ਭਾਰਤੀ ਰਾਜਨੀਤੀ ਦੀ ਸ਼ਹਿ-ਮਾਤ ਦੀ ਸ਼ਤਰੰਜੀ ਖੇਡ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਨਿਤਿਸ਼ ਕੁਮਾਰ ਨੇ, ਬੀਜੇਪੀ ਨੂੰ ਦੁਲੱਤੀ ਮਾਰ ਕੇ ਅਜਿਹੀ ਪੀੜ ਦਿਤੀ ਹੈ ਕਿ ਇਹ ਪਾਰਟੀ 2024 ਦਾ ਹਿਸਾਬ ਕਿਤਾਬ ਫਿਰ ਤੋਂ ਕਰਨ ਲਈ ਮਜਬੂਰ ਹੋ ਗਈ ਹੈ।

Nitish kumar

 

 ਹਿੰਦੁਸਤਾਨ ਦੀ ਰਾਜਨੀਤੀ, ਪਿਛਲੇ ਲਗਭਗ ਦੋ ਦਹਾਕਿਆਂ ਤੋਂ ਇਸ ‘ਸੁਨਹਿਰੀ ਅਸੂਲ ਨੂੰ ਆਧਾਰ ਬਣਾ ਕੇ ਚਲ ਰਹੀ ਹੈ ਕਿ ਹਰ ਵਿਰੋਧੀ ਪਾਰਟੀ, ਜੋ ਮੁਕਾਬਲੇ ਵਿਚ ਉਪਰ ਉਠਦੀ ਨਜ਼ਰ ਆਉਂਦੀ ਹੋਵੇ, ਉਸ ਨੂੰ ਦੁਸ਼ਮਣ ਸਮਝ ਕੇ ਹਰ ਚਾਲ ਚਲਣੀ ਹੈ ਤੇ ਕਿਸੇ ਵਿਰੋਧੀ ਪਾਰਟੀ ਉਤੇ ਲੋੜ ਤੋਂ ਵੱਧ ਇਤਬਾਰ ਨਹੀਂ ਕਰਨਾ। ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ‘ਕਾਂਗਰਸ-ਮੁਕਤ ਭਾਰਤ- ਸਿਰਜਣ ਦਾ ਪ੍ਰਣ ਲੈ ਲਿਆ ਸੀ ਤੇ ਇਸ ਕੰਮ ਲਈ ਕੁੱਝ ਦੂਜੀਆਂ ਪਾਰਟੀਆਂ ਦਾ ਸਾਥ ਵੀ ਲੈ ਲਿਆ ਸੀ ਤਾਕਿ ਇਹ ਟੀਚਾ ਛੇਤੀ ਪੂਰਾ ਕੀਤਾ ਜਾ ਸਕੇ। ਉਸ ਤੋਂ ਬਾਅਦ ਇਹ ਇਕ ਰੀਤ ਹੀ ਬਣ ਗਈ ਹੈ ਕਿ ਸੱਤਾਧਾਰੀ ਪਾਰਟੀ ਦਾ ਨੇਤਾ ਜਿਸ ਵੀ ਰਾਜ ਵਿਚ ਜਾਂਦਾ ਹੈ, ਉਸ ਰਾਜ ਵਿਚ ਜਾ ਕੇ ਪੂਰੇ ਅੰਕੜੇ ਵਿਛਾ ਕੇ ਦਸਦਾ ਹੈ ਕਿ ਇਸ ਰਾਜ ਦੇ ਨੇਤਾਵਾਂ ਨੇ ਸੂਬੇ ਦਾ ਬੁਰਾ ਹਾਲ ਕਰ ਦਿਤਾ ਹੈ ਤੇ ਸੂਬਾ ਬਚੇਗਾ ਉਦੋਂ ਹੀ ਜਦੋਂ ਲੋਕ, ਇਸ ਰਾਜ ਦੀ ਵਾਗਡੋਰ ਬੀਜੇਪੀ ਨੂੰ ਸੌਂਪ ਦੇਣਗੇ।

 

 

ਕਿਸੇ ਥਾਂ ਪ੍ਰਵਾਰਵਾਦ ਨੂੰ ਬਹਾਨਾ ਬਣਾ ਕੇ ਹਮਲੇ ਕੀਤੇ ਜਾਂਦੇ ਹਨ ਤੇ ਕਿਸੇ ਦੂਜੀ ਥਾਂ ਉਥੋਂ ਦੇ ਲੋਕ-ਪ੍ਰਿਯ ਨੇਤਾ ਨੂੰ ਬਹੁਤ ਘਟੀਆ  ਸਾਬਤ ਕਰਨ ਲਈ ਟਿਲ ਦਾ ਜ਼ੋਰ ਲੱਗਾ ਦਿਤਾ ਜਾਂਦਾ ਹੈ। ਜੇ ਹੋਰ ਕੁੱਝ ਨਾ ਮਿਲੇ ਤਾਂ ਕਿਹਾ ਜਾਂਦਾ ਹੈ ਕਿ ਇਸ ਰਾਜ ਵਿਚ ਗ਼ਰੀਬਾਂ ਤੇ ਪਛੜਿਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ। ਮਤਲਬ ਕੇਂਦਰੀ ਲੀਡਰਾਂ ਦਾ ਪੱਕਾ ਫ਼ਾਰਮੂਲਾ ਬਣ ਗਿਆ ਸੀ ਕਿ ਵਿਰੋਧੀ ਧਿਰ ਦੀ ਰਾਜ ਸਰਕਾਰ ਦੀ ਜਹੀ ਤਹੀ ਕਰਨੀ ਹੈ ਜਿਵੇਂ ਕੇਂਦਰੀ ਨੇਤਾਵਾਂ ਦਾ ਇਹ ਇਕੋ ਇਕ ਲੋਕ-ਰਾਜੀ ਫ਼ਰਜ਼ ਬਣ ਚੁੱਕਾ ਹੋਵੇ। ਸ਼ੁਰੂ ਸ਼ੁਰੂ ਵਿਚ ਇਹ ਅਜੀਬ ਵੀ ਲਗਦਾ ਸੀ ਪਰ ਹੁਣ ਤਾਂ ਰੋਜ਼ ਦੀ ਗੱਲ ਹੋ ਗਈ ਹੈ।

 

 

 

ਇਹ ਨਹੀਂ ਕਿ ਕੇਵਲ ਕੇਂਦਰ ਦੀ ਸੱਤਾਧਾਰੀ ਪਾਰਟੀ ਦੇ ਆਗੂ ਹੀ ਇਸ ਤਰ੍ਹਾਂ ਕਰਦੇ ਸਨ, ਹੁਣ ਤਾਂ ਵਿਰੋਧੀ ਪਾਰਟੀਆਂ ਵਾਲੇ ਵੀ ਕੇਂਦਰ ਬਾਰੇ ਉਸੇ ਤਰ੍ਹਾਂ ਦੀ ਅੱਗ ਉਗਲਣ ਦੇ ਆਦੀ ਹੋ ਗਏ ਹਨ ਤੇ ਕਦੇ ਨਹੀਂ ਕਹਿੰਦੇ ਕਿ ਕੇਂਦਰ ਦੇ ਨੇਤਾ ਵੀ ਕੁੱਝ ਚੰਗਾ ਕੰਮ ਕਰ ਰਹੇ ਹਨ। ਭਾਰਤੀ ਰਾਜਨੀਤੀ ਅੱਜ ਲੋਕ-ਰਾਜ ਦਾ ਵਧੀਆ ਨਮੂਨਾ ਪੇਸ਼ ਨਹੀਂ ਕਰ ਰਹੀ ਸਗੋਂ ਸ਼ਹਿ-ਮਾਤ ਦੀ ਰਾਜਾਸ਼ਾਹੀ ਸ਼ਤਰੰਜੀ ਖੇਡ ਦਾ ਬੀਤੇ ਜ਼ਮਾਨੇ ਦਾ ਦ੍ਰਿਸ਼ ਪੇਸ਼ ਕਰਦੀ ਹੈ। ਇਸੇ ਸ਼ਤਰੰਜੀ ਖੇਡ ਦਾ ਤਾਜ਼ਾ ਨਮੂਨਾ ਬਿਹਾਰ ਨੇ ਪੇਸ਼ ਕੀਤਾ ਹੈ ਜਿਥੇ ਨਿਤੀਸ਼ ਕੁਮਾਰ ਨੇ ਦੋ ਵਾਰ ਭਾਜਪਾ ਨਾਲ ਦੋਸਤੀ ਪਾ ਕੇ ਰਾਜ ਸਿੰਘਾਸਨ ਦੇ ਝੂਟੇ ਮਾਣੇ ਹਨ ਤੇ ਹੁਣ ਤਾਹਨੇ ਮਿਹਣੇ ਦੇ ਕੇ ਭਾਜਪਾ ਨੂੰ ਵਗਾਹ ਕੇ ਜ਼ਮੀਨ ’ਤੇ ਸੁਟਿਆ ਹੈ ਤੇ ਸਾਬਕਾ ਵਿਰੋਧੀਆਂ ਅਥਵਾ ਲਾਲੂ ਪ੍ਰਸ਼ਾਦ ਯਾਦਵ ਦੀ ਆਰ.ਜੇ.ਡੀ. ਤੇ ਕਾਂਗਰਸ ਆਦਿ ਦਾ ਪੱਲਾ ਫੜ ਕੇ ਨਵਾਂ ਅਵਤਾਰ ਧਾਰ ਕੇ ਬਿਹਾਰ ਦੀ ਰਾਜਗੱਦੀ ’ਤੇ ਅਪਣਾ ਹੱਕ ਜਤਾ ਦਿਤਾ ਹੈ।

 

ਪਿਛਲੀ ਵਾਰ ਬੀਜੇਪੀ ਦੇ ਮੈਂਬਰ ਜ਼ਿਆਦਾ ਸਨ ਤੇ ਨਿਤਿਸ਼ ਕੁਮਾਰ ਦੇ ਘੱਟ, ਫਿਰ ਵੀ ਬੀਜੇਪੀ ਨੇ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਤਾਕਿ ਵਿਰੋਧੀ ਖ਼ੇਮੇ ਵਿਚ ਆਸਾਨੀ ਨਾਲ ਪਲਟੀ ਮਾਰਨ ਲਈ ਜਾਣੇ ਜਾਂਦੇ ਨਿਤਿਸ਼ ਮਹਾਰਾਜ ਜੀ ਇਸ ਵਾਰ ਬੀਜੇਪੀ ਨੂੰ ਝਕਾਨੀ ਦੇਣ ਦੀ ਨਾ ਸੋਚ ਸਕਣ। ਪਰ ਨਿਤਿਸ਼ ਕੁਮਾਰ ਜਾਣਦੇ ਹਨ ਕਿ ਸ਼ਹਿ-ਮਾਤ ਦੀ ਇਸ ਖੇਡ ਵਿਚ 2024 ਦੀਆਂ ਚੋਣਾਂ ਮਗਰੋਂ ਬੀਜੇਪੀ ਨੂੰ ਅਗਰ ਹੁਣੇ ਦੁਲੱਤੀ ਨਾ ਮਾਰੀ ਗਈ ਤਾਂ ਇਹ ਏਨੀ ਮਜ਼ਬੂਤ ਹੋ ਕੇ ਨਿਕਲੇਗੀ ਕਿ ਕਿਸੇ ਵੀ ਵਿਰੋਧੀ ਪਾਰਟੀ ਤੋਂ ਆਏ ਬੰਦੇ ਵਲ ਅੱਖ ਭਰ ਕੇ ਵੀ ਨਹੀਂ ਵੇਖੇਗੀ। ਇਹੀ ਗੱਲ ਰਾਹੁਲ ਗਾਂਧੀ ਵੀ ਕਹਿ ਰਹੇ ਹਨ, ਮਹਾਰਾਸ਼ਟਰ ਦੇ ਨੇਤਾ ਵੀ ਕਹਿ ਰਹੇ ਹਨ ਤੇ ਯੂ.ਪੀ. ਦੇ ਤਾਂ ਪੂਰਾ ਜ਼ੋਰ ਲਾ ਕੇ ਹੀ ਕਹਿ ਰਹੇ ਹਨ। 

ਨਿਤਿਸ਼ ਕੁਮਾਰ ਨੇ, ਬੀਜੇਪੀ ਨੂੰ ਦੁਲੱਤੀ ਮਾਰ ਕੇ ਅਜਿਹੀ ਪੀੜ ਦਿਤੀ ਹੈ ਕਿ ਇਹ ਪਾਰਟੀ 2024 ਦਾ ਹਿਸਾਬ ਕਿਤਾਬ ਫਿਰ ਤੋਂ ਕਰਨ ਲਈ ਮਜਬੂਰ ਹੋ ਗਈ ਹੈ। ਬੀਜੇਪੀ ਨੂੰ ਜਿਹੜੀ ‘ਮਹਾਂ ਜਿੱਤ’ 2024 ਵਿਚ ਹੁੰਦੀ ਨਜ਼ਰ ਆ ਰਹੀ ਸੀ, ਉਸ ਬਾਰੇ ਉਹ ਫ਼ਿਕਰ ਜ਼ਰੂਰ ਕਰਨ ਲੱਗ ਪਈ ਹੈ। ਨਿਤਿਸ਼ ਕੁਮਾਰ ਤੇ ਉਨ੍ਹਾਂ ਦੇ ਨਵੇਂ ਸਾਥੀਆਂ ਨੇ ਇਹ ਸੁਨੇਹਾ ਵੀ ਜ਼ੋਰ ਨਾਲ ਦਿਤਾ ਹੈ ਕਿ ਜਿਹੜਾ ਕੋਈ ਇਸ ਨਾਲ ਹੱਥ ਮਿਲਾ ਲੈਂਦਾ ਹੈ, ਉਸ ਨੂੰ ਇਹ ਖ਼ਤਮ ਕਰ ਕੇ ਹੀ ਦਮ ਲੈਂਦੀ ਹੈ। ਪੰਜਾਬ ਦੇ ਅਕਾਲੀ ਦਲ ਤੇ ਮਹਾਰਾਸ਼ਟਰ ਦੀ ਸ਼ਿਵ ਸੈਨਾ ਦਾ ਨਾਂ ਖੁਲ੍ਹ ਕੇ ਲਿਆ ਜਾ ਰਿਹਾ ਹੈ। ਸੋ ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਦਾ ਸਮਾਂ ਪੂਰਾ ਹੋ ਗਿਆ ਹੈ ਤੇ ਬੀਜੇਪੀ ਦੀਆਂ ਚਾਲਾਂ ਕੰਮ ਕਰਨੋਂ ਹੱਟ ਗਈਆਂ ਨੇ ਜਾਂ 2024 ਤਕ ਕੰਮ ਕਰਨੋਂ ਪੂਰੀ ਤਰ੍ਹਾਂ ਹੱਟ ਜਾਣਗੀਆਂ।

ਸੋ ਕਿਸੇ ਹੋਰ ਪਾਰਟੀ ਤੋਂ ਮੁਕਤੀ ਮਿਲੇ ਨਾ ਮਿਲੇ, ਨਿਤਿਸ਼ ਦਾ ਸੁਨੇਹਾ ਕਿ ਦੂਜਿਆਂ ਤੋਂ ‘ਮੁਕਤ ਭਾਰਤ’ ਸਿਰਜਣ ਲਈ ਸਾਰੀਆਂ ਗ਼ੈਰ ਭਾਜਪਾ ਪਾਰਟੀਆਂ ਨੂੰ ਇਕ ਨਵੀਂ ਚਾਲ ਚਲਣੀ ਪੈਣੀ ਹੈ (ਨਿਤਿਸ਼ ਵਰਗੀ) ਤੇ ਬੀਜੇਪੀ ਨੂੰ ਉਥੇ ਵਾਰ ਕਰਨਾ ਚਾਹੀਦਾ ਹੈ ਜਿਥੇ ਮਾਰ ਪੈਣ ਦਾ ਬੀਜੇਪੀ ਨੂੰ ਜ਼ਰਾ ਵੀ ਡਰ ਨਾ ਹੋਵੇ। ਵਿਰੋਧੀ ਖ਼ੇਮੇ ਵਿਚ ਖ਼ੁਸ਼ੀ ਦੀ ਲਹਿਰ ਦੌੜਨੀ ਤਾਂ ਸ਼ੁਰੂ ਹੋ ਗਈ ਹੈ ਪਰ ਸ਼ਹਿ-ਮਾਤ ਦੀ ਇਸ ਖੇਡ ਵਿਚ ਬੀਜੇਪੀ ਅਗਲਾ ਕਦਮ ਕੀ ਚੁਕਦੀ ਹੈ, ਉਸ ਨੂੰ ਵੇਖ ਕੇ ਹੀ ਹੋਰ ਕੁੱਝ ਕਿਹਾ ਜਾ ਸਕੇਗਾ। ਜੋ ਵੀ ਹੋਵੇ, ਇਹ ਸਾਫ਼ ਹੈ ਕਿ ਹੁਣ ‘ਲੋਕ-ਰਾਜੀ ਰਾਜਨੀਤੀ’ ਖ਼ਤਮ ਹੋ ਚੁਕੀ ਹੈ ਤੇ ਸ਼ਹਿ-ਮਾਤ ਦੀ ਰਾਜਿਆਂ ਵਾਲੀ ਸ਼ਤਰੰਜੀ ਰਾਜਨੀਤੀ ਸ਼ੁਰੂ ਹੈ ਜੋ ਹਰ ਅਸੰਭਵ ਨੂੰ ਸੰਭਵ ਤੇ ਸੰਭਵ ਨੂੰ ਅਸੰਭਵ ਕਰ ਕੇ ਵਿਖਾ ਸਕਦੀ ਹੈ।