਾਬ ਵਿਚ ਸੱਤਾ ਦੇ ਸਿੰਘਾਸਨ ਤੇ ਬਿਠਾ ਕੇ, ਅਪਣੀ ਇਕ ਹੋਰ ਪੀੜ੍ਹੀ ਨੂੰ ਕੁਰਬਾਨ ਕਰੇਗਾ? ਜਦ ਸਿਆਸਤਦਾਨ ਜੰਗ ਵਿਚ ਉਤਰਦਾ ਹੈ ਤਾਂ ਸੱਤਾ ਦੀ ਜਿੱਤ ਵੇਖਦਾ ਹੈ। ਉਹ ਕਦੇ ਆਮ ਇਨਸਾਨ ਜਾਂ ਮਨੁੱਖੀ ਅਧਿਕਾਰਾਂ ਬਾਰੇ ਨਹੀਂ ਸੋਚਦਾ। ਇੰਦਰਾ ਗਾਂਧੀ ਦੇ ਦੌਰ ਵਿਚ ਪੰਜਾਬ ਅੰਦਰ ਸ਼ੁਰੂ ਹੋਇਆ 'ਅਤਿਵਾਦ' ਦਾ ਦੌਰ ਇਸੇ ਦੀ ਉਦਾਹਰਣ ਹੈ। 

ਉਸ ਸਮੇਂ ਵੀ ਨਿਜੀ ਸਿਆਸੀ ਲਾਲਸਾਵਾਂ ਨੇ ਪੰਜਾਬ ਦਾ ਨੁਕਸਾਨ ਕਰਵਾਇਆ ਸੀ। ਅੱਜ ਵੀ ਪੰਜਾਬ ਉਸੇ ਮੋੜ ਤੇ ਖੜਾ ਹੈ। ਪੰਜਾਬ ਸਾਹਮਣੇ ਪਾਣੀ ਦਾ ਮੁੱਦਾ ਹੈ, ਬੇਰੁਜ਼ਗਾਰੀ ਦਾ ਮੁੱਦਾ ਹੈ, ਨਸ਼ੇ ਦਾ ਮੁੱਦਾ ਹੈ ਪਰ ਸ਼ਰਾਰਤੀ ਦਿਮਾਗ਼ ਹਰਦਮ ਮੌਕੇ ਦੀ ਉਡੀਕ ਵਿਚ ਰਹਿੰਦੇ ਹਨ ਅਤੇ ਅਫ਼ਸੋਸ ਸਿੱਖ ਆਗੂ ਅੱਜ ਫਿਰ ਉਸ ਮੌਕੇ ਨੂੰ ਨੇੜੇ ਲਿਆਉਣ ਲਈ ਗ਼ਲਤ ਤਰ੍ਹਾਂ ਦੀਆਂ ਅੰਗੜਾਈਆਂ ਲੈ ਰਹੇ ਹਨ। ਜਦੋਂ ਪਾਣੀ ਦਾ ਸੰਕਟ ਮੰਡਰਾ ਰਿਹਾ ਹੈ, ਅੱਜ ਚੰਡੀਗੜ੍ਹ ਦੀ ਪੰਜਾਬ ਵਾਸਤੇ ਮੰਗ ਕਰਨੀ ਦਿਲ ਅੰਦਰ ਕਈ ਖ਼ਦਸ਼ਿਆਂ ਨੂੰ ਜਨਮ ਦੇਣ ਲਗਦੀ ਹੈ, ਖ਼ਾਸ ਕਰ ਕੇ ਜਦੋਂ 10 ਸਾਲ ਦੇ ਅਕਾਲੀ ਰਾਜ ਵਿਚ ਇਸ ਬਾਰੇ ਉਫ਼ ਤਕ ਨਹੀਂ ਸੀ ਕੀਤੀ ਗਈ।  ਇਸ ਮੌਕੇ ਹਰ ਪੰਜਾਬੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਸ਼ਬਦ ਸੰਭਲ ਕੇ ਸੁਣਿਆ ਵੀ ਜਾਵੇ ਅਤੇ ਹਰ ਲਫ਼ਜ਼ ਉਸੇ ਤਰ੍ਹਾਂ ਸੰਭਲ ਕੇ ਹੀ ਮੂੰਹੋਂ ਕਢਿਆ ਜਾਵੇ।  -ਨਿਮਰਤ ਕੌਰ